ਅੰਮ੍ਰਿਤਧਾਰੀ ਪਰਿਵਾਰ ਦੇ ਕਕਾਰਾਂ ਦੀ ਬੇਅਦਬੀ ਕਰਦੇ ਹੋਏ ਹਰਿਆਣਾ ’ਚ ਸਿੱਖਾਂ ਨੂੰ ਨਾ ਰਹਿਣ ਦੇਣ ਦੀ ਧਮਕੀ

ਨਵੀਂ ਦਿੱਲੀ : ਹਰਿਆਣਾ ਦੇ ਹਿਸਾਰ ਵਿਖੇ ਅੰਮ੍ਰਿਤਧਾਰੀ ਪਰਿਵਾਰ ਨਾਲ ਸਥਾਨਕ ਕਾਲਜ ਵਿਦਿਆਰਥੀਆਂ ਵੱਲੋਂ ਕੀਤੀ ਗਈ ਬਦਤਮੀਜ਼ੀ ਅਤੇ ਮਾਰਕੁੱਟ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਰੂਪ ਅਪਨਾ ਲਿਆ ਹੈ। 16 ਅਗਸਤ ਦੋਪਹਿਰ ਨੂੰ ਹਿਸਾਰ ਦੇ ਮਿਡ ਟਾਊਨ ਗ੍ਰੇਂਡ ਮਾੱਲ ਵਿਖੇ ਸਥਾਪਿਤ ਮਸਟਰਡ ਰੇਸਟੋਰੈਂਟ ਵਿਖੇ ਖਾਨਾ ਖਾਣ ਉਪਰੰਤ ਆਪਣੇ ਘਰ ਜਾਣ ਵਾਸਤੇ ਬਾਹਰ ਨਿਕਲੇ ਪਰਿਵਾਰ ਨਾਲ ਕਾਨੂੰਨ ਦੀ ਪੜਾਈ ਕਰ ਰਹੇ 4-5 ਵਿਦਿਆਰਥੀਆਂ ਨੇ ਅੰਮ੍ਰਿਤਧਾਰੀ ਬੀਬੀ ਵੱਲੋਂ ਦਸਤਾਰ ਸਜਾਏ ਜਾਣ ਨੂੰ ਲੈ ਕੇ ਭੱਦੀ ਟਿੱਪਣੀਆਂ ਕਸਦੇ ਹੋਏ ਹਰਿਆਣਾ ’ਚ ਸਿੱਖਾਂ ਨੂੰ ਨਾ ਰਹਿਣ ਦੇਣ ਦੀ ਚੇਤਾਵਨੀ ਦਿੱਤੀ ਸੀ। ਅੰਮ੍ਰਿਤਧਾਰੀ ਬੀਬੀ ਵੱਲੋਂ ਇਸ ਮਸਲੇ ’ਤੇ ਨੌਜਵਾਨਾਂ ਨੂੰ ਤਾੜਨਾ ਕਰਨ ਉਪਰੰਤ ਉਕਤ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਦੇ ਪਤੀ ਅਤੇ ਸੌਹਰਾ ਸਾਹਿਬ ਨੂੰ ਧੱਕਾ-ਮੁੱਕੀ ਅਤੇ ਮਾਰਕੁੱਟ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੌਰਾਨ 7 ਮਹੀਨੇ ਦੀ ਗਰਭਵਤੀ ਬੀਬੀ ਸਿਮਰਨ ਕੌਰ ਵੱਲੋਂ ਪੇਟ ’ਚ ਲੱਤਾਂ ਮਾਰਣ ਦਾ ਦੋਸ਼ ਵੀ ਸ਼ਰਾਰਤੀ ਅਨਸਰਾਂ ’ਤੇ ਲਗਾਇਆ ਗਿਆ ਹੈ। ਇਸ ਘਟਨਾ ’ਚ ਤਰਨਪ੍ਰੀਤ ਸਿੰਘ ਅਤੇ ਜੋਗਿੰਦਰ ਸਿੰਘ ਦੀ ਦਾੜ੍ਹੀ ਅਤੇ ਦਸਤਾਰ ’ਤੇ ਹੱਥ ਪਾਉਂਦੇ ਹੋਏ ਗੰਭੀਰ  ਸੱਟਾ ਮਾਰੀਆਂ ਗਈਆਂ ਹਨ।

ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਹਰਿਆਣਾ ਪੁਲਿਸ ’ਤੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਲਟਾ ਪੀੜਿਤਾਂ ਦੇ ਖਿਲਾਫ਼ 307 ਦਾ ਪਰਚਾ ਦੇਣ ਦੀ ਗੱਲ ਪੁਲਿਸ ਵੱਲੋਂ ਕਹੀ ਗਈ ਹੈ। ਕਿਉਂਕਿ ਕਾਨੂੰਨ ਦੀ ਪੜਾਈ ਕਰ ਰਹੇ ਉਕਤ ਵਿਦਿਆਰਥੀਆਂ ’ਚੋਂ ਇੱਕ ਵਿਦਿਆਰਥੀ ਦਾ ਪਿਤਾ ਵੱਡਾ ਵਕੀਲ ਦੱਸਿਆ ਜਾ ਰਿਹਾ ਹੈ। ਜੌਲੀ ਨੇ ਕਿਹਾ ਕਿ ਆਪਣੇ ਹੀ ਦੇਸ਼ ’ਚ ਸਿੱਖਾਂ ਨੂੰ ਧਮਕਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਸਬਕ ਸਿੱਖਾਉਣ ਲਈ ਦਿੱਲੀ ਕਮੇਟੀ ਕਿਸੇ ਵੀ ਪੱਧਰ ਤਕ ਜਾਣ ਨੂੰ ਤਿਆਰ ਹੈ। ਕਿਉਂਕੀ ਇਹ ਮਾਮਲਾ ਇੱਕ ਗਰਭਵਤੀ ਅੰਮ੍ਰਿਤਧਾਰੀ ਮਹਿਲਾ ਦੇ ਮਾਨ-ਸਨਮਾਨ ਅਤੇ ਕਕਾਰਾਂ ਦੀ ਬੇਅਦਬੀ ਨਾਲ ਜੁੜਿਆ ਹੋਇਆ ਹੈ। ਜੌਲੀ ਨੇ ਇਸ ਮਾਮਲੇ ਦੀ ਜਾਂਚ ਹਰਿਆਣਾ ਪੁਲਿਸ ਤੋਂ ਲੈ ਕੇ ਕ੍ਰਾਈਮ ਬ੍ਰਾਂਚ ਨੂੰ ਦਿੱਤੇ ਜਾਣ ਦੀ ਮੰਗ ਕਰਦੇ ਹੋਏ ਮਹਿਲਾ ਐਸ।ਐਸ।ਪੀ। ਨੂੰ ਇਸ ਜਾਂਚ ਦਾ ਜਿੰਮਾ ਸੌਂਪਣ ਦੀ ਵਕਾਲਤ ਕੀਤੀ।

ਜੌਲੀ ਨੇ ਕਿਹਾ ਕਿ ਇੱਕ ਪਾਸੇ ਤਰਨਪ੍ਰੀਤ ਦੀ ਨੱਕ ਦੀ ਹੱਡੀ ਟੁੱਟ ਗਈ ਹੈ। ਜਿਸ ਕਰਕੇ ਉਸਦਾ ਆੱਪਰੇਸ਼ਨ ਕੀਤਾ ਗਿਆ ਹੈ। ਪਰ ਹਰਿਆਣਾ ਪੁਲਿਸ ਉਲਟਾ ਸਿੱਖ ਪਰਿਵਾਰ ਦੇ ਖਿਲਾਫ਼ ਇਸ ਝਗੜੇ ਦੌਰਾਨ ਗਾਇਬ ਹੋਈ ਸਿੱਖ ਦੀ ਕ੍ਰਿਪਾਨ ਨੂੰ ਲੈ ਕੇ ਨੌਜਵਾਨਾਂ ਦੀ ਸ਼ਿਕਾਇਤ ’ਤੇ ਉਨ੍ਹਾਂ ’ਤੇ ਹਮਲਾ ਕਰਨ ਦਾ ਦੋਸ਼ ਲਗਾ ਰਹੀ ਹੈ। ਇਸ ਲਈ ਦਿੱਲੀ ਕਮੇਟੀ ਵੱਲੋਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ, ਕੌਮੀ ਮਹਿਲਾ ਕਮਿਸ਼ਨ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ, ਹਰਿਆਣਾ ਦੇ ਮੁਖਮੰਤਰੀ ਮਨੋਹਰ ਲਾਲ ਖੱਟਰ ਅਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਪੱਤਰ ਭੇਜੇ ਗਏ ਹਨ। ਜੌਲੀ ਨੇ ਕਿਹਾ ਕਿ ਪਿੱਛਲੇ ਸਾਲ ਏਮਸ ਵਿਖੇ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ’ਤੇ ਸਿਗਰਟ ਦਾ ਧੂੰਆਂ ਸੁੱਟਣ ਵਾਲੇ ਵਕੀਲ ਦੀ ਤਰ੍ਹਾਂ ਹਿਸਾਰ ਮਾਮਲੇ ’ਚ ਵੀ ਮਾਮਲਾ ਵਕੀਲਾਂ ਨਾਲ ਜੁੜਿਆ ਹੋਣ ਕਰਕੇ ਪੁਲਿਸ ਦਬਾਵ ’ਚ ਕੰਮ ਕਰ ਰਹੀ ਹੈ। ਪਰ ਜਿਸ ਤਰੀਕੇ ਨਾਲ ਅਸੀਂ ਦਿੱਲੀ ਪੁਲਿਸ ਨਾਲ ਨਜਿਠੀਆ ਸੀ ਉਸੇ ਤਰ੍ਹਾਂ ਹੀ ਹਰਿਆਣਾ ਪੁਲਿਸ ਨਾਲ ਨਿਪਟਾਗੇਂ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>