ਦਿੱਲੀ ਦੀ ਅਦਾਲਤ ਵਲੋਂ ਸਿੱਖ ਨਸਲਕੁਸ਼ੀ ਦੇ 88 ਦੋਸ਼ੀਆਂ ਦੀ ਸਜ਼ਾ ਬਰਕਰਾਰ ਰਖਣ ਦੀ ਥਾਂ ਫਾਂਸੀ ਹੋਣੀ ਚਾਹੀਦੀ ਸੀ : ਦਮਦਮੀ ਟਕਸਾਲ ਮੁੱਖੀ

ਅੰਮ੍ਰਿਤਸਰ -  ਦਮਦਮੀ ਟਕਸਾਲ ਦੇ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦਿੱਲੀ ਹਾਈ ਕੋਰਟ ਵਲੋਂ ਨਵੰਬਰ ’84 ਦੇ ਸਿਖ ਨਸਲਕੁਸ਼ੀ ਨਾਲ ਸੰਬੰਧਿਤ 88 ਦੋਸ਼ੀਆਂ ਦੀ ਕਡਕਡੂਮਾ ਕੋਰਟ ਵਲੋਂ ਸੁਣਾਈ ਗਈ 5-5 ਸਾਲ ਦੀ ਸਜ਼ਾ ਨੂੰ ਬਰਕਰਾਰ ਰਖਣ ਦੇ ਫੈਸਲੇ ‘ਤੇ ਟਿਪਣੀ ਕਰਦਿਆਂ ਮੰਗ ਕੀਤੀ ਕਿ ਮਨੁਖਤਾ ਦਾ ਘਾਣ ਕਰਨ ਵਾਲੇ ਇਹਨਾਂ ਦੋਸ਼ੀਆਂ ਨੂੰ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਦੇਣੀ ਬਣਦੀ ਸੀ।

ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਹਾਲ ਹੀ ‘ਚ ਦਿੱਲੀ ਦੀ ਇਕ ਕੋਰਟ ਵਲੋਂ ਸਿੱਖਾਂ ਦੇ ਕਤਲ ਲਈ ਸੁਣਾਈ ਗਈ ਮੌਤ ਦੀ ਸਜ਼ਾ ਅਤੇ ਇਕ ਨੂੰ ਉਮਰ ਕੈਦ ਦੇ ਫੈਸਲਿਆਂ ਨਾਲ ਸਿਖਾਂ ਨੂੰ ਇਨਸਾਫ ਦੀ ਕੁਝ ਆਸ ਬਝੀ ਹੈ। ਉਨਾਂ ਕਿਹਾ ਕਿ ’84 ਦੀ ਸਿੱਖ ਨਸਲਕੁਸ਼ੀ ਭਾਰਤੀ ਨਿਜਾਮ ਅਤੇ ਕਾਂਗਰਸ ਪਾਰਟੀ ਦੇ ਮਥੇ ਕਲੰਕ ਹੈ। ਜਿਸ ਦਾ ਦਾਗ ਸਿਖ ਕੌਮ ਨੂੰ ਇਨਸਾਫ ਦਿਤੇ ਬਿਨਾ ਧੋਤਾ ਨਹੀਂ ਜਾ ਸਕਦਾ। ਉਹਨਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦੋਸ਼ੀਆਂ ਦੇ ਚਿਹਰੇ ਬੇਨਕਾਬ ਕਰਨ ਦੀ ਥਾਂ ਉਨਾਂ ਨੂੰ ਪਨਾਹ ਦੇਣ ਲਈ ਆੜੇ ਹੱਥੀਂ ਲਿਆ ਅਤੇ ਕਿਹਾ ਕਿ ਰਾਹੁਲ ਨੂੰ ਭਲੀ ਭਾਂਤ ਪਤਾ ਹੈ ਕਿ ਦੋਸ਼ੀ ਕੋਣ ਕੌਣ ਹਨ। ਉਹ ਇੱਕ ਨਿੱਜੀ ਟੀ ਵੀ ਚੈਨਲ ‘ਤੇ ਇੱਕ ਇੰਟਰਵਿਊ ਦੌਰਾਨ ਇਹ ਕਬੂਲ ਕਰ ਚੁੱਕਿਆ ਹੈ ਕਿ ਉਕਤ ਕਤਲੇਆਮ ‘ਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਸੀ। ਕਾਂਗਰਸ ਪਾਰਟੀ ਨੇ ਕਤਲੇਆਮ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ । ਜਾਂਚ ਦੌਰਾਨ ਅਤੇ ਜਾਂਚ ਕਮਿਸ਼ਨਾਂ ਵੱਲੋਂ ਸਾਹਮਣੇ ਲਿਆਂਦੇ ਗਏ ਦੋਸ਼ੀਆਂ ਨੂੰ ਸਜਾਵਾਂ ਦੇਣ ਦਿਵਾਉਣ ਦੀ ਥਾਂ ਕਾਂਗਰਸ ਅਤੇ ਗਾਂਧੀ ਪਰਿਵਾਰ ਨੇ ਕਾਤਲਾਂ ਦੀ ਪੁਸ਼ਤ ਪਨਾਹੀ ਕੀਤੀ।ਜਗਦੀਸ਼ ਟਾਈਟਲਰ, ਸਜਣ ਕੁਮਾਰ, ਕਮਲ ਨਾਥ ਸਮੇਤ ਤਮਾਮ  ਦੋਸ਼ੀਆਂ ਨੂੰ ਵੱਡੇ ਸਰਕਾਰੀ ਅਤੇ ਪਾਰਟੀ ਅਹੁਦਿਆਂ ਨਾਲ ਨਿਵਾਜਿਆ । ਉਹਨਾਂ ਕਾਂਗਰਸ ਦੀ ਸਤਾ ਦੌਰਾਨ ਦੋਸ਼ੀਆਂ ਪ੍ਰਤੀ ਕਲੀਨ ਚਿਟ ਦਿਵਾਉਣ ਲਈ ਸੀ ਬੀ ਆਈ ‘ਤੇ ਦਬਾਅ ਪਾਉਣ ਦਾ ਦੋਸ਼ ਵੀ ਲਾਇਆ ਹੈ।

ਇਸ ਦੌਰਾਨ ਦਮਦਮੀ ਟਕਸਾਲ ਮੁਖੀ ਨੇ ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਲਾਂਘੇ ਲਈ ਨੀਹ ਪਥਰ ਰਖੇ ਜਾਣ ‘ਤੇ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕੀਤਾ ਅਤੇ ਸਿਖ ਕੌਮ ਨੂੰ ਵਧਾਈ ਦਿਤੀ। ਉਹਨਾਂ ਬੀਤੇ ਦਿਨੀ ਕਰਤਾਰਪੁਰ ਲਾਂਘੇ ਦਾ ਭਾਰਤ ਵਲੋਂ ਨੀਹ ਪਥਰ ਰਖਣ ਪ੍ਰਤੀ ਸਮਾਗਮ ਦੌਰਾਨ ਸ਼ਰਧਾ ਦੀ ਥਾਂ ਕੁਝ ਸਿਆਸੀ ਆਗੂਆਂ ਵਲੋਂ ਸਿਆਸੀਕਰਨ ਕਰਨ ਨੂੰ ਮੰਦਭਾਗਾ ਕਰਾਰ ਦਿਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>