ਦਿੱਲੀ ਕਮੇਟੀ ਆਗੂਆਂ ਨੇ ਜੀ.ਕੇ. ਦੇ ਅਸਤੀਫੇ ਦੀ ਖਬਰ ਨੂੰ ਨਕਾਰਿਆ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਕਮੇਟੀ ਪ੍ਰਧਾਨ ਦਾ ਅਹੁਦੇ ਛੱਡਣ ਦੀ ਮੀਡੀਆ ਦੇ ਕੁਝ ਹਲਕਿਆਂ ਵੱਲੋਂ ਚਲਾਈ ਗਈ ਖਬਰ ’ਤੇ ਕਮੇਟੀ ਦਾ ਸਪਸ਼ਟੀਕਰਨ ਸਾਹਮਣੇ ਆਇਆ ਹੈ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਮੈਂਬਰ ਚਮਨ ਸਿੰਘ ਨੇ ਅੱਜ ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ. ਵੱਲੋਂ ਰੁਝੇਵਿਆਂ ਕਰਕੇ ਆਪਣਾ ਕਾਰਜਭਾਰ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਕਾਲਕਾ ਨੂੰ ਸੌਂਪਣ ਦਾ ਦਾਵਾ ਕੀਤਾ।

ਕਾਲਕਾ ਨੇ ਕਿਹਾ ਕਿ 2013 ਅਤੇ 2017 ’ਚ ਜੀ.ਕੇ. ਦੇ ਚਿਹਰੇ ਨੂੰ ਸਾਹਮਣੇ ਰੱਖਕੇ ਅਸੀਂ ਕਮੇਟੀ ਚੋਣਾਂ ਜਿੱਤ ਕੇ ਆਏ ਹਾਂ। ਕਿਸੇ ਹਾਲਾਤ ’ਚ ਵੀ ਦਿੱਲੀ ਦੀ ਸੰਗਤ ਦੀ ਸੇਵਾ ਤੋਂ ਮੁਨਕਰ ਹੋਣਾ ਸਾਡੇ ਲਈ ਜਾਇਜ਼ ਨਹੀਂ ਹੈ। ਦੇਸ਼-ਵਿਦੇਸ਼ ’ਚ ਲੰਬੇ ਸਮੇਂ ਵਾਸਤੇ ਜਾਣ ਤੋਂ ਪਹਿਲਾਂ ਹਮੇਸ਼ਾ ਜੀ.ਕੇ. ਆਪਣਾ ਕਾਰਜਭਾਰ ਸੀਨੀਅਰ ਮੀਤ ਪ੍ਰਧਾਨ ਨੂੰ ਸੌਂਪ ਕੇ ਜਾਂਦੇ ਰਹੇ ਹਨ। ਪਰ ਵਿਰੋਧੀ ਧਿਰਾਂ ਨੇ ਇਸ ਆਮ ਕਾਰਵਾਈ ਨੂੰ ਸਿਆਸੀ ਰੰਗਤ ਦੇ ਕੇ ਆਪਣੀ ਸਿਆਸਤ ਚਮਕਾਉਣ ਦੀ ਕੋਝੀ ਹਰਕਤ ਕੀਤੀ ਹੈ। ਕਾਲਕਾ ਨੇ ਸਰਨਾ ਨੂੰ ਆਪਣੀ ਮੂਲ ਪਾਰਟੀ ਕਾਂਗਰਸ ’ਚ ਜਾਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਸਰਨਾ ਪਾਰਟੀ ਵੱਲੋਂ ਕੀਤੀਆਂ ਗਈਆਂ ਨਾਕਾਮੀਆਂ ਦੇ ਕਰਕੇ ਸੰਗਤ ਨੇ ਇਨ੍ਹਾਂ ਨੂੰ ਘਰ ਬਿਠਾ ਦਿੱਤਾ ਹੈ। ਇਸ ਕਰਕੇ ਝੂਠੇ ਪ੍ਰਚਾਰ ਕਰਨ ਦੀ ਥਾਂ ਅਗਲੀ ਕਮੇਟੀ ਚੋਣਾਂ ਲਈ ਇਨ੍ਹਾਂ ਨੂੰ ਤਿਆਰੀ ਕਰਨੀ ਚਾਹੀਦੀ ਹੈ।

ਅਮਰਜੀਤ ਨੇ ਵਿਰੋਧੀ ਧਿਰਾਂ ’ਤੇ 1984 ਦੇ ਕਾਤਲਾਂ ਨੂੰ ਬਚਾਉਣ ਵਾਸਤੇ ਕਮੇਟੀ ਪ੍ਰਧਾਨ ਦੇ ਖਿਲਾਫ਼ ਦੂਸ਼ਣਬਾਜੀ ਕਰਨ ਦਾ ਦੋਸ਼ ਲਗਾਇਆ। ਰਾਣਾ ਨੇ ਕਿਹਾ ਕਿ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਹਾਂ,ਇਸ ਕਰਕੇ ਪਾਰਟੀ ਦੀ ਨੀਤੀਆਂ ਦੇ ਖਿਲਾਫ਼ ਅਸੀਂ ਨਹੀਂ ਜਾ ਸਕਦੇ। ਜੀ.ਕੇ. ਦੀ ਤਰ੍ਹਾਂ ਸਾਡੇ ਮਨ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਬਾਰੇ ਰੋਸ਼ ਹੈ। ਪਰ ਇਸਤੇ ਸਿਆਸਤ ਕਰਨ ਦੀ ਥਾਂ ਸਭ ਨੂੰ ਅਸਲ ਦੋਸ਼ੀਆਂ ਨੂੰ ਪਕੜਨ ਵੱਲ ਧਿਆਨ ਦੇਣਾ ਚਾਹੀਦਾ ਹੈ।ਕਮੇਟੀ ਆਗੂਆਂ ਦੇ ਪ੍ਰਤੀਕਰਮ ਤੋਂ ਪਹਿਲਾ ਜੀ.ਕੇ. ਨੇ ਵੀ ਆਪਣੇ ਗ੍ਰਹਿ ਵਿਖੇ ਕੁਝ ਚੁਨਿੰਦਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਨਾ ਦੇਣ ਦਾ ਦਾਅਵਾ ਕੀਤਾ ਸੀ। ਹਾਲਾਂਕਿ ਜੀ.ਕੇ. ਨੇ ਕੁਝ ਮਸਲਿਆਂ ਨੂੰ ਲੈ ਕੇ ਪਾਰਟੀ ਦੀ ਮੌਜੂਦਾ ਹਾਈਕਮਾਨ ਅਤੇ ਸੀਨੀਅਰ ਆਗੂਆਂ ਵਿੱਚਕਾਰ ਵੱਧੀ ਦੂਰੀ ਨੂੰ, ਦੂਰ ਕਰਕੇ ਪਾਰਟੀ ਦੀ ਬਿਹਤਰੀ ਹੋਣ ਦੀ ਗੱਲ ਕਹੀ ਸੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>