ਐਸਜੀਪੀਸੀ ਪੰਥ ਦੀ ਵਿਰਾਸਤ ਮਲਿਆਮੇਟ ਕਰਾਉਣ ਦੀ ਥਾਂ ਸੰਭਾਲੇ

ਪੁਰਾਤਨ ਇਮਾਰਤਾਂ ਮਹਿਜ ਇੱਟਾਂ ਗਾਰਿਆਂ ਦਾ ਸੁਮੇਲ ਹੀ ਨਹੀਂ ਹਨ  ਸਗੋਂ ਇਹ ਵਿਚਾਰਧਾਰਾ ਨਾਲ ਵੀ ਅਟੁਟ ਰਿਸ਼ਤਿਆਂ ‘ਚ ਬਝਾ ਹੋਇਆ ਹੁੰਦਾ ਹੈ। ਹਾਲ ਹੀ ਵਿਚ ਇਕ ਮੁਸਲਮਾਨ ਨਾਇਬ ਤਸੀਲਦਾਰ ਵਲੋਂ ਗੁਰੂ ਪ੍ਰਤੀ ਸ਼ਰਧਾ ਅਤੇ ਸਤਿਕਾਰ ਸਹਿਤ ਉਸਾਰੀ ਗਈ ਗੁਰਦਵਾਰਾ ਸ੍ਰੀ ਦਰਬਾਰ ਸਾਹਿਰ ਤਰਨ ਤਾਰਨ ਦੀ 200 ਸਾਲ ਤੋਂ ਵੱਧ ਪੁਰਾਤਨ ਦਰਸ਼ਨੀ ਡਿਉੜੀ ਨੂੰ ਮੁਰੰਮਤ ਦੇ ਨਾਮ ‘ਤੇ ਢਾਹੇ ਜਾਣ ਦੀ ਖਬਰ ਨੇ ਸਿਖਾਂ ਦੇ ਸੁਚੇਤ ਵਰਗ ਨੁੰ ਇਕ ਵਾਰ ਫਿਰ ਝੰਜੋਰ ਕੇ ਰਖ ਦਿਤਾ ਹੈ। ਬੇਸ਼ਕ ਸਥਾਨਕ ਸਿਖ ਸੰਗਤ ਦੇ ਸਖਤ ਵਿਰੋਧ ਤੇ ਰੋਸ ਨੂੰ ਦੇਖਦਿਆਂ ਸ੍ਰੋਮਣੀ ਕਮੇਟੀ ਵਲੋਂ ਦਰਸ਼ਨੀ ਡਿਉੜੀ ਨੂੰ ਢਾਹੁਣ ਦਾ ਕਾਰਜ ਰੋਕ ਦਿਤਾ ਗਿਆ। ਉਕਤ ਅਨਰਥ ਹੋਣ ਅਤੇ ਪੰਥਕ ਵਿਰਸਤ ਨੁੰ ਬਚਾਉਣ ਲਈ ਸੁਚੇਤ ਤੌਰ ‘ਤੇ ਵਿਰੋਧ ਕਰਨ ਵਾਲੀਆਂ ਸਥਾਨਕ ਸਿਖ ਸੰਗਤਾਂ ਵਧਾਈ ਦੇ ਪਾਤਰ ਹਨ।

ਕਾਰਸੇਵਾ ਦੇ ਨਾਮ ‘ਤੇ ਨਿਤ ਦਿਨ ਦੀ ਵਿਰਾਸਤੀ ਧਰੋਹਰਾਂ ਨਾਲ ਕੀਤੀਆਂ ਜਾ ਰਹੀਆਂ ਛੇੜਖਾਨੀਆਂ ਕਾਰਨ ਕੌਮ ਇਹ ਸੋਚਣ ਲਈ ਮਜਬੂਰ ਹੈ ਕਿ ਸ੍ਰੋਮਣੀ ਕਮੇਟੀ ਕਦੋ ਆਪਣੀ ਬੁਨਿਆਦੀ ਜਿਮੇਵਾਰੀ ਨੂੰ ਹਕੀਕੀ ਰੂਪ ‘ਚ ਸਮਝੇਗੀ? ਸਮੇਂ ਦਾ ਹਾਣੀ ਬਣ ਇਨਾਂ ਮਾਮਲਿਆਂ ਨੁੰ ਕਦੋਂ ਗੰਭੀਰਤਾ ਨਾਲ ਲਵੇਗੀ? ਇਹ ਪਹਿਲੀਵਾਰ ਨਹੀਂ ਹੋਇਆ ਕਿ ਸ੍ਰੋਮਣੀ ਕਮੇਟੀ ਨੇ ਆਪਣੇ ਫਰਜਾਂ ਪ੍ਰਤੀ ਕੋਤਾਈ ਵਰਤੀ ਹੋਵੇ। ਬੇਸ਼ਕ ਸ੍ਰੋਮਣੀ ਕਮੇਟੀ ਦਾ ਕਾਰਜ ਖੇਤਰ ਬਹੁਤ ਵਿਸ਼ਾਲ ਹੈ, ਵਿਦਿਅਕ ਤੇ ਮੈਡੀਕਲ ਸੰਸਥਾਵਾਂ, ਸਮਾਜ ਸੇਵੀ ਕਾਰਜਾਂ ਤੋਂ ਇਲਾਵਾ ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਹੋਣ ਕਾਰਨ ਦੇਸ਼ ਵਿਦੇਸ਼ ‘ਚ ਵਿਚਰ ਰਹੇ ਸਿਖਭਾਈਚਾਰੇ ਨੂੰ ਦਰਪੇਸ਼ ਮਸਲਿਆਂ ਨੁੰ ਸੁਲਝਾਉਣ ਦੀ ਜਿਮੇਵਾਰੀ ਵੀ ਇਸ ‘ਤੇ ਆਇਦ ਹੁੰਦੀ ਆਈ ਹੈ। ਪਰ ਬੁਨਿਆਦੀ ਜਿਮੇਵਾਰੀ ਜੋ ਕਿ ਗੁਰਧਾਮਾਂ ਦੀ ਸੇਵਾ ਸੰਭਾਲ ਤੋਂ ਕਿਨਾਰਾ ਜਾਂ ਅਵੇਸਲਾਪਨ ਦਿਖਾਉਣਾ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਿਸ ਪ੍ਰਤੀ ਕਮੇਟੀ ਨੂੰ ਵਿਸ਼ੇਸ਼ ਤਵਜੋਂ ਦੇਣ ਦੀ ਲੋੜ ਹੈ।

ਸ੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਪੁਰਾਤਨ ਦਰਸ਼ਨੀ ਡਿਉੜੀ, ਜਿਸ ਦੀ ਕਾਰਸੇਵਾ ਬਾਬਾ ਜਗਤਾਰ ਸਿੰਘ ਤਰਨ ਤਾਰਨ ਨੂੰ ਸੌਪੀ ਗਈ ਸੀ, ਨੂੰ ਕਲ ਮਿਤੀ 14 ਸਤੰਬਰ 2018 ਨੁੰ ਕਾਰਸੇਵਾ ਦੀ ਆਰੰਭਤਾ ਸਮੇਂ ਸ੍ਰੋਮਣੀ ਕਮੇਟੀ ਜਨਰਲ ਸਕਤਰ ਅਤੇ ਮੈਬਰਾਂ ਮੌਜੂਦਗੀ ‘ਚ ਢਾਹਿਆ ਜਾਣ ਲਗਾ ਤਾਂ ਮੌਕੇ ‘ਤੇ ਮੌਜੂਦ ਸੰਗਤ ਨੇ ਸਖਤ ਵਿਰੋਧ ਜਤਾਇਆ। ਸੰਗਤ ਦੇ ਰੋਸ ਅਤੇ ਰੋਹ ਨੂੰ ਦੇਖਦਿਆਂ ਸ੍ਰੋਮਣੀ ਕਮੇਟੀ ਨੇ ਉਕਤ ਡਿਉੜੀ ਨੂੰ ਢਾਹੁਣ ‘ਤੇ ਰੋਕ ਲਗਾ ਦਿਤੀ। ਸ੍ਰੋਮਣੀ ਕਮੇਟੀ ਦੇ ਮੁਖ ਸੱਕਤਰ ਅਨੁਸਾਰ ਉਕਤ ਕਾਰਜ ਲਈ ਲੋਕਲ ਜਾਇਦਾਦ ਕਮੇਟੀ ਨੇ ਮਤਾ ਪਾ ਕੇ ਨਵੀਂ ਇਮਾਰਤ ਬਣਾਉਣ ਬਾਰੇ ਸ੍ਰੋਮਣੀ ਕਮੇਟੀ ਨੁੰ ਅਰਜੀ ਭੇਜੀ ਸੀ, ਜਿਸ ਨੁੰ ਸ੍ਰੋਮਣੀ ਕਮੇਟੀ ਵਲੋਂ ਮੰਨਜੂਰ ਕਰ ਲਿਆ ਗਿਆ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸ੍ਰੋਮਣੀ ਕਮੇਟੀ ਉਕਤ ਪੁਰਾਤਨ ਵਿਰਸਤੀ ਦਰਸ਼ਨੀ ਡਿਉੜੀ ਦੀ ਮਹਾਨਤਾ ਤੋਂ ਅਣਜਾਣ ਸੀ? ਕੀ ਸ੍ਰੋਮਣੀ ਕਮੇਟੀ ਨੇ ਉਕਤ ਡਿਉੜੀ ਦੀ ਹਾਲਤ ਬਾਰੇ ਮਾਹਿਰਾਂ ਤੋਂ ਕੋਈ ਨਿਰੀਖਣ ਕਰਾਇਆ? ਕਿ ਕੀ ਉਸ ਨੂੰ ਢਾਹ ਕੇ ਨਵ ਉਸਾਰੀ ਦੀ ਲੋੜ ਹੈ ਸੀ? ਡਿਉੜੀ ਕੁਝ ਹੱਦ ਤੱਕ ਖਸਤਾ ਜਰੂਰ ਹੈ ਜਿਸ ਲਈ ਸ੍ਰੋਮਣੀ ਕਮੇਟੀ ਨੇ ਅਜ ਤੋਂ 5 ਮਹੀਨੇ ਪਹਿਲਾਂ ਉਸ ਨੂੰ ਮੁਰੰਮਤ ਕਰਨ ਲਈ ਇਕ ਮਤੇ ਰਾਹੀ ਕਾਰਸੇਵਾ ਬਾਬਾ ਜਗਤਾਰ ਸਿੰਘ ਨੁੰ ਸੋਪੀ ਸੀ ਤਾਂ ਉਹਨਾਂ ਉਥੇ ਬਾਂਸ ਆਦਿ ਖੜੇ ਕਰਦਿਆਂ ਕਾਰਸੇਵਾ ਸ਼ੁਰੂ ਕਰਦੇਣ ਦਾ ਵਿਖਾਵਾ ਕਰੀ ਰਖਿਆ, ਬੇਸ਼ਕ ਉਸ ਕਾਰਨ ਸ਼ਰਧਾਲੂਆਂ ਨੁੰ ਆਉਣ ਜਾਣ ‘ਚ ਔਖ ਵੀ ਹੁੰਦੀ ਰਹੀ। ਪਰ ਅਚਾਨਕ ਮੁਰੰਮਤ ਦੀ ਥਾਂ ਲੋਕਲ ਜਾਇਦਾਦ ਕਮੇਟੀ ਤੋਂ ਨਵ ਉਸਾਰੀ ਬਾਰੇ ਮਤਾ ਭੇਜਿਆ ਜਾਣਾ ਕਈ ਸ਼ੰਕੇ ਖੜੇ ਕਰ ਰਹੇ ਹਨ। ਕੀ ਅਜਿਹਾ ਕਾਰਸੇਵਾ ਵਾਲਿਆਂ ਦੀ ਤਰਫੋਂ ਸ੍ਰੋਮਣੀ ਕਮੇਟੀ ਦੇ ਮੈਬਰਾਂ ਅਤੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕੀਤਾ ਗਿਆ? ਸ੍ਰੋਮਣੀ ਕਮੇਟੀ ਵਲੋਂ ਪਹਿਲੇ ਦਿਤੇ ਗਏ ਹੁਕਮਾਂ ਦੇ ਉਲਟ ਬਿਨਾ ਪੜਤਾਲ ਦੇ ਨਵ ਉਸਾਰੀ ਨੂੰ ਕਿਵੇਂ ਤੇ ਕਿਉ ਮੰਨਜੂਰੀ ਦੇ ਦਿਤੀ ਗਈ? ਕੀ ਇਸ ‘ਚ ਕੋਈ ਸਿਆਸੀ ਦਬਾਅ ਕਾਰਜਸ਼ੀਲ ਸੀ? ਪਰ ਇਸ ਸਭ ਨਾਲੋ ਵਧ ਅਫਸੋਸ ਦੀ ਗਲ ਤਾਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਉਕਤ ਸਭ ਕਾਸੇ ਤੋਂ ਪੂਰੀ ਤਰਾਂ ਅਣਜਾਣਤਾ ਪ੍ਰਗਟਾਉਣਾ ਹੈ।  ਫਿਰ ਕੀ ਇਹ ਸਭ ਮਨਜੂਰੀਆਂ ਪ੍ਰਧਾਨ ਦੇ ਧਿਆਨ ਤੋਂ ਬਾਹਰ ਸਨ? ਅਜੇਹੇ ਵਿਰਾਸਤੀ ਧਰੋਹਰਾਂ ਨੂੰ ਨਸ਼ਟ ਕਰਨ ਜਾਂ ਨੁਕਸਾਨ ਪਹੁੰਚਾਏ ਜਾਣ ਤੋਂ ਪ੍ਰਧਾਨ ਸਾਹਿਬ ਅਣਜਾਣ ਹਨ ਤਾਂ ਪ੍ਰਧਾਨ ਦੀ ਕਾਬਲੀਅਤ ‘ਤੇ ਹੀ ਸਵਾਲਿਆਂ ਨਿਸ਼ਾਨ ਲਗ ਜਾਣਾ ਸੁਭਾਵਕ ਹੈ। ਮਾਹਿਰਾਂ ਅਨੁਸਾਰ ਉਕਤ ਡਿਉੜੀ ਦੀ ਨਵ ਉਸਾਰੀ ਦੀ ਥਾਂ ਸਿਰਫ ਮੁਰੰਮਤ ਦੀ ਹੀ ਲੋੜ ਹੈ। ਸਿੱਖ ਵਿਰਾਸਤ ਨੂੰ ਖਤਮ ਕਰਨਾ ਕੋਈ ਸੇਵਾ ਨਹੀਂ ਹੈ। ਮੌਜੂਦਾ ਸਮੇਂ ਪੁਰਾਤਨ ਇਮਾਰਤਾਂ ਨੂੰ ਸੰਭਾਲਣਾ ਅਤਿ ਜਰੂਰੀ ਹੈ। ਇਤਿਹਾਸਕ ਧਰੋਹਨਾਂ ਨੁੰ ਨਸ਼ਟ ਕਰਨਾ ਸਮਝਦਾਰੀ ਨਹੀਂ ਹੈ। ਸ਼ਾਨਦਾਰ ਇਮਾਰਤਾਂ ਆਪਣੇ ਆਪ ‘ਚ ਇਕ ਪ੍ਰਾਪਤੀ ਤਾਂ ਹੋ ਸਕਦੀਆਂ ਹਨ, ਪਰ ਇਤਿਹਾਸਕ ਧਰੋਹਰਾਂ ਸਾਹਮਣੇ ਸਭ ਫਿਕੇ ਹਨ। ਇਤਿਹਾਸਕ ਮਹੱਤਤਾ ਨੂੰ ਮੁਖ ਰਖ ਕੇ ਪ੍ਰਾਚੀਨਤਾ ਅਤੇ ਪੁਰਾਤਨਤਾ ਵਾਲੇ ਵਿਰਾਸਤੀ ਧਰੋਹਰਾਂ ਦੀ ਆਉਣ ਵਾਲੀਆਂ ਪੀੜੀਆਂ ਅਤੇ ਨਸਲਾਂ ਲਈ ਸੰਭਾਲ ਕੇ ਰੱਖਣਾ ਸਾਡਾ ਸਭ ਦਾ ਫ਼ਰਜ਼ ਹੈ। ਕਾਰਸੇਵਾ ਆਪਣੇ ਆਪ ‘ਚ ਇਕ ਬਹੁਤ ਵਡਾ ਮਹਾਨ ਕਾਰਜ ਹੈ ਪਰ ਜਾਣੇ ਅਨਜਾਣੇ ‘ਚ ਕਾਰਸੇਵਾ ਦੇ ਨਾਮ ‘ਤੇ ਅਸੀ ਉਹ ਕੁੱਝ ਨਸ਼ਟ ਕਰ ਚੁਕੇ ਹਨ ਜਿਨ੍ਹਾਂ ਦੀ ਭਰਪਾਈ ਹੋ ਹੀ ਨਹੀਂ ਸਕਦੀ। ਸਾਰੇ ਹੀ ਵਿਸ਼ਵ ਦੇ ਧਰਮਾਂ ਨੇ ਆਪਣੇ ਪੁਰਾਤਨ ਸਥਾਨਾਂ ਨੁੰ ਆਉਣ ਵਾਲੀਆਂ ਪੀੜੀਆਂ ਲਈ ਸਾਂਭ ਕੇ ਰਖਿਆ ਹੋਇਆ ਹੈ। ਪਰ ਇਸ ਦੇ ਉਲਟ ਸਿੱਖ ਪੰਥ ਕਾਰਸੇਵਾ ਦੇ ਨਾਮ ‘ਤੇ ਬਾਬਿਆਂ ਰਾਹੀਂ ਇਕ ਇਕ ਕਰਕੇ ਇਤਿਹਾਸ ਮੁਕਾਊ ਅਤੇ ਵਿਰਾਸਤ ਢਾਊ ਕਾਰਜ ‘ਚ ਲਗਾ ਹੋਇਆ ਪ੍ਰੀਤੀ ਹੁੰਦਾ ਹੈ।  ਕੁਝ ਦਿਨ ਪਹਿਲਾਂ ਇਤਿਹਾਸਕ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਇਮਾਰਤ ਡੇਗ ਦਿਤੀ ਗਈ, ਜਿਸ ਨੁੰ ਬਚਾਇਆ ਜਾ ਸਕਦਾ ਸੀ। ਇਸੇ ਤਰਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੁਸ਼ੋਬਿਤ ਗੁਰੂਕਾਲ ਅਤੇ ਗੁਰੂ ਕੇ ਪੁਰਾਤਨ ਸ਼ਸਤਰਾਂ ਆਦਿ ਦੀ ਸੇਵਾ ਦੇ ਨਾਮ ‘ਤੇ ਸੋਨਾ ਚੜਾ ਕੇ ਪੁਰਾਤਨਤਾ ਖਤਮ ਕਰ ਦਿਤੀ ਗਈ,  ਸੁਲਤਾਨਪੁਰ ਲੋਧੀ ਦੀ ਉਹ ਮਸੀਤ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਨਮਾਜ਼ ਪੜਣ ਲਈ ਲਿਜਾਇਆ ਗਿਆ,  ਹੁਣ ਨਹੀਂ ਰਹੀ, ਸੁਲਤਾਨ ਪੁਰ ਵਿਖੇ ਬੇਬੇ ਨਾਨਕੀ ਜੀ ਦਾ ਅਸਥਾਨ ਅਤੇ ਜਿਥੇ ਗੁਰੂ ਸਾਹਿਬ ਨੇ ਤੇਰਾਂ ਤੇਰਾ ਕਰਕੇ ਤੋਲਣਾ ਕੀਤਾ ਅਜ ਨਹੀਂ ਰਹੀਆਂ, ਜਿਸ ਨੂੰ ਬਚਾਉਣ ਲਈ ਸਥਾਨਕ ਸੰਗਤਾਂ ਤਿੰਨ ਮਹੀਨੇ ਤਕ ਧਰਨੇ ‘ਤੇ ਬੈਠੀਆਂ ਰਹੀਆਂ ਪਰ ਕਿਸੇ ਪ੍ਰਵਾਰ ਨਾ ਕੀਤੀ ਤੇ ਵਿਰਾਸਤੀ ਧਰੋਹਰਾਂ ਜਬਰੀ ਖਤਮ ਕਰਦਿਤੀਆਂ ਗਈਆਂ। ਅੰਮ੍ਰਿਤਸਰ ਵਿਖੇ ਮੌਜੂਦ ਗੁਰੂ ਅਰਜਨ ਦੇਵ ਜੀ ਦਾ ਨਿਵਾਸ ਅਸਥਾਨ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਨਮ ਲਿਆ ਉਹ ਛੋਟੀਆਂ ਇੱਟਾਂ ਵਾਲੀਆਂ ਕੋਠੜੀਆਂ ਹੁਣ ਕਿਥੇ ਰਹੀਆਂ? ਇਸ ਤਰਾਂ ਸਰਹੰਦ ਦਾ ਠੰਢਾ ਬੁਰਜ, ਚਮਕੌਰ ਦੀ ਕੱਚੀ ਗੜੀ, ਅਨੰਦਪੁਰ ਸਾਹਿਬ ਦੇ ਕਈ ਅਣਮੋਲ ਇਤਿਹਾਸਕ ਅਸਥਾਨ ਅਜ ਘਾਇਬ ਹੋ ਚੁਕੀਆਂ ਹਨ।  ਸਾਨੂੰ ਇਤਿਹਾਸਕ ਵਿਰਾਸਤੀ ਧਰੋਹਰਾਂ ਦੀ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਅਸੀਮ ਕੀਮਤ ਪ੍ਰਤੀ ਗਿਆਨ ਹੋਣਾ ਚਾਹੀਦਾ ਹੈ। ਚੱਪੇ ਚੱਪੇ ਖਿੱਲਰੇ ਆਪਣੇ ਅਮੀਰ ਇਤਿਹਾਸਕ ਵਿਰਾਸਤ ਨੂੰ ਸੰਗਮਰਮਰੀ ਕਾਰਸੇਵਾ ਦੇ ਹਵਾਲੇ ਨਾਲ ਨਸ਼ਟ ਕਰਨ ਦੀ ਥਾਂ ਇਨ੍ਹਾਂ ਦੀ ਸਾਂਭ ਸੰਭਾਲ ਪ੍ਰਤੀ ਸੁਚੇਤ ਹੋਈਏ।  ਇਸ ਸੰਬੰਧੀ  ਪ੍ਰਤੀਕਰਮ ਪ੍ਰਗਟ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਪੁਰਾਤਨ ਤੇ ਇਤਿਹਾਸਕ ਧਰੋਹਰਾਂ ਨੂੰ ਖ਼ਤਮ ਕਰਨ ਦੀ ਥਾਂ ਨਵੀ ਪੀੜੀ ਲਈ ਇਹਨਾਂ ਨੂੰ ਸੰਭਾਲ ਕੇ ਰਖਣ ਦੀ ਲੋੜ ਹੈ । ਲੋੜ ਪੈਣ ‘ਤੇ ਇਹਨਾਂ ਅਸਥਾਨਾਂ ਦੀ ਮੁਰੰਮਤ ਕੀਤੀ ਜਾ ਸਕਦੀ ਹੈ, ਇਹਨਾਂ ਨੂੰ ਨਸ਼ਟ ਕਰ ਦੇਣਾ ਕੋਈ ਸਮਝਦਾਰੀ ਨਹੀਂ ਹੈ। ਸੋ ਇਹ ਕਿਹਾ ਜਾਣਾ ਕੁਥਾਂ ਨਹੀਂ ਹੋਵੇਗਾ ਕਿ ਸ੍ਰੋਮਣੀ ਕਮੇਟੀ ਪੰਥ ਦੀ ਵਿਰਾਸਤ ਸੰਭਾਲਣ ਦੀ ਜਿਮੇਵਾਰੀ ਵਲ ਵਿਸ਼ੇਬ ਧਿਆਨ ਦੇਵੇ ਨਾ ਕਿ ਮਲਿਆਮੇਟ ਕਰਨ ਵਲ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>