ਨਵੀਂ ਦਿੱਲੀ : ਨਿਊਯਾਰਕ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ.’ਤੇ ਹੋਏ ਹਮਲੇ ਦੀ ਕੋਸ਼ਿਸ਼ ਦੀ ਨਿਖੇਧੀ ਕਰਦੇ ਹੋਏ ਕਮੇਟੀ ਨੇ ਹਮਲਾ ਕਰਨ ਦਾ ਜਿੰਮੇਵਾਰ ਸਿੱਖ ਫਾਰ ਜਸਟਿਸ ਨੂੰ ਦੱਸਿਆ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਅਤੇ ਮੈਂਬਰ ਹਰਿੰਦਰ ਪਾਲ ਸਿੰਘ ਤੇ ਚਮਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਦੀ ਸ਼ਹਿ ‘ਤੇ ਸਿੱਖ ਫਾਰ ਜਸਟਿਸ ਵੱਲੋਂ ਹਮਲਾ ਕਰਾਉਣ ਦਾ ਦੋਸ਼ ਲਗਾਇਆ ਹੈ। ਕਮੇਟੀ ਆਗੂਆਂ ਨੇ ਜੀ.ਕੇ. ਵੱਲੋਂ ਇਸ ਮੌਕੇ ਦਿਖਾਈ ਗਈ ਬਹਾਦਰੀ ਦੇ ਸਾਹਮਣੇ ਅਖੌਤੀ ਹਮਲਾਵਰਾਂ ਦੀ ਬੋਲਤੀ ਬੰਦ ਹੋਣ ਨੂੰ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਦੇ ਮਰੇ ਹੋਏ ਜਮੀਰ ਨਾਲ ਜੋੜਿਆ ਹੈ।
ਸਿਰਸਾ ਨੇ ਕਿਹਾ ਕਿ ਗੁੰਡਾ ਅਨਸਰਾਂ ਵੱਲੋਂ ਆਈ.ਐਸ.ਆਈ. ਦੀ ਫਡਿੰਗ ਦੇ ਸਹਾਰੇ ਜੀ.ਕੇ. ‘ਤੇ ਹਮਲਾ ਕਰਵਾਕੇ ਪੰਨੂੰ ਬੇਨਕਾਬ ਹੋ ਗਿਆ ਹੈ। ਜਨਾਨੀਆਂ ਦੀ ਤਰ੍ਹਾਂ ਗੁੱਤ ਕਰਨ ਵਾਲੇ ਪੰਨੂੰ ਦਾ ਕੰਮ ਡਾਲਰ ਕੱਠੇ ਕਰਕੇ ਕੌਮ ਦਾ ਨੁਕਸਾਨ ਕਰਨਾ ਹੈ। 1984 ਅਤੇ ਸਿੱਖ ਮਸਲਿਆਂ ਦੀ ਲੜਾਈ ਜਿਸਨੂੰ ਪਿੱਛਲੀ ਕਮੇਟੀ ਭੁੱਲ ਚੁੱਕੀ ਸੀ ਅਸੀਂ ਉਸ ਲੜਾਈ ਨੂੰ 5 ਸਾਲ ਦੌਰਾਨ ਇਸ ਮੁਕਾਮ ‘ਤੇ ਪਹੁੰਚਾਇਆ ਹੈ ਕਿ ਹੁਣ ਫਾਂਸੀ ਦਾ ਫੰਦਾ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੇ ਗਲੇ ਦੇ ਨੇੜ੍ਹੇ ਪੁੱਜ ਚੁੱਕਿਆ ਹੈ। ਜੋ ਕਿ ਵਿਦੇਸ਼ਾਂ ‘ਚ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਫਡਿੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਰਾਸ ਨਹੀਂ ਆ ਰਿਹਾ। ਪੰਨੂੰ ਵਰਗੇ ਲੋਕ ਕੌਮ ਦੇ ਕਾਤਲਾਂ ਨੂੰ ਸਿਰੋਪਾ ਦੇਣ ਵਾਲਿਆਂ ਦਾ ਅਮਰੀਕਾ ‘ਚ ਵਿਰੋਧ ਨਹੀਂ ਕਰਦੇ ਪਰ ਕੌਮ ਦੀ ਲੜਾਈ ਲੜਨ ਵਾਲੇ ਕੌਮ ਦੇ ਵਫਾਦਾਰ ਸਿਪਾਹੀ ਜੀ.ਕੇ. ਦੀ ਵਿਰੋਧਤਾ ਕਰਕੇ ਆਪਣੀ ਵਿਕਾਊ ਮਾਨਸਿਕਤਾ ਨੂੰ ਦਿਖਾ ਰਹੇ ਹਨ।
ਸਿਰਸਾ ਨੇ ਪੰਨੂੰ ਦੇ ਖਾਸ ਰਾਣਾ ਸਿੰਘ ਦੇ ਇਸ ਹਮਲੇ ‘ਚ ਸ਼ਾਮਿਲ ਹੋਣ ਦਾ ਦਾਅਵਾ ਕੀਤਾ। ਸਿਰਸਾ ਨੇ ਕਿਹਾ ਕਿ ਪੰਨੂੰ ਨੇ ਰਾਣਾ ਵਰਗੇ ਛੁੱਟਭਈਐ ਅਪਰਾਧੀ ਨੂੰ ਅੱਗੇ ਕਰਕੇ ਆਪਣੀ ਨਸਲ ਦਾ ਇਜਹਾਰ ਕਰ ਦਿੱਤਾ ਹੈ। ਰਾਣਾ ਦੇ ਨਾਲ ਆਏ ਪਤਿਤ ਲੋਕਾਂ ‘ਤੇ ਸਵਾਲ ਕਰਦੇ ਹੋਏ ਸਿਰਸਾ ਨੇ ਪੁੱਛਿਆ ਕਿ ਜਿਹੜੇ ਕੇਸ਼ਾਂ ਨੂੰ ਮੁੰਨ ਕੇ ਗੁਰੂ ਦੇ ਨਹੀਂ ਹੋਏ, ਉਹ ਕੌਮ ਦੇ ਕਿਵੇਂ ਹੋਣਗੇ ? ਸਿਰਸਾ ਨੇ ਕਿਹਾ ਕਿ ਜੇਕਰ ਪੰਨੂੰ ‘ਚ ਹਿੰਮਤ ਸੀ ਤਾਂ ਲਲਕਾਰ ਕੇ ਜੀ.ਕੇ. ਦੇ ਸਾਹਮਣੇ ਖੁੱਦ ਆਊਂਦਾ। ਪਹਿਲੇ ਵੀ ਨਿਯੂਆਰਕ ਵਿਖੇ ਜੁੱਤੀਆਂ ਖਾ ਕੇ ਪੰਨੂੰ ਦੇ ਸਾਥੀ ਸਾਡੇ ਸਾਹਮਣੋਂ ਭੱਜੇ ਸਨ। ਸਿਰਸਾ ਨੇ ਦੁਨੀਆ ਭਰ ਦੇ ਸਿੱਖਾਂ ਵੱਲੋਂ ਇਸ ਮਸਲੇ ‘ਤੇ ਜੀ.ਕੇ. ਨਾਲ ਦਿਖਾਈ ਜਾ ਰਹੀ ਹਮਦਰਦੀ ਲਈ ਸਮੁੱਚੀ ਕੌਮ ਦਾ ਧੰਨਵਾਦ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਸਵਾਲ ਪੁੱਛਣ ਵਾਲੇ ਲੋਕਾਂ ਨੂੰ 1984 ‘ਚ ਕਾਂਗਰਸ ਵੱਲੋਂ ਪਾਵਨ ਸਵਰੂਪਾਂ ਦੀ ਕਰਵਾਈ ਗਈ ਬੇਅਦਬੀ ਬਾਰੇ ਬੋਲਣ ਦੀ ਸਲਾਹ ਦਿੱਤੀ।
ਸਿਰਸਾ ਨੇ ਦੋਸ਼ ਲਗਾਇਆ ਕਿ ਕੌਮ ਵਿਰੋਧੀ ਸ਼ਕਤੀਆਂ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਬਦਨਾਮ ਕਰਕੇ ਸਿੱਖ ਮਸਲਿਆਂ ‘ਤੇ ਲੜੀ ਜਾ ਰਹੀ ਲੜਾਈ ਨੂੰ ਕਮਜੋਰ ਕਰਨਾ ਚਾਹੁੰਦੀਆਂ ਹਨ। ਸਿਰਸਾ ਨੇ ਪੰਜਾਬ ਸਰਕਾਰ ਵੱਲੋਂ ਬੇਅਦਬੀ ਕੇਸ਼ਾਂ ਦੀ ਜਾਂਚ ਲਈ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਮੁੱਢੋਂ ਰੱਦ ਕਰਦੇ ਹੋਏ ਕਮਿਸ਼ਨ ਦੀ ਕਾਰਜ ਪ੍ਰਣਾਲੀ, ਰਿਪੋਰਟ ਦੇ ਮੀਡੀਆ ‘ਚ ਲੀਕ ਹੋਣ ਅਤੇ ਪੰਜਾਬ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ‘ਤੇ ਇਸ ਮਾਮਲੇ ‘ਚ ਗਵਾਹ ਹਿੰਮਤ ਸਿੰਘ ਨੂੰ ਅਕਾਲੀ ਦਲ ਖਿਲਾਫ਼ ਆਤਮਘਾਤੀ ਹਮਲਾਵਰ ਵੱਜੋਂ ਇਸਤੇਮਾਲ ਕਰਨ ਦੇ ਲਗ ਰਹੇ ਦੋਸ਼ਾਂ ਦਾ ਹਵਾਲਾ ਦਿੱਤਾ।
ਕਾਲਕਾ ਨੇ ਕਿਹਾ ਕਿ ਦੋ ਦਿਨ ਪਹਿਲੇ ਵੀ ਨਿਯੂਆਰਕ ਵਿਖੇ ਗੁਰਮਤਿ ਸਮਾਗਮ ਦੌਰਾਨ ਜੀ.ਕੇ. ਨੂੰ ਬੋਲਣ ਤੋਂ ਰੋਕਣ ਲਈ 8-10 ਲੋਕਾਂ ਨੇ ਕੋਸ਼ਿਸ਼ ਕੀਤੀ ਸੀ। ਜੀ.ਕੇ. ਦਾ ਇਸ ਦੀਵਾਨ ‘ਚ ਬੋਲਣ ਦਾ ਸਮਾਂ ਦੋਪਹਿਰ 2 ਵਜੇ ਦਾ ਸੀ ਪਰ ਗਰਮ ਖਿਆਲੀ ਇਹ ਲੋਕ ਪੰਡਾਲ ‘ਚ 12:30 ਵਜੇ ਆ ਕੇ ਬੈਠ ਗਏ ਸਨ। ਮੌਜੂਦ ਸੰਗਤ ਨੇ ਇਨ੍ਹਾਂ ਨੂੰ ਪੰਡਾਲ ‘ਚੋਂ ਬਾਹਰ ਜਾਣ ਦੀ ਹਿਦਾਇਤ ਦੇ ਦਿੱਤੀ ਸੀ। ਜਿਸ ਕਰਕੇ ਜੁੱਤੀਆਂ ਛੱਡ ਕੇ ਇਹ ਪਾਰਕ ਤੋਂ ਬਾਹਰ ਆ ਗਏ ਸਨ। ਜਿਸਤੋਂ ਬਾਅਦ ਜੀ.ਕੇ. ਨੇ ਖੁਲ ਕੇ ਆਪਣੀ ਤਕਰੀਰ ਕੀਤੀ ਸੀ। ਆਪਣੀ ਹੋਈ ਇਸ ਬੇਈਜੱਤੀ ਦਾ ਬਦਲਾ ਲੈਣ ਲਈ ਇਨ੍ਹਾਂ ਨੇ ਕੱਲ ਰਾਤ ਦਾ ਸਮਾਂ ਚੁਣਿਆ ਜਦੋਂ ਜੀ.ਕੇ. ਇਕ ਪੰਜਾਬੀ ਮੀਡੀਆ ਹਾਊਸ ‘ਚ ਪੰਥਕ ਮਸਲਿਆਂ ‘ਤੇ ਚਲਦੇ ਪ੍ਰੋਗਰਾਮ ‘ਚ ਆਪਣੀ ਗੱਲ ਰੱਖ ਕੇ ਆਪਣੇ ਭਰਾ ਤੇ ਭਰਜਾਈ ਨਾਲ ਵਾਪਸ ਘਰ ਪਰਤ ਰਹੇ ਸਨ। ਤਾਂ ਇਨ੍ਹਾਂ ਹੁੱਲੜਬਾਜਾਂ ਨੇ ਉਨ੍ਹਾਂ ਦੀ ਗੱਡੀ ‘ਤੇ ਜੁੱਤੀਆਂ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਜੀ.ਕੇ. ਨੇ ਦਿਲੇਰਾਨਾ ਤਰੀਕੇ ਨਾਲ ਇਨ੍ਹਾਂ ਨੂੰ ਲਲਕਾਰਿਆ ਤਾਂ ਇਨ੍ਹਾਂ ਗੁੰਡਿਆਂ ਨੇ ਜੀ.ਕੇ. ਦੀ ਭਰਜਾਈ ਨਾਲ ਹੱਥਾਪਾਈ ਅਤੇ ਭਰਾ ਦੀ ਦਸਤਾਰ ਨੂੰ ਲਾਹੁਣ ਦੀ ਕੋਸ਼ਿਸ਼ ਕੀਤੀ।
ਕਾਲਕਾ ਨੇ ਦੋਸ਼ ਲਗਾਇਆ ਕਿ ਇਹ ਭਾੜੇ ਦੇ ਗੁੰਡੇ ਪੰਜਾਬ ਦੇ ਮੰਤਰੀ ਸੁਖ ਸਰਕਾਰੀਆਂ ਅਤੇ ਤ੍ਰਿਪਤ ਬਾਜਵਾ ਨੂੰ ਸਿਰੋਪੇ ਦਿੰਦੇ ਹਨ ਅਤੇ ਜੀ.ਕੇ. ‘ਤੇ ਨਮੋਸ਼ੀ ਭਰਿਆ ਹਮਲਾ ਕਰਦੇ ਹਨ। ਕਾਲਕਾ ਨੇ ਇਸ ਮਸਲੇ ‘ਤੇ ਦਿੱਲੀ ਵਿਖੇ ਅਮਰੀਕੀ ਦੂਤਘਰ ਨਾਲ ਇਸ ਮਸਲੇ ‘ਤੇ ਮਿਲਣ ਲਈ ਸਮਾਂ ਮੰਗਣ ਦੀ ਜਾਣਕਾਰੀ ਦਿੱਤੀ। ਕਾਲਕਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰੀ ਵਿਦੇਸ਼ ਮੰਤਰਾਲੇ ਨਾਲ ਵੀ ਅਸੀ ਸੰਪਰਕ ‘ਚ ਹਾਂ ਤਾਕਿ ਦੋਸ਼ੀ ਲੋਕਾਂ ਨੂੰ ਕਾਨੂੰਨ ਅਨੁਸਾਰ ਸਜਾ ਮਿਲ ਸਕੇ। ਅਮਰਜੀਤ ਨੇ ਬੋਦੀ-ਟੋਪੀ ਨਾਲ ਸਿੱਖੀ ਦੀ ਰਖਵਾਲੀ ਕਰਨ ਦਾ ਦਾਅਵਾ ਕਰਨ ਵਾਲੇ ਲੋਕਾਂ ਨੂੰ ਸ਼ਰਾਰਤੀ ਅਨਸਰ ਦੱਸਿਆ। ਹਰਿੰਦਰ ਪਾਲ ਸਿੰਘ ਨੇ ਕਿਹਾ ਕਿ ਸ਼ਰਾਰਤੀ ਅਨਸਰ ਖੁਦ ਹੀ ਬੇਨਕਾਬ ਹੋ ਗਏ ਹਨ। ਜੇਕਰ ਤੁਸੀਂ ਕਿਸੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੋ ਤਾਂ ਤੁਹਾਨੂੰ ਸਿੱਖ ਵਿਚਾਰਧਾਰਾ ਕਿਸੇ ਔਰਤ ‘ਤੇ ਹਮਲਾ ਕਰਨ ਦੀ ਖੁਲ੍ਹ ਨਹੀਂ ਦਿੰਦੀ। ਇਸ ਕਰਕੇ ਉਕਤ ਛੋਟੇ ਲੋਕ ਨੰਗੇ ਹੋ ਗਏ ਹਨ। ਇਹ ਰਾਇਸੁਮਾਰੀ ਕਰਾਕੇ ਸਿੱਖਾਂ ਦਾ ਭਲਾ ਕਰਨਗੇ, ਇਹ ਕਹਿਣਾ ਹੀ ਬੇਈਮਾਨੀ ਹੈ। ਚਮਨ ਨੇ ਹਮਲਾਵਰਾਂ ਦੇ ਹੁਲੀਏ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸਿੱਖ ਦੀ ਪੱਗ ਨੂੰ ਹੱਥ ਪਾਉਣ ਵਾਲੇ ਸਿੱਖੀ ਦੇ ਠੇਕੇਦਾਰ ਨਹੀਂ ਹੋ ਸਕਦੇ। ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਵੱਡੀ ਗਿਣਤੀ ‘ਚ ਮੌਜੂਦ ਸਨ।