ਲੋਕ ਸੰਪਰਕ ਵਿਭਾਗ ਫਰੀਦਕੋਟ ਨੇ ਚਹੇਤੀ ਨਾਟਕ ਮੰਡਲੀ ਨੂੰ ਕੀਤੇ ਲੱਖਾਂ ਦੇ ਭੁਗਤਾਨ

ਜੈਤੋ, (ਧਰਮਪਾਲ ਸਿੰਘ ਪੁੰਨੀ) – ਲੋਕ ਸੰਪਰਕ ਵਿਭਾਗ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ  ਸਭਿਆਚਾਰਕ ਪ੍ਰੋਗਰਾਮ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਲੋਕ ਸੰਪਰਕ ਵਿਭਾਗ ਫਰੀਦਕੋਟ ਦਫਤਰ ਵੱਲੋਂ ਵੀ ਨੁੱਕੜ ਨਾਟਕਾਂ ਦੀ ਇੱਕ ਲੜੀ ਚਲਾਈ ਗਈ ਜਿਸ ਦੇ ਤਹਿਤ ਹਰ ਪਿੰਡ ਵਿਚ ਕੇਵਲ ਅੱਧੇ ਘੰਟੇ ਲਈ ਨੁੱਕੜ ਨਾਟਕ ਖੇਡੇ ਗਏ। ਡੀ.ਪੀ.ਆਰ.ਓ ਫਰੀਦਕੋਟ ਨੇ ਲੋਕ ਕਲਾ ਮੰਚ ਫ਼ਰੀਦਕੋਟ ਨਾਮ ਦੀ ਨਾਟਕ ਮੰਡਲੀ ਤੋਂ ਨਾਟਕ ਖਿਡਵਾਏ ’ਤੇ ਲੱਖਾਂ ਰੁਪਏ ਦੀ ਰਕਮ ਦਾ ਭੁਗਤਾਨ ਕੀਤਾ ਗਿਆ ਹੈ। ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਰਾਹੀਂ ਖੁਲਾਸਾ ਹੋਇਆ ਹੈ ਕਿ ਲੋਕ ਸੰਪਰਕ ਵਿਭਾਗ ਫਰੀਦਕੋਟ ਨੇ ਸਾਲ 2016 ਦੇ ਅਗਸਤ ਮਹੀਨੇ ਵਿਚ ਪਹਿਲੀ ਤਰੀਕ ਤੋਂ ਲੈ ਕੇ 16 ਅਗਸਤ ਤੱਕ 14 ਪ੍ਰੋਗਰਾਮ ਉਕਤ ਨਾਟਕ ਮੰਡਲੀ ਤੋਂ ਨੁੱਕੜ ਨਾਟਕ ਪਿੰਡ ਕੋਠੇ ਚਹਿਲ, ਟਹਿਣਾ, ਪੱਕਾ, ਪੱਕਾ ਨੰਬਰ 1, ਘੁਗਿਆਣਾ, ਮਿਸ਼ਰੀਵਾਲਾ, ਚੰਦਬਾਜਾ, ਕਲੇਰ, ਢੁੱਡੀ, ਮੰਡਵਾਲਾ, ਧੂਰਕੋਟ, ਮੋਰਾਂਵਾਲੀ, ਕੋਟ ਸੁਖੀਆ, ਚਮੇਲੀ ਵਿਖੇ ਕਰਵਾਏ ਗਏ। ਤਕਰੀਬਨ ਅੱਧੇ ਘੰਟੇ ਦੀਆਂ ਹੋਈਆਂ ਇਨ੍ਹਾਂ ਲਗਾਤਾਰ ਪੇਸ਼ਕਾਰੀਆਂ ਉੱਤੇ ਵਿਭਾਗ ਨੇ 84000 ਰੁਪਏ ਖਰਚ ਕੀਤੇ। ਇਹ ਰਕਮ ਰਮਨਪ੍ਰੀਤ ਸ਼ਰਮਾ ਦੇ ਨਾਮ ਉੱਤੇ ਜਾਰੀ ਵੀ ਕਰ ਦਿੱਤੀ ਦਿੱਤੀ ਗਈ । ਉਕਤ ਰਮਨਦੀਪ ਸ਼ਰਮਾ ਦੇ ਨਾਮ ਦਾ ਨਾ ਤਾਂ ਬੈਕ ਖਾਤੇ ਦਾ ਪਤਾ ਚੱਲ ਰਿਹਾ ਹੈ ਅਤੇ ਨਾ ਹੀ ਬੈਕ ਦੇ ਆਈ. ਐਫ. ਐਸ. ਸੀ. ਕੋਡ ਨੰਬਰ ਦਾ?  ਇਸ ਤਰ੍ਹਾਂ ਅਕਤੂਬਰ ਵਿਚ ਮਹੀਨੇ ਵਿਚ ਅੱਧੇ-ਅੱਧੇ ਘੰਟੇ ਦੇ ਨੁੱਕੜ ਨਾਟਕਾਂ ਦਾ ਪ੍ਰੋਗਰਾਮ ਵਿਭਾਗ ਨੇ ਪਿੰਡ ਢਿਲਵਾਂ ਖੁਰਦ, ਗੁੱਜਰ, ਹਰਦਿਆਲੇਆਣਾ, ਹੁਸਨ ਭੱਟੀ, ਜਨੇਰੀਆਂ, ਜੰਡਵਾਲਾ, ਝਾੜੀਵਾਲਾ, ਕਾਨੀਆਂ ਵਾਲੀ, ਸੈਦੋਕੇ, ਸੰਗਤਪੁਰਾ, ਸੱਗਾਰੂਰ, ਰਾਜੋਵਾਲ, ਵੀਰੇਵਾਲਾ ਕਲਾਂ ਵਿਚ ਕਰਵਾਇਆ ਗਿਆ ਅਤੇ ਇਸ ਲਈ 78000 ਰੁਪਏ ਦਾ ਭੁਗਤਾਨ ਵੀ ਰਮਨਪ੍ਰੀਤ ਸ਼ਰਮਾ ਦੇ ਨਾਮ ਉੱਤੇ ਕਰ ਦਿੱਤਾ ਗਿਆ। ਸਾਲ 2016 ਦੇ ਹੀ ਨਵੰਬਰ ਮਹੀਨੇ ਵਿਚ ਲੋਕ ਸੰਪਰਕ ਵਿਭਾਗ ਫਰੀਦਕੋਟ ਨੇ 17 ਪ੍ਰੋਗਰਾਮ ਲੋਕ ਕਲਾ ਮੰਚ ਫਰੀਦਕੋਟ ਤੋਂ ਨੁੱਕੜ ਨਾਟਕ ਪਿੰਡ ਕੋਠੇ ਢਾਬ ਸ਼ੇਰ ਸਿੰਘ, ਕਿਲ੍ਹਾ ਨੌ, ਪਿਪਲੀ, ਸਾਧੂ ਵਾਲਾ, ਸਾਧਾਂ ਵਾਲਾ, ਚੱਕ ਸੇਮਾ ਅਹਿਲ, ਮਲੂਕਾ ਪੱਤੀ, ਘਣੀਆ ਪੱਤੀ, ਬਾਬਾ ਫ਼ਰੀਦ ਨਗਰ, ਬਾਜੀਗਰ ਬਸਤੀ, ਸੰਜੇ ਨਗਰ, ਜੀਵਨ ਨਗਰ, ਮਹੱਲਾ ਜੈਨੀਆਂ, ਸੋਸਾਇਟੀ ਨਗਰ, ਮੋਰੀ ਗੇਟ, ਤਲਾਬ ਮਹੱਲਾ ਤੇ ਡੋਗਰ ਬਸਤੀ ਵਿਖੇ ਕਰਵਾਏ ਗਏ।  ਉਪਰੋਕਤ ਪਿੰਡਾਂ ਚ ਖੇਡੇ ਨੁੱਕੜ ਨਾਟਕਾਂ ਦਾ ਭੁਗਤਾਨ ਲਗਭਗ 2,64,000 ਰਮਨਪ੍ਰੀਤ ਸ਼ਰਮਾ ਦੇ ਨਾਮ ਉੱਤੇ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਇਹ ਨਾਟਕ ਮਹਿਜ ਤਿੰਨ ਮਹੀਨਿਆਂ ਵਿਚ ਖੇਡੇ ਗਏ ਹਨ। ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਰਾਹੀਂ ਰਮਨਪ੍ਰੀਤ ਸ਼ਰਮਾ ਦੇ ਬੈਂਕ ਖਾਤਾ ਨੰਬਰ ਅਤੇ ਆਈ ਐਫ਼ ਸੀ ਨੰਬਰ ਨੂੰ ਚਿੱਟੇ ਫ਼ਲੂਡ ਨਾਲ ਢੱਕ ਦਿੱਤਾ ਗਿਆ ਹੈ। ਲੋਕ ਸੰਪਰਕ ਵਿਭਾਗ ਫ਼ਰੀਦਕੋਟ ਵਲੋਂ ਆਪਣੀ ਚਹੇਤੀ ਕੇਵਲ ਇੱਕ ਨਾਟਕ ਮੰਡਲੀ ਲੋਕ ਕਲਾ ਮੰਚ ਫ਼ਰੀਦਕੋਟ ਨੂੰ ਹੀ ਠੇਕਾ ਦੇਣਾ, ਨੁੱਕੜ ਨਾਟਕਾਂ ਦੀ ਗਰੁੱਪ ਆਗੂ ਰਮਨਪ੍ਰੀਤ ਸ਼ਰਮਾ ਦੀ ਟੀਮ ਵਲੋਂ ਖੇਡੇ ਨਾਟਕ ਤੇ ਪ੍ਰਾਪਤ ਕੀਤੀ ਲੱਖਾਂ ਰੁਪਏ ਦੀ ਰਕਮ ਕਈ ਸ਼ੰਕੇ ਪੈਦਾ ਕਰਦੀ ਹੈ। ਗੂਗਲ ਬਾਬਾ ਨੇ ਦੱਸਿਆ ਕਿ ਲੋਕ ਕਲਾ ਮੰਚ ਫ਼ਰੀਦਕੋਟ ਦੇ 78378 64697, 94171 64697 ਸੰਪਰਕ ਨੰਬਰ ਹਨ ਪਰ ਪੱਕੇ ਤੌਰ ਤੇ ਬੰਦ ਹਨ ਜੋ ਕਿ ਇਸ ਨਾਟਕ ਮੰਡਲੀ ਦੇ ਲੋਕ ਸੰਪਰਕ ਵਿਭਾਗ ਨਾਲ ਸਾਜ-ਬਾਜ ਹੋਣ ਦੇ ਸ਼ੰਕੇ ਨੂੰ ਬਲ ਦਿੰਦੀ ਹੈ। ਇਸ ਨਾਟਕ ਮੰਡਲੀ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜੋ ਕਿ ਮਿਸਟਰ ਇੰਡੀਆਂ ਵਾਗੂੰ ਗਾਇਬ ਹੈ। ਇਸ ਸਬੰਧੀ ਜਦ ਫਰੀਦਕੋਟ ਦੇ ਲੋਕ ਸੰਪਰਕ ਅਧਿਕਾਰੀ ਅਮਰੀਕ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਜਦ ਇਸ ਸਬੰਧੀ ਕਲਰਕ ਤਰਸੇਮ ਕੁਮਾਰ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਨੇ ਇਸ ਸਬੰਧੀ ਦਫਤਰ ’ਚ ਆ ਕੇ ਮਿਲਣ ਲਈ ਕਿਹਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>