ਮਜੀਠਾ ‘ਚ ਮਜੀਠੀਆ ਦੀ ਝੰਡੀ ਬੁਲੰਦ ਰਹੀ, ਚਾਰੇ ਜਿਲਾ ਪ੍ਰੀਸ਼ਦ ਅਤੇ 32 ‘ਚੋ 28 ਬਲਾਕ ਸੰਮਤੀ ‘ਤੇ ਅਕਾਲੀ ਕਾਬਜ।

ਮਜੀਠਾ / ਅੰਮ੍ਰਿਤਸਰ – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ‘ਚ ਹਲਕਾ ਮਜੀਠਾ ਵਿੱਚੋਂ ਅਕਾਲੀ ਉਮੀਦਵਾਰਾਂ ਨੂੰ ਹੂੰਝਾਫੇਰੂ ਜਿੱਤ ਨਾਲ ਮਿਲੀ ਵੱਡੀ ਕਾਮਯਾਬੀ ਲਈ ਗੁਰੂ ਪ੍ਰਮਾਤਮਾ ਦਾ ਸ਼ਕਰਾਨਾ ਕਰਦਿਆਂ ਹਰ ਤਰ੍ਹਾਂ ਦੀ ਧਕੇਸ਼ਾਹੀ ਅਤੇ ਦਬਾਅ ਅਗੇ ਨਾ ਝੁਕਦਿਆਂ ਲੋਕਤੰਤਰ ਅਤੇ ਭਾਈਚਾਰਕ ਸਾਂਝ ਨੁੰ ਬਚਾਉਣ ‘ਚ ਪਾਏ ਗਏ ਵੱਡੇ ਯੋਗਦਾਨ ਲਈ ਜੁਝਾਰੂ ਅਕਾਲੀ ਵਰਕਰ ਅਤੇ ਮਜੀਠੇ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

ਸ: ਮਜੀਠੀਆ ਨੇ ਜੇਤੂ ਉਮੀਦਵਾਰਾਂ ਨੁੰ ਸਨਮਾਨਤ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਉਹ ਸਰਕਾਰ ਦੇ ਡੰਡਾਤੰਤਰ ਦੇ ਖਿਲਾਫ ਲੋਕਤੰਤਰ ਨੂੰ ਬਚਾਉਣ ਲਈ ਇੱਕਤਰਫਾ ਫੈਸਲਾ ਕਰਦਿਆਂ ਤਕੜਿਆਂ ਹੋਕੇ ਲੜਾਈ ਲੜ ਕੇ ਅਕਾਲੀ ਦਲ ਨੂੰ ਬੇਮਿਸਾਲ ਜਿੱਤ ਦਿਵਾਉਣ ਲਈ ਮਜੀਠਾ ਹਲਕੇ ਦੀਆਂ ਸਾਡੀਆਂ ਮਾਂਵਾਂ, ਭੈਣਾਂ, ਬਜੁਰਗਾਂ ਅਤੇ ਨੌਜਵਾਨ ਵੋਟਰ ਖਾਸ ਤੌਰ ‘ਤੇ ਵਧਈ ਦੇ ਪਾਤਰ ਹਨ, ਜਿਹਨਾਂ ਅਗੇ ਮੇਰਾ ਮਸਤਕ ਹਮੇਸ਼ਾਂ ਝੁਕਦਾ ਰਹੇਗਾ। ਉਹਨਾਂ ਕਿਹਾ ਕਿ ਆਮ ਤੌਰ ‘ਤੇ ਸਥਾਨਕ ਪੱਧਰ ਦੀਆਂ ਚੋਣਾਂ ‘ਚ ਜਿੱਤ ਸਤਾਧਾਰੀ ਪਾਰਟੀ ਦੀ ਝੋਲੀ ਪੈਦੀਆਂ ਰਹੀਆਂ ਹਨ ਪਰ ਇਹ ਇਤਿਹਾਸ ‘ਚ ਪਹਿਲੀ ਵਾਰ ਦੇਖਣ ‘ਚ ਆਇਆ ਹੈ ਕਿ ਮਜੀਠਾ ਹਲਕੇ ਦੇ ਸੂਝਵਾਨ ਵੋਟਰਾਂ ਨੇ ਚਾਰੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 32 ਵਿਚੋਂ 28 ‘ਤੇ ਅਕਾਲੀ ਦਲ ਨੂੰ ਇਕਤਰਫਾ ਤੇ ਸ਼ਾਨਦਾਰ ਇਤਿਹਾਸਕ ਜਿੱਤ ਦਿਵਾ ਕੇ ਉਕਤ ਧਾਰਨਾ ਦਾ ਭੋਗ ਪਾ ਦਿਤਾ ਹੈ। ਅਕਾਲੀ ਦਲ ਨੂੰ ਮਜੀਠੇ ‘ਚ ਮਿਲੀ ਵੱਡੀ ਸਫਲਤਾ ਤੋਂ ਗਦ ਗਦ ਹੋਏ ਮਜੀਠੀਆ ਨੇ ਕਿਹਾ ਕਿ ਕਾਂਗਰਸ ਵਲੋਂ ਝੂਠ ਬੋਲ ਕੇ ਸਤਾ ‘ਤੇ ਕਾਬਜ ਹੋਣ ਉਪਰੰਤ ਕੁਲ ਵਾਅਦਿਆਂ ਨੂੰ ਵਿਸਾਰ ਦੇਣ, ਪੈਨਸ਼ਨ, ਸ਼ਗਨ ਸਕੀਮ, ਬਿਜਲੀ ਮਹਿੰਗੀ ਕਰਨ ਅਤੇ ਆਮ ਲੋਕਾਂ ਪ੍ਰਤੀ ਧਕੇਸ਼ਾਹੀਆਂ ‘ਤੇ ਉਤਰੀ ਕਾਂਗਰਸ ਅਤੇ ਸਰਕਾਰ ਨੂੰ ਮਜੀਠਾ ਹਲਕੇ ਨੇ ਕਰਾਰਾ ਜਵਾਬ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਜੇ ਸਾਰੇ ਪੰਜਾਬ ਚ ਚੋਣਾਂ ਨਿਰਪੱਖ ਹੁੰਦੀਆਂ ਤਾਂ ਨਤੀਜਾ ਕੁਝ ਹੋਰ ਹੋਣਾ ਸੀ। ਚੋਣਾਂ ‘ਚ ਨਾਕੇਵਲ ਧਕੇਸ਼ਾਹੀਆਂ ਹੋਈਆਂ ਸਗੋਂ ਅਕਾਲੀ ਵਰਕਰਾਂ ਅਤੇ ਸਮੱਰਥਕਾਂ ‘ਤੇ ਹਮਲੇ ਕੀਤੇ ਗਏ, ਕਈਆਂ ਨੂੰ ਤਾਂ ਕਾਗਜ ਵੀ ਭਰਨ ਨਹੀਂ ਦਿੱਤਾ ਗਿਆ ਜਾਂ ਫਿਰ ਨਾਮਜਦਗੀ ਪੇਪਰ ਫੜ ਫੜ ਪਾੜ ਦਿੱਤੇ ਗਏ।  ਉਹਨਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨੇ ਸਤਾ ਧਿਰ ਅਗੇ ਗੋਡੇ ਟੇਕਦਿਆਂ ਆਪਣੇ ਹੱਥ ਖੜੇ ਕਰ ਦਿੱਤੇ ਸਨ । ਅਕਾਲੀ ਦਲ ਵਲੋਂ ਪੋਲਿੰਗ ਦੌਰਾਨ ਨੀਮ ਸੁਰਖਿਆ ਬਲ ਤਾਇਨਾਤ ਕਰਨ ਅਤੇ ਵੀਡੀਓ ਗਰਾਫਿੰਗ ਕਰਨ ਦੀਆਂ ਨਿਆਇਤ ਜਾਇਜ ਮੰਗਾਂ ਨੂੰ ਵੀ ਠੁਕਰਾ ਦਿੱਤਾ ਗਿਆ। ਉਹਨਾਂ ਕਾਂਗਰਸ ਦੀ ਜਿੱਤ ‘ਤੇ ਸਵਾਲ ਖੜਾ ਕਰਦਿਆਂ ਕਿਹਾ ਕਿ ਇਹ ਜਿੱਤ ਕਾਂਗਰਸ ਦੀ ਨਾ ਹੋਕੇ ਕਾਂਗਰਸ ਵਲੋਂ ਦੁਰਵਰਤੋਂ ਕੀਤੀ ਗਈ ਪੁਲੀਸ ਪ੍ਰਸ਼ਾਸਨ ਅਤੇ ਗੈਗਸਟਰਾਂ ਦੀ ਜਿੱਤ ਹੈ।  ਉਹਨਾਂ ਕਿਹਾ ਕਿ ਜਿਹਨਾਂ ਅਧਿਕਾਰੀਆਂ ਨੇ ਵਧੀਆ ਕੰਮ ਕੀਤਾ ਉਹਨਾਂ ਦਾ ਉਹ ਸਦਾ ਅਭਾਰੀ ਰਹਿਣਗੇ ਅਤੇ ਜਿਹਨਾਂ ਨੇ ਲੋਕਤੰਤਰ ਦਾ ਘਾਣ ਕਰਨ ‘ਚ ਕਾਂਗਰਸ ਦਾ ਸਾਥ ਦਿਤਾ, ਸਮਾਂ ਆਉਣ ‘ਤੇ ਉਹਨਾਂ ਨਾਲ ਸਖਤੀ ਨਾਲ ਨਜਿਠਿਆ ਜਾਵੇਗਾ। ਉਹਨਾਂ ਦੋਸ਼ੀ ਅਧਿਕਾਰੀਆਂ ਨੂੰ ਅੰਦਰਝਾਤ ਮਾਰਨ ਦੀ ਸਲਾਹ ਦਿੱਤੀ ਤੇ ਕਿਹਾ ਕਿ ਕੀ ਉਹ ਧਕੇਸ਼ਾਹੀ ਅਤੇ ਲੋਕਤੰਤਰ ਦਾ ਘਾਣ ਕਰਕੇ ਸ਼ਹੀਦਾਂ ਦੇ ਸੁਪਨਿਆਂ ਦਾ ਅਪਮਾਨ ਨਹੀਂ ਕਰ ਰਹੇ ਹਨ? ਉਹਨਾਂ ਕਿਹਾ ਕਿ ਅੱਜ ਲੋਕਾਂ ਨੁੰ ਇਹ ਪਤਾ ਲਗ ਗਿਆ ਹੈ ਕਿ ਪੰਜਾਬ ‘ਚ ਕਾਂਗਰਸ ਨੁੰ ਟੱਕਰ ਦੇਣ ਲਈ ਮੈਦਾਨ ‘ਚ ਨਿਤਰਣ ਵਾਲੇ ਅਕਾਲੀ ਵਰਕਰ ਹੀ ਪੰਜਾਬ ਦੇ ਅਸਲ ਰਾਖੇ ਹਨ ਅਤੇ ਅਸਲੀ ਵਿਰੋਧੀ ਧਿਰ ਹਨ। ਉਨਾਂ ਦੱਸਿਆ ਕਿ ਚੋਣਾਂ ‘ਚ ਕੇਜਰੀਵਾਲ ਦੀ ਪਾਰਟੀ ਨੇ ਕੋਈ ਉਮੀਦਵਾਰ ਖੜਾ ਨਾ ਕਰ ਕੇ ਅਤੇ ਆਪ ਦੀ ਬਾਗੀ ਧਿਰ ਸੁਖਪਾਲ ਖਹਿਰਾ ਅਤੇ ਸੰਧੂ ਗਰੁਪ ਨੇ ਕਾਂਗਰਸ ਦਾ ਸਮੱਰਥਨ ਕਰਕੇ ਆਪਣੇ ਚਿਹਰੇ ਬੇਨਕਾਬ ਕਰ ਲਏ ਹਨ। ਹਲਕਾ ਮਜੀਠਾ ਦੀਆਂ ਚਾਰੇ ਜਿਲ੍ਹਾ ਪ੍ਰੀਸ਼ਦ ਅਤੇ 32 ‘ਚੋਂ 28 ਬਲਾਕ ਸੰਮਤੀ ਸੀਟਾਂ ਜਿੱਤਣ ਨਾਲ ਪੂਰੇ ਪੰਜਾਬ ‘ਚ ਸ: ਬਿਕਰਮ ਸਿੰਘ ਮਜੀਠੀਆ ਦਾ ਲੋਕ ਆਗੂ ਵਜੋਂ ਸਿਆਸੀ ਕਦ ਹੋਰ ਵੱਧਿਆ ਹੈ। ਮਜੀਠਾ ‘ਚ ਕਾਂਗਰਸ ਵਲੋਂ ਧਕੇਸ਼ਾਹੀਆਂ ਅਤੇ ਅਕਾਲੀ ਵਰਕਰਾਂ ‘ਤੇ ਹਰ ਤਰ੍ਹਾਂ ਦਾ ਦਬਾਅ ਪਾਉਣ ਦੇ ਬਾਵਜੂਦ ਸ: ਮਜੀਠੀਆ ਦਾ ਝੰਡਾ ਬੁਲੰਦ ਰਿਹਾ। ਇਸ ਮੌਕੇ ਜਿਲਾ ਪ੍ਰੀਸ਼ਦ ਦੇ ਜੇਤੂ ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਗੁਰਮੀਤ ਕੌਰ ਅਲਕੜੇ, ਗੁਰਮੀਤ ਕੌਰ ਕਲੇਰ ਅਤੇ ਸਕੱਤਰ ਸਿੰਘ ਮਿੰਟੂ ਮਰੜੀ ਆਦਿ ਨੁੰ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਤਲਬੀਰ ਸਿੰਘ ਗਿੱਲ, ਯੋਧਾ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀ ਵਿੰਡ, ਅਮਨਦੀਪ ਸਿੰਘ ਜੈਤੀਪੁਰ, ਪ੍ਰਮਜੀਤ ਸਿੰਘ ਜੈਤੀਪੁਰ, ਮਲੂਕ ਸਿੰਘ ਫਤੂਭੀਲਾ ਆਦਿ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>