ਸੁਤੰਤਰਤਾ ਦਿਵਸ ਤੇ ਵਿਸ਼ੇਸ਼

ਇੱਕ ਲੰਮੇ ਸਮੇਂ ਦੀ ਅੰਗਰੇਜ਼  ਹਕੂਮਤ ਦੀ ਗੁਲਾਮੀ ਤੋਂ ਬਾਅਦ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ। ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਬਿਨ੍ਹਾਂ ਕਿਸੇ ਭੇਦ-ਭਾਵ ਦੇ ਅੰਗਰੇਜ਼ਾਂ ਵਿਰੁੱਧ  ਰਲ-ਮਿਲ ਕੇ ਭਾਗ ਲਿਆ ਪਰ ਇਸ ਆਜ਼ਾਦੀ ਦੇ ਨਾਲ ਹੀ ਸਦੀਆਂ ਤੋਂ ਇੱਕਠੇ ਰਹਿ ਰਹੇ ਵੱਖ-ਵੱਖ ਧਰਮਾਂ ਦੇ ਲੋਕ (ਕਈ ਹਿੰਦੂ ਅਤੇ ਮੁਸਲਿਮ ਨੇਤਾਵਾਂ ਦੀ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦੀ ਲਾਲਸਾ ਰੱਖਣ ਵਾਲੇ ਲੀਡਰਾਂ ਦੀ ਗੰਦੀ ਰਾਜਨੀਤੀ ਦੀ ਭੇਟ ਚੜ੍ਹ ਕੇ) ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਜਿਸ ਦੇ ਨਤੀਜੇ ਵਜੋਂ ਭਾਰਤ ਦੋ ਹਿੱਸਿਆਂ ਪਾਕਿਸਤਾਨ ਅਤੇ ਭਾਰਤ ਵਿੱਚ ਵੰਡਿਆ ਗਿਆ। ਪਾਕਿਸਤਾਨ ਵਿੱਚ 14 ਅਗਸਤ ਨੂੰ ਅਤੇ ਭਾਰਤ ਵਿੱਚ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਹਰੇਕ ਸਾਲ 15 ਅਗਸਤ ਨੂੰ ਭਾਰਤ ਵਿੱਚ ਰਾਸ਼ਟਰੀ ਪੱਧਰ ਤੇ ਆਜ਼ਾਦੀ ਦੇ ਉਤਸਵ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਆਜ਼ਾਦੀ ਦੇ ਜਸ਼ਨਾਂ ਵਿੱਚ ਭਾਰਤ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੀ-ਆਪਣੀ ਦੇਸ਼ ਭਗਤੀ ਦਾ ਖੁੂਬ ਢਿੰਡੋਰਾ ਪਿਟਦੀਆਂ ਹਨ। ਨੇਤਾਵਾਂ ਦੁਆਰਾ ਲੰਬੇ-ਚੋੜ੍ਹੇ ਭਾਸ਼ਣਾ ਰਾਹੀ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਭਰਮਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਕਿ ਲੋਕ-ਮੱਤ ਨੂੰ ਆਪਣੇ ਪੱਖ ਵਿੱਚ ਕਰਕੇ ਸੱਤਾ ਦਾ ਸੁੱਖ ਭੋਗਿਆ ਜਾ ਸਕੇ। ਲੋਕਾਂ ਨੂੰ ਮਨੋਵਿਗਿਆਨਕ ਤੌਰ ਤੇ ਆਰਥਿਕ, ਸਮਾਜਿਕ ਅਤੇ ਰਾਜਨੀਤੀਕ ਨਿਆਂ ਦਿੱਤਾ ਜਾਂਦਾ ਹੈ। ਅਗਲੇ ਦਿਨ ਪਰਨਾਲਾ ਉੱਥੇ ਦਾ ੳੁੱਥੇ ਹੀ ਹੁੰਦਾ ਹੈ। ਇੱਕ ਗੱਲ ਜੋ  ਹਮੇਸ਼ਾ ਸੋਚਣ ਲਈ ਮਜਬੂਰ ਕਰਦੀ ਹੈ ਕਿ ਜਿਨ੍ਹਾਂ ਨੇ ਆਜ਼ਾਦੀ ਦੇ ਲਈ ਕੁਰਬਾਨੀਆਂ ਦਿੱਤੀਆ ਸਨ। ਉਹ ਲੋਕ ਖੁਦ (ਜੋ ਅਜੇ ਜਿਊਂਦੇ ਹਨ) ਅਤੇ ਉਹਨਾਂ ਦੇ ਪਰਿਵਾਰ ਅੱਜ-ਕੱਲ ਕਿੱਥੇ ਹਨ। ਉਹ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰ ਰਹੇ ਹਨ? ਉਹਨਾਂ ਦੀ ਆਰਥਿਕ ਹਾਲਤ ਕਿਸ ਤਰ੍ਹਾਂ ਦੀ ਹੈ? ਇਸ ਵੱਲ ਆਜ਼ਾਦੀ ਦੇ ਜਸ਼ਨਾਂ ਅਤੇ ਆਮ ਦਿਨਾਂ ਵਿੱਚ ਵੀ ਸੁਤੰਤਰ ਭਾਰਤ ਦੀਆਂ ਸਰਕਾਰਾਂ ਵੱਲੋਂ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ, ਕਦੇ-ਕਦੇ ਕਿਸੇ ਅਖਬਾਰ ਦੀ ਖਬਰ ਰਾਹੀ ਕਿਸੇ ਸੁੰਤਤਰਤਾ ਸੈਨਾਨੀ ਦੀ ਆਪਣੀ ਹਾਲਤ ਜਾਂ ਉਸਦੇ ਪਰਿਵਾਰ ਦੀ ਆਰਥਿਕ ਮੰਦਹਾਲੀ ਦਾ ਜ਼ਿਕਰ ਸੁਨਣ ਨੂੰ ਜਰੂਰ ਮਿਲ ਜਾਂਦਾ ਹੈ ਪਰ ਇਸ ਆਰਥਿਕ ਮੰਦਹਾਲੀ ਵਿੱਚੋਂ ਇਨ੍ਹਾਂ ਪਰਿਵਾਰਾਂ ਨੂੰ ਕੱਢਣ ਲਈ ਕਿਸੇ ਦੁਆਰਾ ਕੀਤਾ ਕੁੱਝ ਨਹੀਂ ਜਾਂਦਾ। ਸਿਆਸੀ ਸ਼ਕਤੀ ਦਾ ਲਾਹਾ ਲੈਣ ਵਾਲੇ ਵਰਤਮਾਨ ਲੀਡਰਾਂ ਦੀ ਦੇਸ਼ ਭਗਤੀ ਅਤੇ ਕੌਮ ਪ੍ਰਸਤੀ ਸਿਰਫ ਭਾਸਣਾ ਤੱਕ ਹੀ ਸੀਮਿਤ ਨਜ਼ਰ ਆਉਂਦੀ ਹੈ। ਇਸ ਤਰ੍ਹਾਂ ਹੀ ਦੋ ਦੇਸ਼ਾਂ ਦੇ ਬਨਣ ਕਾਰਨ ਜੋ ਧਾਰਮਿਕ ਆਧਾਰ ਤੇ ਫਿਰਕਾਪ੍ਰਸਤੀ ਦੀ ਹਨੇਰੀ ਚੱਲੀ ਉਸ ਵਿੱਚ ਲੱਖਾਂ ਭਾਰਤੀਆਂ ਨੂੰ ਸਮੇਂ ਤੋਂ ਪਹਿਲਾਂ ਇਸ ਦੁਨੀਆਂ ਨੂੰ ਅਲਵਿਦਾ ਕਹਿਣਾ ਪਿਆ। ਲੱਖਾਂ ਲੋਕ ਘਰੋਂ-ਬੇਘਰ ਹੇਏ, ਕਾਰੋਬਾਰ ਤਬਾਹ ਹੋ ਗਏ, ਸ਼ਰਾਰਤੀ ਅਤੇ ਮਨੁੱਖਤਾ ਦੇ ਦੁਸਮਣਾਂ ਹੱਥੋ ਜਿੰਨ੍ਹਾਂ ਧੀਆਂ-ਭੈਣਾਂ  ਦੀਆਂ ਇੱਜਤਾਂ ਦੀ ਬੇਹੁਰਮਤੀ ਹੋਈ ਉਨ੍ਹਾਂ ਨੂੰ ਕਦੇ ਕਿਸੇ ਨੇ ਵੀ ਸ਼ਰਧਾਜਲੀ ਦੇਣ ਕੋਸ਼ਿਸ ਨਹੀਂ ਕੀਤੀ। ਅੱਜ ਕਿੱਥੇ ਹਨ ਉਹ ਲੋਕ ਜੋ ਮਨੁੱਖਾਂ ਅਤੇ ਜਾਨਵਰਾਂ ਦੇ ਹੱਕਾਂ ਦਾ ਰਾਗ ਅਲਾਪਦੇ ਨਹੀਂ ਥੱਕਦੇ। ਇਹ ਅਸੀਂ ਕਿਸ ਤਰ੍ਹਾਂ ਦੇ ਵਿਕਾਸ ਵੱਲ ਨੂੰ ਜਾ ਰਹੇ ਹਾਂ ਕਿ ਲੱਖਾਂ ਲੋਕਾਂ ਦੀ ਬਰਬਾਦੀ ਦੇ ਦਿਨ ਨੂੰ ਜਸਨਾਂ ਦੇ ਰੂਪ ਵਿੱਚ ਮਨਾ ਰਹੇ ਹਾਂ।

ਅਸਲ ਵਿੱਚ ਇਸ ਦੁਖਾਂਤ ਦੇ ਦੁੱਖ-ਦਰਦ ਦਾ ਅਹਿਸਾਸ ਸਿਰਫ ਉਹਨਾਂ ਲੋਕਾਂ ਨੂੰ ਹੀ ਹੋ ਸਕਦਾ ਹੈ ਜਿੰਨਾਂ ਨੇ ਇਸ ਦੁਖਾਂਤ ਦੀ ਤਰਾਸਦੀ ਨੂੰ ਆਪਣੇ ਉੱਪਰ ਸਹਿਣ ਕੀਤਾ ਹੈ, ਮਨੁੱਖਤਾ ਦੇ ਹੇਠਲੇ ਪੱਧਰ ਨੂੰ ਦੇਖਿਆ ਸੀ। ਇਸ ਦੁਖਾਂਤ ਦਾ ਅਹਿਸਾਸ ਰਾਜਸੀ ਸ਼ਕਤੀ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਵਿੱਚ ਹਰ ਹਰਬਾ ਵਰਤਣ ਲਈ ਤਿਆਰ ਬੈਠੇ, ਮਨੁੱਖੀ ਅਹਿਸਾਸ ਅਤੇ ਕਦਰਾਂ-ਕੀਮਤਾਂ ਤੋਂ ਵਿਹੂਣੇ ,ਨਿੱਜੀ ਹਿੱਤਾਂ ਲਈ ਕੁਝ ਵੀ ਕਰ ਗੁਜ਼ਰਨ ਵਾਲੇ ਨੇਤਾਵਾਂ ਨੂੰ ਹਰਗਿਜ਼ ਵੀ ਨਹੀਂ ਹੋ ਸਕਦਾ। ਉਂਝ ਵੀ ਜੇ ਅਸੀਂ ਅੱਜ ਦੇ ਭਾਰਤ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹਾਂ ਜਿੱਥੇ ਅਖੌਤੀ ਧਰਮਾਂ ਦੇ ਨਾਮ ਤੇ ਆਪਣੇ ਪਾਰਟੀ ਅਤੇ ਨਿੱਜੀ ਹਿੱਤਾਂ ਨੂੰ ਪੂਰਾ ਕਰਨ ਲਈ ਨਿੱਤ-ਰੋਜ਼ ਅਣਗਿਣਤ ਬੇਗੁਨਾਹ ਲੋਕਾਂ ਦਾ ਕਤਲ ਇੱਕ ਆਮ ਜਿਹੀ ਗੱਲ ਬਣ ਚੁੱਕਾ ਹੈ, ਜਿੱਥੇ ਅਮਲੀ ਰੂਪ ਵਿੱਚ ਸੁਤੰਤਰਤਾਂ ਦਾ ਅਨੰਦ ਦੇਸ਼ ਦੇ ਵਿਸ਼ਸਟ ਵਰਗ ਦੇ ਲੋਕ ਹੀ ਮਾਨ ਰਹੇ ਹਨ, ਜਿੱਥੇ ਲੋਕ ਹੁਣ ਫਿਰ ਇਹ ਮਹਿਸੂਸ ਕਰਨ ਲੱਗ ਪਏ ਹਨ ਕਿ ਸ਼ਾਇਦ ਅੱਜ ਅਸੀਂ ਆਜ਼ਾਦ ਨਹੀਂ ਰਹੇ, ਸਗੋਂ ਆਪਣੇ ਹੀ ਚੁਣੇ ਹੋਏ ਪ੍ਰਤੀਨਿਧਾਂ ਦੇ ਤਾਨਾਸ਼ਾਹੀ ਸਾਸ਼ਨ ਵਿੱਚ ਰਹੇ ਹਾਂ, ਜਿੱਥੇ ਧਰਮ, ਜਾਤ ਆਦਿ ਦੇ ਨਾਮ ਤੇ ਹਰ ਰੋਜ ਕਿੰਨੇ ਹੀ ਲੋਕਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ, ਜਿੱਥੇ ਕਰੋੜਾਂ ਲੋਕ ਅੱਜ ਵੀ ਕੁਪੋਸ਼ਣ ਦਾ ਸ਼ਿਕਾਰ ਹਨ ਜਦੋਂ ਕਿ ਲੱਖਾਂ ਟੱਨ ਆਨਾਜ਼ ਗੁਦਾਮਾਂ ਵਿੱਚ ਪਿਆ ਗਲ ਸੜ ਰਿਹਾ ਹੈ,  ਜਿੱਥੇ ਆਮ ਆਦਮੀ ਨੂੰ ਤਾਂ ਚਿੰਤਾ ਰੋਜ਼ੀ-ਰੋਟੀ ਕਮਾ ਕੇ ਆਪਣਾ ਅਤੇ ਪਰਿਵਾਰ ਦਾ ਪੇਟ ਭਰਨ ਦੀ ਲੱਗੀ ਰਹਿੰਦੀ ਹੈ, ਜਿੱਥੇ ਜੇਕਰ ਕੋਈ ਆਮ ਵਿਅਕਤੀ ਹੱਕ ਅਤੇ ਸੱਚ ਦੀ ਆਵਾਜ਼ ਉਠਾਉਂਦਾ ਹੈ ਤਾਂ ਗੰਦੀ ਰਾਜਨੀਤੀ ਦੇ ਠੇਕੇਦਾਰਾਂ ਵੱਲੋਂ ਅਜਿਹੇ ਵਿਅਕਤੀ ਨੂੰ ਜਾਂ ਤਾਂ ਮਾਰ ਦਿੱਤਾ ਜਾਂਦਾ ਹੈ ਜਾਂ ਫਿਰ ਝੂਠੇ ਕੇਸਾਂ ਵਿੱਚ ਫਸਾ ਕੇ ਮੀਡੀਆ ਦੀ ਵਰਤੋਂ ਕਰਕੇ ਉਸਨੂੰ ਮੁਜਰਿਮ ਸਿੱਧ ਕਰਕੇ ਜਿੱਲਤ ਦੀ ਮੌਤ ਮਰਨ ਲਈ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ, ਜਿੱਥੋਂ ਦਾ ਅੰਨਦਾਤਾ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋਵੇ, ਜਿੱਥੇ ਪੜ੍ਹੇ-ਲਿਖੇ ਦੇਸ਼ ਦੇ ਨੌਜਵਾਨ ਬੇਰੁਜ਼ਗਾਰੀ ਦੇ ਕਾਰਨ ਨਸ਼ਿਆਂ ਦੇ ਆਦਿ ਹੋ ਰਹੇ ਹੋਣ, ਜਿੱਥੇ ਹਰ ਰੋਜ ਇੱਕ ਸਾਲ ਤੱਕ ਦੀਆਂ ਜਾਂ ਇਸ ਤੋਂ ਵੀ ਘੱਟ ਉਮਰ ਦੀਆਂ ਨੰਨੀਆਂ ਮੁੰਨੀਆਂ ਮਾਸੂਮ ਬਾਲੜੀਆਂ ਤੋਂ ਲੈ ਕੇ 70 ਸਾਲਾਂ ਜਾਂ ਇਸ ਤੋਂ ਵੀ ਵੱਧ ਉਮਰ ਤੱਕ ਦੀਆਂ ਔਰਤਾਂ ਨਾਲ ਜਬਰ ਜਿਨਾਹ ਦੀਆਂ ਅਨੇਕਾਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹੋਣ, ਜਿੱਥੇ ਭ੍ਰਿਸ਼ਟਾਚਾਰ ਨੂੰ ਇੱਕ ਨੈਤਿਕ ਸਿਧਾਂਤ  ਦੇ ਰੂਪ ਵਿੱਚ ਮਾਨਤਾ ਮਿਲ ਗਈ ਹੋਵੇ ਆਦਿ ਨੂੰ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਵੱਖ-ਵੱਖ ਧਰਮਾਂ ਦੇ ਸ਼ਹੀਦਾਂ ਨੂੰ ਦੇਖਣ ਦਾ ਕਦੇ ਮੌਕਾ ਮਿਲ ਜਾਵੇ ਤਾਂ ਉਹਨਾਂ ਨੂੰ ਵੀ ਆਪਣੇ ਭਾਰਤ ਦੀ ਸੁੰਤਤਰਤਾਂ ਲਈ ਕੀਤੇ ਸੰਘਰਸ਼ ਅਤੇ ਉਸ ਲਈ ਆਪਣੀਆਂ ਜਾਨਾਂ ਵਾਰਨ ਪਰਿਵਾਰਾਂ ਤੋਂ ਵਿਛੜਨ ਆਦਿ ਕਾਰਜ ਕਰਨ ਤੇ ਪਛਤਾਵਾ ਹੀ ਹੋਵੇਗਾ ਕਿ ਜੇਕਰ ਸੁੰਤਤਰਤ ਭਾਰਤ ਦੀ ਤਸਵੀਰ ਇਸ ਤਰ੍ਹਾਂ ਦੀ ਹੀ ਹੋਣੀ ਸੀ ਤਾਂ ਅਸੀਂ ਇਹ ਸਭ ਕੁਝ ਕਿਉਂ ਕੀਤਾ?

ਅੰਤ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਸੁਤੰਤਰਤਾ ਦਾ ਭਾਵ ਵਿਸ਼ਸਟ ਵਰਗ ਦੇ ਲੋਕਾਂ ਦੀ ਸੁਤੰਤਰਤਾ ਨਹੀਂ ਸਗੋਂ ਦੇਸ਼ ਦੇ ਸਾਰੇ ਨਾਗਰਿਕਾਂ ਦੀ ਧਾਰਮਿਕ, ਰਾਜਨੀਤਿਕ, ਸਮਾਜਿਕ ਆਦਿ ਸੁਤੰਤਰਤਾ ਹੈ। ਜਿਸ ਵਿੱਚ ਹਰੇਕ ਵਰਗ ਦੇ ਲੋਕ ਬਿਨ੍ਹਾਂ ਕਿਸੇ ਭੇਦ ਭਾਵ ਦੇ ਸ਼ਾਤੀ ਪੂਰਵਕ ਰਹਿ ਸਕਣ। ਉਨ੍ਹਾਂ ਦੀਆਂ ਮੁੱਢਲੀਆਂ ਜਰੂਰਤਾਂ ਦੀ ਪੂਰਤੀ ਹੋਵੇ ਇਸ ਤਰ੍ਹਾਂ ਦੇ ਵਾਤਾਵਰਨ ਵਿੱਚ ਹੀ ਸੱਚੇ ਅਰਥਾਂ ਵਿੱਚ ਆਜ਼ਾਦੀ ਦਾ ਨਿੱਘ ਮਾਣਿਆ ਜਾ ਸਕਦਾ ਹੈ ਤੇ ਸੱਚੇ ਲੋਕਤੰਤਰ ਦੀ ਸਥਾਪਨਾ ਹੋ ਸਕਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>