ਬਰਤਾਨਵੀ ਸੰਸਦ ‘ਚ ਐਡਵੋਕੇਟ ਹਰੀ ਸਿੰਘ ਦੀ ਸਵੈਜੀਵਨੀ ਲੋਕ ਅਰਪਣ ਕਰਨ ਹਿਤ ਸਮਾਗਮ ਦਾ ਆਯੋਜਨ

ਲੰਡਨ, (ਮਨਦੀਪ ਖੁਰਮੀ) – ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਬਰਤਾਨੀਆ ਦੀ ਮਜ਼ਬੂਤ ਆਰਥਿਕਤਾ ਵਿੱਚ ਹੀ ਆਪਣਾ ਬਣਦਾ ਯੋਗਦਾਨ ਨਹੀਂ ਪਾਇਆ ਸਗੋਂ ਰਾਜਨੀਤਕ ਖੇਤਰ ਦੇ ਨਾਲ ਨਾਲ ਹਰ ਖੇਤਰ ਵਿੱਚ ਆਪਣੀ ਧਾਂਕ ਜਮਾ ਕੇ ਸ਼ਾਨਾਮੱਤੇ ਰੁਤਬੇ ਹਾਸਿਲ ਕੀਤੇ ਹਨ। ਐਡਵੋਕੇਟ ਹਰੀ ਸਿੰਘ ਵੱਲੋਂ ਆਪਣੇ ਕਾਨੂੰਨੀ ਖੇਤਰ ਦੇ ਤਜ਼ਰਬਿਆਂ ਨੂੰ ਇੱਕ ਕਿਤਾਬ ਦਾ ਰੂਪ ਦੇਣਾ ਇਹ ਦੱਸਦਾ ਹੈ ਕਿ ਉਹਨਾਂ ਨੇ ਸੰਘਰਸ਼ ਦੇ ਦੌਰ ‘ਚੋਂ ਗੁਜ਼ਰਦਿਆਂ ਕਿਵੇਂ ਆਪਣੇ ਕਿੱਤੇ ਨਾਲ ਇਨਸਾਫ਼ ਕੀਤਾ ਹੈ। ਉਹਨਾਂ ਦੀ ਇਹ ਸਵੈ-ਜੀਵਨੀ ਇਤਿਹਾਸਕ ਦਸਤਾਵੇਜ ਦਾ ਰੁਤਬਾ ਹਾਸਲ ਕਰਨ ਦੀ ਕਾਮਨਾ ਕਰਦਾ ਹਾਂ। ਉਕਤ ਵਿਚਾਰਾਂ ਦਾ ਪ੍ਰਗਟਾਵਾ ਐੱਚ. ਐੱਸ. ਲਾਅ ਸੋਲਿਸਟਰਜ਼ ਐਂਡ ਨੋਟਰੀਜ਼ ਦੇ ਮਾਲਕ ਐਡਵੋਕੇਟ ਹਰੀ ਸਿੰਘ ਦੀ ਸਵੈ-ਜੀਵਨੀ ਨੂੰ ਲੋਕ ਅਰਪਣ ਕਰਨ ਹਿਤ ਹੋਏ ਸਮਾਗਮ ਦੌਰਾਨ ਇੰਗਲੈਂਡ ਦੇ ਲੇਬਰ ਪਾਰਟੀ ਮੈਂਬਰ ਪਾਰਲੀਮੈਂਟ, ਸ਼ੈਡੋਅ ਚਾਂਸਲਰ ਆਫ਼ ਐਕਸਚੈਕਰ ਜੌਹਨ ਮੈਕਡਾਨਲਡ ਨੇ ਆਪਣੀ ਭਾਵਪੂਰਤ ਤਕਰੀਰ ਦੌਰਾਨ ਕੀਤਾ। ਬਰਤਾਨਵੀ ਸੰਸਦ ਵਿੱਚ ਆਯੋਜਿਤ ਹੋਏ ਇਸ ਸਮਾਗਮ ਦੌਰਾਨ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ, ਸਾਬਕਾ ਅਟਾਰਨੀ ਜਨਰਲ ਮੈਂਬਰ ਪਾਰਲੀਮੈਂਟ ਡੌਮੇਨਿਕ ਗ੍ਰੀਵ, ਗ੍ਰੁਟਰ ਲੰਡਨ ਅਸੰਬਲੀ ਮੈਂਬਰ ਡਾ: ਉਂਕਾਰ ਸਿੰਘ ਸਹੋਤਾ, ਈਲਿੰਗ ਕੌਂਸਲ ਦੇ ਮੇਅਰ ਤਜਿੰਦਰ ਸਿੰਘ ਧਾਮੀ, ਫਾਰਮੂਲਾ ਵੰਨ ਦੇ ਡਾ: ਟੀ.  ਵੀ. ਲਕਸ਼ਮੀ ਕਾਨਥਮ, ਗਾਡਫਾਦਰ ਆਫ਼ ਭੰਗੜਾ ਵਜੋਂ ਜਾਣੇ ਜਾਂਦੇ ਗਾਇਕ ਚੰਨੀ ਸਿੰਘ ਅਲਾਪ (ਓ. ਬੀ. ਈ.), ਮੈਂਬਰ ਪਾਰਲੀਮੈਂਟ ਸਟੀਫਨ ਪਾਡ, ਸਾਬਕਾ ਡਿਪਟੀ ਲੀਡਰ ਈਲਿੰਗ ਕੌਂਸਲ ਰਣਜੀਤ ਧੀਰ, ਕੌਂਸਲਰ ਰਾਜੂ ਸੰਸਾਰਪੁਰੀ, ਪ੍ਰਸਿੱਧ ਲੇਖਕ ਸਾਥੀ ਲੁਧਿਆਣਵੀ, ਤਜਿੰਦਰ ਸਿੰਘ ਸੇਖੋਂ, ਸੁਖਦੇਵ ਕੋਮਲ, ਇੰਡੀਅਨ ਵਰਕਰਜ਼ ਐਸੋ: ਸਾਊਥਾਲ ਦੇ ਸਕੱਤਰ ਇਕਬਾਲ ਵੈਦ, ਸੈਂਸੀਅਲ ਸੋਲਿਸਟਰ ਦੇ ਸਾਜ਼ਿਦ ਏ ਸ਼ੇਖ ਆਦਿ ਬੁਲਾਰਿਆਂ ਨੇ ਹਰੀ ਸਿੰਘ ਦੇ ਕਾਨੂੰਨੀ ਖੇਤਰ ਵਿੱਚ ਪਾਈਆਂ ਅਮਿੱਟ ਪੈੜਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਦੀਆਂ ਸੇਵਾਵਾਂ ਨੂੰ ਬੇਮਿਸ਼ਾਲ ਕਿਹਾ। ਆਪਣੀ ਸਵੈਜੀਵਨੀ ‘ਲੁਕਿੰਗ ਬੈਕ ਵਿਦ ਡਿਲਾਈਟਠ ਦੇ ਸੰਬੰਧ ‘ਚ ਹਾਜ਼ਰੀਨ ਦੇ ਮੁਖਾਤਿਬ ਹੁੰਦਿਆਂ ਐਡਵੋਕੇਟ ਹਰੀ ਸਿੰਘ ਨੇ ਜਿੱਥੇ ਆਪਣੇ ਸੰਘਰਸ਼ ਦੀ ਦਾਸਤਾਨ ਸੰਖੇਪ ਸ਼ਬਦਾਂ ਵਿੱਚ ਸੁਣਾ ਕੇ ਤਾੜੀਆਂ ਦੇ ਖ਼ਜ਼ਾਨੇ ਲੁੱਟੇ ਉੱਥੇ ਉਹਨਾਂ ਐਲਾਨ ਕੀਤਾ ਕਿ ਇਸ ਕਿਤਾਬ ਦੀ ਵਿਕਰੀ ਤੋਂ ਇਕੱਠੀ ਹੋਈ ਮਾਇਆ ਨੂੰ ਉਹ ਖੈਰਾਤੀ ਕੰਮਾਂ ਲਈ ਦਾਨ ਕਰਨਗੇ। ਜਿਕਰਯੋਗ ਹੈ ਕਿ ਹਰੀ ਸਿੰਘ ਨੇ ਲੰਡਨ ਯੂਨੀਵਰਸਿਟੀ ਅਤੇ ਕੈਂਬਰਿਜ਼ ਯੂਨੀਵਰਸਿਟੀ ਤੋਂ ਕਾਨੂੰਨ ਦੀ ਵਿੱਦਿਆ ਹਾਸਿਲ ਕੀਤੀ ਹੋਈ ਹੈ। ਉਹਨਾਂ ਹੇਗ ਅਕੈਡਮੀ ਆਫ ਇੰਟਰਨੈਸ਼ਨਲ ਲਾਅ ਅਤੇ ਯੂਰਪੀਅਨ ਅਕੈਡਮੀ ਇਨ ਫਲੋਰੈਂਸ ਤੋਂ ਵੀ ਕਾਨੂੰਨ ਦੇ ਕੋਰਸ ਕੀਤੇ ਹੋਏ ਹਨ। ਇਸ ਸਮੇਂ ਹੋਰਨਾਂ ਤੋਂ ਇਲਾਵਾ ਕਾ: ਸਰਵਣ ਜ਼ਫ਼ਰ, ਡਾ: ਗੁਲਨਾਜ਼ ਚੰਡੋਕ, ਐੱਚ ਐੱਸ ਰਾਓ, ਪ੍ਰਦੀਪ ਆਨੰਦ, ਕੌਂਸਲਰ ਹਰਭਜਨ ਧੀਰ, ਗੁਰਪ੍ਰੀਤ ਧਾਮੀ, ਨਰਿੰਦਰ ਸੰਧੂ, ਐੱਨ ਐੱਸ ਸ਼ੇਰਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜੱਜ ਸਾਹਿਬਾਨ, ਐਡਵੋਕੇਟ, ਉੱਘੇ ਕਾਰੋਬਾਰੀ, ਕੌਂਸਲਰ ਅਤੇ ਬੈਂਕਾਂ ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>