ਸ੍ਰੀ ਅਕਾਲ ਤਖਤ ਸਾਹਿਬ ਦੇ ਨਵਨਿਯੁਕਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਦਮਦਮੀ ਟਕਸਾਲ ਵਲੋਂ ਸਨਮਾਨ

ਮਹਿਤਾ ਚੌਕ/ ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਦੇ ਨਵ ਨਿਯੁਕਤ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਜ ਪੰਥ ਦੇ ਸਿਰਮੌੜ ਜਥੇਬੰਦੀ ਦਮਦਮੀ ਟਕਸਾਲ ਦੇ ਹੈਡ ਕੁਆਟਰ  ਵਿਖੇ ਪਹੁੰਚਣ ’ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ’ਚ ਗਰਮਜੋਸ਼ੀ ਅਤੇ ਨਿਘਾ ਸਵਾਗਤ ਕਰਦਿਆਂ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ।

ਗੁਰਦਵਾਰ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਨਤਮਸਤਕ ਹੋਣ ਉਪਰੰਤ ਉਹਨਾਂ ਦਮਦਮੀ ਟਕਸਾਲ ਦੇ ਮੁਖੀ ਨਾਲ ਬੰਦ ਕਮਰਾ ਮੀਟਿੰਗ ਕੀਤੀ ਅਤੇ ਮੌਜੂਦਾ ਪੰਥਕ ਹਲਾਤਾਂ ’ਤੇ ਵਿਚਾਰਾਂ ਕੀਤੀਆਂ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਥਕ ਕਾਰਜਾਂ ਪ੍ਰਤੀ ਹਰਤਰਾਂ ਸਹਿਯੌਗ ਦੇਣ ਦਾ ਭਰੋਸਾ ਦਿਤਾ ਅਤੇ ਆਸ ਪ੍ਰਗਟ ਕੀਤੀ ਕਿ ਜਥੇਦਾਰ ਹਰਪ੍ਰੀਤ ਸਿੰਘ ਬਤੌਰ ਜਥੇਦਾਰ ਪੰਥ ਨੂੰ ਯੋਗ ਅਗਵਾਈ ਦੇਣ ’ਚ ਸਫਲ ਹੋਣਗੇ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਮਦਮੀ ਟਕਸਾਲ ਦਾ ਪੰਥਕ ਖੇਤਰ ਵਿਚ ਅਹਿਮ ਸਥਾਨ ਅਤੇ ਬਹੁਤ ਵਡੀ ਦੇਣ ਹੈ। ਗੁਰਬਾਣੀ ਪ੍ਰਚਾਰ ਪ੍ਰਸਾਰ, ਸ਼ਹਾਦਤਾਂ ਅਤੇ ਇਤਿਹਾਸਕ ਗੁਰਧਾਮਾਂ ਦੀ ਸੇਵਾ ਸੰਭਾਲ ਵਰਗੇ ਹਰ ਖੇਤਰ ‘ਚ ਟਕਸਾਲ ਅਗੇ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਵਰੋਸਾਈ ਇਸ ਜਥੇਬੰਦੀ ਨੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਤੋਂ ਇਲਾਵਾ ਗੁਰਧਾਮਾਂ ਦੀ ਰਾਖੀ ਲਈ ਸਦਾ ਹੀ ਖੰਡਾ ਖੜਕਾਉਣਾ ਕੀਤਾ ਅਤੇ ਸਿੱਖੀ ‘ਤੇ ਹੁੰਦੇ ਹਮਲਿਆਂ ਨੂੰ ਰੋਕਣ ਲਈ ਵੀ ਹਮੇਸ਼ਾਂ ਉਪਰਾਲੇ ਕਰਦੀ ਰਹੀ। ਕੌਮ ਨੂੰ ਵਿਦਵਾਨ ਦਿੱਤੇ ਉੱਥੇ ਸ਼ਹੀਦ ਵੀ ਦਿੱਤੇ ਜਿਹੜੇ ਕੌਮ ਦੀ ਰਾਖੀ ਲਈ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਨ ਤੋਂ ਕਦੇ ਪਿੱਛੇ ਨਹੀਂ ਹੱਟੇ। ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵਲੋਂ ਸਿੱਖ ਕੌਮ ਦੀ ਕੀਤੀ ਗਈ ਅਗਵਾਈ ਅਤੇ ਸੇਵਾ ਤੋਂ ਪੀੜੀਆਂ ਸਦਾ ਹੀ ਸੇਧ ਲੈਣਗੀਆਂ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਤੋਂ ਗੁਰਬਾਣੀ ਉਚਾਰਨ ਦੀ ਜੋ ਸ਼ੁਧ ਸੰਥਿਆ ਮਿਲਦੀ ਹੈ, ਉਹ ਸ਼ਾਇਦ ਹੀ ਕਿਸੇ ਹੋਰ ਸੰਸਥਾ ਤੋਂ ਮਿਲੇ। ਉਹਨਾਂ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਪੰਥ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>