ਸਿੱਧੂ ਵੱਲੋਂ ਸ੍ਰੀ ਜਾਵੇਦ ਬਾਜਵਾ ਨੂੰ ਜੱਫੀ ਪਾਉਣ ਨੂੰ ਤੂਲ ਦੇਣ ਵਾਲੇ, ਸਿੱਖ ਕੌਮ ‘ਤੇ ਪੰਜਾਬ ਵਿਰੋਧੀ ਸੋਚ ਦੇ ਮਾਲਿਕ : ਮਾਨ

ਫ਼ਤਹਿਗੜ੍ਹ ਸਾਹਿਬ – “ਬੇਸ਼ੱਕ ਸਾਡਾ ਕਾਂਗਰਸ ਪਾਰਟੀ ਜਾਂ ਸ. ਨਵਜੋਤ ਸਿੰਘ ਸਿੱਧੂ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਕੋਈ ਵਾਸਤਾ ਨਹੀਂ, ਪਰ ਜਦੋਂ ਸ. ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ੍ਰੀ ਇਮਰਾਨ ਖਾਨ ਨੇ ਆਪਣੇ ਸੌਹ ਚੁੱਕ ਸਮਾਗਮ ਦੇ ਸਮੇਂ ਸਤਿਕਾਰ ਸਹਿਤ ਸੱਦਾ ਭੇਜਿਆ ਹੈ, ਇਸੇ ਤਰ੍ਹਾਂ ਉਨ੍ਹਾਂ ਨੇ ਸ੍ਰੀ ਕਪਿਲ ਦੇਵ ਅਤੇ ਸ੍ਰੀ ਸੁਨੀਲ ਗਵਾਸਕਰ ਵਰਗੇ ਹਿੰਦੂ ਕ੍ਰਿਕਟ ਖਿਡਾਰੀਆਂ ਨੂੰ ਵੀ ਸੱਦਾ ਭੇਜਿਆ ਸੀ । ਪਰ ਇਹ ਹਿੰਦੂ ਸੌੜੀ ਸੋਚ ਅਧੀਨ ਉਨ੍ਹਾਂ ਦੇ ਸੌਹ ਚੁੱਕ ਸਮਾਗਮ ਵਿਚ ਨਹੀਂ ਗਏ । ਸ. ਸਿੱਧੂ ਨੇ ਕੇਵਲ ਇਸ ਸੌਹ ਚੁੱਕ ਸਮਾਗਮ ਵਿਚ ਪੂਰੇ ਜੋਸ਼ ਅਤੇ ਖੁਸ਼ੀ ਨਾਲ ਸਮੂਲੀਅਤ ਹੀ ਨਹੀਂ ਕੀਤੀ, ਬਲਕਿ ਇਕ ਬਹੁਤ ਹੀ ਨਿੱਘੀ ਤੇ ਪਿਆਰੀ ਕਸ਼ਮੀਰੀ ਦੁਸ਼ਾਲ ਭੇਟ ਕਰਕੇ ਇਹ ਪ੍ਰਤੱਖ ਕਰ ਦਿੱਤਾ ਹੈ ਕਿ ਸਿੱਖ ਕੌਮ ਦੇ ਪਾਕਿਸਤਾਨ ਦੀ ਧਰਤੀ ਅਤੇ ਮੁਸਲਿਮ ਕੌਮ ਨਾਲ ਵੰਡ ਤੋਂ ਪਹਿਲਾ ਦੇ ਪੁਰਾਤਨ ਸੰਬੰਧ ਉਸੇ ਤਰ੍ਹਾਂ ਕਾਇਮ ਹਨ ਅਤੇ ਕਸ਼ਮੀਰ ਬਾਰੇ ਵੀ ਸਪੱਸਟ ਕਰ ਦਿੱਤਾ ਹੈ ਕਿ ਕਸ਼ਮੀਰ ਸਾਡੀ ਸਿੱਖ ਬਾਦਸ਼ਾਹੀ ਦਾ ਹੀ ਹਿੱਸਾ ਹੈ । ਲੇਕਿਨ ਹਿੰਦੂਤਵ ਹੁਕਮਰਾਨਾਂ ਅਤੇ ਫਿਰਕੂ ਸੋਚ ਦੇ ਮਾਲਕ ਹਿੰਦੂ ਸੰਗਠਨਾਂ ਨੂੰ ਸ. ਸਿੱਧੂ ਵੱਲੋਂ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ ਕੀਤੀ ਗਈ ਸਦਭਾਵਨਾ ਵਾਲੀ, ਪਿਆਰ ਵਾਲੀ ਅਤੇ ਪੁਰਾਤਨ ਰਿਸਤੇ ਨੂੰ ਹੋਰ ਪੀੜੀ ਕਰਨ ਵਾਲੀ ਕਾਰਵਾਈ ਇਸ ਕਰਕੇ ਪਸ਼ੰਦ ਨਹੀਂ ਆਈ ਕਿਉਂਕਿ ਸ. ਸਿੱਧੂ ਦੇ ਇਸ ਅਮਲ ਨਾਲ ਸ੍ਰੀ ਕਰਤਾਰਪੁਰ ਲਾਂਘਾ ਖੁੱਲ੍ਹਣ, ਪਾਕਿਸਤਾਨ ਅਤੇ ਪੰਜਾਬ ਦੀਆਂ ਸਰਹੱਦਾਂ ਦੇ ਰਸਤੇ ਖੁੱਲ੍ਹਣ ਅਤੇ ਅਰਦਾਸ ਵਿਚ ਸਾਮਿਲ ਸਿੱਖ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਦੀ ਗੱਲ ਅਮਲੀ ਰੂਪ ਵਿਚ ਆਉਣ ਵਾਲੇ ਸਮੇਂ ਵਿਚ ਪੂਰਨ ਹੋਣ ਜਾ ਰਹੀ ਹੈ । ਜੋ ਕਿ ਹਿੰਦੂ ਹੁਕਮਰਾਨਾਂ ਅਤੇ ਫਿਰਕੂ ਸੰਗਠਨਾਂ ਨੂੰ ਬਿਲਕੁਲ ਨਹੀਂ ਭਾਉਦੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਆਰਮੀ ਚੀਫ਼ ਸ੍ਰੀ ਕਮਰ ਜਾਵੇਦ ਬਾਜਵਾ ਨੂੰ ਉਥੇ ਪਹੁੰਚਣ ਤੇ ਸਿੱਖ ਰਹੁ-ਰੀਤੀ ਅਨੁਸਾਰ ਮੁਸਲਿਮ ਅਤੇ ਸਿੱਖ ਕੌਮ, ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੀ ਸਾਂਝ ਨੂੰ ਹੋਰ ਪ੍ਰਪੱਕ ਕਰਨ ਦੇ ਅਮਲਾਂ ਉਤੇ ਹਿੰਦੂ ਹੁਕਮਰਾਨਾਂ ਅਤੇ ਹਿੰਦੂ ਸੰਗਠਨਾਂ ਵੱਲੋਂ ਗੈਰ-ਦਲੀਲ ਢੰਗ ਨਾਲ ਰੌਲਾ ਪਾਉਣ ਅਤੇ ਸਿੱਖ ਕੌਮ ਤੇ ਮੁਸਲਿਮ ਕੌਮ ਦੇ, ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਪੁਰਾਤਨ ਅੱਛੇ ਰਿਸਤੇ ਉਤੇ ਕਿੰਤੂ-ਪ੍ਰੰਤੂ ਕਰਨ ਨੂੰ ਫਜੂਲ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਹੁਤ ਪਹਿਲੋ ਹੀ ਆਪਣੇ ਮੁਖਾਰਬਿੰਦ ਤੋਂ ਇਹ ਪੁਕਾਰਕੇ ਕਿ ਨਾ ਅਸੀਂ ਹਿੰਦੂ, ਨਾ ਮੁਸਲਮਾਨ ਰਾਹੀ ਪ੍ਰਤੱਖ ਕਰ ਦਿੱਤਾ ਸੀ ਕਿ ਸਿੱਖ ਕੌਮ ਇਕ ਵੱਖਰੀ ਆਜ਼ਾਦ ਕੌਮ ਹੈ । ਜਿਸਦਾ ਨਾ ਮੁਸਲਿਮ ਕੌਮ ਨਾਲ, ਨਾ ਹਿੰਦੂ ਕੌਮ ਨਾਲ ਅਤੇ ਨਾ ਹੀ ਕਿਸੇ ਹੋਰ ਨਾਲ ਕਿਸੇ ਤਰ੍ਹਾਂ ਦਾ ਵੈਰ-ਵਿਰੋਧ ਨਹੀਂ । ਪਰ ਸਾਡੀਆਂ ਰਿਸਤੇਦਾਰੀਆਂ ਮੁਸਲਿਮ ਕੌਮ ਵਿਚ ਵੀ ਹਨ ਅਤੇ ਹਿੰਦੂ ਕੌਮ ਵਿਚ ਵੀ ਹਨ । ਜਿਵੇਂਕਿ ਰਾਜਸਥਾਂਨ ਦੇ ਹਿੰਦੂਆਂ ਨਾਲ ਸਾਡੇ ਪੁਰਾਤਨ ਗਹਿਰੇ ਸੰਬੰਧ ਹਨ, ਇਸੇ ਤਰ੍ਹਾਂ ਯੂਪੀ ਅਤੇ ਹਰਿਆਣੇ ਦੇ ਮੁਸਲਮਾਨਾਂ ਨਾਲ ਸਾਡੇ ਪੁਰਾਤਨ ਸੰਬੰਧ ਹਨ । ਸ੍ਰੀ ਸਿੱਧੂ ਨੇ ਇਨ੍ਹਾਂ ਪੁਰਾਤਨ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਹੀ ਅਮਲ ਕੀਤੇ ਹਨ ਜਿਸ ਨਾਲ ਸਮੁੱਚੇ ਏਸੀਆ ਖਿੱਤੇ ਵਿਚ ਅਮਨ-ਚੈਨ, ਜਮਹੂਰੀਅਤ ਨੂੰ ਬਲ ਮਿਲੇਗਾ ਅਤੇ ਇਹ ਸਮੁੱਚਾ ਦੱਖਣੀ ਏਸੀਆ ਦਾ ਖਿੱਤਾ ਸਦਾ ਲਈ ਜੰਗ ਵਰਗੇ ਖ਼ਤਰਨਾਕ ਮਨੁੱਖਤਾ ਵਿਰੋਧੀ ਸ਼ਬਦ ਤੋਂ ਦੂਰ ਹੋ ਜਾਵੇਗਾ ।

ਸ. ਮਾਨ ਨੇ ਆਪਣੇ ਵਿਚਾਰਾਂ ਦੀ ਲੜੀ ਨੂੰ ਮੁਸਲਿਮ ਅਤੇ ਸਿੱਖ ਕੌਮ ਨਾਲ ਜੋੜਦੇ ਹੋਏ ਕਿਹਾ ਕਿ ਸਾਡੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਵਿਚ ਹੈ । ਜੋ ਇਸ ਸਮੇਂ ਪਾਕਿਸਤਾਨ ਦੇ ਖੇਤਰਫ਼ਲ ਵਿਚ ਆਉਦਾ ਹੈ । ਇਸ ਸੰਬੰਧੀ ਬਾਦਲ ਦਲ ਦੇ ਸ. ਕੁਲਦੀਪ ਸਿੰਘ ਵਡਾਲਾ ਜੋ ਇਸ ਦੁਨੀਆਂ ਵਿਚ ਨਹੀਂ ਹਨ, ਉਹ ਨਿਰੰਤਰ ਹਰ ਸੰਗਰਾਂਦ ਨੂੰ ਡੇਰਾ ਬਾਬਾ ਨਾਨਕ ਜਾ ਕੇ ਜਮਹੂਰੀਅਤ ਤਰੀਕੇ ਰੋਸ ਕਰਦੇ ਹੋਏ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਲਈ ਸਿੱਖ ਕੌਮ ਦੇ ਬਿਨ੍ਹਾਂ ਤੇ ਇਜ਼ਹਾਰ ਕਰਦੇ ਰਹੇ ਹਨ । ਜਦੋਂ ਹੁਣ ਸ. ਸਿੱਧੂ ਦੇ ਸ੍ਰੀ ਇਮਰਾਨ ਖਾਨ ਨਾਲ ਦੋਸਤਾਨਾਂ ਸੰਬੰਧਾਂ ਦੀ ਬਦੌਲਤ, ਸਿੱਖ ਕੌਮ ਅਤੇ ਮੁਸਲਿਮ ਕੌਮ ਦੇ ਪੁਰਾਤਨ ਸੰਬੰਧਾਂ ਦੀ ਬਦੌਲਤ ਇਹ ਲਾਂਘਾ ਖੁੱਲ੍ਹਣ ਜਾ ਰਿਹਾ ਹੈ ਅਤੇ ਪੰਜਾਬ ਦੀਆਂ ਸਰਹੱਦਾਂ ਉਤੇ ਹਿੰਦੂਤਵ ਹੁਕਮਰਾਨਾਂ ਵੱਲੋਂ ਜ਼ਬਰੀ ਲਗਾਈ ਗਈ ਕੰਡਿਆਲੀ ਤਾਰਾਂ ਟੁੱਟਣ ਜਾ ਰਹੀਆ ਹਨ ਅਤੇ ਦੋਵੇ ਮੁਲਕਾਂ ਦੀਆਂ ਸਰਹੱਦਾਂ ਰਾਹੀ ਖੇਤੀ ਅਤੇ ਵਪਾਰਿਕ ਜਿਨਸਾਂ ਦਾ ਵਪਾਰ ਪ੍ਰਫੁੱਲਿਤ ਹੋਣ ਜਾ ਰਿਹਾ ਹੈ ਅਤੇ ਜਿਸ ਰਾਹੀ ਪੰਜਾਬ ਦੀ 40 ਲੱਖ ਨੌਜ਼ਵਾਨਾਂ ਦੀ ਬੇਰੁਜ਼ਗਾਰੀ ਦੀ ਵੱਡੀ ਸਮੱਸਿਆ ਹੱਲ ਹੋਣ ਵੱਲ ਵੱਧ ਰਹੀ ਹੈ, ਤਾਂ ਹੁਣ ਇਨ੍ਹਾਂ ਫਿਰਕੂ ਅਤੇ ਮੁਤੱਸਵੀ ਹੁਕਮਰਾਨਾਂ ਅਤੇ ਸੰਗਠਨਾਂ ਦੇ ਢਿੱਡੀ ਪੀੜਾ ਪੈਣੀਆ ਕਿਉਂ ਸੁਰੂ ਹੋ ਗਈਆ ਹਨ ? ਇਸਦਾ ਸਿੱਧਾ ਮਤਲਬ ਹੈ ਕਿ ਜੋ ਲੋਕ ਇਹ ਜੱਫ਼ੀ ਪਾਉਣ ਉਤੇ ਫਜੂਲ ਦਾ ਰੌਲਾ ਪਾ ਰਹੇ ਹਨ, ਉਹ ਅਸਲੀਅਤ ਵਿਚ ਸਿੱਖ ਕੌਮ ਅਤੇ ਪੰਜਾਬ ਵਿਰੋਧੀ ਤਾਕਤਾਂ ਹੀ ਹਨ । ਇਹ ਗੱਲ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਇਸ ਦੱਖਣੀ ਏਸੀਆ ਖਿੱਤੇ ਨੂੰ ਸਦਾ ਲਈ ਅਮਨਮਈ ਅਤੇ ਜਮਹੂਰੀਅਤ ਰੱਖਣ ਵਾਲੇ ਵਰਗ, ਕੌਮਾਂ, ਫਿਰਕੇ ਅਤੇ ਇਨਸਾਨਾਂ ਨੂੰ ਸਮਝ ਲੈਣੀ ਚਾਹੀਦੀ ਹੈ । ਸ. ਮਾਨ ਨੇ ਕਿਹਾ ਕਿ ਪੰਜਾਬੀ ਦੀ ਇਕ ਕਹਾਵਤ ਹੈ ਕਿ “ਜਿਸਨੇ ਲਾਹੌਰ ਨਹੀਂ ਦੇਖਿਆ, ਉਹ ਅਜੇ ਜੰਮਿਆ ਹੀ ਨਹੀਂ।” ਕਿਉਂਕਿ ਲਾਹੌਰ ਸਿੱਖ ਬਾਦਸ਼ਾਹੀ ਦੀ ਰਾਜਧਾਨੀ ਰਹੀ ਹੈ ਅਤੇ ਲਾਹੌਰ ਨਾਲ ਸਿੱਖ ਕੌਮ ਦਾ ਸੱਭਿਆਚਾਰ, ਰੀਤੀ-ਰਿਵਾਜ, ਧਾਰਮਿਕ ਅਤੇ ਸਮਾਜਿਕ ਵਰਤਾਰੇ ਦੀਆਂ ਗੰਢਾਂ ਜੁੜੀਆ ਹੋਈਆ ਹਨ । ਜਿਸ ਨੂੰ ਕੋਈ ਵੀ ਸਿੱਖ ਕਦੀ ਵੀ ਭੁਲਾਅ ਨਹੀਂ ਸਕਦਾ । ਫਿਰ ਟ੍ਰਿਬਿਊਨ ਗਰੁੱਪ ਨੂੰ ਸੁਰੂ ਕਰਨ ਵਾਲੇ ਸ. ਦਿਆਲ ਸਿੰਘ ਮਜੀਠੀਆ ਇਕ ਸਿੱਖ ਹੀ ਸਨ, ਜਿਸਦਾ ਹੈੱਡਕੁਆਰਟਰ ਲਾਹੌਰ ਵਿਚ ਹੀ ਰਿਹਾ ਹੈ । ਜੇਕਰ ਅੱਜ ਟ੍ਰਿਬਿਊਨ ਗਰੁੱਪ ਇਕ ਸਾਜਿ਼ਸ ਤਹਿਤ ਆਰੀਅਨ ਜਾਂ ਹਿੰਦੂਤਵ ਸੋਚ ਦੇ ਅਧੀਨ ਹੈ ਤਾਂ ਇਸਦਾ ਇਹ ਮਤਲਬ ਨਹੀਂ ਕਿ ਸਿੱਖ ਕੌਮ ਦੀ ਇਸ ਗਰੁੱਪ ਨੂੰ ਕੋਈ ਦੇਣ ਨਹੀਂ ਜਾਂ ਸਿੱਖ ਕੌਮ ਨੂੰ ਨਜ਼ਰ ਅੰਦਾਜ ਕਰ ਦਿੱਤਾ ਜਾਵੇ ।

ਉਨ੍ਹਾਂ ਕਿਹਾ ਕਿ ਜਦੋਂ 1947 ਵਿਚ ਮੁਲਕ ਦੀ ਵੰਡ ਹੋਈ ਤਾਂ ਉਸ ਤੋਂ ਪਹਿਲੇ ਹਿੰਦੂ ਆਗੂਆਂ ਸ੍ਰੀ ਗਾਂਧੀ ਤੇ ਨਹਿਰੂ ਨੇ ਸਿੱਖ ਕੌਮ ਦੀ ਸੰਤੁਸਟੀ ਲਈ ਸਿੱਖ ਕੌਮ ਨਾਲ ਬਹੁਤ ਹੀ ਅਰਥ ਭਰਪੂਰ ਅਤੇ ਸਿੱਖ ਕੌਮ ਦੀ ਅਣਖ਼-ਗੈਰਤ ਨੂੰ ਕਾਇਮ ਰੱਖਣ ਵਾਲੇ ਸਿੱਖਾਂ ਨਾਲ ਬਚਨ ਕੀਤੇ ਗਏ । ਉਸ ਸਮੇਂ ਦੇ ਵਾਇਸਰਾਏ ਸ੍ਰੀ ਵੇਵਲ ਨੂੰ ਇਨ੍ਹਾਂ ਨੇ ਕਿਹਾ ਕਿ ਵੈਸਟ ਬੰਗਾਲ ਅਤੇ ਪੰਜਾਬ ਨੂੰ ਦੋ ਥਾਂ ਵੰਡ ਦਿਓ । ਦੂਸਰੇ ਪਾਸੇ ਇਹ ਉਪਰੋਕਤ ਲੀਡਰ ਸਿੱਖਾਂ ਨਾਲ ਇਹ ਬਚਨ ਕਰ ਰਹੇ ਹਨ ਕਿ ਸਿੱਖ ਕੌਮ ਨੂੰ ਉਤਰੀ ਭਾਰਤ ਵਿਚ ਇਕ ਅਜਿਹਾ ਆਜ਼ਾਦ ਖਿੱਤਾ ਦਿੱਤਾ ਜਾਵੇਗਾ, ਜਿਥੇ ਸਿੱਖ ਕੌਮ ਆਜ਼ਾਦੀ ਨਾਲ ਵਿਚਰ ਸਕੇਗੀ ਅਤੇ ਉਨ੍ਹਾਂ ਉਤੇ ਕੋਈ ਵੀ ਤਾਨਾਸ਼ਾਹੀ ਹੁਕਮ ਲਾਗੂ ਨਹੀਂ ਹੋਵੇਗਾ । ਪਰ ਇਨ੍ਹਾਂ ਹਿੰਦੂ ਆਗੂਆਂ ਨੇ ਅੰਗਰੇਜ਼ਾਂ ਨਾਲ ਸੰਧੀ ਕਰਕੇ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਅਤੇ ਕੁਰਬਾਨੀਆਂ ਨੂੰ ਨਜ਼ਰ ਅੰਦਾਜ ਕਰਕੇ ਆਪਣਾ ਹਿੰਦੂ ਮੁਲਕ ਇੰਡੀਆਂ ਆਜ਼ਾਦ ਕਰਵਾ ਲਿਆ । ਸ੍ਰੀ ਵੇਵਲ ਨਾਲ ਪੰਜਾਬ ਅਤੇ ਵੈਸਟ ਬੰਗਾਲ ਨੂੰ ਵੰਡਣ ਦੀ ਗੱਲ ਕਰਕੇ ਇਨ੍ਹਾਂ ਹਿੰਦੂ ਆਗੂਆਂ ਨੇ ਸਿੱਖ ਕੌਮ ਨਾਲ ਬਹੁਤ ਵੱਡਾ ਧੋਖਾ ਅਤੇ ਫਰੇਬ ਕੀਤਾ ਹੈ । ਇਹੀ ਵਜਹ ਹੈ ਕਿ ਹਿੰਦ ਦੇ ਵਿਧਾਨ ਘਾੜਤਾ ਕਮੇਟੀ ਦੇ ਦੋ ਸਿੱਖ ਨੁਮਾਇੰਦਿਆ ਸ. ਹੁਕਮ ਸਿੰਘ ਅਤੇ ਸ. ਭੁਪਿੰਦਰ ਸਿੰਘ ਮਾਨ ਨੇ ਇਸ ਧੋਖਾ ਦੇਣ ਵਾਲੇ ਅਤੇ ਸਿੱਖ ਕੌਮ ਦੇ ਹੱਕ-ਹਕੂਕਾਂ ਨੂੰ ਕੁੱਚਲਣ ਵਾਲੇ ਹਿੰਦ ਦੇ ਵਿਧਾਨ ਉਤੇ ਦਸਤਖ਼ਤ ਹੀ ਨਹੀਂ ਸਨ ਕੀਤੇ । ਵਿਧਾਨ ਦੀ ਧਾਰਾ 25 ਵਿਚ ਇਨ੍ਹਾਂ ਫਿਰਕੂਆਂ ਨੇ ਸਿੱਖ ਕੌਮ ਨੂੰ ਇਕ ਵੱਖਰੀ ਕੌਮ ਵੱਜੋਂ ਕਾਨੂੰਨੀ ਮਾਨਤਾ ਦੇਣ ਦੀ ਬਜਾਇ ਉਨ੍ਹਾਂ ਨੂੰ ਹਿੰਦੂ ਹੀ ਗਰਦਾਨਿਆ । ਇਹ ਵੀ ਸਿੱਖ ਕੌਮ ਨਾਲ ਇਕ ਬਹੁਤ ਵੱਡਾ ਧੋਖਾ ਸੀ । ਸ. ਨਵਜੋਤ ਸਿੰਘ ਸਿੱਧੂ ਨੇ ਸਿੱਖ ਕੌਮ ਦੀ ਸੱਭਿਅਤਾ, ਇਖ਼ਲਾਕ ਅਤੇ ਨਿੱਗਰ ਸੋਚ ਉਤੇ ਅਮਲ ਕਰਦੇ ਹੋਏ ਜੋ ਪਾਕਿਸਤਾਨ ਪਹੁੰਚਕੇ ਇਮਰਾਨ ਖਾਨ ਦੇ ਵਜ਼ੀਰ-ਏ-ਆਜ਼ਮ ਬਣਨ ਤੇ ਸਿੱਖ ਕੌਮ ਦੀ ਤਰਫੋ ਮੁਬਾਰਕਬਾਦ ਦਿੱਤੀ ਹੈ ਅਤੇ ਸਿੱਖ ਕੌਮ ਦੀਆਂ ਪੁਰਾਤਨ ਰਵਾਇਤਾਂ ਅਤੇ ਸੰਬੰਧਾਂ ਨੂੰ ਹੋਰ ਪੀੜਾ ਕਰਦੇ ਹੋਏ ਸ੍ਰੀ ਕਮਰ ਜਾਵੇਦ ਬਾਜਵਾ ਮੁੱਖੀ ਪਾਕਿਸਤਾਨ ਆਰਮੀ ਨਾਲ ‘ਜੱਫੀ’ ਦਾ ਇਜ਼ਹਾਰ ਕਰਦੇ ਹੋਏ ਭਾਵਨਾਵਾਂ ਪ੍ਰਗਟਾਈਆ ਹਨ, ਉਸ ਵਿਚ ਕੋਈ ਵੀ ਗੈਰ-ਕਾਨੂੰਨੀ, ਗੈਰ-ਸਮਾਜਿਕ, ਗੈਰ-ਸੱਭਿਆਚਾਰ ਕੋਈ ਗੱਲ ਨਹੀਂ ਹੋਈ। ਹਿੰਦੂ ਹੁਕਮਰਾਨਾਂ, ਇਥੋਂ ਤੱਕ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਅਤੇ ਹੋਰਨਾਂ ਕਈਆ ਵੱਲੋਂ ਬਿਨ੍ਹਾਂ ਵਜਹ ਵਾਵੇਲਾ ਖੜ੍ਹਾ ਕੀਤਾ ਜਾ ਰਿਹਾ ਹੈ । ਜਦੋਂਕਿ ਇਹ ਸਭ ਨੂੰ ਪਤਾ ਹੈ ਕਿ ਜਦੋਂ ਸ੍ਰੀ ਮੋਦੀ ਬਾਹਰਲੇ ਮੁਲਕਾਂ ਦੇ ਦੌਰੇ ਤੇ ਜਾਂਦੇ ਹਨ, ਅਕਸਰ ਹੀ ਉਹ ਸ੍ਰੀ ਓਬਾਮਾ ਅਤੇ ਹੋਰਨਾਂ ਮੁਲਕਾਂ ਦੇ ਮੁੱਖੀਆਂ ਨੂੰ ਜੱਫੀ ਪਾ ਕੇ ਆਪਣੀਆ ਭਾਵਨਾਵਾਂ ਦਾ ਇਜ਼ਹਾਰ ਕਰਦੇ ਰਹੇ ਹਨ । ਸ੍ਰੀ ਟਰੰਪ ਨੂੰ ਵੀ ਜੱਫੀ ਪਾਉਦੇ ਹਨ, ਆਪਣੀ ਇਸ ਰਵਾਇਤ ਜਾਂ ਆਦਤ ਨੂੰ ਚਾਲੂ ਰੱਖਦੇ ਹੋਏ ਜਦੋਂ ਇੰਗਲੈਡ ਦੀ ਵਜ਼ੀਰ-ਏ-ਆਜ਼ਮ ਬੀਬੀ ਥਰੇਸਾ ਮੇਅ ਨੂੰ ਮਿਲਣ ਗਏ ਤਾਂ ਜਦੋਂ ਉਨ੍ਹਾਂ ਨੂੰ ਜੱਫੀ ਪਾਉਣ ਲੱਗੇ ਤਾਂ ਉਥੋਂ ਦੀ ਇੰਡੀਅਨ ਅੰਬੈਸੀ ਦੇ ਉੱਚ ਅਫ਼ਸਰ ਨੇ ਇਸਾਰੇ ਨਾਲ ਸਮਝਾਇਆ ਕਿ ਬੀਬੀਆਂ ਨੂੰ ਜੱਫੀ ਪਾਉਣ ਦੀ ਰਵਾਇਤ ਨਹੀਂ ਹੈ ਤਾਂ ਉਹ ਉਸ ਗੁਸਤਾਖੀ ਤੋਂ ਬਚ ਗਏ । ਇਸ ਲਈ ਜੱਫੀ ਦੀ ਗੱਲ ਨੂੰ ਤੁੱਲ ਦੇਣ ਵਾਲਿਆ ਨੂੰ ਪੰਜਾਬ ਸੂਬੇ ਅਤੇ ਸਿੱਖ ਕੌਮ ਦੀਆਂ ਮਹਾਨ ਕੁਰਬਾਨੀਆਂ, ਇਤਿਹਾਸ, ਉਨ੍ਹਾਂ ਦੇ ਲਾਹੌਰ ਤੇ ਪਾਕਿਸਤਾਨ ਨਾਲ ਰਿਸਤੇ ਨੂੰ ਮੁੱਖ ਰੱਖਣਾ ਚਾਹੀਦਾ ਹੈ ਨਾ ਕਿ ਫਿਰਕੂ ਸੋਚ ਅਧੀਨ ਤੁੱਲ ਦੇਣੀ ਚਾਹੀਦੀ ਹੈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>