ਸਿੱਖ ਕੌਮ ਦਾ ਹਰਾਵਲ ਦਸਤਾ ਹੈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ -ਤਲਵਿੰਦਰ ਸਿੰਘ ਬੁੱਟਰ

ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੂੰ ਸਿੱਖ ਕੌਮ ਦਾ ਹਰਾਵਲ ਦਸਤਾ ਆਖਿਆ ਜਾਂਦਾ ਹੈ। ਇਸ ਦੀ ਸਥਾਪਨਾ ਭਾਈ ਅਮਰ ਸਿੰਘ ਅੰਬਾਲਵੀ ਦੇ ਯਤਨਾਂ ਸਦਕਾ 13 ਸਤੰਬਰ 1944 ਨੂੰ ਹੋਈ ਸੀ ਅਤੇ ਸ. ਸਰੂਪ ਸਿੰਘ ਇਸ ਦੇ ਪਹਿਲੇ ਪ੍ਰਧਾਨ ਥਾਪੇ ਗਏ ਸਨ। ਲਾਹੌਰ ਵਿਚ ਹੋਈ ਪਹਿਲੀ ਬੈਠਕ ਦੌਰਾਨ ਇਸ ਜਥੇਬੰਦੀ ਦੇ ਪੰਜ ਮੁੱਖ ਨਿਸ਼ਾਨੇ ਮਿਥੇ ਗਏ ਸਨ।

1. ਸਿੱਖ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਉਨ੍ਹਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਕਰਨਾ।

2. ਸਿੱਖ ਵਿਦਿਆਰਥੀਆਂ ਲਈ ਗੁਰੂ ਸਾਹਿਬਾਨ ਦੇ ਉ¤ਚੇ ਸੁ¤ਚੇ ਉਪਦੇਸ਼ ਅਤੇ ਵੱਡਮੁੱਲੇ ਵਿਰਸੇ ਦੀ ਜਾਣਕਾਰੀ ਉਪਲੱਬਧ ਕਰਵਾਉਣੀ।

3. ਸਿੱਖ ਵਿਦਿਆਰਥੀਆਂ ਨੂੰ ਅਜਿਹਾ ਸਮਾਜ ਘੜਨ ਲਈ ਤਿਆਰ ਕਰਨਾ ਜਿਸ ਵਿਚ ਕੌਮ ਪੂਰੀ ਤਰ੍ਹਾਂ ਵਧ-ਫੁੱਲ ਸਕੇ।

4. ਗੁਰਬਾਣੀ, ਇਤਿਹਾਸ, ਸਿੱਖ ਰਹਿਤ ਮਰਿਯਾਦਾ ਬਾਰੇ ਵਿਚਾਰ-ਵਟਾਂਦਰਾ ਅਤੇ ਖੋਜ ਬੈਠਕਾਂ ਦਾ ਇੰਤਜ਼ਾਮ ਕਰਨਾ।

5. ਸਿੱਖਾਂ ਦੀ ਧਾਰਮਿਕ, ਰਾਜਨੀਤਕ, ਵਿਦਿਅਕ, ਸਮਾਜਿਕ, ਭਾਈਚਾਰਕ ਅਤੇ ਆਰਥਿਕ ਉਨਤੀ ਲਈ ਪ੍ਰਚਾਰ ਦਾ ਚਾਅ ਪੈਦਾ ਕਰਨਾ ਅਤੇ ਪੰਜਾਬੀ ਪੜ੍ਹਨ ਲਿਖਣ ਅਤੇ ਸਿੱਖ ਯੂਨੀਵਰਸਿਟੀ ਦੀ ਸਥਾਪਨਾ ਲਈ ਯਤਨਸ਼ੀਲ ਰਹਿਣਾ।

ਭਾਰਤ ਦੀ ਆਜ਼ਾਦੀ ਤੋਂ ਬਾਅਦ ਫੈਡਰੇਸ਼ਨ ਦਾ ਏਜੰਡਾ ਕੈਂਪਾਂ ਦੁਆਰਾ ਸਿੱਖਾਂ ਨੂੰ ਵੱਖਰੀ ਪਛਾਣ ਦਾ ਅਹਿਸਾਸ ਕਰਵਾਉਣਾ ਅਤੇ ਸਿੱਖ ਨੌਜਵਾਨਾਂ ਵਿਚ ਪਤਿਤਪੁਣਾ, ਨਸ਼ਾਖੋਰੀ ਅਤੇ ਰਾਜਨੀਤਕ ਗਫ਼ਲਤ ਵਿਰੁੱਧ ਚੇਤਨਾ ਪੈਦਾ ਕਰਨਾ ਰਿਹਾ ਹੈ। ਫ਼ੈਡਰੇਸ਼ਨ ਨੇ ਸਿ¤ਖ ਨੌਜਵਾਨ ਵਰਗ ਵਿਚੋਂ ਅਨੇਕਾਂ ਚੇਤੰਨ ਤੇ ਦੂਰਅੰਦੇਸ਼ ਆਗੂ ਸਿੱਖ ਰਾਜਨੀਤੀ ਨੂੰ ਦਿੱਤੇ ਹਨ। ਨੌਜਵਾਨ ਵਰਗ ਵਿਚ ਸਿੱਖੀ ਚੇਤਨਾ ਤੇ ਸਿਧਾਂਤਕ ਦ੍ਰਿੜ੍ਹਤਾ ਦੇ ਨਾਲ-ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਧਰਮ ਨਿਰਪੱਖਤਾ ਦੀ ਵੀ ਵੱਖਰੀ ਮਿਸਾਲ ਪੈਦਾ ਕਰਦਿਆਂ ਗੈਰ-ਸਿੱਖਾਂ ਨੂੰ ਵੀ ਕਲਾਵੇ ਵਿਚ ਲਿਆ, ਜਿਸ ਦੀ ਮਿਸਾਲ 1954 ਵਿਚ ਭਾਈ ਹਰਬੰਸ ਲਾਲ ਨੂੰ ਫ਼ੈਡਰੇਸ਼ਨ ਦਾ ਪ੍ਰਧਾਨ ਬਣਾਉਣਾ ਸੀ। ਸੰਨ 1959 ਵਿਚ ਦਸਵੇਂ ਇਜਲਾਸ ਦੌਰਾਨ ਫ਼ੈਡਰੇਸ਼ਨ ਪਹਿਲੀ ਵਾਰੀ ਦੁਫ਼ਾੜ ਹੋ ਗਈ। ਸੰਨ 1978 ਦੀ ਵਿਸਾਖੀ ਮੌਕੇ ਅੰਮ੍ਰਿਤਸਰ ਵਿਚ ਵਾਪਰੇ ਨਿਰੰਕਾਰੀ ਕਾਂਡ ਨੇ ਫ਼ੈਡਰੇਸ਼ਨ ਨੂੰ ਮੁੜ ਆਪਣੇ ਜਾਹੋ-ਜਲਾਲ ਵਿਚ ਆਉਣ ਲਈ ਹਲੂਣਾ ਦਿੱਤਾ। 2 ਜੁਲਾਈ 1978 ਨੂੰ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਫ਼ੈਡਰੇਸ਼ਨ ਦੇ ਸਾਲਾਨਾ ਇਜਲਾਸ ਵਿਚ ਭਾਈ ਅਮਰੀਕ ਸਿੰਘ (ਸਪੁੱਤਰ ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲੇ, 13ਵੇਂ ਮੁਖੀ ਦਮਦਮੀ ਟਕਸਾਲ) ਨੂੰ ਇਸ ਜਥੇਬੰਦੀ ਦਾ ਪ੍ਰਧਾਨ ਬਣਾਉਣ ਦਾ ਇਤਿਹਾਸਕ ਫ਼ੈਸਲਾ ਹੋਇਆ। ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਹਿਯੋਗ ਨਾਲ ਭਾਈ ਅਮਰੀਕ ਸਿੰਘ ਨੇ ਗੁਰਮਤਿ ਪ੍ਰਚਾਰ ਦੀ ਅਜਿਹੀ ਲਹਿਰ ਆਰੰਭੀ ਕਿ ਸਿੱਖ ਨੌਜਵਾਨੀ ਬਾਣੀ-ਬਾਣੇ ਵਿਚ ਪ੍ਰਪੱਕਤਾ ਦੇ ਨਾਲ-ਨਾਲ ਰਾਜਨੀਤਕ ਖੇਤਰ ਵਿਚ ਵੀ ਚੇਤੰਨ ਹੋਣ ਲੱਗੀ। ਸਿੱਖੀ ਚੇਤਨਾ ਜਾਗਣ ਲੱਗੀ ਅਤੇ ਪਤਿਤ ਹੋ ਰਹੇ ਸਿੱਖ ਨੌਜਵਾਨਾਂ ਦੇ ਸਿਰਾਂ ’ਤੇ ਦਸਤਾਰਾਂ ਮੁੜ ਜਲਵਾਗਰ ਹੋਣ ਲੱਗੀਆਂ। ਭਾਈ ਅਮਰੀਕ ਸਿੰਘ ਲਗਾਤਾਰ ਪੰਜ ਵਾਰ ਫੈਡਰੇਸ਼ਨ ਦੇ ਪ੍ਰਧਾਨ ਰਹੇ ਅਤੇ ਧਰਮ ਯੁੱਧ ਮੋਰਚੇ ਤੱਕ ਸਿੱਖ ਰਾਜਨੀਤਕ ਖੇਤਰ ਵਿਚ ਫੈਡਰੇਸ਼ਨ ਦੀ ਚੜ੍ਹਤ ਸਿਖ਼ਰਾਂ ’ਤੇ ਪਹੁੰਚ ਗਈ। ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਦੌਰਾਨ ਭਾਈ ਅਮਰੀਕ ਸਿੰਘ ਅਤੇ ਫੈਡਰੇਸ਼ਨ ਦੇ ਹੋਰ ਸਿਰਕੱਢ ਆਗੂ ਆਪਣੇ ਜਾਨ ਤੋਂ ਪਿਆਰੇ ਧਰਮ ਅਸਥਾਨ ਦੀ ਅਜ਼ਮਤ ਖ਼ਾਤਰ ਸ਼ਹੀਦ ਹੋ ਗਏ। ਫੈਡਰੇਸ਼ਨ ਨਾਲ ਸਬੰਧਤ ਬਾਕੀ ਨੌਜਵਾਨਾਂ ਨੂੰ ਚੁਣ-ਚੁਣ ਕੇ ਜੇਲ੍ਹਾਂ ਵਿਚ ਡੱਕਿਆ ਜਾਣ ਲੱਗਾ। ਸਰਕਾਰੀ ਚਾਲਾਂ ਕਾਰਨ ਫੈਡਰੇਸ਼ਨ ਧੜੇਬੰਦੀਆਂ ਦੀ ਸ਼ਿਕਾਰ ਹੋ ਗਈ। ਫ਼ੈਡਰੇਸ਼ਨ ਦੇ ਕਈ ਧੜੇ ਬਣ ਗਏ, ਜਿਨ੍ਹਾਂ ਵਿਚੋਂ ਮੌਜੂਦਾ ਸਮੇਂ ਸ. ਕਰਨੈਲ ਸਿੰਘ ਪੀਰਮੁਹੰਮਦ, ਭਾਈ ਗੁਰਚਰਨ ਸਿੰਘ ਗਰੇਵਾਲ, ਸ. ਪਰਮਜੀਤ ਸਿੰਘ ਗਾਜ਼ੀ ਅਤੇ ਭਾਈ ਪਰਮਜੀਤ ਸਿੰਘ ਖ਼ਾਲਸਾ ਆਦਿ ਮੁੱਖ ਹਨ। ਸਾਲ 2001 ’ਚ ਫ਼ੈਡਰੇਸ਼ਨ ਦੇ ਸ. ਦਲਜੀਤ ਸਿੰਘ ਬਿੱਟੂ ਗਰੁੱਪ ਦੇ ਕੁਝ ਆਗੂਆਂ ਦੀ ਸ਼ਿੱਦਤ ਸਦਕਾ ਫ਼ੈਡਰੇਸ਼ਨ ਨੂੰ ਨਿਰੋਲ ਵਿਦਿਆਰਥੀ ਜਥੇਬੰਦੀ ਵਜੋਂ ਪੁਨਰ-ਸੁਰਜੀਤ ਕੀਤਾ ਗਿਆ ਸੀ ਪਰ ਪਿਛਲੇ ਕੁਝ ਸਮੇਂ ਤੋਂ ਇਸ ਗਰੁੱਪ ਦੀਆਂ ਵੀ ਗਤੀਵਿਧੀਆਂ ਨਜ਼ਰ ਨਹੀਂ ਆ ਰਹੀਆਂ, ਜਿਸ ਕਾਰਨ ਵਿਦਿਆਰਥੀ ਰਾਜਨੀਤੀ ’ਚ ਸਿੱਖ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਜਾਪ ਰਿਹਾ ਹੈ।

13 ਸਤੰਬਰ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ 74ਵੀਂ ਸਥਾਪਨਾ ਵਰ੍ਹੇਗੰਢ ਹੈ। ਇਸ ਮੌਕੇ ਫ਼ੈਡਰੇਸ਼ਨ ਦੇ ਸਾਰੇ ਧੜ੍ਹਿਆਂ ਵਲੋਂ ਆਪੋ ਆਪਣੇ ਤਰੀਕੇ ਨਾਲ ਵਰ੍ਹੇਗੰਢ ਮਨਾਈ ਜਾਵੇਗੀ ਪਰ ਸ. ਕਰਨੈਲ ਸਿੰਘ ਪੀਰਮੁਹੰਮਦ ਦੀ ਫ਼ੈਡਰੇਸ਼ਨ ਵਲੋਂ ਫ਼ੈਡਰੇਸ਼ਨ ਦਾ ਸਥਾਪਨਾ ਦਿਵਸ ਝਾਰਖੰਡ ਵਿਚ ਜਮਸ਼ੇਦਪੁਰ (ਟਾਟਾਨਗਰ) ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਦੀਆਂ ਸਮੱਸਿਆਵਾਂ ਅਤੇ ਹੱਲ ਲਈ ਪੰਜਾਬ ਦੇ ਸਿੱਖਾਂ ਦੇ ਸੋਚ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਇਨਸਾਫ਼ ਲਈ ਲੜੇ ਜਾ ਰਹੇ ਸੰਘਰਸ਼ ਪ੍ਰਤੀ ਸੈਮੀਨਾਰ ਕੀਤਾ ਜਾਵੇਗਾ।

ਸਾਡੀ ਸਿੱਖ ਨੌਜਵਾਨਾਂ ਦੀ ਇਸ ਜਥੇਬੰਦੀ ਦੇ ਸੰਸਥਾਪਕਾਂ ਅਤੇ ਸ਼ਹੀਦ ਆਗੂਆਂ ਪ੍ਰਤੀ ਇਹੀ ਸੱਚੀ ਨਿਸ਼ਠਾ ਤੇ ਸਤਿਕਾਰ ਹੋਵੇਗਾ ਕਿ ਆਪਾਪ੍ਰਸਤੀ ਅਤੇ ਧੜ੍ਹੇਬੰਦੀਆਂ ਤਿਆਗ ਕੇ ਮੁੜ ਫੈਡਰੇਸ਼ਨ ਨੂੰ ਇਸ ਦੇ ਮੂਲ ਸਰੂਪ ਵਿਚ ਲਿਆਂਦਾ ਜਾਵੇ। ਪੰਜਾਬ ਦੀ ਨੌਜਵਾਨੀ ਦੇ ਅਜੋਕੇ ਸਰੋਕਾਰਾਂ ਅਤੇ ਸੰਕਟਾਂ ਨੂੰ ਮੁਖਾਤਿਬ ਹੁੰਦਿਆਂ ਨਵੇਂ ਅਤੇ ਉਜਲ ਰਾਹ ਤਲਾਸ਼ੇ ਜਾਣ। ਅਜੋਕੇ ਸਮੇਂ ਵੀ ਫੈਡਰੇਸ਼ਨ ਦੀ ਸਥਾਪਨਾ ਵੇਲੇ ਨਿਰਧਾਰਿਤ ਕੀਤੇ ਗਏ ਇਸ ਦੇ ਮੁੱਖ ਉਦੇਸ਼ਾਂ ਦੀ ਪੂਰੀ ਪ੍ਰਸੰਗਿਕਤਾ ਬਣਦੀ ਹੈ। ਜੇਕਰ ਫੈਡਰੇਸ਼ਨ ਦੇ ਸੰਵਿਧਾਨਿਕ ਏਜੰਡੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਤੇ ਅਸੂਲਾਂ ਦਾ ਪ੍ਰਚਾਰ, ਸਿੱਖ ਨੌਜਵਾਨਾਂ ਦੇ ਜਾਗ੍ਰਿਤੀ ਅਤੇ ਗੁਰਮਤਿ ਪ੍ਰਚਾਰ ਕੈਂਪ ਲਗਾਏ ਜਾਣ, ਸਮਾਜਿਕ ਅਤੇ ਰਾਜਨੀਤਕ ਬੁਰਾਈਆਂ ਖਿਲਾਫ਼ ਫੈਡਰੇਸ਼ਨ ਦੇ ਉਸਾਰੂ ਨਿਸ਼ਾਨੇ ਸੇਧਿਤ ਕੀਤੇ ਜਾਣ ਅਤੇ ਸਿੱਖ ਨੌਜਵਾਨਾਂ ਦੀ ਸਰਬਪੱਖੀ ਸ਼ਖ਼ਸੀਅਤ ਉਸਾਰੀ ਨੂੰ ਮੁੱਖ ਏਜੰਡਾ ਬਣਾਇਆ ਜਾਵੇ ਤਾਂ ਪ੍ਰਤੀਬੱਧ ਅਤੇ ਪੰਥਕ ਸੋਚ ਵਾਲੇ ਨਵੇਂ ਆਗੂ ਪੈਦਾ ਕਰਕੇ ਅਜੋਕੇ ਸਮੇਂ ਵਿਚ ਸਿੱਖ ਸਿਆਸਤ ਨੂੰ ਮੁੜ ਸਿੱਖੀ ਜਾਹੋ-ਜਲਾਲ ਵਾਲੇ ਹਾਲਾਤਾਂ ਵਿਚ ਲਿਜਾਇਆ ਜਾ ਸਕੇਗਾ। ਨਾਲ ਹੀ ਸਿੱਖ ਨੌਜਵਾਨੀ ਨੂੰ ਨੈਤਿਕ ਗਿਰਾਵਟ ਵਿਚੋਂ ਬਚਾਅ ਕੇ ਸਿੱਖੀ ਇਖਲਾਕ ਨੂੰ ਦੁਨੀਆ ਲਈ ਮਿਸਾਲ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਮੌਜੂਦਾ ਸਮੇਂ ਆਲਮੀ ਪੱਧਰ ’ਤੇ ਸਿੱਖ ਨੌਜਵਾਨਾਂ ਦਾ ਇਕ ਸਾਂਝਾ ਮੰਚ ਤਿਆਰ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਸਮੁੱਚੇ ਸੰਸਾਰ ਵਿਚ ਵਸਦੇ ਸਿੱਖ ਭਾਈਚਾਰੇ ਦੀ ਨਵੀਂ ਪਨੀਰੀ ਨੂੰ ਆਪਣੇ ਮੂਲ ਅਤੇ ਵਿਰਸੇ ਨਾਲ ਜੋੜੀ ਰੱਖਿਆ ਜਾ ਸਕੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>