ਈਕੋਸਿੱਖ ਨੇ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵਿਸ਼ਵ-ਪੱਧਰ ਤੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ

ਨਵੀਂ ਦਿੱਲੀ – 2019 ਵਿੱਚ ਆਉਣ ਵਾਲੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਮੁੱਖ ਰਖਦੇ ਹੋਏ ਈਕੋਸਿੱਖ ਸੰਸਥਾ ਵੱਲੋਂ ਪੂਰੀ ਦੁਨੀਆਂ ਵਿੱਚ 1820 ਸਥਾਨਾਂ ਤੇ 550 ਰੁੱਖ ਲਗਾਉਣ ਲਈ ਪ੍ਰੈੱਸ ਕਲੱਬ ਆਫ ਇੰਡੀਆ ਵਿੱਖੇ ‘550 ਰੁੱਖ ਗੁਰੂ ਦੇ ਨਾਮ’ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਸੰਸਥਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਪੂਰੇ ਜਗਤ ਨੂੰ 10 ਲੱਖ ਰੁੱਖ ਲਾਉਣ ਦਾ ਸੱਦਾ ਦਿੱਤਾ ਗਿਆ।

ਮੁੱਢ ਤੋਂ ਹੀ ਈਕੋਸਿੱਖ, ਸੰਯੁਕਤ ਰਾਸ਼ਟਰ ਦੇ ਨਾਲ-ਨਾਲ ਅਮਰੀਕਾ ਦੇ ਵਾਈਟ ਹਾਊਸ, ਵਰਲਡ ਬੈਂਕ ਅਤੇ ਹੋਰ ਅੰਤਰ-ਰਾਸ਼ਟਰੀ ਵਾਤਾਵਰਣ ਕਮੇਟੀਆਂ ਨਾਲ ਵੀ ਮਿਲ ਕੇ ਦਿੱਲ਼ੀ ਵਿੱਚ ਕਲਾਈਮੇਟ ਚੇਂਜ ਵਰਗੇ ਭਿਆਨਕ ਮੁੱਦਿਆਂ ਤੇ ਕੰਮ ਕਰ ਰਹੀ ਹੈ। ਈਕੋਸਿੱਖ, 2009 ਤੋਂ ਹੀ 14 ਮਾਰਚ, ‘ਸਿੱਖ ਵਾਤਾਵਰਣ ਦਿਵਸ’ ਰਾਹੀਂ ਸਿੱਖ ਭਾਈਚਾਰੇ ਨੂੰ ਵਾਤਾਵਰਣ ਨਾਲ ਜੋੜਨ ਦਾ ਕੰਮ ਕਰ ਰਹੀ ਹੈ। ਇਸ ਸਾਲ 2018 ਵਿੱਚ ਕਰੀਬ 5500 ਗੁਰਦੁਆਰਿਆਂ, ਸਕੂਲਾਂ, ਕਾਲਜਾਂ ਅਤੇ ਹੋਰ ਅਦਾਰਿਆਂ ਨੇ ਇਸ ਦਿਹਾੜੇ ਨੂੰ ਮਨਾਇਆ।

ਈਕੋਸਿੱਖ ਦੇ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਪ੍ਰੈੱਸ ਨੂੰ ਸੰਬੋਧਿਤ ਕਰਦਿਆਂ ਕਿਹਾ, “ਗੁਰੂ ਨਾਨਕ ਨੇ ਹਰ ਮਨੁੱਖ ਨੂੰ ਕੁਦਰਤ ਨਾਲ ਪ੍ਰੇਮ ਅਤੇ ਸਤਿਕਾਰ ਨਾਲ ਰਹਿਣ ਦਾ ਸੰਦੇਸ਼ ਦਿੱਤਾ ਹੈ, ਅਸੀਂ ਸਿਰਫ ਉਹਨਾਂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਕੇ ਭਾਰਤ, ਪੰਜਾਬ ਅਤੇ ਹੋਰ ਦੇਸ਼ਾਂ ਦੇ ਲੋਕਾਂ ਨੂੰ ਕੁਦਰਤ ਨਾਲ ਜੋੜਨ ਦਾ ਯਤਨ ਕਰ ਰਹੇ ਹਾਂ।”

ਉਹਨਾਂ ਕਿਹਾ, “ਦਿੱਲੀ, ਪੰਜਾਬ ਅਤੇ ਭਾਰਤ ਦੇ ਹੋਰ ਸ਼ਹਿਰਾ ਨੂੰ ਹਵਾ ਦੇ ਪ੍ਰਦੂਸ਼ਣ ਅਤੇ ਰੁੱਖਾਂ ਦੀ ਕਟਾਈ ਕਰਕੇ ਵਿਨਾਸ਼ਕ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਰਲਾ ਦੇ ਹੱੜ ਵੀ ਰੁੱਖਾਂ ਦੀ ਕਟਾਈ ਦਾ ਜੀਉਂਦਾ ਅਤੇ ਤਾਜ਼ਾ ਨਮੂਨਾ ਹੈ। ਭਾਰਤ ਵਿੱਚ ਕੇਵਲ 21% ਜੰਗਲ ਖੇਤਰ ਹੈ ਅਤੇ ਪੰਜਾਬ 4% ਜੰਗਲ ਖੇਤਰ ਕਰਕੇ ਦੁੱਖ ਭੋਗ ਰਿਹਾ ਹੈ। ਇਸ ਕਰਕੇ ਭਾਰੀ ਮਾਤਰਾ ਵਿੱਚ ਰੁੱਖ ਲਗਾਉਣਾ ਇੱਕ ਜ਼ਰੂਰਤ ਵੀ ਹੈ ਅਤੇ ਇਹ ਧਾਰਮਿਕ ਸੇਵਾ ਮੰਨੀ ਜਾਣੀ ਚਾਹੀਦੀ ਹੈ।

ਈਕੋਸਿੱਖ ਵੱਲੋਂ ਇਸ ਮੁਹਿੰਮ ਵਿੱਚ ਭਾਗ ਲੈ ਰਹੇ ਨਾਗਰਿਕਾਂ ਨੂੰ ਵਧੇਰੇ ਜਾਣਕਾਰੀ ਦੇਣ ਲਈ ਅਤੇ ਪ੍ਰੋਜੈਕਟ ਦੀ ਰੀਪੋਰਟ ਨੂੰ ਕੱਠਿਆਂ ਕਰਨ ਲਈ ਇਕ ਮੋਬਾਈਲ ਐਪ ਵੀ ਬਣਾਈ ਜਾ ਰਹੀ ਹੈ। ਜਿਸਨੂੰ ਈਕੋਸਿੱਖ ਵੱਲੋਂ 2019 ਦੇ ਅੰਤ ਵਿੱਚ ਸੰਯੁਕਤ ਰਾਸ਼ਟਰ ਨੂੰ ਪੇਸ਼ ਕੀਤਾ ਜਾਵੇਗਾ ਤਾਂ ਜੋ ਵਿਸ਼ਵ ਪੱਧਰ ਤੇ ਸਿੱਖਾਂ ਦੀ ਇਸ ਸੇਵਾ ਕਾਰਜ ਨੂੰ ਪ੍ਰਦਰਸ਼ਿਤ ਕੀਤਾ ਜਾ ਸਕੇ।

ਵਰਨਣਯੋਗ ਹੈ ਕਿ 20 ਅਗਸਤ, 2018 ਨੂੰ ਈਕੋਸਿੱਖ ਨੇ ਮੋਗਾ, ਪੰਜਾਬ ਵਿੱਚ ਗੁਰੂ ਨਾਨਕ ਦੇ ਚਰਣ-ਛੋਹ ਪ੍ਰਾਪਤ ਪਿੰਡ, ਪੱਤੋ ਹੀਰਾ ਸਿੰਘ ਵਿੱਖੇ ‘ਗੁਰੂ ਨਾਨਕ ਬਾਗ’ ਦਾ ਉਦਘਾਟਨ ਵੀ ਕੀਤਾ ਹੈ, ਜਿੱਥੇ ਕਿ 5 ਕਿੱਲੇ ਜ਼ਮੀਨ ਉੱਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 13 ਕਿਸਮਾਂ ਦੇ ਰੁੱਖ ਲਗਾਏ ਗਏ ਹਨ।

“ਈਕੋਸਿੱਖ ਭਾਰਤ ਦੇ ਪ੍ਰੋਜੈਕਟ ਮੈਨੇਜਰ, ਰਵਨੀਤ ਸਿੰਘ ਨੇ ਕਿਹਾ, “ਇਸ ਮੁਹਿੰਮ ਵਿੱਚ ਹੁਣ ਤੱਕ 50 ਪਿੰਡਾਂ-ਸ਼ਹਿਰਾਂ ਵਿੱਖੇ 500 ਤੋਂ ਵੱਧ ਸੇਵਾਦਾਰਾਂ ਵੱਲੋਂ ਪੰਜਾਬ, ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ, ਕਰਨਾਲ, ਅਸਾਮ, ਛੱਤੀਸਗੱੜ੍ਹ ਅਤੇ ਵਿਦੇਸ਼ਾ ਵਿੱਚ ਡਰਬੀ, ਹਾਂਗ-ਕਾਂਗ, ਵਾਸ਼ਿੰਗਟਨ ਆਦਿ ਵਿਖੇ ਰੁੱਖ ਲਗਾਏ ਜਾ ਰਹੇ ਹਨ।”

ਈਕੋਸਿੱਖ ਵੱਲੋਂ ਪੰਜਾਬ ਦੇ ਉੱਘੇ ਵਾਤਾਵਰਣ ਪ੍ਰੇਮੀ ਡਾ. ਬਲਵਿੰਦਰ ਸਿੰਘ ਲੱਖੇਵਾਲੀ ਦੀ ਰਚਿੱਤ ਕਿਤਾਬ, ‘ਸ਼੍ਰੇਣੀ ਅਨੁਸਾਰ ਰੁੱਖਾਂ ਦੀ ਵਿਉਂਤਬੰਦੀ’ ਨੂੰ ਵੀ ਜਨਤਕ ਕੀਤਾ ਗਿਆ, ਤਾਂ ਜੋ ਨਾਗਰਿਕਾਂ ਨੂੰ ਰੁੱਖ ਲਗਾਉਣ ਸੰਬੰਧੀ ਜਾਣਕਾਰੀ ਵਿੱਚ ਵਾਧਾ ਕੀਤਾ ਜਾ ਸਕੇ। ਇਸ ਕਿਤਾਬ ਨੂੰ ਛੇਤੀ ਹੀ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਰਿਲੀਜ਼ ਕੀਤਾ ਜਾਵੇਗਾ।”, ਰਵਨੀਤ ਸਿੰਘ ਨੇ ਕਿਹਾ।

ਈਕੋਸਿੱਖ ਦਿੱਲੀ ਦੇ ਕੋਆਰਡੀਨੇਟਰ ਗਗਨਦੀਪ ਸਿੰਘ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਤੇ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ, “ਦਿੱਲੀ ਵਿੱਚ ਹਵਾ ਦੇ ਪ੍ਰਦੂਸ਼ਣ ਕਰਕੇ ਲੱਖਾਂ ਹੀ ਪ੍ਰਾਣੀ ਫੇਫੜਿਆਂ ਦੇ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਇਸ ਕਰਕੇ ਇਹ ਜ਼ਰੂਰੀ ਹੈ ਕਿ ਗੁਰੂ ਨਾਨਕ ਦੇ ਉਪਦੇਸ਼ਾਂ ਨੂੰ ਮੰਨਿਆ ਜਾਵੇ ਅਤੇ ਜੰਤਾ ਲਈ ਤਾਜ਼ੀ ਅਤੇ ਸਾਫ ਹਵਾਂ ਮੁਹੱਈਆ ਕਰਵਾਈ ਜਾ ਸਕੇ।”

ਈਕੋਸਿੱਖ ਦੇ ਬੋਰਡ ਮੈਂਬਰ ਮੋਹਨ ਸਿੰਘ ਨੇ ਫਰੀਦਾਬਾਦ ਦੇ ਨਿਵਾਸੀਆਂ ਦੇ ਸੰਗਠਨ ਨਾਲ ਮਿਲ ਕੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ 550 ਰੁੱਖ ਲਗਾਉਣ ਦਾ ਐਲਾਨ ਕੀਤਾ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਵੀ ਇਸ ਬਾਰੇ ਪ੍ਰਚਾਰ ਕਰਨ ਦਾ ਫੈਸਲਾ ਸੁਣਾਇਆ।

ਪਾਕਿਸਤਾਨ ਵਿੱਚ ਵੀ ਈਕੋਸਿੱਖ ਵੱਲੋਂ ਗੁਰੂ ਨਾਨਕ ਨਾਲ ਸੰਬੰਧਿਤ ਦੋ ਅਸਥਾਨਾਂ ਤੇ 550 ਰੁੱਖ ਲਾਉਣ ਦਾ ਐਲਾਨ ਕੀਤਾ ਗਿਆ।

ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਸੰਸਥਾ ਵੱਲੋਂ, 100 ਏਕੜ ਜ਼ਮੀਨ ਤੇ ਗੁਰੂ ਨਾਨਕ ਨੂੰ ਸਮਰਪਿਤ ਪਵਿੱਤਰ-ਵਣ ਲਾਉਣ ਲਈ ਸੱਦਾ ਭੇਜਿਆ ਗਿਆ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>