ਮਤੇਵਾਲ ਵਿਖੇ ਵਿਸ਼ਾਲ ਚੋਣ ਰੈਲੀ ਦੌਰਾਨ ਅਕਾਲੀ ਉਮੀਦਵਾਰਾਂ ਨੂੰ ਜਿਤਾਉਣ ਦੀ ਕੀਤੀ ਪੁਰਜੋਰ ਅਪੀਲ

ਮਤੇਵਾਲ/ ਅੰਮ੍ਰਿਤਸਰ -  ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਸਤਿਕਾਰ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹੈ। ਉਹਨਾਂ ਕਿਹਾ ਕਿ ਇਹ ਇਤਿਹਾਸ ’ਚ ਪਹਿਲੀ ਵਾਰ ਦੇਖਣ ’ਚ ਆ ਰਿਹਾ ਹੈ ਕਿ ਅਕਾਲੀ ਦਲ ਨੂੰ ਲੋਕਾਂ ਵਲੋਂ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਬੁਖਲਾਈ ਕਾਂਗਰਸ ਹੁਣ ਅਕਾਲੀ ਦਲ ਦੀਆਂ ਰੈਲੀਆਂ ’ਤੇ ਬੈਨ ਲਾ ਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ।

ਸ: ਮਜੀਠੀਆ ਜਿਲਾ ਪ੍ਰੀਸ਼ਦ ਜੋਨ ਤਰਸਿਕਾ ਦੇ ਅਕਾਲੀ ਉਮੀਦਵਾਰ ਬੀਬੀ ਗੁਰਮੀਤ ਕੌਰ ਅਤੇ 8 ਬਲਾਕ ਸੰਮਤੀ ਉਮੀਦਵਾਰਾਂ ਦੇ ਹਕ ਵਿਚ ਮਤੇਵਾਲ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸਨ। ਉਹਨਾਂ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਇੰਦਰਾ ਗਾਂਧੀ ਦੀ ਐਮਰਜੈਸੀ ਵਾਲੀ ਸੋਚ ’ਤੇ ਚਲ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਹੋਈ ਕਾਮਯਾਬ ਰੈਲੀ ਨੇ ਕਾਂਗਰਸ ਦੇ ਹੋਛ ਉਡਾ ਦਿਤੇ ਹਨ।  ਉਹਨਾਂ ਸੁਨੀਲ ਜਾਖੜ ਨੂੰ ਆਪਣੇ ਪਿਤਾ ਬਲਰਾਮ ਜਾਖੜ ਦੇ ਉਹ ਸ਼ਬਦ ਯਾਦ ਕਰਾਏ ਜਿਸ ’ਚ ਉਹਨਾਂ ਕਿਹਾ ਸੀ ਕਿ ਭਾਰਤ ਦੀ ਅਖੰਡਤਾ ਲਈ 2 ਕਰੋੜ ਸਿਖਾਂ ਨੂੰ ਕਤਲ ਵੀ ਕਰਦਿਤਾ ਜਾਵੇ ਤਾਂ ਵੀ ਇਹ ਤੁੱਛ ਹੈ। ਉਹਨਾਂ ਨਵਜੋਤ ਸਿੱਧੂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਸਿੱਧੂ ਪਹਿਲਾਂ ਆਪ ਗੁਰਸਿੱਖ ਬਣਨ ਫਿਰ ਕੋਈ ਮੰਗ ਰਖਣ। ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਹਾਲੇ ਤਾਂ ਰਾਧੇ ਮਾਂ, ਬਾਪੂ ਆਸਾ ਰਾਮ ਅਤੇ ਸੌਦਾ ਸਾਧ ਵਰਗਿਆਂ ਨੂੰ ਵੀ ਇਹ ਨਹੀਂ ਪਤਾ ਲਗ ਸਕਿਆ ਕਿ ਉਹ ਕਿਸ ਦਾ ਭਗਤ ਹੈ ਕਿਉਕਿ ਸਿੱਧੂ ਜਿਥੇ ਵੀ ਜਾਂਦਾ ਹੈ ਉਸੇ ਦੀਆਂ ਤਾਰੀਫਾਂ ਦੇ ਉਹੀ ਪਰਾਣੀ ਘਸੀ ਪਿੱਟੀ ਸ਼ਾਇਰੀ ਕਰ ਆਉਂਦਾ ਹੈ। ਉਹਨਾਂ ਬਲਜੀਤ ਸਿੰਘ ਦਾਦੂਵਾਲ ਨੂੰ ਕਾਂਗਰਸੀ ਜਥੇਦਾਰ ਠਹਿਰਾਉਂਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਸੰਤ ਕਹਿੰਦਾ ਕਹਾਉਂਦਾ ਹੈ ਪਰ ਉਸ ਦੀ ਭਾਸ਼ਾ ਸੁਣ ਕੇ ਕੋਈ ਵੀ ਵਿਅਕਤੀ ਸ਼ਰਮ ਨਾਲ ਸਿਰ ਨੀਵਾਂ ਕਰਣ ਲਈ ਮਜਬੂਰ ਹੈ। ਉਹਨਾਂ ਕਿਹਾ ਕਿ ਦਾਦੂਵਾਲ ਦੇ ਪੰਥਕ ਨਕਾਬ ’ਚ ਇੰਦਰਾ ਗਾਂਧੀ ਦੀ ਰੂਹ ਸਮਾਈ ਹੋਈ ਹੈ। ਉਹਨਾਂ ਕਿਹਾ ਕਿ ਦਾਦੂਵਾਲ ਲੁੱਕ ਛਿਪ ਕੇ ਕਾਂਗਰਸੀ ਆਗੂਆਂ ਅਤੇ ਮੁੱਖ ਮੰਤਰੀ ਨਾਲ ਮੁਲਾਕਾਤਾਂ ਕਰ ਰਿਹਾ ਹੈ ਜਿਸ ਦਾ ਮਕਸਦ ਪੰਜਾਬ ਅੰਦਰ ਭਰਾਮਾਰੂ ਜੰਗ ਕਰਾ ਕੇ ਭਾਈਚਾਰਕ ਸਾਂਝ ਨੂੰ ਤੋੜਣਾ ਅਤੇ ਖਾਨਾਜੰਗੀ ਵਾਲੇ ਹਾਲਾਤ ਪੈਦਾ ਕਰਨੇ ਹਨ। ਉਹਨਾਂ ਕਿਹਾ ਕਿ ਦਾਦੂਵਾਲ ਅਤੇ ਕਾਂਗਰਸ ਦੀ ਸ੍ਰੋਮਣੀ ਕਮੇਟੀ ’ਤੇ ਕਬਜਾ ਕਰਨ ਦੀ ਮਨਸ਼ਾ ਪੂਰੀ ਨਹੀਂ ਹੋਵੇਗੀ। ਉਹਨਾਂ ਸਵਾਲ ਕੀਤਾ ਕਿ ਜਿਸ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ, ਜਿਸ ਨੇ ਹਜਾਰਾਂ ਸਰੂਪਾਂ ਦੀ ਬੇਅਦਬੀ ਕੀਤੀ ਹੋਵੇ ਅਤੇ ਹੁਣ ਵੀ ਜਿਸ ਦੇ ਰਾਜ ’ਚ 73 ਤੋਂ ਵੱਧ ਬੇਅਦਬੀ ਦੇ ਕਾਰੇ ਹੋਏ ਹੋਣ ਉਸ ਨਾਲ ਸਾਂਝ ਪਿਆਲੀ ਦੇ ਕੀ ਅਰਥ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਤਿੰਨ ਕਮਿਸ਼ਨਾਂ ਬਣਾਏ ਹਨ । ਜਿਸ ’ਚ ਰਣਜੀਤ ਸਿੰਘ ਕਮਿਸ਼ਨ ਜਿਸ ਨੇ ਸਰਕਾਰੀ ਜਥੇਦਾਰਾਂ ਅਤੇ ਕਾਂਗਰਸ ਦੀ ਮਿਲੀਭੁਗਤ ਨਾਲ ਬਾਦਲ ਪਰਿਵਾਰ ਅਤੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਦਿਆਂ ਰਿਪੋਰਟ ਤਿਆਰ ਕੀਤੀ ਨੂੰ ਹਾਈ ਕੋਰਟ ਨੇ ਸਟੇਅ ਕਰਦਿਆਂ ਕਰਾਰਾ ਝਟਕਾ ਦੇ ਦਿਤਾ ਹੈ। ਇਸੇ ਤਰਾਂ ਨਾਰੰਗ ਕਮਿਸ਼ਨ ਨੇ ਰੇਤ ਘੋਟਾਲੇ ’ਚ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿਟ ਤਾਂ ਦੇ ਦਿਤੀ ਪਰ ਰਾਣਾ ਨੂੰ ਬਾਅਦ ’ਚ ਅਸਤੀਫਾ ਦੇਣਾ ਪਿਆ। ਅਜਿਹਾ ਹੀ ਹਸ਼ਰ ਗਿੱਲ ਕਮਿਸ਼ਨ ਦਾ ਹੋਇਆ। ਉਹਨਾਂ ਕਿਹਾ ਕਿ ਵਿਤ ਮੰਤਰੀ ਮਨਪ੍ਰੀਤ ਬਾਦਲ ਲੀਵੇ ਪਧਰ ਦੀ ਸਿਆਸਤ ’ਤੇ ਉਤਰ ਆਏ ਹਨ। ਉਹਨਾਂ ਕਿਹਾ ਕਿ ਬਾਦਲ ਸਰਕਾਰ ਨੇ ਉਸ ਦੇ ਪਿਤਾ ਨੁੰ ਗਡੀਆਂ ਤੋਂ ਇਲਾਵਾ ਬਹੁਤ ਸਹੂਲਤਾਂ ਦਿੱਤੀਆਂ । ਉਹਨਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਤੋਂ ਗੱਡੀਆਂ ਨਹੀਂ ਮੰਗੀਆਂ ਇਹ ਫੈਸਲਾ ਅਤੇ ਸਿਫਾਰਸ਼ ਸੁਰਖੀਆਂ ਅਮਲੇ ਦਾ ਹੈ, ਜੇ ਸੁਰੱਖਿਆ ਵਿਭਾਗ ਗੱਲਤ ਕਰ ਰਿਹਾ ਹੈ ਤਾਂ ਉਸ ’ਤੇ ਕਾਰਵਾਈ ਹੋਵੇ।  ਰੈਲੀ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਹਰ ਫਰੰਟ ’ਤੇ ਫੇਲ ਹੋ ਚੁਕੀ ਹੈ ਅਤੇ ਉਹ ਰਾਜ ’ਚ ਅਸ਼ਾਂਤੀ ਫੈਲਾ ਕੇ ਲੋਕਾਂ ਦਾ ਧਿਆਨ ਮੁੱਦਿਆਂ ਤੋਂ ਭਟਕਾਉਣਾ ਚਾਹੁਦੀ ਹੈ।  ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਰ ਵਰਗ ਨੂੰ ਸਹੂਲਤਾਂ ਦਿਤੀਆਂ ਜੋ ਕਿ ਕਾਂਗਰਸ ਖੋਹ ਰਹੀ ਹੈ। ਉਹਨਾਂ ਕਿਹਾ ਕਿ ਕਾਗਰਸ ਕੋਈ ਵੀ ਵਾਅਦਾ ਨਿਭਾ ਨਹੀਂ ਸਕੀ। ਉਹਲਾਂ ਕਿਹਾ ਕਿ ਅਕਾਲੀ ਵਰਕਰਾਂ ਨੂੰ ਦਬਾਉਣ ਦੀ ਕਿਸੇ ਨੂੰ ਇਜਾਜਤ ਨਹੀਂ ਦੇਵਾਂਗੇ ਅਤੇ ਆਪ ਖੁਦ ਅਕਾਲੀ ਵਰਕਰਾਂ ਦੀ ਝੰਡੀ ਉਚੀ ਰੱਖਣ ਲਈ ਹਰ ਲੜਾਈ ਲੜਣ ਨੂੰ ਤਿਆਰ ਹਾਂ। ਉਹਨਾਂ ਅਕਾਲੀ ਦਲ ਦੇ ਉਮੀਦਵਾਰਾਂ ਨੁੰ ਭਾਰੀ ਜਿੱਤ ਦਵਾਉਣ ਦੀ ਅਪੀਲ ਕੀਤੀ। ਇਸ ਮੌਕੇ ਰੈਲੀ ਨੂੰ ਰਾਜਮਹਿੰਦਰ ਸਿੰਘ ਮਜੀਠਾ, ਦਿਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਡਾ: ਦਲਬੀਰ ਸਿੰਘ ਵੇਰਕਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਗੁਰਸ਼ਰਨ ਛੀਨਾ , ਸੁਖਵਿੰਦਰ ਸਿੰਘ ਗੋਲਡੀ ਨੇ ਵੀ ਸੰਬੋਧਨ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>