ਬਾਦਲ ਤੇ ਬਾਦਲ ਪਰਿਵਾਰ ਦੇ ਬੱਜ਼ਰ ਗੁਨਾਹਾਂ ਦੀ ਸਜ਼ਾ ਅਦਾਲਤਾਂ ਜਾਂ ਸਰਕਾਰਾਂ ਨਹੀਂ, ਸਿੱਖ ਸੰਗਤ ਸਿੱਖ ਕੌਮ ਦੀ ਕਚਹਿਰੀ ਵਿਚ ਦੇਵੇਗੀ : ਮਾਨ

ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹ ਕਹਿਣਾ ਕਿ ਜੇਕਰ ਮੈਂ ਦੋਸ਼ੀ ਹਾਂ ਤਾਂ ਕੈਪਟਨ ਅਮਰਿੰਦਰ ਸਿੰਘ ਮੈਨੂੰ ਗ੍ਰਿਫ਼ਤਾਰ ਕਰੇ, ਕੇਵਲ ਬੁਖਲਾਹਟ ਵਿਚ ਆ ਕੇ ਸ. ਬਾਦਲ ਤੇ ਬਾਦਲ ਪਰਿਵਾਰ ਵੱਲੋਂ ਦਗਮਜੇ ਮਾਰੇ ਜਾ ਰਹੇ ਹਨ । ਕਿਉਂਕਿ ਸ. ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਕੀਤੇ ਗਏ ਬੱਜ਼ਰ ਗੁਨਾਹਾਂ ਦੀ ਸਜ਼ਾ ਅਦਾਲਤਾਂ ਜਾਂ ਕੈਪਟਨ ਅਮਰਿੰਦਰ ਸਿੰਘ ਨਹੀਂ, ਬਲਕਿ ਸਿੱਖ ਸੰਗਤ ਸਿੱਖ ਕੌਮ ਦੀ ਕਚਹਿਰੀ ਵਿਚ ਸਿੱਖੀ ਰਵਾਇਤਾ ਅਨੁਸਾਰ ਦੇਵੇਗੀ । ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੀਤੇ ਗਏ ਅਪਮਾਨ ਦੀ ਸਾਜਿ਼ਸਾਂ ਦੀ ਸਰਪ੍ਰਸਤੀ ਕਰਨ ਵਾਲੇ ਅਤੇ ਸਿੱਖ ਕੌਮ ਦੇ ਦੋਸ਼ੀ ਸਿਰਸੇ ਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਨੂੰ ਸਿੱਖੀ ਰਵਾਇਤਾ ਦਾ ਘਾਣ ਕਰਕੇ ਮੁਆਫ਼ ਕਰਨ ਵਾਲੇ ਸ. ਬਾਦਲ ਅਤੇ ਬਾਦਲ ਪਰਿਵਾਰ ਉਸ ਅਕਾਲ ਪੁਰਖ ਦੀ ਮਾਰ ਤੋਂ ਕਤਈ ਨਹੀਂ ਬਚ ਸਕਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਆਪਣੇ ਉਤੇ ਲੱਗੇ ਕੌਮੀ ਗੁਨਾਹਾਂ ਨੂੰ ਨਿਮਰਤਾ ਨਾਲ ਪ੍ਰਵਾਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੋਣ ਦੀ ਬਜਾਇ ਹਊਮੈ ਅਤੇ ਬੁਖਲਾਹਟ ਵਿਚ ਆ ਕੇ ਗ੍ਰਿਫ਼ਤਾਰ ਕਰਨ ਦੀਆਂ ਚੁਣੋਤੀਆ ਦੇਣ ਦੇ ਅਮਲਾਂ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੈਂਟਰ ਵਿਚ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਦੀ ਵਿਰੋਧੀ ਮੋਦੀ-ਆਰ.ਐਸ.ਐਸ. ਦੀ ਹਕੂਮਤ ਹੈ, ਜਿਸ ਨਾਲ ਬਾਦਲਾਂ ਦਾ ਪਤੀ-ਪਤਨੀ ਵਾਲਾ ਰਿਸਤਾ ਹੈ । ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਹੈ । ਪਹਿਲੇ ਤਾਂ ਕੈਪਟਨ ਅਮਰਿੰਦਰ ਸਿੰਘ ਹਕੂਮਤ ਹੀ ਸਿੱਖ ਕੌਮ ਦੇ ਦੋਸ਼ੀ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੁਆਰਾ ਪੁਖਤਾ ਸਬੂਤਾਂ ਸਮੇਤ ਠਹਿਰਾਏ ਦੋਸ਼ੀ ਬਾਦਲ ਪਰਿਵਾਰ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਸਜ਼ਾ ਦੇਣ ਤੋਂ ਟਾਲ-ਮਟੋਲ ਹੀ ਕਰ ਰਹੇ ਹਨ । ਜੇਕਰ ਸਿੱਖ ਕੌਮ ਦੇ ਅਤੇ ਆਪਣੀ ਕੈਬਨਿਟ ਦੇ ਦਬਾਅ ਦੀ ਬਦੌਲਤ ਸਜ਼ਾ ਦੇਣ ਲਈ ਹੌਸਲਾ ਕਰ ਲੈਣ ਤਾਂ ਸੈਂਟਰ ਦੀ ਮੁਤੱਸਵੀ ਮੋਦੀ ਹਕੂਮਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹਾ ਕਰਨ ਦੀ ਕਤਈ ਇਜ਼ਾਜਤ ਹੀ ਨਹੀਂ ਦੇਣੀ । ਉਨ੍ਹਾਂ ਕਿਹਾ ਕਿ ਸ. ਬਾਦਲ ਤੇ ਦੂਸਰੇ ਰਵਾਇਤੀ ਆਗੂਆਂ ਨੇ ਮਰਹੂਮ ਇੰਦਰਾ ਗਾਂਧੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ ਕਰਨ ਲਈ ਖੁਦ ਪ੍ਰਵਾਨਗੀ ਦਿੱਤੀ । 1978 ਵਿਚ ਜਦੋਂ ਨਿਰੰਕਾਰੀ ਮੁੱਖੀ ਅੰਮ੍ਰਿਤਸਰ ਵਿਖੇ ਸਿੱਖ ਕੌਮ ਵਿਰੁੱਧ ਪ੍ਰਚਾਰ ਕਰ ਰਿਹਾ ਸੀ ਅਤੇ 13 ਸਿੰਘਾਂ ਨੇ ਸ਼ਾਂਤਮਈ ਰੋਸ ਕਰਦੇ ਹੋਏ ਨਿਰੰਕਾਰੀ ਮੁੱਖੀ ਵੱਲ ਵਾਹਿਗੁਰੂ ਦਾ ਜਾਪ ਕਰਦੇ ਹੋਏ ਮਾਰਚ ਕੀਤਾ ਤਾਂ ਉਸ ਸਮੇਂ ਸ. ਬਾਦਲ ਨੇ ਹੀ ਪੁਲਿਸ ਨੂੰ ਗੋਲੀ ਚਲਾਉਣ ਦੇ ਹੁਕਮ ਕਰਕੇ 13 ਸਿੰਘਾਂ ਨੂੰ ਸ਼ਹੀਦ ਕਰਵਾਇਆ ਅਤੇ ਨਿਰੰਕਾਰੀ ਮੁੱਖੀ ਨੂੰ ਆਪਣੀਆ ਗੱਡੀਆਂ ਵਿਚ ਸੁਰੱਖਿਅਤ ਕਰਕੇ ਦਿੱਲੀ ਪਹੁੰਚਾਇਆ ਸੀ । ਉਸ ਤੋਂ ਉਪਰੰਤ ਨੂਰਮਹਿਲੀਆ ਪਾਖੰਡੀ ਸਾਧ ਵੱਲੋਂ ਜਦੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਦੇ ਹੋਏ ਕਾਰਵਾਈ ਹੋਈ ਤਾਂ ਸ਼ਾਂਤੀਮਈ ਤਰੀਕੇ ਧਰਨੇ ਤੇ ਬੈਠੇ ਸਿੱਖਾਂ ਉਤੇ ਗੋਲੀ ਤੇ ਲਾਠੀ ਚਲਾਉਣ ਦੇ ਹੁਕਮ ਵੀ ਸ. ਬਾਦਲ ਨੇ ਦਿੱਤੇ, ਜਿਸ ਵਿਚ ਸ਼ਹੀਦ ਭਾਈ ਦਰਸ਼ਨ ਸਿੰਘ ਲੋਹਾਰਾ ਸ਼ਹੀਦ ਹੋਏ, ਸਾਡੇ ਜਿ਼ਲ੍ਹਾ ਪ੍ਰਧਾਨ ਅਨੂਪ ਸਿੰਘ ਸੰਧੂ ਅਤੇ ਹੋਰ ਅਨੇਕਾਂ ਸਿੰਘ ਜਖ਼ਮੀ ਕੀਤੇ ਗਏ । ਕਮਲਜੀਤ ਸਿੰਘ ਸੁਨਾਮ, ਬਲਕਾਰ ਸਿੰਘ ਮੁੰਬਈ, ਹਰਮਿੰਦਰ ਸਿੰਘ ਡੱਬਵਾਲੀ, ਜਸਪਾਲ ਸਿੰਘ ਚੌੜ ਸਿੱਧਵਾ ਵਰਗੇ ਸਿੱਖ ਨੌਜ਼ਵਾਨਾਂ ਨੂੰ ਸ਼ਹੀਦ ਕਰਨ ਵਾਲੇ ਸ. ਬਾਦਲ ਅਤੇ ਬਾਦਲ ਪਰਿਵਾਰ ਦੇ ਕਾਰਨਾਮੇ ਹਨ । ਇਸ ਉਪਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਵਿਰੁੱਧ ਜਦੋਂ 14 ਅਕਤੂਬਰ 2015 ਵਿਚ ਜਦੋਂ ਬਹਿਬਲ ਕਲਾਂ ਵਿਖੇ ਸਿੱਖ ਸੰਗਤ ਸ਼ਾਂਤਮਈ ਰੋਸ ਧਰਨਾ ਦੇ ਰਹੀ ਸੀ ਤਦ ਵੀ ਸ. ਬਾਦਲ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਨੇ ਹੀ ਪੁਲਿਸ ਨੂੰ ਗੋਲੀ ਚਲਾਉਣ ਦੇ ਹੁਕਮ ਕੀਤੇ ।

ਬਾਦਲ ਪਰਿਵਾਰ ਵੱਲੋਂ ਆਪਣੀ ਅਬੋਹਰ ਰੈਲੀ ਵਿਚ ਇਹ ਕਹਿਣਾ ਕਿ ਸਾਡੀ ਰੈਲੀ ਵਿਚ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀ ਆਏ ਹਨ, ਦਾ ਸ. ਮਾਨ ਵੱਲੋਂ ਬਾਦਲੀਲ ਢੰਗ ਨਾਲ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਕਿਹਾ ਕਿ ਜੇਕਰ ਇਸ ਹੋਏ ਇਕੱਠ ਉਤੇ ਨਿਰਪੱਖਤਾ ਨਾਲ ਨਜ਼ਰ ਮਾਰੀ ਜਾਵੇ ਅਤੇ ਵੀਡੀਓਜ਼ ਦੇਖੀਆ ਜਾਣ ਤਾਂ ਪ੍ਰਤੱਖ ਰੂਪ ਵਿਚ ਸਪੱਸਟ ਹੋ ਰਿਹਾ ਹੈ ਕਿ ਡੇਰਾ ਸਿਰਸੇ ਵਾਲੇ ਬਲਾਤਕਾਰੀ ਤੇ ਕਾਤਲ ਸਾਧ ਦੇ, ਰੋਡੇ-ਭੋਡੇ ਸਿਰਾਂ ਉਤੇ ਕੇਸਰੀ ਪਟਕੇ ਬੰਨ੍ਹਕੇ ਧੋਖਾ ਦੇਣ ਵਾਲੇ ਸਿੱਖ ਵਿਰੋਧੀ ਜਮਾਤਾਂ ਦਾ ਇਕੱਠ ਸੀ । ਸਿੱਖੀ ਸਰੂਪ ਵਾਲਾ ਕੋਈ ਦ੍ਰਿਸ਼ ਨਜ਼ਰ ਨਹੀਂ ਸੀ ਆ ਰਿਹਾ । ਇਸ ਇਕੱਠ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਬਾਦਲਾਂ ਨੇ ਸਿੱਖੀ ਸਰੂਪ ਨੂੰ ਤਾਂ ਪਹਿਲਾ ਹੀ ਖੋਰਾ ਲਗਾਇਆ ਹੋਇਆ ਹੈ ਅਤੇ ਹੁਣ ਇਕੱਠ ਵਿਚ ਡੇਰਾ ਸਿਰਸੇ ਦੇ ਚੇਲਿਆ ਨੂੰ ਬੁਲਾਕੇ ਸਿੱਖੀ ਨੂੰ ਪੂਰਨ ਰੂਪ ਵਿਚ ਤਿਲਾਜ਼ਲੀ ਦੇ ਦਿੱਤੀ ਹੈ । ਜਿਹੜੇ ਕੋਈ ਗਿਣਤੀ ਦੇ ਸਿੱਖ ਇਸ ਵਿਚ ਸਾਮਿਲ ਹੋਏ ਹਨ, ਉਹ ਸਿੱਖ ਕੌਮ ਉਤੇ ਹੋਏ ਜ਼ਬਰ-ਜੁਲਮ, ਤਸੱਦਦ ਆਦਿ ਤੋਂ ਕੋਰੇ ਹਨ ਅਤੇ ਸਿੱਖੀ ਨਾਲ ਉਨ੍ਹਾਂ ਦਾ ਕੋਈ ਵਾਹ-ਵਾਸਤਾ ਨਹੀਂ ਹੈ । ਸ. ਮਾਨ ਨੇ ਕਿਹਾ ਕਿ ਸ. ਭੂੰਦੜ ਵਰਗੇ ਸਿੱਖੀ ਦਾ ਦਾਅਵਾ ਕਰਨ ਵਾਲੇ ਆਗੂਆਂ ਵੱਲੋਂ ਜੋ ਸ. ਬਾਦਲ ਨੂੰ ‘ਦਰਵੇਸ ਬਾਦਸ਼ਾਹ’ ਆਖਿਆ ਜਾ ਰਿਹਾ ਹੈ, ਇਸ ਤੋਂ ਵੱਡੀ ਚਾਪਲੂਸੀ ਦੀ ਕੋਈ ਉਦਾਹਰਣ ਨਹੀਂ ਹੈ । ਜਦੋਂਕਿ ਸਮੁੱਚੀ ਸਿੱਖ ਕੌਮ ਅੱਜ ਸਾਜ਼ਸੀ ਢੰਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ. ਬਾਦਲ ਨੂੰ ‘ਫਖ਼ਰ-ਏ-ਕੌਮ’ ਦੇ ਦਿੱਤੇ ਗਏ ਖਿਤਾਬ ਨੂੰ ਵਾਪਸ ਲੈਣ ਦੀ ਮੰਗ ਕਰ ਰਹੀ ਹੈ । ਤਾਂ ਚਾਪਲੂਸਾਂ ਵੱਲੋਂ ਕੰਧ ਉਤੇ ਲਿਖੇ ਸ਼ਬਦਾਂ ਨੂੰ ਪੜ੍ਹਨ ਤੋਂ ਮੁੰਨਕਰ ਹੋਣਾ, ਇਨ੍ਹਾਂ ਦੀ ਸਿਆਸੀ ਤੇ ਇਖ਼ਲਾਕੀ ਮੌਤ ਨੂੰ ਪ੍ਰਤੱਖ ਕਰਦਾ ਹੈ ਅਤੇ ਆਉਣ ਵਾਲਾ ਸਮਾਂ ਇਸ ਗੱਲ ਦਾ ਸਹੀ ਦਿਸ਼ਾ ਵੱਲ ਫੈਸਲਾ ਕਰਕੇ ਰਹੇਗਾ ਅਤੇ ਜੋ ਆਗੂ ਅੱਜ ਵੀ ਸਿੱਖ ਕੌਮ ਨੂੰ ਮੂਰਖ ਬਣਾਉਣ ਦੀ ਅਸਫ਼ਲ ਕੋਸਿ਼ਸ਼ ਕਰ ਰਹੇ ਹਨ, ਉਹ ਕਦੀ ਵੀ ਆਪਣੇ ਮੰਦਭਾਵਨਾ ਭਰੇ ਮਨਸੂਬਿਆ ਵਿਚ ਕਾਮਯਾਬ ਨਹੀਂ ਹੋਣਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>