ਖਾਲਸੇ ਨੂੰ ਭੁਲਦੀ ਨਹੀਂ ਖੂਬਸੂਰਤ ਲੜਕੀ

ਪੰਜਾਬ ਸਰਕਾਰ ਦੇ ਹੁਕਮਾਂ ਨਾਲ,ਨਾ ਚਾਹੁੰਦੇ ਹੋਏ 56 ਸਾਲਾ ਪਰਮਵੀਰ ਸਿੰਘ ਖਾਲਸਾ ਵੀ.ਵੀ. ਗਿਰੀ ਲੇਬਰ ਇੰਸਟੀਚੂਟ ਨੋਇਡਾ ਪਹੁੰਚ ਗਿਆ। ਪਹਿਲਾਂ ਉਹ ਸਿੱਧਾ ਹੋਸਟਲ ਵਿੱਚ ਗਿਆ। ਹੋਸਟਲ ਪਹੁੰਚ ਕੇ ਉਹ ਖੁਸ਼ ਨਜ਼ਰ ਆ ਰਿਹਾ ਸੀ। ਕਿੳੁਕਿ ਉਸ ਦਾ ਕਮਰਾ ਸਾਫ-ਸੁਥਰਾ ਸੀ। ਉਹ ਏ.ਸੀ ਤੇ ਟੀ.ਵੀ. ਨਾਲ ਸਿੰਗਾਰਿਆ ਹੋਇਆ ਸੀ। ਸੋਨੇ ਉਤੇ ਸੁਹਾਗਾ ਇਹ, ਕਮਰੇ ਇਕੱਲੇ ਲਈ ਸੀ। ਉਸ ਨੇ ਕਮਰੇ ਵਿੱਚ ਅਪਣਾ ਸਮਾਨ ਟਿਕਾਇਆ। ਫਿਰ ਉਹ ਅਪਣੇ ਦੋਸਤ ਗੁਪਤਾ ਜੀ ਨਾਲ ਸੰਸਥਾ ਵੱਲ ਚਲਿਆ ਗਿਆ। ਉਹ ਟਰੇਨਿੰਗ ਵਾਲੇ ਕਮਰੇ ਵਿੱਚ ਗਏ ਤਾਂ ਥੋੜੀ ਦੇਰ ਬਾਅਦ ਦੁਪਹਿਰ ਦੇ ਖਾਣੇ ਦੀ ਛੁੱਟੀ ਹੋ ਗਈ। ਕਮਰੇ ਤੋਂ ਬਾਹਰ ਨਿਕਲਦਿਆਂ ਇਕ ਖੁਬਸੂਰਤ ਮੁਟਿਆਰ ਕੁੜੀ ਮਿਲੀ। ਜਿਸ ਨੇ ਮੁਸਕਰਉਂਦਿਆ ਸਿਰ ਹਿਲਾਕੇ ਗੁਡ ਆਫਟਰਨੂਨ ਕਿਹਾ। ਇਹ ਸਭਿਆਚਰਕ ਮਿਲਣੀ ਦਾ ਸਲੀਕਾ ਸੀ।

ਬਾਅਦ ਦੁਪਹਿਰ ਸਿਖਲਾਈ ਦਾ ਸੈਸ਼ਨ ਫਿਰ ਸ਼ੁਰੂ ਹੋਇਆ। ਸ਼ਾਮ ਦੇ ਵਿਸ਼ਾ ਮਾਹਿਰ ਨੇ ਜਾਣ-ਪਛਾਣ ਸ਼ੁਰੂ ਕੀਤੀ। ਤਾਂ ਅਪਣੀ ਵਾਰੀ ਉਤੇ 28 ਕੁ ਸਾਲ ਦੀ ਖੂਬਸੂਰਤ ਕੁੜੀ ਬੋਲੀ ਮੈਂ ਯੂਥੂੰਗਲੋ ਇਯੂੰਗ, ਜਿਲਾ ਰੋਜਗਾਰ ਅਫਸਰ, ਨਾਗਾਲੈਂਡ। ਖਾਲਸਾ ਜੀ ਇਹ ਅਣਜਾਣਾ ਜਿਹਾ ਨਾਮ ਯਾਦ ਨਾ ਰੱਖ ਸਕਿਆ। ਇਸ ਮਗਰੋਂ ਕੰਟੀਨ ਜਾਂ ਸੰਸਥਾ ਵਿੱਚ ਜਦੋਂ ਵੀ ਪਰਮਵੀਰ ਸਿੰਘ ਖਾਲਸਾ ਤੇ ਉਹ ਕੁੜੀ ਮਿਲਦੇ ਤਾਂ ਗੁਡ ਮੋਰਨਿੰਗ/ਈਵਨਿੰਗ ਆਖਦੇ। ਕਦੇ ਉਹ ਪਹਿਲ ਕਰ ਜਾਂਦੀ ਕਦੇ ਖਾਲਸਾ ਜੀ ਪਹਿਲ ਕਰ ਜਾਂਦੇ। ਇਹ ਇਕ ਸਤਿਕਾਰ ਭਰੇ ਸਭਿਅਕ ਸਲੀਕੇ ਤੋਂ ਜਿਆਦਾ ਕੁਝ ਨਹੀਂ ਸੀ। ਉਸ ਦਾ ਸੁੰਦਰ ਚਿਹਰਾ ਜਿਥੇ ਦੂਜਿਆਂ ਲਈ ਖਿੱਚ ਦਾ ਕੇਂਦਰ ਸੀ। ਉਥੇ ਖਾਲਸਾ ਜੀ ਨੂੰ ਵੀ ਪ੍ਰਭਾਵਿਤ ਕਰਦਾ ਸੀ। ਉਸ ਦੇ ਲੰਮੇ ਕਾਲੇ ਬਾਲਾਂ ਦੇ ਦੋ ਹਿੱਸੇ ਦੋਂਨਾਂ ਗੋਰੀਆਂ ਗੱਲ੍ਹਾਂ ਨੂੰ ਢੱਕ ਕੇ ਇੰਝ ਨਿਖਾਰ ਦਿੰਦੇ ਜਿਵੇਂ ਗੂੜ੍ਹੇ ਕਾਲੇ ਬੱਦਲਾਂ ਵਿੱਚੋਂ ਚੰਦ ਚਮਕਦਾ ਹੋਵੇ। ਉਹ ਅਸਲ ਵਿੱਚ ਨਾਗਾਲੈਂਡ ਦਾ ਰਾਜਸੀ ਫੁੱਲ ਰਹੋਡੋਡੈਂਡਰੋਨ ਸੀ। ਜਦੋਂ ਉਹ ਕਲਾਸ ਵਿੱਚ ਹੁੰਦੀ ਤਾਂ ਬਸੰਤ ਦੀਆਂ ਮਹਿਕਾਂ ਖਿਲਰ ਜਾਂਦੀਆਂ। ਉਸ ਦੀ ਗੈਰ ਹਾਜਰੀ ਪੱਤਝੜ ਦੀ ਉਦਾਸੀ ਬਣ ਜਾਂਦੀ।ਉਸ ਦਾ ਰਹਿਣ-ਸਹਿਣ,ਉਠਣ-ਬੈਠਣ, ਬੋਲ-ਚਾਲ ਦਾ ਢੰਗ ਤਰੀਕਾ ਉਸ ਦੀ ਖੂਬਸੂਰਤੀ ਨੂੰ ਚਾਰ ਚੰਦ ਲਉਂਦਾ ਸੀ। ਖਾਲਸਾ ਜੀ ਉਸ ਦੇ ਚੱਜ-ਅਚਾਰ  ਅਤੇ ਕਪੜਿਆਂ ਤੋਂ ਬਹੁੱਤ ਪ੍ਰਭਾਵਿਤ ਸਨ। ਉਸ ਦੇ ਕੱਪੜੇ ਨਵੇਂ ਫੈਸ਼ਨ ਦੇ ਸਨ। ਜਿਨ੍ਹਾਂ ਵਿੱਚ ਉਹ ਪਿਆਰੀ ਗੁੱਡੀ ਲਗਦੀ ਸੀ। ਕੱਪੜੇ ਸਰੀਰ ਢੱਕ ਕੇ ਰੱਖਦੇ ਸਨ। ਹਫਤੇ ਦੌਰਾਨ ਉਸ ਨੇ ਕਲਾਸ ਵਿੱਚ ਕਦੇ ਵੀ ਅੱਧ ਨੰਗੇ ‘ਤੇ ਬੇ-ਢੰਗੇ ਕੱਪੜੇ ਨਹੀਂ ਪਾਏ ਸਨ। ਉਦੋਂ ਪਰਮਵੀਰ ਸਿੰਘ ਨੂੰ ਪੰਜਾਬ ਵਿੱਚ ਫਿਰਦੀਆਂ ਅੱਧ ਨੰਗੀਆਂ ਪੰਜਾਬਣ ਮੁਟਿਆਰਾਂ ਨੂੰ ਯਾਦ ਕਰਕੇ ਸ਼ਿਰਮਿੰਦਗੀ ਮਹਿਸੂਸ ਹੁੰਦੀ ਸੀ। 5 ਦਿਨਾਂ ਵਿੱਚ ਉਸ ਨੂੰ ਕਿਧਰੇ ਵੀ ਕਿਸੇ ਮਰਦ ਕੋਲ ਗੈਰ ਸਭਿਅਕ ਤਰੀਕੇ ਨਾਲ ਖੜਾ ਜਾਂ ਗੱਲਾਂ ਕਰਦਿਆਂ ਨਹੀਂ ਦੇਖਿਆ ਗਿਆ ਸੀ। ਉਸ ਦੀ ਜੀਵਨਸ਼ੇੈਲੀ ਦੇ ਇਹ ਗੁਣ ਖਾਲਸਾ ਜੀ ਲਈ ਖਿੱਚ ਦਾ ਕੇਂਦਰ ਸਨ।

ਉਸ ਨੁੂੰ ਉਸ ਹਫਤੇ ਦੀ ” ਵੀ.ਵੀ.ਗਿਰੀ ਸੰਸਥਾ ਦੀ ਮਿਸ”ਕਹਿਣਾ ਅਤਿ ਕਥਨੀ ਨਹੀਂ ਸੀ। ਹਫਤੇ ਦਾ ਤੀਜਾ ਦਿਨ ਸੀ। ਖਾਲਸਾ ਜੀ ਦੇ ਦੋਸਤ ਗੁਪਤਾ ਜੀ ਨੇ ਉਸ ਲੜਕੀ ਤੋਂ ਪੁੱਛਿਆ

‘ਕੀ ਤੁਹਾਡੇ ਨਾਮ ਦੇ ਕੋਈ ਅਰਥ ਵੀ ਹਨ’।

ਹਾਂ ਯੂਥੂੰਗਲੋ ਬੋਲੀ ਉਸ ਨੇ ਅਰਥ ਵੀ ਦਸੇ। ਸਿੰਘ ਨੇ ਇਸ ਗੱਲਬਾਤ ਵਿੱਚ ਕੋਈ ਹਿੱਸਾ ਨਾ ਲਿਆ। ਪਰ ਉਹ ਕੁੜੀ ਖਾਲਸਾ ਜੀ ਨੂੰ ਸੰਬੋਧਤ ਹੋ ਕੇ ਹਿੰਦੀ ਵਿੱਚ ਬੋਲੀ “ਆਪ ਦੀ ਫੇਸਬੁੱਕ ਆਈ.ਡੀ ਕਿਆ ਹੈ”। ਦੋਹਾਂ ਨੇ ਇਕ ਦੂਜੇ ਨੂੰ ਫੇਸਬੁੱਕ ਆਈ.ਡੀ ਦੇ ਦਿੱਤੀ। ਇਸ ਤੋਂ ਵੱਧ ਦੋਨਾਂ ਵਿੱਚਕਾਰ ਕਦੇ ਕੋਈ ਗੱਲ ਨਹੀਂ ਹੋਈ ਸੀ। ਨਾਂ ਹੀ ਦੋਨਾਂ ਵੱਲੋਂ ਕਦੇ ਕੋਈ ਪਹੁੰਚ ਕੀਤੀ ਨਜ਼ਰ ਆਈ ਸੀ। ਸਾਰਾ ਦਿਨ ਉਹ ਫੇਸਬੁਕ ਉਤੇ ਇਕ ਦੂਜੇ ਨੂੰ ਲੱਭ ਨਾ ਸਕੇ।ਦੂਜੇ ਦਿਨ ਯੂਥੂੰਗਲੋ ਨੇ ਫੇਸਬੁੱਕ ਮਿੱਤਰਤਾ ਬੇਨਤੀ ਭੇਜੀ, ਸਿੰਘ ਨੇ ਸਵੀਕਾਰ ਕਰ ਲਈ। ਪਰ ਅੱਜ ਤੱਕ ਉਸ ਕੁੜੀ ਨੇ ਸਿੰਘ ਦੀ ਫੇਸਬੁੱਕ ਉਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਹਫਤੇ ਅਤੇ ਟਰੇਨਿੰਗ ਦਾ ਆਖਰੀ ਦਿਨ ਸੀ। ਸੰਸਥਾ ਵੱਲੋਂ ਬਾਅਦ ਦੁਪਹਿਰ ਨੋਇਡਾ ਸ਼ਹਿਰ ਦਾ ਵਿਦਿਆ ਦੌਰਾ ਰੱਖਿਆ ਗਿਆ ਸੀ। ਖਾਲਸਾ ਜੀ ਅਤੇ ਉਸ ਦਾ ਮਿੱਤਰ ਇਸ ਦੌਰੇ ਵਿੱਚ ਸ਼ਾਮਲ ਹੋਣ ਦੀ ਥਾਂਵੇਂ ਸ਼ਾਮ ਦੀ ਰੇਲ ਗੱਡੀ ਵਾਪਸ ਪੰਜਾਬ ਆ ਰਹੇ ਸਨ। ਦੁਪਹਿਰ ਵੇਲੇ ਸਾਰੇ ਕੰਟੀਨ ਵਿੱਚ ਗਏ। ਦੋਹਾਂ ਨੇ ਖਾਣਾ ਖਾਧਾ।ਫਿਰ ਪਰਮਵੀਰ ਸਿੰਘ ਰਸਮੀ ਵਿਦਾਇਗੀ ਲਈ ਉਸ ਟੇਬਲ ਕੋਲ ਗਿਆ। ਜਿਸ ਉਤੇ ਖੂਬਸੂਰਤ ਕੁੜੀ ਯੂਥੂੰਗਲੋ ਈਯੂੰਗ ਸਮੇਤ ਨਾਗਾਲੈਂਡ ਵਾਲੇ ਖਾਣਾ ਖਾ ਰਹੇ ਸਨ। ਉਸ ਨੇ ਕਿਹਾ “ਅੱਛਾ ਚੱਲਤੇ ਹੈਂ, ਕਭੀ ਪੰਜਾਬ ਆਨਾ” ਪਹਿਲੇ ਹੱਲੇ ਕੁੜੀ ਨੇ ਹੱਥ ਉਪਰ ਚੁੱਕ ਕੇ ਹਿਲਾਇਆ। ਫਿਰ ਉਸ ਨੇ ਦੇਖਿਆ ਕਿ ਖਾਲਸਾ ਜੀ ਨੇ ਹੱਥ ਜੋੜੇ ਹੋਏ ਹਨ। ਝੱਟ ਉਸੇ ਪੱਲ ਉਸ ਨੇ ਵੀ ਹੱਥ ਜੋੜ ਕੇ ਮੁਸ਼ਕਰਉਂਦਿਆਂ ਵਿਦਾਇਗੀ ਦਿਤੀ। ਇਹ ਉਸ ਕੁੜੀ ਦੇ ਸਾਊਪਣੇ, ਅਕਲਮੰਦੀ ਅਤੇ ਸਲੀਕੇ ਦਾ ਕਮਾਲ ਸੀ। ਖਾਲਸਾ ਜੀ ਅਤੇ ਉਸ ਕੁੜੀ ਦੀ ਇਹ ਆਖਰੀ ਮਿਲਣੀ ਸੀ।

ਖਾਲਸਾ ਜੀ ਦੀ ਉਸ ਕੁੜੀ ਬਾਰੇ ਇਹ ਰਾਇ ਸੀ ਕਿ ਉਹ ਜਿਥੇ ਪਿਆਰੀ ਪਰੀ,ਖੂਬਸੂਰਤ ਨਾਗਾਲੈਂਡ ਦਾ ਫੁੱਲ਼ ਹੈ। ਸਰਕਾਰੀ ਅਫਸਰ ਹੈ। ਉਥੇ ਕੁਆਰੀ ਹੋਣ ਦੇ ਬਾਵਜੂਦ ਉਹ ਅਤਿ ਦੀ ਸਿਆਣੀ, ਸਾਊ, ਜਿੰਮੇਂਵਾਰ, ਸਲੀਕੇ ਵਾਲੀ, ਖੁਦਦਾਰ, ਸਭਿਅਕ ਕੁੜੀ ਹੈ। ਅਜਿਹੀਆਂ ਲੜਕੀਆਂ ਦੀ ਪੰਜਾਬ ਵਿੱਚ ਘਾਟ ਰੱੜਕਦੀ ਹੈ। ਇਨ੍ਹਾਂ ਹਲਾਤਾਂ ਵਿੱਚ ਖਾਲਸਾ ਜੀ ਪੰਜਾਬ ਨੂੰ ਮੁੜ ਆਏ। ਸਾਰੇ ਟ੍ਰੇਨੀਜ ਨੇ ਇਕ ਵੱਟਸਐੱਪ ਗਰੁੱਪ ਬਣਾਇਆ ਸੀ। ਦੂਜੇ ਦਿਨ ਆ ਕੇ  ਖਾਲਸਾ ਜੀ ਨੇ ਗਰੁੱਪ ਵਿੱਚ ਲਿਖਿਆ ਕੀ ਸਾਰੇ ਆਪੋ ਅਪਣੇ ਪ੍ਰੀਵਾਰ ਵਿੱਚ ਠੀਕ ਠਾਕ ਪੁੱਜ ਗਏ ਹਨ। ਕਈਆਂ ਨੇ ਉੱਤਰ ਦਿੱਤਾ ਪਰ ਉਸ ਕੁੜੀ ਦਾ ਕੋਈ ਹੁੰਗਾਰਾ ਨਹੀ ਸੀ। ਅਗਲੇ ਦਿਨ ਪਰਮਵੀਰ ਨੇ ਉਸ ਦੇ ਨਿੱਜੀ ਵੱਟਸਐੱਪ ਉਤੇ ਪੁੱਛਿਆ। ਤਾਂ ਉਸ ਨੇ ਉੱਤਰ ਦਿੱਤਾ ਉਹ ਠੀਕ ਠਾਕ ਮਾਂ-ਬਾਪ ਕੋਲ ਪਹੁੰਚ ਗਈ ਸੀ। ਫਿਰ ਖਾਲਸਾ ਨੇ ਵੱਟਸਐਪ ਗੱਲਬਾਤ ਇਸ ਤਰ੍ਹਾਂ ਸ਼ੁਰੂ ਕੀਤੀ।

ਉਹ ਖੂਬਸੂਰਤ ਕੁੜੀ ਕੌਣ ਸੀ ਜੋ ਕਲਾਸ ਵਿੱਚ ਮਹਿਕ ਖਿਲਾਰਦੀ ਸੀ?

ਉਹ ਮੈਨੂੰ ਕਿਉ ਯਾਦ ਆ ਰਹੀ ਹੈ?

ਕੀ ਉਹ ਵੀ ਯਾਦ ਕਰਦੀ ਹੋ ਸਕਦੀ ਹੈ?

ਉਸ ਨੇ ਸਿਰਫ ਪਹਿਲੇ ਸਵਾਲ ਦਾ ਅੱਧਾ ਪਚੱਧਾ ਉੱਤਰ ਲਿਖਿਆ । “ਜੇ ਉਹ ਨਾ ਜਾਣਦੀ ਹੋਵੇ ਤਾਂ ਤੁਸੀਂ ਕੀ ਕਹਿੰਦੇ ਹੋ? ਗੱਪਸ਼ਪ ਦੇ ਲਹਿਜੇ ਵਿੱਚ ਸਿੰਘ ਨੇ ਗੱਲ ਗੋਲ ਮੋਲ ਕਰ ਦਿਤੀ।ਉਸ ਨੇ ਗੁੱਡ ਮੋਰਨਿੰਗ ਤੋਂ ਇਲਾਵਾ ਕਦੇ ਕੁਝ ਨਹੀਂ ਲਿਖਿਆ ਸੀ।ਨਾ ਹੀ ਕਦੇ ਦੋਨੋਂ ਜਣੇ ਨੋਇਡਾ ਵਿੱਚ ਇਸ ਤੋਂ ਅੱਗੇ ਵਧੇ ਸਨ। ਖਾਲਸਾ ਜੀ ਕਈ ਵਾਰ ਸੋਚਦੇ ਇਹ ਕੀ ਹੋ ਰਿਹਾ ਹੈ? ਉਹ ਕਿਉਂ ਉਸ ਦੀ ਗੁਡ ਮੋਰਨਿੰਗ ਮੈਸਜ ਦੀ ਉਡੀਕ ਵਿੱਚ ਰਹਿੰਦਾ ਹੈ? ਉਹ ਉਸ ਦਾ ਕੀ ਲੱਗਦਾ ਹੈ? ਨੋਇਡਾ ਵਿੱਚ ਜਦੋਂ ਉਹ, ਉਸ ਦੇ ਨੇੜੇ-ਤੇੜੇ ਹੁੰਦੀ ਸੀ। ਉਸ ਨੂੰ ਕਿਉਂ ਅੱਛਾ ਲੱਗਦਾ ਸੀ? ਹੁਣ ਉਹ ਕਿਉਂ ਯਾਦ ਆਉਂਦੀ ਹੈ? ਇਹ ਅਜਿਹੇ ਸਵਾਲ ਸਨ ਜੋ ਖਾਲਸਾ ਜੀ ਦੀ ਸ਼ਾਂਤੀ ਭੰਗ ਕਰ ਰਹੇ ਸਨ। ਇਸ ਖਿੱਚੋਤਾਣੀ ਵਿੱਚ ਦੋ ਹਫਤੇ ਲੰਘ ਗਏ।

ਖਾਲਸਾ ਜੀ ਅਪਣੀ ਪੋਤੀ ਹਰਕਿਰਨ ਕੌਰ ਨੂੰ ਪਿਛਲੇ ਤਿੰਨ ਮਹੀਨੇ ਤੋਂ ਬਹੁਤ ਯਾਦ ਕਰਦੇ ਸਨ। ਉਹ 8  ਸਾਲ ਦੀ ਉਮਰੇ ਤਿੰਨ ਮਹੀਨੇ ਪਹਿਲਾਂ ਅਪਣੇ ਮਾਤਾ ਪਿਤਾ ਕੋਲ ਪੱਕੇ ਤੌਰ ਤੇ ਆਸਟ੍ਰੇਲੀਆ ਚੱਲੀ ਗਈ।ਉਹ ਉਦੋਂ ਕੇਵਲ 2 ਮਹੀਨੇ ਦੀ ਬੱਚੀ ਸੀ। ਜਦੋਂ ਉਸ ਦੀ ਮਾਂ ਨੂੰ ਮਜਬੂਰੀ ਬੱਸ ਮਮਤਾ ਦਾ ਗਲ ਘੁੱਟ ਕੇ ਬ-ਦੇਸ਼ ਜਾਣਾ ਪਿਆ ਸੀ। ਉਹ ਅਪਣੇ ਦਾਦਾ ਪਰਮਵੀਰ ਸਿੰਘ  ਅਤੇ ਦਾਦੀ ਦੀ ਨਿੱਘੀ ਗੋਦ ਵਿੱਚ ਹੀ 2 ਮਹੀਨੇ ਤੋਂ 8ਸਾਲ ਦੀ ਖੂਬਸੂਰਤ ਕੁੜੀ ਬਣ ਗਈ ਸੀ। ਅਸਲ ਵਿੱਚ 3 ਮਹੀਨੇ ਤੋਂ ਉਸ ਦੀ ਯਾਦ ਖਾਲਸਾ ਜੀ ਨੂੰ ਪ੍ਰੇਸ਼ਾਨ ਕਰ ਰਹੀ ਸੀ। ਜਦੋਂ ਖਾਲਸਾ ਜੀ ਨੋਇਡਾ,ਅਪਣੀ ਕਲਾਸ ਵਿੱਚ ਨਾਗਾਲੈਂਡ ਦੇ ਫੁੱਲ ਯੂਥੂੰਗਲੋ ਈਯੂੰਗ ਅਫਸਰ ਕੁੜੀ ਨੂੰ ਮਿਲੇ। ਤਾਂ ਉਸ ਨੂੰ ਕੁੜੀ ਦੀ ਖੂਬਸੂਰਤੀ ਵਿੱਚ ਪਿਆਰੀ ਪੋਤੀ ਦਿੱਸਣ ਲੱਗ ਪਈ। ਖਾਲਸਾ ਜੀ ਦੇ ਸੁਪਨਿਆਂ ਦੀ ਪੂਰਤੀ ਯੂਥੂੰਗਲੋ ਈਯੂੰਗ ਦੀ ਸਖਸ਼ੀਅਤ ਸੀ। ਉਹ ਜਿਥੇ ਪਿਆਰੀ ਪਰੀ, ਖੂਬਸੂਰਤ ਨਾਗਾਲੈਂਡ ਦਾ ਫੁੱਲ਼ ਹੈ। ਸਰਕਾਰੀ ਅਫਸਰ ਹੈ। ਉਥੇ ਕੁਆਰੀ ਹੋਣ ਦੇ ਬਾਵਜੂਦ ਉਹ ਅਤਿ ਦੀ ਸਿਆਣੀ, ਸਾਊ, ਜਿੰਮੇਵਾਰ, ਸਲੀਕੇ ਵਾਲੀ, ਖੁਦਦਾਰ, ਸਭਿਅਕ ਕੁੜੀ ਹੈ। ਖਾਲਸਾ ਜੀ ਦਾ ਸੁਪਨਾ ਸੀ/ਹੈ ਕਿ ਉਸ ਦੀ ਪੋਤੀ ਵਿੱਚ ਇਹ ਸਭ ਗੁਣ ਹੋਣ। ਇਹ ਕਾਰਨ ਸਨ ਕਿ ਉਹ ਜਦੋਂ ਨੇੜੇ ਤੇੜੇ ਹੁੰਦੀ ਤਾਂ ਖਾਲਸਾ ਜੀ ਨੂੰ ਅੱਛਾ ਮਹਿਸੂਸ ਹੁੰਦਾ ਸੀ। ਅਸਲ ਵਿੱਚ ਯੂਥੂੰਗਲੋ ਨੇ ਪੋਤੀ ਦੀ ਖਾਲੀ ਥਾਂ ਨੂੰ ਕੁਝ ਹੱਦ ਤੱਕ ਘੱਟ ਕਰ ਦਿੱਤਾ ਸੀ। ਜਦੋਂ ਉਹ ਟ੍ਰੇਨਿੰਗ ਤੋਂ ਵਾਪਸ ਪੰਜਾਬ ਆਇਆ ਤਾਂ ਦੋਹਾਂ ਦੀ ਅਣਹੋਂਦ ਬੇ-ਚੈਨੀ ਦਾ ਕਾਰਨ ਸੀ। ਇਨ੍ਹਾਂ ਪ੍ਰਸਥਿਤੀਆਂ ਵਿੱਚ ਉਸ ਅੱਗੇ ਦੋ ਰਾਹ ਸਨ। ਪਹਿਲਾ ਕਿ ਉਹ ਕਦੇ ਸੋਸ਼ਲ ਮੀਡੀਏ ਰਾਹੀਂ ਉਸ ਕੁੜੀ ਨਾਲ ਗੱਪਸ਼ਪ ਨਾ ਕਰੇ ਕਿਉਂਕਿ ਉਹ ਗੁੱਡ ਮੋਰਨਿੰਗ ਤੋਂ ਇਲਾਵਾ ਕੁਝ ਨਹੀਂ ਲਿਖਦੀ ਸੀ। ਦੂਜਾ ਉਕਤ ਸੱਚੀ ਕਹਾਣੀ ਲਿੱਖ ਕੇ ਭੇਜ ਦੇਵੇ। ਖਾਲਸਾ ਜੀ ਨੇ ਕਹਾਣੀ ਲਿਖੀ ਭੇਜਣ ਲਈ ਉਸ ਦੀ ਨਿਜੀ ਈ-ਮੇਲ ਲਈ ਮੈਸਜ ਕੀਤਾ। ਪਰ ਯੂਥੂੰਗਲੋ ਨੇ ਨਿਜੀ ਈ-ਮੇਲ ਨਾ ਭੇਜ ਕੇ ਸਿਆਣਪ ਦਾ ਸਬੂਤ ਦਿੱਤਾ।ਖਾਲਸਾ ਜੀ ਨੇ ਕਹਾਣੀ ਵੱਟਐੱਪ ਉਤੇ ਭੇਜ ਦਿੱਤੀ। ਹੁਣ ਉਹ ਸ਼ਾਂਤ ਅਤੇ ਖੁਸ਼ ਸੀ। ਖਾਲਸਾ ਜੀ ਨੂੰ ਆਸ ਹੈ ਕਿ ਨਾਗਾਲੈਂਡ ਦੀ ਖੂਬਸੂਰਤ ਯੂਥੂੰਗਲੋ ਈਯੂੰਗ ਵਿਆਹ ਕਰਵਾ ਕੇ ਅਪਣੇ ਸੁੰਦਰ ਪਤੀ ਨਾਲ ਉਸ ਨੂੰ ਮਿਲਣ ਜਰੂਰ ਆਵੇਗੀ। ਜਦੋਂ ਆਵੇਗੀ ਤਾਂ ਉਹ ਉਸ ਨੂੰ ਉਸ ਦੀਆਂ ਦੋ ਮਾੜੀਆਂ ਆਦਤਾਂ ਦੱਸੇਗਾ ਤਾਂ ਜੋ ਚੰਦ ਨੂੰ ਗ੍ਰਹਿਣ ਨਾ ਲੱਗੇ। ਉਹ ਇਹ ਵੀ ਸੋਚਦਾ ਸੀ ਕੀ ਪਤਾ ਉਹ ਪੋਤੀ ਦੇ ਵਿਆਹ ਤੱਕ ਜਿਊਂਦਾ ਹੋਵੇਗਾ ਜਾਂ ਬਹੁਤ ਬੁੱਢਾ ਹੋਵੇਗਾ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>