ਅੰਧਵਿਸ਼ਵਾਸ਼ੀਆਂ ਦੇ ਕਿੱਸੇ

ਆਪਣਾ ਭਾਰਤ ਦੁਨੀਆਂ ਵਿੱਚ ਸਭ ਤੋਂ ਪਛੜੇ ਹੋਏ ਮੁਲਕਾਂ ਵਿੱਚੋਂ ਇੱਕ ਹੈ। ਇਸਦੇ ਦੋ ਕਾਰਨ ਹਨ। ਪਹਿਲਾ ਇੱਥੋਂ ਦੇ ਲੋਕ ਬਹੁਤ ਹੀ ਅੰਧਵਿਸ਼ਵਾਸੀ ਹਨ। ਦੂਸਰਾ, ਇਸ ਦੀ ਆਬਾਦੀ ਬਹੁਤ ਜ਼ਿਆਦਾ ਹੈ। ਇੱਥੇ ਸਮੇਂ-ਸਮੇਂ ਰਹੀਆਂ ਸਰਕਾਰਾਂ ਇਹਨਾਂ ਕਾਰਨਾਂ ਨੂੰ ਦੂਰ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦੀਆਂ। ਜੇ ਉਹ ਲੋਕਾਂ ਦੇ ਅੰਧਵਿਸ਼ਵਾਸਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਹਨ ਤਾਂ ਲੋਕਾਂ ਨੇ ਜਾਗ ਪੈਣਾ ਹੈ। ਲੋਕਾਂ ਦੇ ਜਾਗਣ ਦਾ ਇਸ਼ਾਰਾ ਵੀ ਹਾਕਮਾਂ ਨੂੰ ਕੰਬਣੀਆਂ ਛੇੜ ਦਿੰਦਾ ਹੈ। ਜੇ ਆਬਾਦੀ ਵੱਧ ਹੋਵੇਗੀ, ਅਨਪੜ੍ਹਤਾ ਤੇ ਅੰਧਵਿਸ਼ਵਾਸ ਤਾਂ ਰਹਿਣਗੇ ਹੀ। ਸੋ ਮੌਕਾਪ੍ਰਸਤ ਸਰਕਾਰਾਂ ਨੇ ਤਾਂ ਹਰ ਕੰਮ ਲੋਕ ਵਿਰੋਧੀ ਹੀ ਕਰਨਾ ਹੁੰਦਾ ਹੈ। ਲੋਕਾਂ ਦੀ ਅੰਧਵਿਸ਼ਵਾਸੀ ਦਾ ਅੰਦਾਜ਼ਾ ਤੁਹਾਨੂੰ ਹੇਠ ਲਿਖੀਆਂ ਘਟਨਾਵਾਂ ਤੋਂ ਹੀ ਲੱਗ ਜਾਂਦਾ ਹੈ।

ਕਲਕੱਤੇ ਦੇ ਨਜ਼ਦੀਕੀ ਸ਼ਹਿਰ ਦੇ ਜੈ ਪ੍ਰਕਾਸ਼ ਤਿਵਾੜੀ ਨੂੰ ਸੁਪਨੇ ਵਿੱਚ ‘ਮਾਂ ਸ਼ੇਰਾਂਵਾਲੀ’ ਦੇ ਦਰਸ਼ਨ ਹੋ ਗਏ। ਤਿਵਾੜੀ ਨੇ ਕਿਹਾ ਹੈ, ‘‘ਜੇ ਮੈਂ ਸ਼ੇਰ ਦੇ ਗਲ਼ ਵਿੱਚ ਹਾਰ ਪਾ ਕੇ ਤੇ ਉਸਦੀ ਪਿੱਠ ’ਤੇ ਸਵਾਰੀ ਕਰਕੇ ਬੰਸਰੀ ਵਜਾਵਾਂ ਤਾਂ ਮੈਨੂੰ ਚਮਤਕਾਰੀ ਸ਼ਕਤੀਆਂ ਪ੍ਰਾਪਤ ਹੋ ਜਾਣਗੀਆਂ।’’ ਉਸਦੇ ਬਾਪ ਨੇ ਉਸਨੂੰ ਰੋਕਣ ਲਈ ਖ਼ੁਦਕੁਸ਼ੀ ਕਰਨ ਦੀ ਧਮਕੀ ਤੱਕ ਦਿੱਤੀ। ਉਹ ਕਹਿਣ ਲੱਗਿਆ ‘‘ਤੇਰਾ ਸਸਕਾਰ ਮੈਂ ਆ ਕੇ ਹੀ ਕਰਾਂਗਾ’’ ਇਸ ਤਰ੍ਹਾਂ  ਆਪਣੀ ਪਤਨੀ ਤੇ ਬੱਚਿਆਂ ਨੂੰ ਠੋਕਰ ਮਾਰ ਕੇ ਉਹ ਆਪਣੇ ਦੋਸਤ ਨੂੰ ਨਾਲ ਲੈ ਕੇ ਅਲੀਗੜ੍ਹ ਚਿੜੀਆ ਘਰ ਵਿੱਚ ਪਹੁੰਚ ਗਿਆ। ਚਿੜੀਆ ਘਰ ਦੇ ਪ੍ਰਬੰਧਕਾਂ ਨੇ ਸ਼ੇਰ ਦੇ ਪਿੰਜਰੇ ਦੇ ਆਲੇ-ਦੁਆਲੇ ਪਾਣੀ ਦੀ ਇੱਕ ਡੂੰਘੀ ਖਾਈ ਤੇ ਲੋਹੇ ਦਾ  ਉਚਾ ਜੰਗਲਾ ਬਣਾਇਆ ਹੋਇਆ ਸੀ। ਇੱਕ ਬੋਹੜ ਦੇ ਦਰੱਖਤ ਦੀਆਂ ਟਾਹਣੀਆਂ ਫੜ ਕੇ ਦੋਵੇਂ ਜਣੇ ਸ਼ੇਰ ਦੇ ਪਿੰਜਰੇ ਦੇ ਕੋਲ ਪੁੱਜ ਗਏ। ਸ਼ੇਰ ਆਦਮ ਖੋਰ ਨਹੀਂ ਸੀ। ਉਥੇ ਹਾਜ਼ਰ ਲੋਕਾਂ ਅਨੁਸਾਰ ਸ਼ੇਰ ਨੇ ਉਹਨਾਂ ਨੂੰ ਵਾਪਸ ਜਾਣ ਦੇ ਕਈ ਮੌਕੇ ਦਿੱਤੇ। ਪਰ ਜਦੋਂ ਉਹ ਨਾ ਹਟੇ ਤਾਂ ਸ਼ੇਰ ਨੇ ਅਜਿਹਾ ਝਪਟਾ ਮਾਰਿਆ ਕਿ ਤਿਵਾੜੀ ਜੀ ਤਾਂ ਉਥੇ ਹੀ ਦਮ ਤੋੜ ਗਏ ਤੇ ਉਸਦਾ ਮਿੱਤਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਜਾ ਪੁੱਜਾ।

ਪੰਜਾਬ ਦੇ ਲੋਕ ਕਿਹੜਾ ਘੱਟ ਅੰਧਵਿਸ਼ਵਾਸੀ ਨੇ? ਇੱਥੋਂ ਦੇ ਪਸ਼ੂ ਵਿਕਸਿਤ ਦੇਸ਼ਾਂ ਦੇ ਪਸ਼ੂਆਂ ਦੇ ਮੁਕਾਬਲੇ ਤੀਸਰਾ ਹਿੱਸਾ ਦੁੱਧ ਹੀ ਦਿੰਦੇ ਹਨ ਕਿਉਂਕਿ ਦੇਸ਼ ਦੇ ਨਾਗਰਿਕਾਂ ਦਾ ਧਿਆਨ ਪਸ਼ੂਆਂ ਦੇ ਦੁੱਧ ਵਧਾਉਣ ਵਾਲੀਆਂ ਖ਼ੁਰਾਕਾਂ, ਨਸਲਾਂ ਜਾਂ ਵਾਤਾਵਰਣ ਦੀਆਂ ਹਾਲਤਾਂ ਵੱਲ ਨਹੀਂ, ਸਗੋਂ ਧਿਆਨ ਇਸ ਗੱਲ ਵੱਲ ਹੈ ਕਿ ਉਹਨਾਂ ਨੇ ਆਪਣੇ ਗਾਹਕਾਂ ਦੀਆਂ ਜੇਬ੍ਹਾਂ ਅਤੇ ਸਿਹਤਾਂ ਨੂੰ ਨੁਕਸਾਨ ਕਿਵੇਂ ਪਹੁੰਚਾਉਣਾ ਹੈ। ਦੁੱਧ ਉਤਾਰਨ ਲਈ ਪਸ਼ੂਆਂ ਦੇ ਟੀਕਿਆਂ ਦੀ ਬੇਥਾਹ ਵਰਤੋਂ ਕੀਤੀ ਜਾਂਦੀ ਹੈ। ਇਹ ਦਵਾਈਆਂ ਮਨੁੱਖਾਂ ਦੇ ਸਰੀਰਾਂ ਵਿੱਚ ਦੁੱਧ ਰਾਹੀਂ ਪੁੱਜ ਜਾਂਦੀਆਂ ਹਨ।

ਦੁਰਾਹੇ ਦੇ ਨਜ਼ਦੀਕ ਪਿੰਡ ਘੁਡਾਣੀ ਖੁਰਦ ਦੇ ਭਿੰਦਰ ਨੇ ਪੰਦਰਾਂ ਹਜ਼ਾਰ ਖ਼ਰਚ ਕੇ ਨਵੀਂ ਮੱਝ ਖਰੀਦ ਲਈ। ਅੰਧਵਿਸ਼ਵਾਸੀ ਲੋਕ ਸੋਚਦੇ ਨੇ ਕਿ ਜੇ ਮੱਝ ਦੇ ਅੱਗੇ ਸ਼ਗਨ ਵਜੋਂ ਸੋਨਾ ਰੱਖਿਆ ਜਾਵੇ ਤਾਂ ਮੱਝ ਘਰ ਨੂੰ ਰੰਗ ਭਾਗ ਲਾ ਦਿੰਦੀ ਹੈ। ਇਹ ਸੋਚ ਕੇ ਉਸਨੇ ਆਪਣਾ ਢਾਈ ਤੋਲੇ ਦਾ ਸੋਨੇ ਦਾ ਕੜਾ ਗੁੜ ਦੇ ਨਾਲ ਹੀ ਮੱਝ ਅੱਗੇ ਰੱਖ ਦਿੱਤਾ। ਮੱਝ ਨੇ ਗੁੜ ਤਾਂ ਖਾਣਾ ਹੀ ਸੀ ਤੇ ਕੜਾ ਵੀ ਅੰਦਰ ਲੰਘਾ ਗਈ। ਪਰਿਵਾਰ ਦੇ ਮੈਂਬਰ ਕਾਫ਼ੀ ਦਿਨ ਮੱਝ ਦੇ ਦੁੱਧ ਦੀ ਬਜਾਏ ਗੋਹੇ ਵੱਲ ਜ਼ਿਆਦਾ ਧਿਆਨ ਦੇ ਰਹੇ ਸਨ। ਮੱਝ ਨੂੰ ਲਿਜਾ ਕੇ ਐਕਸਰੇ ਕਰਵਾਉਣਾ ਉਹਨਾਂ ਦੀ ਸਮਰੱਥਾ ਤੋਂ ਬਾਹਰ ਸੀ।

ਮੇਰੇ ਦੇਸ਼ ਦੇ ਲੋਕ ਇਹ ਨਹੀਂ ਜਾਣਦੇ ਕਿ ਮਕਾਨ ਇੱਟਾਂ ਪੱਥਰਾਂ ਨਾਲ ਨਹੀਂ ਬਣਦਾ, ਸਗੋਂ ਘਰ ਵਿੱਚ ਰਹਿਣ ਵਾਲੇ ਜੀਆਂ ਨਾਲ ਬਣਦਾ ਹੈ। ਜੇ ਘਰ ਵਿੱਚ ਰਹਿਣ ਵਾਲੇ ਜੀਆਂ ਵਿੱਚ ਪਿਆਰ ਤੇ ਵਿਸ਼ਵਾਸ ਹੋਵੇ ਤਾਂ ਕੁੱਲੀ ਵੀ ਮਹਿਲ ਬਣ ਜਾਂਦੀ ਹੈ, ਨਹੀਂ ਤਾਂ ਸ਼ਾਹੀ ਮਹਿਲ ਵੀ ਸੂਰਾਂ ਦੇ ਵਾੜੇ ਹੀ ਹੋ ਨਿਬੜਦੇ ਹਨ। ਜਿਵੇਂ ਨੇਪਾਲ ਦੇ ਸ਼ਾਹੀ ਮਹਿਲ ਦੀ ਉਦਾਹਰਣ ਤੁਹਾਡੇ ਸਾਹਮਣੇ ਹੈ। 1 ਜੂਨ 2001 ਨੂੰ ਮਹਿਲ ਵਿੱਚ ਰਾਜ ਕੁਮਾਰ ਨੇ ਪਰਿਵਾਰ ਦੇ ਦਸ ਮੈਂਬਰਾਂ ਨੂੰ ਗੋਲੀ ਮਾਰਕੇ ਖ਼ੁਦ ਨੂੰ ਵੀ ਗੋਲੀ ਮਾਰ ਲਈ ਸੀ।

ਲੁਧਿਆਣੇ ਦੀ ਇੱਕ ਅਮੀਰ ਬਸਤੀ ਵਿੱਚ ਇੱਕ ਅਮੀਰਜ਼ਾਦੇ ਨੇ ਕਰੋੜਾਂ ਰੁਪਏ ਖ਼ਰਚ ਕੇ ਨਵੀਂ ਕੋਠੀ ਪੁਆਈ। ਲਾਈਲੱਗ ਵਿਅਕਤੀ ਕਿਸੇ ਪੰਡਤ ਜੀ ਕੋਲ ਮਹੂਰਤ ਕਢਵਾਉਣ ਚਲਿਆ ਗਿਆ। ਪੰਡਤ ਜੀ ਕਹਿਣ ਲੱਗੇ, ‘‘ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ ਗਊ ਮਾਤਾ ਦਾ ਪ੍ਰਵੇਸ਼ ਕਰਵਾਉ ਤੇ ਘਰ ਨੂੰ ਨਜ਼ਰ ਤੋਂ ਬਚਾਉਣ ਲਈ ਉਸਦਾ ਗੋਹਾ ਤੇ ਮੂਤਰ ਕੋਠੀ ਵਿੱਚ ਕਰਵਾਉ।’’ ਗਊ ਨੇ ਪੇਸ਼ਾਬ ਤਾਂ ਸਹਿਜੇ ਹੀ ਕਰ ਦਿੱਤਾ, ਪਰ ਗੋਹਾ ਨਾ ਕੀਤਾ। ਤਾਂ ਗਊ ਮਾਲਕ ਨੇ ਸੋਚਿਆ ਪੂਰੇ ਪੈਸੇ ਤਾਂ ਤਦ ਹੀ ਮਿਲਣਗੇ ਜੇ ਗਾਂ ਗੋਹਾ ਕਰੇਗੀ। ਸਿੱਟੇ ਵਜੋਂ ਉਸਨੇ ਗਾਂ ਦੀ ਕੁੱਟ ਮਾਰ ਸ਼ੁਰੂ ਕਰ ਦਿੱਤੀ। ਅਜੀਬ ਮਾਹੌਲ ਵਿੱਚ ਗਾਂ ਅਜਿਹਾ ਤ੍ਰਬਕੀ ਕਿ ਉਸਨੇ ਡਰਾਇੰਗ ਰੂਮ ਦੇ ਦਰਵਾਜ਼ੇ ਤੇ ਖਿੜਕੀਆਂ ਚਕਨਾ ਚੂਰ ਕਰ ਦਿੱਤੀਆਂ। ਲੋਕ ਪਰਿਵਾਰ ਵਾਲਿਆਂ ਨੂੰ ਤਸੱਲੀ ਦੇ ਰਹੇ ਸਨ ਕਿ ਇਹ ਸ਼ਗਨ ਵੀ ਚੰਗਾ ਹੀ ਹੋਇਆ ਹੈ।

ਠੱਗਾਂ ਦੀ ਵੀ ਇਸ ਦੇਸ਼ ਵਿੱਚ ਕਮੀ ਨਹੀਂ। ਅਰਬਾਂ ਰੁਪਏ ਦੇ ਮਾਲਕ ਵੀ ਵੱਡੀਆਂ-ਵੱਡੀਆਂ ਠੱਗੀਆਂ ਮਾਰ ਰਹੇ ਹਨ। ਦੂਜੇ ਪਾਸੇ, ਤੁਹਾਨੂੰ ਕੁਝ ਗ਼ਰੀਬ ਵਿਅਕਤੀ ਵੀ ਆਪਣੇ ਪੇਟ ਦੀ ਖ਼ਾਤਰ ਲੋਕਾਂ ਦੀਆਂ ਜੇਬਾਂ ਕੁਤਰਦੇ ਨਜ਼ਰ ਪੈਣਗੇ। ਸਾਈ ਬਾਬੇ ਦੀ ਉਦਾਹਰਣ ਹੀ ਲੈ ਲਵੋ। ਜੇ ਉਸਦੇ ਟਰੱਸਟ ਦੀ ਸੰਪਤੀ ਵੇਚਣੀ ਹੋਵੇ ਤਾਂ ਪੰਜਾਬ ਦੇ ਸਾਢੇ ਬਾਰਾਂ ਹਜ਼ਾਰ ਪਿੰਡਾਂ ਨੂੰ ਚਾਰ-ਚਾਰ ਕਰੋੜ ਰੁਪਏ ਦੀ ਰਾਸ਼ੀ ਆ ਜਾਵੇਗੀ। ਜਿਸ ਨਾਲ ਹਰ ਪਿੰਡ ਵਿੱਚ ਹਸਪਤਾਲ, ਸਕੂਲ ਤੇ ਕਮਿਊਨਿਟੀ ਸੈਂਟਰ ਬਣ ਸਕਦੇ ਹਨ ਤੇ ਹਰ ਪਿੰਡ ਵਧੀਆ ਸੜਕਾਂ ਨਾਲ ਜੁੜਿਆ ਹੋਵੇਗਾ।

ਸਾਈ ਬਾਬੇ ਨੇ ਆਪਣੇ ਬਚਪਨ ਵਿੱਚ ਹੀ ਆਪਣੇ ਚਾਚੇ ਰਾਜੂ ਤੋਂ ਕੁਝ ਅਜਿਹੇ ਟਰਿੱਕ ਸਿੱਖ ਲਏ, ਜਿੰਨ੍ਹਾਂ ਦੀ ਵਰਤੋਂ ਕਰਕੇ ਉਹ ਕਰੋੜਾਂ ਚੇਲਿਆਂ ਤੇ ਅਰਬਾਂ ਦੀ ਸੰਪਤੀ ਦਾ ਮਾਲਕ ਬਣ ਗਿਆ। ਉਸਦੇ ਰਹਿ ਚੁੱਕੇ ਵਿਦੇਸ਼ੀ ਚੇਲਿਆਂ ਨੇ ਉਸਦੀਆਂ ਸਮ¦ਿਗਕ ਰੁਚੀਆਂ ਨੂੰ ਆਪਣੀਆਂ ਕਿਤਾਬਾਂ ਵਿੱਚ ਉਜਾਗਰ ਕੀਤਾ ਹੈ। ਉਸਦੀਆਂ ਕਈ ਚਲਾਕੀਆਂ ਤਰਕਸ਼ੀਲਾਂ ਨੇ ਅਨੇਕਾਂ ਵਾਰ ਫੜੀਆਂ ਹਨ। ਆਪਣੀਆਂ ਚਲਾਕੀਆਂ ਦੇ ਉਜਾਗਰ ਹੋਣ ਕਰਕੇ ਹੀ ਉਸਨੇ ਬੈ¤ਡ ਰੂਮ ਵਿੱਚ ਪੰਜ ਵਿਅਕਤੀਆਂ ਨੂੰ ਗੋਲੀਆਂ ਮਾਰਕੇ ਹਲਾਕ ਕਰ ਦਿੱਤਾ ਸੀ। ਪਰ ਭਾਰਤ ਸਰਕਾਰ ਰਾਹੀਂ ਅਦਾਲਤੀ ਕਾਰਵਾਈਆਂ ਵਿੱਚ ਆਪਣਾ ਜ਼ੋਰ ਹੋਣ ਕਰਕੇ ਕੋਈ ਵੀ ਉਸਦਾ ਕੱਖ ਨਾ ਵਿਗਾੜ ਸਕਿਆ।

ਉਸਦੇ ਬਹੁਤ ਸਾਰੇ ਚੇਲੇ ਅੱਜ ਦੇ ਵਿਗਿਆਨਕ ਯੁੱਗ ’ਚ ਵੀ ਉਸ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹਨ ਤੇ ਸਮਝਦੇ ਹਨ ਕਿ ਉਸਦੀ ਫੋਟੋ ਵਿੱਚੋਂ ਰਾਖ ਪ੍ਰਗਟ ਹੁੰਦੀ ਹੈ। ਮੈਂ ਆਪਣੀ ਰਿਸ਼ਤੇਦਾਰੀ ਵਿੱਚੋਂ ਉਸਦੇ ਇੱਕ ਭਗਤ ਨੂੰ ਇਹ ਰਾਖ ਪ੍ਰਗਟ ਕਰਕੇ ਵੀ ਵਿਖਾਈ ਸੀ। ਅਸਲ ਵਿੱਚ ਮਰਕਿਊਰਿਕ ਕਲੋਰਾਈਡ ਇੱਕ ਅਜਿਹਾ ਪਦਾਰਥ ਹੈ, ਜਿਸਨੂੰ ਕਿਸੇ ਐਲੂਮੀਨੀਅਮ ਦੇ ਫੋਟੋ ਫਰੇਮ ’ਤੇ ਲਾ ਦਿੱਤਾ ਜਾਵੇ ਤਾਂ ਇਸ ਵਿੱਚੋਂ ਰਾਖ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਅੰਧਵਿਸ਼ਵਾਸੀ ਇਸਨੂੰ ਬਾਬੇ ਦੀ ਕਰਾਮਾਤ ਹੀ ਸਮਝਦੇ ਹਨ।

ਆਪਣੀ ਸਕੂਲੀ ਪੜ੍ਹਾਈ ਵਿੱਚ ਬਹੁਤਿਆਂ ਨੇ ਪੜ੍ਹਿਆ ਹੋਵੇਗਾ ਕਿ ਜੇ ਆਬਨੂਸ ਦੇ ਡੰਡੇ ਨੂੰ ਬਿੱਲੀ ਦੀ ਖੱਲ ਨਾਲ ਰਗੜਿਆ ਜਾਵੇ ਜਾਂ ਕੰਚ ਦੇ ਡੰਡੇ ਨੂੰ ਰੇਸ਼ਮੀ ਰੁਮਾਲ ਨਾਲ ਰਗੜਿਆ ਜਾਵੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਰਗੜ ਬਿਜਲੀ ਪੈਦਾ ਹੋ ਜਾਂਦੀ ਹੈ। ਤੁਸੀਂ ਇਹ ਘਰੇ ਵੀ ਕਰਕੇ ਦੇਖ ਸਕਦੇ ਹੋ। ਪੈ¤ਨ ਲੈ ਕੇ ਇਸਨੂੰ ਆਪਣੇ ਸਿਰ ਦੇ ਵਾਲਾਂ ਨਾਲ ਰਗੜਨ ਤੇ ਵੇਖੋਗੇ ਕਿ ਪੈ¤ਨ ਕਾਗਜ਼ ਦੇ ਛੋਟੇ-ਛੋਟੇ ਟੁਕੜਿਆਂ ਨੂੰ ਆਪਣੇ ਵੱਲ ਖਿੱਚਣ ਲੱਗ ਜਾਵੇਗਾ। ਇਹ ਹੋਰ ਕੁਝ ਨਹੀਂ ਤੁਹਾਡੇ ਹੱਥਾਂ ਦੀ ਊਰਜਾ ਨੇ ਪੈਨ ਵਿੱਚ ਰਗੜ ਬਿਜਲੀ ਪੈਦਾ ਕਰ ਦਿੱਤੀ ਹੈ। ਮੇਰੇ ਦੇਸ਼ ਦੇ ਲੋਕ ਅਜਿਹੀਆਂ ਗੱਲਾਂ ਤੋਂ ਡਰ ਰਹੇ ਸਨ। ਪੰਜਾਬ ਵਿੱਚ ਕਈ ਥਾਈਂ ਸਾਨੂੰ ਸਾਧਾਂ-ਸੰਤਾਂ ਦੁਆਰਾ ਅਜਿਹੇ ਲੋਕਾਂ ਤੋਂ ਲੁੱਟੇ ਹੋਏ ਪੈਸੇ ਵੀ ਵਾਪਸ ਕਰਵਾਉਣੇ ਪਏ ਹਨ।

ਬਰਨਾਲੇ ਦੀ ਦਾਣਾ ਮੰਡੀ ਤੋਂ ਥੋੜ੍ਹਾ ਜਿਹਾ ਅਗਾਂਹ ਇੱਕ ਗਰੀਬ ਕਿਸਾਨ ਨੇ ਖੇਤਾਂ ਵਿੱਚ ਆਪਣਾ ਘਰ ਬਣਾਇਆ ਹੋਇਆ ਸੀ। ਉਸਦੀ ਪਤਨੀ ਜਾਂ ਬੇਟੀ ਜਦੋਂ ਵੀ ਆਟਾ ਛਾਣਦੀਆਂ ਤਾਂ ਪਰਾਂਤ ਵਿੱਚੋਂ ਚੰਗਿਆੜੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ। ਬਰਨਾਲੇ ਦੇ ਇੱਕ ਫੂਡ ਕਾਰਪੋਰੇਸ਼ਨ ਦੇ ਮੁਲਾਜ਼ਮ ਰਾਹੀਂ ਉਸ ਪਰਿਵਾਰ ਨੂੰ ਮੇਰੇ ਨਾਲ ਮਿਲਾਇਆ ਗਿਆ। ਉਸ ਪਰਿਵਾਰ ਨੇ ਹਜ਼ਾਰਾਂ ਰੁਪਏ ਪਰਾਂਤ ਵਿੱਚੋਂ ਭੂਤ ਕੱਢਣ ਦੇ ਕਾਰਨ ਸਾਧਾਂ ਸੰਤਾਂ ਨੂੰ ਖੁਆ ਦਿੱਤੇ ਸਨ। ਜਦੋਂ ਮੈਂ ਜਾ ਕੇ ਉਸ ਪਰਿਵਾਰ ਦੀ ਵਿਥਿਆ ਸੁਣੀ ਤਾਂ ਮੈਂ ਪਰਾਂਤ ਹੇਠਾਂ ਰੱਖੀ ਹੋਈ ਪਲਾਸਟਿਕ ਦੀ ਪੀਪੀ ਨੂੰ ਚੁਕਵਾ ਕੇ ਪਰਾਂਤ ਨੂੰ ਹੇਠਾਂ ਜ਼ਮੀਨ ਤੇ ਰਖਵਾ ਦਿੱਤਾ ਤੇ ਪਰਾਂਤ ਵਿੱਚੋਂ ਚੰਗਿਆੜੀਆਂ ਨਿਕਲਣੀਆਂ ਤੁਰੰਤ ਹੀ ਬੰਦ ਹੋ ਗਈਆਂ। ਗੱਲ ਕੀ ਸੀ? ਛਾਨਣੀ ਨਾਲ ਆਟਾ ਛਾਣਦਿਆਂ ਆਟਾ ਰਗੜ ਖਾਂਦਾ- ਖਾਂਦਾ ਚਾਰਿਜਤ ਹੋ ਜਾਂਦਾ, ਹੇਠਾਂ ਪਲਾਸਟਿਕ ਦੀ ਪੀਪੀ ਰੱਖੀ ਹੋਣ ਕਾਰਨ ਉਹ ਕਰੰਟ ਜ਼ਮੀਨ ਵਿੱਚ ਨਾ ਜਾਂਦਾ। ਹੁਣ ਸਾਡੇ ਪੀਪੀ ਚੁਕਵਾ ਦੇਣ ਕਾਰਨ ਪਰਾਂਤ ਵਿੱਚੋਂ ਇਕੱਠੀ ਹੋਈ ਰਗੜ ਬਿਜਲੀ ਜ਼ਮੀਨ ਵਿੱਚ ਜਾਣ ਲੱਗ ਪਈ।

ਇਸ ਤਰ੍ਹਾਂ ਹੀ ਇੱਕ ਦਿਨ ਮੈਂ ਬੱਸ ਵਿੱਚ ਸਫ਼ਰ ਕਰ ਰਿਹਾ ਸਾਂ। ਇੱਕ ਵਿਅਕਤੀ ਦੰਦਾਂ ਦਾ ਘਰੇ ਬਣਾਇਆ ਹੋਇਆ ਮੰਜਣ ਹੀ ਲੋਕਾਂ ਨੂੰ ਵੇਚਣ ਦੀ ਖ਼ਾਤਰ ਦੰਦਾਂ ਵਿੱਚੋਂ ਕੀੜੇ ਕੱਢ ਕੇ ਵਿਖਾ ਰਿਹਾ ਸੀ। ਉਹ ਜਦੋਂ ਵੀ ਕਿਸੇ ਵਿਅਕਤੀ ਦੇ ਮੂੰਹ ਵਿੱਚ ਇੱਕ ਸਿਲਾਈ ਪਾਉਂਦਾ ਤਾਂ ਉਸ ਨਾਲ ਦੋ ਕੀੜੇ ਚਿੰਬੜੇ ਹੁੰਦੇ। ਇਹਨਾਂ ਕੀੜਿਆਂ ਦੇ ਕਈ ਟੰਗਾਂ ਵੀ ਖੜ੍ਹੀਆਂ ਨਜ਼ਰ ਆਉਂਦੀਆਂ। ਮੈਨੂੰ ਇਸ ਗੱਲ ਦਾ ਪਤਾ ਸੀ ਕਿ ਦੰਦਾਂ ਵਿੱਚ ਟੰਗਾਂ ਵਾਲੇ ਕੀੜੇ ਨਹੀਂ ਹੁੰਦੇ, ਸਗੋਂ ਇਹ ਤਾਂ ਬੈਕਟੀਰੀਆਂ ਹੁੰਦਾ ਹੈ ਜੋ ਨੰਗੀ ਅੱਖ ਨਾਲ ਨਜ਼ਰ ਆ ਹੀ ਨਹੀਂ ਸਕਦਾ। ਮੈਂ ਉਸ ਬੱਸ ਵਿੱਚ ਸਫ਼ਰ ਕਰਦੇ ਲੋਕਾਂ ਨੂੰ ਦੱਸਿਆ ਤੇ ਦਿਖਾਇਆ ਕਿ ਉਹ ਸਿਲਾਈਆਂ ਨਾਲ ਉਟਾਕਨ ਦੇ ਬੀਜ ਚੰਬੇੜ ਲੈਂਦਾ ਹੈ ਤੇ ਇਹਨਾਂ ਬੀਜਾਂ ਦੀ ਇਹ ਸਿਫ਼ਤ ਹੁੰਦੀ ਹੈ ਕਿ ਗਿੱਲਾ ਹੋਣ ਨਾਲ ਇਹਨਾਂ ਬੀਜਾਂ ਦਾ ਮੂੰਹ ਖੁੱਲ੍ਹ ਜਾਂਦਾ ਹੈ ਇਸ ਵਿੱਚ ਨਿੱਕੇ-ਨਿੱਕੇ ਵਾਲ ਖੜ੍ਹੇ ਹੋ ਜਾਂਦੇ ਹਨ, ਜੋ ਟੰਗਾਂ ਵਾਲੇ ਕੀੜੇ ਦੀ ਤਰ੍ਹਾਂ ਨਜ਼ਰ ਆਉਂਦੇ ਹਨ। ਉਟਾਕਨ ਦੇ ਬੀਜ ਪਨਸਾਰੀ ਦੀ ਦੁਕਾਨ ਤੋਂ ਆਮ ਹੀ ਮਿਲ ਜਾਂਦੇ ਹਨ।  ਕੁੱਝ ਸਮਾਂ ਪਹਿਲਾਂ ਸਾਡੀ ਸੁਸਾਇਟੀ ਦੇ ਬਜ਼ੁਰਗ ਆਗੂ ਆਰ.ਪੀ. ਗਾਂਧੀ ਨੂੰ ਅਜਿਹੇ ਹੀ ਇੱਕ ਸੰਤ ਦਾ ਸਾਹਮਣਾ ਕਰਨਾ ਪਿਆ, ਜਿਹੜਾ ਉਪਰੋਕਤ ਬੀਜਾਂ ਨਾਲ ਹੀ ਲੋਕਾਂ ਦੀ ਲੁੱਟ-ਖਸੁੱਟ ਕਰ ਰਿਹਾ ਸੀ।

ਤਰਕਸ਼ੀਲ ਲਹਿਰ ਦੇ ਤੇਤੀ ਵਰ੍ਹਿਆਂ ਦੌਰਾਨ ਮੈਂ ਅਜਿਹੇ ਅਨਪੜ੍ਹ ਲੋਕਾਂ ਨੂੰ ਵੀ ਵੇਖਿਆ ਹੈ, ਜਿਨ੍ਹਾਂ ਨੇ ਵਿਗਿਆਨਕ ਸੋਚ ਅਪਣਾ ਕੇ ਹਰ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ ਅਤੇ ਮੈਂ ਪੜ੍ਹੇ-ਲਿਖੇ ਲੋਕਾਂ ਨੂੰ ਵੀ ਬੇਵਕੂਫ਼ ਬਣਦਿਆਂ ਤੱਕਿਆ ਹੈ। ਇਸ ਦੀ ਤਾਜ਼ਾ ਉਦਾਹਰਣ ਹਰਿਆਣਾ ਦੀ ਤਹਿਸੀਲ ਗੂਹਲਾ ਦੇ ਐਸ. ਡੀ. ਐਮ. ਹਨ। ਇਹ ਵਿਅਕਤੀ ਬਾਰਾਂ ਅਗਸਤ ਦੀ ਰਾਤ ਨੂੰ 9 ਵਜੇ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੂੰ ਨਾਲ ਲੈ ਕੇ ਪਿੰਡ ਧੀਡਲ ਵਿਖੇ ਨੰਗੇ ਪੈਰੀਂ ਪਹੁੰਚਿਆ ਅਤੇ ਮੰਤਰ ਪੜ੍ਹਨ ਲੱਗਿਆ। ਇਸ ਤੋਂ ਬਾਅਦ ਉਸ ਨੇ ਕੱਪੜੇ ਵਿੱਚ ਲਪੇਟੀਆਂ ਸੱਤ ਪੱਤਰੀਆਂ, 400 ਗ੍ਰਾਮ ਨਿੰਬੂ ਅਤੇ ਖੰਮਣੀ ਵਿੱਚ ਲਪੇਟਿਆ ਹੋਇਆ ਇੱਕ ਨਾਰੀਅਲ ਖੂਹ ਵਿੱਚ ਸੁੱਟ ਦਿੱਤਾ। ਉਸ ਨੂੰ ਇਹ ਕਾਰਾ ਕਰਦੇ ਹੋਏ ਕੁਝ ਪੇਂਡੂ ਲੋਕਾਂ ਨੇ ਵੇਖ ਲਿਆ। ਦੇਖਦੇ ਹੀ ਦੇਖਦੇ ਸੈਂਕੜੇ ਲੋਕ ਇਕੱਠੇ ਹੋ ਗਏ ਤਾਂ ਉਹਨਾਂ ਨੇ ਇਸ ਅਧਿਕਾਰੀ ਨੂੰ ਘੇਰ ਲਿਆ ਅਤੇ ਪੁਲਿਸ ਵੀ ਬੁਲਾ ਲਈ ਗਈ। ਪੇਂਡੂ ਲੋਕਾਂ ਦਾ ਕਹਿਣਾ ਸੀ ਕਿ ਇਸ ਅਧਿਕਾਰੀ ਨੇ ਖੂਹ ਦਾ ਪਾਣੀ ਅਸ਼ੁੱਧ ਕਰ ਦਿੱਤਾ ਹੈ। ਕੁਝ ਲੋਕਾਂ ਦਾ ਖ਼ਿਆਲ ਹੈ ਕਿ ਇਹ ਐਸ. ਡੀ. ਐਮ. ਹਰਿਆਣਾ ਸਿਵਲ ਸਰਵਿਸ ਤੋਂ ਤਰੱਕੀ ਪਾ ਕੇ ਇੰਡੀਅਨ ਐਡਮਿਨਸਟ੍ਰੇਸ਼ਨ ਸਰਵਿਸਿਜ਼ ਦੀ ਤਰੱਕੀ ਪਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਇੱਕ ਤਾਂਤਰਿਕ ਦੇ ਕਹਿਣ ’ਤੇ ਅਜਿਹਾ ਕੀਤਾ। ਹੁਣ ਪਿੰਡ ਵਾਲੇ ਚਾਹੁੰਦੇ ਸਨ ਕਿ ਇਸ ਖੂਹ ਦਾ ਪਾਣੀ ਬਦਲਿਆ ਜਾਵੇ ਤੇ ਸਭ ਤੋਂ ਪਹਿਲਾਂ ਇਸੇ ਅਧਿਕਾਰੀ ਨੂੰ ਪਿਲਾਇਆ ਜਾਵੇ। ਟੂਣੇ ਦੀ ਨਾ ਤਾਂ ਇਹ ਪਹਿਲੀ ਘਟਨਾ ਹੈ ਤੇ ਨਾ ਹੀ ਆਖ਼ਰੀ। ਸੁਆਲ ਤਾਂ ਇਹ ਖੜ੍ਹਾ ਹੁੰਦਾ ਹੈ ਕਿ ਪੜ੍ਹੇ-ਲਿਖੇ ਇਨਸਾਨ ਨੂੰ ਕੁਝ ਤਾਂਤਰਿਕ ਬੇਵਕੂਫ਼ ਕਿਵੇਂ ਬਣਾ ਜਾਂਦੇ ਹਨ? ਇਸ ਅਧਿਕਾਰੀ ਨੇ ਇਹ ਬਿਲਕੁਲ ਵੀ ਨਾ ਸੋਚਿਆ ਕਿ ਖੂਹ ਵਿੱਚ ਸੁੱਟੀਆਂ ਹੋਈਆਂ ਕੁਝ ਚੀਜ਼ਾਂ ਉਸ ਦੀ ਤਰੱਕੀ ਕਿਵੇਂ ਕਰਵਾਉਣਗੀਆਂ?
ਤਰਕਸ਼ੀਲ ਸੁਸਾਇਟੀ ਦੇ ਕੁਝ ਮੈਂਬਰਾਂ ਨੂੰ ਰਾਜਸਥਾਨ ਵਿੱਚ ਇੱਕ ਅਜੀਬ ਕੇਸ ਦਾ ਸਾਹਮਣਾ ਵੀ ਕਰਨਾ ਪਿਆ। ਇੱਕ ਪਿੰਡ ਦੀਆਂ ਦੋ ਸਕੀਆਂ ਭੈਣਾਂ ਦੂਸਰੇ ਪਿੰਡ ਦੇ ਦੋ ਸਕੇ ਭਰਾਵਾਂ ਨਾਲ ਵਿਆਹੀਆਂ ਹੋਈਆਂ ਸਨ। ਛੋਟੇ ਭਰਾ ਨੇ ਸ਼ਰਾਬ ਪੀਣ ਲਈ ਕੁਝ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਉਹ ਕਹਿਣ ਲੱਗਿਆ, ‘‘ਮੇਰੇ ਵਿੱਚ ‘ਕਾਕੋ ਜੀ’ (ਪਿਤਾ ਜੀ) ਦੀ ਰੂਹ ਆਉਂਦੀ ਹੈ। ਜੋ ਮੈਨੂੰ ਦਾਰੂ ਪੀਣ ਲਈ ਮਜ਼ਬੂਰ ਕਰਦੀ ਹੈ।’’ ਉਸਦਾ ਵੱਡਾ ਭਰਾ ਉਸ ਤੋਂ ਜ਼ਿਆਦਾ ਅੰਧਵਿਸ਼ਵਾਸੀ ਸੀ। ਉਸ ਵਿੱਚ ਵੀ ਵੇਖਾ-ਵੇਖੀ ‘ਕਾਕੋ ਜੀ’ ਦੀ ਰੂਹ ਆਉਣ ਲੱਗ ਪਈ। ਉਸਦੀ ਘਰਵਾਲੀ ਨੇ ਆਪਣੇ ਪਤੀ ਤੋਂ ਘੁੰਡ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਉਸਤੋਂ ਦੂਰ ਰਹਿਣ ਲੱਗੀ। ਘਰਵਾਲਾ ਜਦੋਂ ਉਸਨੂੰ ਆਪਣੇ ਕਮਰੇ ਵਿੱਚ ਸੌਣ ਲਈ ਆਖੇ ਤਾਂ ਉਹ ਕਹਿ ਦਿੰਦੀ, ‘‘ਥਾਰੇ ਮੇਂ ਕਾਕੋ ਜੀ ਆਵੈ, ਹਮੇ ਸ਼ਰਮ ਆਵੈ। ਹਮ ਕਿਆ ਕਰੇਂ।’’ ਇਸ ਤਰ੍ਹਾਂ ਸਥਿਤੀ ਹੋਰ ਵੀ ਗੰਭੀਰ ਹੋ ਗਈ। ਸੁਸਾਇਟੀ ਦੇ ਮੈਂਬਰਾਂ ਨੇ ਕਾਫੀ ਯਤਨ ਕਰਕੇ ਉਸ ਪਰਿਵਾਰ ਨੂੰ ਠੀਕ ਰਾਹ ’ਤੇ ਲਿਆਂਦਾ।

ਕਈ ਵਾਰ ਰੀਤੀ ਰਿਵਾਜਾਂ, ਧਾਰਮਿਕ ਮਾਨਤਾਵਾਂ ਅਤੇ ਵਿਆਹ ਸ਼ਾਦੀਆਂ ਦੇ ਮੌਕੇ ’ਤੇ ਲੜਕਾ-ਲੜਕੀ ਦੇ ਪਰਿਵਾਰ ਲਈ ਦੁਬਿਧਾ ਦੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ। ਅਜਿਹੀ ਹੀ ਇੱਕ ਦੁਵਿਧਾਪੂਰਨ ਸਥਿਤੀ ਦੇ ਹੂ-ਬ-ਹੂ ਮੁੰਬਈ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋ ਕੇ ਪਰਤੇ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਮੁੰਬਈ ਦੇ ਇੱਕ ਉਪ ਨਗਰ ਵਿੱਚ ਲਗਨ ਮੰਡਪ ਵਿੱਚ ਬੈਠੇ ਲੜਕਾ-ਲੜਕੀ ਅਤੇ ਉਨ੍ਹਾਂ ਦੇ ਘਰ ਵਾਲਿਆਂ ਦੇ ਉਦੋਂ ਹੋਸ਼ ਉਡ ਗਏ ਜਦੋਂ ਪੰਡਤ ਜੀ ਨੇ ਇਨ੍ਹਾਂ ਨੂੰ ਫੇਰਿਆਂ ਤੋਂ ਪਹਿਲਾਂ ਲੜਕੀ ਦੇ ਹੱਥੋਂ ਗਊ ਦਾਨ ਦੀ ਰਸਮ ਅਦਾ ਕਰਨ ਨੂੰ ਕਿਹਾ। ਲੜਕਾ-ਲੜਕੀ ਪਰਿਵਾਰ ਨੇ ਗਊ ਦਾ ਪ੍ਰਬੰਧ ਕੀਤਾ ਹੋਇਆ ਸੀ। ਪਰ ਬਿਲਡਿੰਗ ਦੀ 7ਵੀਂ ਮੰਜ਼ਿਲ ’ਤੇ ਲਗਨ ਮੰਡਪ ਤੱਕ ਗਊ ਲਿਆਉਣਾ ਸੰਭਵ ਨਹੀਂ ਸੀ ਕਿਉਂਕਿ ਬਿਲਡਿੰਗ ਦੀ ਲਿਫ਼ਟ ਦਾ ਆਕਾਰ ਉਸ ਦੇ ਮਾਪ ਦਾ ਨਹੀਂ ਸੀ। ਵਿਆਹ ਵਿੱਚ ਸ਼ਾਮਿਲ ਸਾਰੇ ਰਿਸ਼ਤੇਦਾਰਾਂ ਲਈ ਅਸੁਵਿਧਾ ਦੀ ਸਥਿਤੀ ਬਣ ਗਈ ਕਿਉਂਕਿ ਹਿੰਦੂ ਮਾਨਵਤਾ ਅਨੁਸਾਰ ਇੱਕ ਵਾਰ ਲੜਕਾ-ਲੜਕੀ ਦੇ ਮੰਡਪ ਵਿੱਚ ਬੈਠਣ ਦੇ ਬਾਅਦ ਉਨ੍ਹਾਂ ਨੂੰ ਉਦੋਂ ਤੱਕ ਨਹੀਂ ਉਠਾਇਆ ਜਾ ਸਕਦਾ ਜਦੋਂ ਤੱਕ ਫੇਰਿਆਂ ਦੀ ਰਸਮ ਪੂਰੀ ਨਾ ਹੋ ਜਾਵੇ। ਇਸ ਦੁਵਿਧਾ ਵਿੱਚ ਇੱਕ ਰਿਸ਼ਤੇਦਾਰ ਨੇ ਸਮੱਸਿਆ ਦੇ ਹੱਲ ਲਈ ਰਾਹ ਕੱਢਦੇ ਹੋਏ ਤੁਰੰਤ ਗਊ ਦੀ ਹੇਠਾਂ ਜਾ ਕੇ ਮੋਬਾਈਲ ਨਾਲ ਫੋਟੋ ਖਿੱਚੀ ਅਤੇ ਪੰਡਤ ਦੇ ਸਾਹਮਣੇ ਰੱਖ ਦਿੱਤੀ। ਪੰਡਤ ਨੇ ਵੀ ਗਊ ਦਾਨ ਲੈ ਕੇ ਅਤੇ ਤਥਾਅਸਤੂ ਕਹਿੰਦੇ ਹੋਏ ਮੋਬਾਈਲ ਜ਼ੇਬ ਵਿੱਚ ਪਾ ਲਿਆ ਅਤੇ ਫੇਰੇ ਸੰਪੰਨ ਕਰਵਾਏ। ਇਸ ਦੇ ਬਾਅਦ ਪੰਡਤ ਜੀ ਮੋਬਾਈਲ ਵਿੱਚ ਫੋਟੋ ਅਤੇ ਗਊ ਲੈ ਕੇ ਚੱਲ ਪਏ। ਮੋਬਾਈਲ ਫੋਨ ਲੜਕੀ ਦੇ ਪੱਖ ਦੇ ਇੱਕ ਰਿਸ਼ਤੇਦਾਰ ਦਾ ਸੀ, ਜੋ ਕਿ ਕਾਫ਼ੀ ਮਹਿੰਗਾ ਸੀ। ਇਸ ਦੇ ਬਾਅਦ ਡੋਲੀ ਦੀ ਵਿਦਾਈ ਤੱਕ ਪੰਡਤ ਜੀ ਨੂੰ ਲੱਭਿਆ ਗਿਆ। ਪਰ ਉਹ ਦੂਸਰੇ ਉਪ ਨਗਰ ਤੋਂ ਆਏ ਸਨ, ਜਿਸ ਕਾਰਨ ਉਨ੍ਹਾਂ ਨੂੰ ਲੱਭ ਸਕਣਾ ਮੁਸ਼ਕਿਲ ਸੀ। ਇਸ ਲਈ ਲੜਕੀ ਪੱਖ ਨੂੰ ਮੋਬਾਈਲ ਦੀ ਕੀਮਤ ਵੀ ਅਦਾ ਕਰਨੀ ਪੈਣੀ ਸੀ।

ਭਾਰਤ ਦੇ ਲੋਕਾਂ ਨੂੰ ਅੰਧਵਿਸ਼ਵਾਸ਼ ਦੀ ਦਲਦਲ ਵਿੱਚੋਂ ਬਾਹਰ ਕੱਢਣ ਦੀ ਜ਼ਿੰਮੇਵਾਰੀ ਭਾਰਤ ਤੇ ਪੰਜਾਬ ਸਰਕਾਰ ਦੀ ਹੈ। ਪਰ ਇਹ ਦੋਵੇਂ ਸਰਕਾਰਾਂ ਹੀ ਟੈਲੀਵਿਜ਼ਨ ਰਾਹੀਂ ਲੋਕਾਂ ਨੂੰ ਅੰਧਵਿਸ਼ਵਾਸ਼ ਦੀਆਂ ਖੁੱਡਾਂ ਵਿੱਚ ਧੱਕ ਰਹੇ ਹਨ। ਜਿਸ ਦੇਸ਼ ਵਿੱਚ ਵਾੜ ਹੀ ਖੇਤ ਨੂੰ ਖਾ ਰਹੀ ਹੋਵੇ ਉਸ ਦੇਸ਼ ਦੇ ਵਿਕਾਸ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ?

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>