ਨਸ਼ਈ ਨੂੰ- ਨਫਰਤ ਦੀ ਨਹੀਂ, ਸਗੋਂ ਪਿਆਰ ਤੇ ਹਮਦਰਦੀ ਦੀ ਲੋੜ- ਡਾ. ਹਰਬੀਰ ਗਿੱਲ

ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਸੇਸ਼ਨ ਦਾ ਸਲਾਨਾ ਸਮਾਗਮ, 18 ਨਵੰਬਰ ਨੂੰ, ਵਾਈਟਹੌਰਨ ਕਮਿਊਨਟੀ ਸੈਂਟਰ ਦੇ ਖਚਾ-ਖਚ ਭਰੇ ਹਾਲ ਵਿੱਚ, ਯੂਨਾਈਟਅਡ ਵੇਅ ਦੀ ਮਦਦ ਨਾਲ, ‘ਲੋਕ ਕੀ ਕਹਿਣਗੇ’ ਦੇ ਬੈਨਰ ਹੇਠ ਕੀਤਾ ਗਿਆ- ਜਿਸ ਵਿੱਚ ਚਾਰ ਸਮਾਜਿਕ ਮੁੱਦਿਆਂ- ਵਿਆਹ ਸ਼ਾਦੀਆਂ, ਨਸ਼ਾਖੋਰੀ, ਮਾਨਸਿਕ ਸਿਹਤ ਤੇ ਘਰੇਲੂ ਹਿੰਸਾ ਤੇ ਵਿਚਾਰ ਚਰਚਾ ਹੋਈ। ਅਲਬਰਟਾ ਦੇ ਕੈਬਨਿਟ ਮਨਿਸਟਰ- ਇਰਫਾਨ ਸਬੀਰ ਅਤੇ ਕੌਂਸਲਰ ਜੋਤੀ ਗੌਂਡਿਕ ਨੇ ਉਚੇਚੇ ਤੌਰ ਤੇ, ਇਸ ਸਮਾਗਮ ਵਿੱਚ ਸ਼ਿਰਕਤ ਕਰਕੇ, ਇਸ ਦੀ ਸ਼ੋਭਾ ਵਧਾਈ।

ਸਮਾਗਮ ਦੀ ਸ਼ੁਰੁਆਤ, ਇੱਕ ਲੋਕ ਗੀਤ ਨਾਲ ਕੀਤੀ ਗਈ- ਜਿਸ ਨੂੰ ਜਤਿੰਦਰ ਪੇਲੀਆ, ਹਰਬੰਸ ਪੇਲੀਆ ਤੇ ਦਵਿੰਦਰ ਘੋਤਰਾ ਨੇ ਬੜੀ ਸੁਰੀਲੀ ਅਵਾਜ਼ ਵਿੱਚ ਗਾ ਕੇ, ਮਹੌਲ ਸੁਰਮਈ ਕਰ ਦਿੱਤਾ। ਸਕੱਤਰ ਗੁਰਦੀਸ਼ ਕੌਰ ਗਰੇਵਾਲ ਨੇ ਕੈਲਗਰੀ ਦੀਆਂ ਪੰਜ ਸਾਹਿਤਕ ਤੇ ਪੰਦਰਾਂ ਦੇ ਕਰੀਬ ਸਮਾਜਿਕ ਅਤੇ ਹੋਰ ਜਥੇਬੰਦੀਆਂ ਤੋਂ ਵੱਡੀ ਗਿਣਤੀ ਵਿੱਚ ਆਏ ਅਹੁਦੇਦਾਰਾਂ, ਮੈਂਬਰਾਂ, ਪਤਵੰਤੇ ਸੱਜਣਾ ਤੇ ਦੂਰੋਂ ਨੇੜਿਉਂ ਆਏ ਸਮੂਹ ਹਾਜ਼ਰੀਨ ਨੂੰ, ਸ਼ਾਇਰਾਨਾ ਅੰਦਾਜ਼ ਵਿੱਚ, ‘ਜੀ ਆਇਆਂ’ ਕਿਹਾ।

ਸਮਾਗਮ ਦੀ ਰੂਪ ਰੇਖਾ ਸਾਂਝੀ ਕਰਦਿਆਂ ਹੋਇਆਂ, ਉਹਨਾਂ ਦੱਸਿਆ ਕਿ ਅੱਜ ਭਖਦੇ ਸਮਾਜਿਕ ਮਸਲਿਆਂ ਤੇ ਵਿਚਾਰ ਚਰਚਾ ਕਰਨ ਲਈ, ਵਿਸ਼ੇਸ਼ ਮਾਹਿਰ ਬੁਲਾਏ ਗਏ ਹਨ। ਨਾਲ ਹੀ ਉਹਨਾਂ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ- ਸਭਾ ਦੇ ਪ੍ਰਧਾਨ ਡਾ. ਬਲਵਿੰਦਰ ਕੌਰ ਬਰਾੜ, ਪੰਜਾਬੀ ਕਮਿਊਨਿਟੀ ਹੈਲਥ ਸਰਵਿਸਜ਼ ਤੋਂ ਪੁੱਜੇ- ਸਜ਼ਾਦ ਮਿਰਜ਼ਾ, ਪੀਟਰ ਲੋਹੀਡ ਹੌਸਪੀਟਲ ਤੋਂ ਪੁੱਜੇ- ਡਾ. ਹਰਬੀਰ ਗਿੱਲ,  ਵਿਨੀਪੈਗ ਤੋਂ ਮਾਸਟਰਜ਼ ਕਰ ਚੁੱਕੇ ਡਾ. ਪੂਨਮ ਚੌਹਾਨ, ਕੈਲਗਰੀ ਇੰਮੀਗਰੈਂਟਸ ਵੂਮੈਨ ਐਸੋਸੀਏਸ਼ਨ ਤੋਂ ਆਏ-ਬੇਲਾ ਗੁਪਤਾ ਨੂੰ ਸੱਦਾ ਦਿੱਤਾ। ਸਾਰੇ ਮਹਿਮਾਨ ਬੁਲਾਰਿਆਂ ਦਾ, ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ। ਸਮਾਗਮ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ-  ਕੈਲਗਰੀ ਦੀ ਹਰਮਨ ਪਿਆਰੀ ਸ਼ਖਸੀਅਤ ਅਤੇ ਸਭ ਤੋਂ ਪਹਿਲੇ ਇੰਡੀਅਨ ਰੈਸਟੋਰੈਂਟ ‘ਰਾਜਦੂਤ’ ਦੇ ਮਾਲਕ, ਰਮੇਸ਼ ਆਨੰਦ ਜੀ ਦੇ ਅਕਾਲ ਚਲਾਣੇ ਤੇ ਸ਼ੋਕ ਪ੍ਰਗਟ ਕਰਦਿਆਂ ਹੋਇਆਂ, ਸੰਸਥਾ ਵਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਵਿਚਾਰ ਚਰਚਾ ਤੋਂ ਪਹਿਲਾਂ- ਜੋਗਿੰਦਰ ਪੁਰਬਾ ਤੇ ਅਮਰਜੀਤ ਸੱਗੂ ਨੇ ਭੈਣ- ਭਰਾ ਦੇ ਪਿਆਰ ਦਾ, ਲੰਬੀ ਹੇਕ ਵਾਲਾ ਗੀਤ ਗਾ ਕੇ, ਰੰਗ ਬੰਨ੍ਹ ਦਿੱਤਾ। ਲੇਖਕ ਹਰਨੇਕ ਬੱਧਨੀ ਨੇ ਵੀ ਆਪਣੀ ਲਿਖੀ ਕਵਿਤਾ-‘ਲੋਕ ਕੀ ਕਹਿਣਗੇ’ ਸਰੋਤਿਆਂ ਨਾਲ ਸਾਂਝੀ ਕੀਤੀ। ਸਭਾ ਦੇ ਪ੍ਰਧਾਨ ਡਾ. ਬਲਵਿੰਦਰ ਕੌਰ ਬਰਾੜ ਨੇ ਸਭਾ ਦੀ ਸਲਾਨਾ ਰਿਪੋਰਟ ਪੜ੍ਹਦਿਆਂ ਹੋਇਆਂ ਦੱਸਿਆ ਕਿ- ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੇ 95 ਮੈਂਬਰ ਹਨ, ਅਤੇ ਇਸ ਸੰਸਥਾ ਦਾ ਮੁੱਖ ਮੰਤਵ- ਔਰਤਾਂ ਦੇ ਅੰਦਰ ਛੁਪੇ ਹੋਏ ਗੁਣਾਂ ਨੂੰ ਬਾਹਰ ਕੱਢਣ ਤੋਂ ਇਲਾਵਾ- ਵੱਖ ਵੱਖ ਮੁੱਦਿਆਂ ਤੇ ਉਸਾਰੂ ਵਿਚਾਰ ਵਟਾਂਦਰੇ ਕਰਵਾ ਕੇ, ਲੋੜੀਂਦੀ ਜਾਣਕਾਰੀ ਮੁਹਈਆ ਕਰਵਾਉਣਾ ਵੀ ਹੈ। ਪਰ ਨਾਲ ਹੀ ਭੈਣਾਂ ਦੇ ਮਨੋਰੰਜਨ ਦਾ ਧਿਆਨ ਰੱਖਦੇ ਹੋਏ, ਟੂਰ ਤੇ ਪਿਕਨਿਕ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ।

ਸਭਾ ਦੀ ਅਗਲੇਰੀ ਕਾਰਵਾਈ ਗੁਰਚਰਨ ਥਿੰਦ ਨੇ ਚਲਾਉਂਦਿਆਂ ਹੋਇਆਂ, ਸਭ ਤੋਂ ਪਹਿਲਾਂ- ਸਜ਼ਾਦ ਮਿਰਜ਼ਾ ਜੀ ਨੂੰ- ਵਿਆਹ ਸ਼ਾਦੀਆਂ ਦੇ ਵਿਸ਼ੇ ਤੇ ਬੋਲਣ ਲਈ ਸੱਦਾ ਦਿੱਤਾ। ਰੈੱਡ.ਐਫ.ਐਮ. ਦੇ ਰੇਡੀਓ ਹੋਸਟ ਵਜੋਂ ਵੀ ਜਾਣੇ ਜਾਂਦੇ, ਸਜ਼ਾਦ ਜੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਇਸ ਮੁੱਦੇ ਤੇ ਰੌਸ਼ਨੀ ਪਾਉਂੁਦਿਆਂ ਹੋਇਆਂ ਕਿਹਾ ਕਿ- ਸਾਡੀ ਜਿਸਮਾਨੀ, ਸਮਾਜੀ, ਜ਼ਿਹਨੀ ਤੇ ਇਖਲਾਕੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਰਿਸ਼ਤਿਆਂ ਦਾ ਅਹਿਮ ਰੋਲ ਹੁੰਦਾ ਹੈ। ਪਰ ਸਾਡੇ ਬਹੁਤੇ ਰਿਸ਼ਤੇ ‘ਲੋਕ ਕੀ ਕਹਿਣਗੇ’- ਬਾਰੇ ਸੋਚ ਕੇ ਹੀ ਖਰਾਬ ਹੋ ਜਾਂਦੇ ਹਨ। ਉਹਨਾਂ ਇਹ ਵੀ ਕਿਹਾ ਕਿ- ਜੀਵਨ ਸਾਥੀ ਲੱਭਣ ਵਿੱਚ ਬੱਚਿਆਂ ਦੀ ਮਦਦ ਭਾਵੇਂ ਕਰੋ- ਪਰ ਉਹਨਾਂ ਨੂੰ ਜ਼ਿੰਦਗੀ ਦੇ ਫੈਸਲੇ ਖ਼ੁਦ ਕਰਨ ਦਿਓ। ਨਸ਼ਿਆਂ ਦੇ ਵਿਸ਼ੇ ਤੇ ਬੋਲਦਿਆਂ ਡਾ. ਹਰਬੀਰ ਗਿੱਲ ਨੇ- ਨਸ਼ਾਖੋਰੀ ਦੇ ਕਾਰਨ ਤੇ ਇਸ ਦੇ ਬੁਰੇ ਪ੍ਰਭਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ- ਨਸ਼ਈ ਨੂੰ ਪਿਆਰ ਤੇ ਹਮਦਰਦੀ ਦੀ ਲੋੜ ਹੁੰਦੀ ਹੈ- ਉਸ ਨੂੰ ਨਫਰਤ ਨਾ ਕਰੋ- ਸਗੋਂ ਉਸ ਦੇ ਦੋਸਤ ਬਣ ਕੇ, ਨਸ਼ਾ ਛੱਡਣ ਵਿੱਚ ਉਸ ਦੀ ਮਦਦ ਕਰੋ- ਪਰ ਬਹੁਤੇ ਮਾਪੇ ਆਪਣੇ ਬੱਚਿਆਂ ਦੀ ਇਸ ਆਦਤ ਨੂੰ ਲੋਕਾਂ ਤੋਂ ਲੁਕਾਉਣ ਕਾਰਨ- ਵਧਾ ਲੈਂਦੇ ਹਨ ਤੇ ਇਸ ਮੁਲਕ ਵਿੱਚ ਮਿਲਦੀ ਫਰੀ ਸੇਵਾ ਤੋਂ ਵੀ ਲਾਭ ਨਹੀਂ ਉਠਾਉਂਦੇ- ਜਦ ਕਿ ਸ਼ੁਰੂ ਵਿੱਚ ਤਾਂ ਕਸਰਤ ਆਦਿ ਨਾਲ ਹੀ, ਇਸ ਆਦਤ ਤੇ ਕਾਬੂ ਪਾਇਆ ਜਾ ਸਕਦਾ ਹੈ।

‘ਦਿਮਾਗੀ ਸਿਹਤ’ ਵਿਸ਼ੇ ਤੇ ਬੋਲਦਿਆਂ, ਡਾ. ਪੂਨਮ ਚੌਹਾਨ ਨੇ ਕਿਹਾ ਕਿ- ਸਾਡਾ ਮਨ ਸਾਡੇ ਸਰੀਰ ਦਾ ਡਰਾਈਵਰ ਹੈ, ਜੋ ਬਦਲਦੇ ਹਾਲਾਤਾਂ ਵਿੱਚ ਕਈ ਵਾਰੀ ਡਾਵਾਂਡੋਲ ਹੋ ਜਾਂਦਾ ਹੈ। ਪਰ ਅਸੀਂ ਹਰ ਵੇਲੇ ਆਪਣੇ ਆਪ ਨੂੰ  ਮਾਨਸਿਕ ਤੌਰ ਤੇ ਤਾਕਤਵਰ ਸਿੱਧ ਕਰਨ ਵਿੱਚ ਲੱਗੇ ਰਹਿੰਦੇ ਹਾਂ- ਕਿਉਂਕਿ ਅਸੀਂ ਡਰਦੇ ਹਾਂ ਕਿ-‘ਲੋਕ ਕੀ ਕਹਿਣਗੇ’। ਉਹਨਾਂ ਬੱਚਿਆਂ ਵਿੱਚ ਡਿਪਰੈਸ਼ਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ- ਸਾਡੇ ਬੱਚਿਆਂ ਦੇ ਦਿਮਾਗਾਂ ਤੇ ਵੀ ਬਹੁਤ ਤਰ੍ਹਾਂ ਦੇ ਪ੍ਰੈਸ਼ਰ ਹਨ। ਉਹਨਾਂ ਮਾਪਿਆਂ ਨੂੰ ਉਹਨਾਂ ਦੇ ਦੋਸਤ ਬਣਨ ਤੋਂ ਇਲਾਵਾ, ਅਧਿਆਪਕਾਂ ਨਾਲ ਵੀ ਗੱਲ-ਬਾਤ ਕਰਦੇ ਰਹਿਣ ਦੀ ਸਲਾਹ ਦਿੱਤੀ।‘ਘਰੇਲੂ ਹਿੰਸਾ’ ਬਾਰੇ ਬੋਲਦਿਆਂ, ਬੇਲਾ ਗੁਪਤਾ ਨੇ ਕਿਹਾ ਕਿ- ਸਾਊਥ ਏਸ਼ੀਅਨ ਕਮਿਊਨਿਟੀ ਵਿੱਚ, ਹਿੰਸਾ ਦਾ ਸ਼ਿਕਾਰ ਅਕਸਰ ਔਰਤਾਂ ਹੁੰਦੀਆਂ ਹਨ ਤੇ ਉਹ ਇਹ ਸੋਚ ਕੇ ਕਿ- ‘ਲੋਕ ਕੀ ਕਹਿਣਗੇ’- ਕਿਤੇ ਸ਼ਿਕਾਇਤ ਵੀ ਦਰਜ ਨਹੀਂ ਕਰਾਉਂਦੀਆਂ- ਜਦ ਕਿ ਇਸ ਮੁਲਕ ਵਿੱਚ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਮਿਲ ਸਕਦੀ ਹੈ। ਪਰ ਇਸ ਅਲਾਮਤ ਤੋਂ ਪੀੜਤ ਮਰਦਾਂ ਦੀ ਮਿਸਾਲ ਦਿੰਦਿਆਂ, ਉਹਨਾਂ ਕਿਹਾ- ਜਿਵੇਂ ਆਪਣੇ ਮੁਲਕਾਂ ਵਿੱਚ ਮੁੰਡਿਆਂ ਨੂੰ ਇਹ ਕਹਿ ਕੇ  ਕਿਚਨ ਦੇ ਨੇੜੇ ਨਹੀਂ ਜਾਣ ਦਿੱਤਾ ਜਾਂਦਾ ਕਿ- ‘ਤੂੰ ਮਰਦ ਹੈਂ- ਮਰਦਾਂ ਵਾਲੇ ਕੰਮ ਕਰ’- ਪਰ ਇੱਧਰ ਆ ਕੇ ਬੀਵੀ ਮਿਹਣੇ ਮਾਰਦੀ ਹੈ ਕਿ- ‘ਮੇਰੀ ਸਹੇਲੀ ਦਾ ਹਸਬੈਂਡ ਤਾਂ ਕਿਚਨ ‘ਚ ਪੂਰੀ ਹੈਲਪ ਕਰਾਉਂਦਾ ਹੈ- ਤੂੰ ਨਹੀਂ ਕਰਾ ਸਕਦਾ?’। ਹੁਣ ਜਿਸ ਵਿਚਾਰੇ ਨੂੰ ਬਚਪਨ ਤੋਂ ਆਦਤ ਨਹੀਂ ਪਈ ਤੇ ਨਾ ਹੀ ਕਿਸੇ ਸਿਖਾਇਆ- ਉਹ ਕਰੇ ਤਾਂ ਕੀ ਕਰੇ? ਉਹਨਾਂ  ਘਰੇਲੂ ਹਿੰਸਾ ਦੇ ਸ਼ਿਕਾਰ- ਮਰਦ, ਔਰਤਾਂ ਤੇ ਸੀਨੀਅਰਜ਼- ਲਈ ਬਣੀਆਂ ‘ਹੈਲਪ ਲਾਈਨਜ਼’ ਬਾਰੇ ਵੀ ਜਾਣਕਾਰੀ ਦਿੱਤੀ।

ਇਹਨਾਂ ਮੁੱਦਿਆਂ ਤੇ ਹੋਈ ‘ਪੈਨਲ ਡਿਸਕਸ਼ਨ’ ਵਿੱਚ- ਦਰਸ਼ਕਾਂ ਵਿੱਚੋਂ- ਮਾਸਟਰ ਗੁਰਦੀਪ ਸਿੰਘ, ਗੁਰਦਿਆਲ ਖਹਿਰਾ, ਭਗਵਾਨ ਸਿੰਘ ਗਿੱਲ, ਸਵਾਤੀ, ਸੁਰਿੰਦਰ ਗੀਤ, ਰੂਪ ਰਾਏ, ਲਲਿਤਾ ਸਿੰਘ ਆਦਿ ਨੇ ਕਈ ਸੁਆਲ ਪੁੱਛੇ। ਇਹਨਾਂ ਵਿੱਚੋਂ ਬਹੁਤੇ ਸੁਆਲ ਨਸ਼ਿਆਂ ਨਾਲ ਸਬੰਧਤ ਸਨ- ਜਿਹਨਾਂ ਦੇ ਡਾ. ਹਰਬੀਰ ਗਿੱਲ ਤੇ ਸਜ਼ਾਦ ਜੀ ਨੇ ਤਸੱਲੀਬਖਸ਼ ਉੱਤਰ ਦਿੱਤੇ। ਹਾਜ਼ਰੀਨ ਨੇ ਭਰਪੂਰ ਤਾੜੀਆਂ ਨਾਲ, ਇਸ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਦਿੱਤਾ।

ਸ਼ਾਇਰਾ ਗੁਰਦੀਸ਼ ਕੌਰ ਗਰੇਵਾਲ ਦੇ ਭਾਵਪੂਰਤ ਗਜ਼ਲ- ‘ਦੀਸ਼ ਸਦਾ ਜੇ ਫੁੱਲਾਂ ਵਾਗੂੰ ਮਹਿਕ ਖਿੰਡਾਉਣੀ ਚਾਹੇਂ, ਕੰਡਿਆਂ ਸੰਗ ਵੀ ਰਹਿਣਾ ਸਿੱਖਣਾ ਪੈਣਾ ਦੇਰ ਸਵੇਰ’ ਨਾਲ ਸਾਂਝ ਪਾਉਣ ਦੇ ਤੁਰੰਤ ਬਾਅਦ- ਭਰੂਣ ਹੱਤਿਆ ਦੇ ਖਿਲਾਫ, ਸਭਾ ਦੀਆਂ ਸੀਨੀਅਰ ਮੈਂਬਰਾਂ- ਗੁਰਤੇਜ ਸਿੱਧੂ, ਅਮਰਜੀਤ ਸਿੱਧੂ, ਜਤਿੰਦਰ ਪੇਲੀਆ, ਮੁਖਤਿਆਰ ਢਿੱਲੋਂ ਤੇ ਸਰਬਜੀਤ ਉੱਪਲ ਵਲੋਂ, ਇੱਕ ਬਹੁਤ ਹੀ ਪ੍ਰਭਾਵਸ਼ਾਲੀ ਨਾਟਕ- ‘ਇਹ ਧੀ ਜਰੂਰ ਜਨਮ ਲਵੇਗੀ’ ਖੇਡਿਆ ਗਿਆ- ਜੋ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਮੰਤਰੀ ਇਰਫਾਨ ਸਬੀਰ ਤੇ ਕੌਂਸਲਰ ਜੋਤੀ ਗੌਂਡਿਕ ਨੇ ਸਮਾਗਮ ਬਾਰੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਦਿਆਂ ਹੋਇਆਂ ਕਿਹਾ ਕਿ- ‘ਇਸ ਤਰ੍ਹਾਂ ਦੇ ਹੈਲਦੀ ਡੀਬੇਟਸ ਹੋਣੇ ਚਾਹੀਦੇ ਹਨ- ਜਿਸ ਲਈ ਸਾਡੀ ਸਰਕਾਰ ਵੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਚਨਬੱਧ ਹੈ’।

ਇਸ ਸਮਾਗਮ ਵਿੱਚ ਸਭਾ ਵਲੋਂ, ਸੰਸਥਾ ਦੀ ਮੁੱਢਲੀ ਤੇ ਸਭ ਤੋਂ ਸੀਨੀਅਰ ਮੈਂਬਰ- ਸਤਿਕਾਰਯੋਗ ਬਲਜਿੰਦਰ ਗਿੱਲ ਜੀ ਦਾ, ਸਨਮਾਨ ਚਿੰਨ੍ਹ ਤੇ ਸ਼ਾਲ ਨਾਲ ਸਨਮਾਨ ਕਰਨ ਤੋਂ ਇਲਾਵਾ- ਕੈਲਗਰੀ ਨਿਵਾਸੀਆਂ ਨੂੰ ਨਾਟਕਾਂ ਰਾਹੀਂ ਸੁਚੇਤ ਕਰਨ ਵਾਲੀ ਔਰਤ- ਕਮਲ ਪੰਧੇਰ ਨੂੰ ਵੀ ‘ਯੰਗ ਕਮਿਊਨਿਟੀ ਐਕਟੀਵਿਸਟ’ ਦਾ ਸਨਮਾਨ ਪ੍ਰਦਾਨ ਕੀਤਾ ਗਿਆ।

ਸਮਾਗਮ ਦਾ ਅੰਤ- ਰਣਜੀਤ ਕੌਰ ਲੰਮੇ ਤੇ ਸਾਥਣਾਂ ਦੇ, ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਗਾਏ ਹੋਏ ਲੋਕ ਗੀਤ ਨਾਲ ਕੀਤਾ ਗਿਆ। ਇਸ ਸਮਾਗਮ ਵਿੱਚ- ਪੰਜਾਬੀ ਲਿਖਾਰੀ ਤੇ ਅਰਪਨ ਲਿਖਾਰੀ ਸਭਾ, ਸਾਹਿਤ ਸਭਾ ਤੇ ਰਾਈਟਰਜ਼ ਫੋਰਮ, ਕੈਲਸਾ, ਪ੍ਰੋਗਰੈਸਿਵ ਕਲਚਰ ਤੇ ਪ੍ਰੋਗਰੈਸਿਵ ਫੋਰਮ, ਹੈਲਦੀ ਲਾਈਫ ਸਟਾਈਲ ਫਾਊਂਡੇਸ਼ਨ, ਇੰਕਾ ਸੀਨੀਅਰ ਸੁਸਾਇਟੀ, ਸਾਕਾ ਐਸੋਸੀਏਸ਼ਨ, ਗਲੋਬਲ ਪਰਵਾਸੀ, ਡਰੱਗ ਅਵੇਅਰਨੈੱਸ, ਐਕਸ-ਸਰਵਿਸਮੈਨ ਸਭਾਵਾਂ, ਅੰਮ੍ਰਿਤ ਸਾਗਰ, ਗੁਰੂੁ ਰਵੀਦਾਸ ਐਸੋਸੀਏਸ਼ਨ, ਨੌਰਥ ਕੈਲਗਰੀ ਤੇ ਇੰਡੋ-ਕਨੇਡੀਅਨ ਐਸੋਸੀਏਸ਼ਨ, ਕੈਲਗਰੀ ਮਲਟੀਕਲਚਰਲ ਤੇ ਦਸ਼ਮੇਸ਼ ਕਲਚਰ ਸੁਸਾਇਟੀ ਤੋਂ ਇਲਾਵਾ ਮੀਡੀਆ ਵਲੋਂ- ਪੱਤਰਕਾਰ ਚੰਦ ਸਿੰਘ ਸਦਿਅਉੜਾ, ਸਿੱਖ ਵਿਰਸਾ ਤੋਂ- ਗੁਰਦੀਪ ਪਰਹਾਰ, ਰੈਡ ਐਫ. ਐਮ. ਤੋਂ ਰਿਸ਼ੀ ਨਾਗਰ ਅਤੇ ਹਰਭਜਨ ਢਿੱਲੋਂ ਵੀ ਸ਼ਾਮਲ ਹੋਏ। ਸਭਾ ਦੇ ਪ੍ਰਧਾਨ ਵਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ। ਸੋ ਇਸ ਤਰ੍ਹਾਂ ਇਹ ਸਮਾਗਮ ਨਵੀ ਪਿਰਤ ਪਾਉਣ ਕਾਰਨ, ਸਫਲ ਹੋ ਨਿਬੜਿਆ। ਵਧੇਰੇ ਜਾਣਕਾਰੀ ਲਈ- ਬਲਵਿੰਦਰ ਕੌਰ ਬਰਾੜ 403-590-9629, ਗੁਰਚਰਨ ਥਿੰਦ 403-402-9635 ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ 403-404-1450 ਤੇ ਸੰਪਰਕ ਕੀਤਾ ਜਾ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>