ਸਮੇਂ ਸਮੇਂ ਤੇ ਸੰਸਾਰ ਵਿੱਚ ਵੱਖੋ ਵੱਖਰੇ ਖੇਤਰਾਂ ਵਿੱਚ ਅਜਿਹੀਆਂ ਸ਼ਖਸੀਅਤਾਂ ਦਾ ਜਨਮ ਹੁੰਦਾ ਹੈ ਜਿਹਨਾਂ ਦਾ ਜੀਵਨ ਅਤੇ ਕਰਮ ਮਨੁੱਖ ਜਾਤੀ ਲਈ ਅਨਮੋਲ ਤੋਹਫਾ ਹੋ ਨਿਬੜਦਾ ਹੈ, ਅਜਿਹੇ ਹੀ ਮਹਾਨ ਸ਼ਖਸੀਅਤ ਦੇ ਧਨੀ ਸਨ ਕਬੀਰ ਦਾਸ। ਕਬੀਰ ਇੱਕ ਰਹੱਸਵਾਦੀ ਕਵੀ ਅਤੇ ਉੱਚ ਕੋਟੀ ਦੇ ਸੰਤ ਹੋਏ ਹਨ। ਕਬੀਰ ਜੀ ਦੇ ਜਨਮ ਬਾਰੇ ਮਤਭੇਦ ਹਨ ਅਤੇ ਉਹਨਾਂ ਦਾ ਜਨਮ 1398 ਈ। ਵਿੱਚ ਮੰਨਿਆ ਜਾਂਦਾ ਹੈ। ਲੋਕ ਮਾਨਤਾ ਅਨੁਸਾਰ ਕਬੀਰ ਇੱਕ ਬ੍ਰਾਹਮਣ ਵਿਧਵਾ ਦੀ ਕੁੱਖੋਂ ਪੈਦਾ ਹੋਏ ਅਤੇ ਉਹ ਲੋਕਲਾਜ ਲਈ ਉਹਨਾਂ ਨੂੰ ਕਾਸ਼ੀ (ਵਾਰਾਣਸੀ) ਦੇ ਲਹਿਰਤਾਰਾ ਤਲਾਬ ਕੋਲ ਰੱਖ ਗਈ ਜਿਸ ਵਿੱਚ ਕਮਲ ਦੇ ਫੁੱਲ ਹੋਇਆ ਕਰਦੇ ਸੀ। ਉਹਨਾਂ ਨੂੰ ਇੱਕ ਮੁਸਲਮਾਨ ਜੁਲਾਹਾ ਦੰਪੱਤੀ ਨੀਰੂ ਨੀਮਾ ਨੇ ਚੁੱਕ ਲਿਆ ਤੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ। ਕਬੀਰ ਅਰਬੀ ਸ਼ਬਦ ਅਲ-ਕਬੀਰ ਤੋਂ ਆਇਆ ਹੈ ਜਿਸਦਾ ਅਰਥ ਹੈ ਮਹਾਨ।
ਭਗਤੀ ਕਾਲ ਨੂੰ ਸੁਨਹਿਰਾ ਕਾਲ ਵੀ ਕਿਹਾ ਜਾਂਦਾ ਹੈ। ਕਬੀਰ ਜੀ ਦੇ ਗੁਰੂ ਸਵਾਮੀ ਰਾਮਾਨੰਦ ਸਨ ਅਤੇ ਕਬੀਰ ਸਿਕੰਦਰ ਲੋਧੀ ਦੇ ਸਮਕਾਲੀਨ ਹੋਏ ਸਨ। ਕਬੀਰ ਦੀ ਪਤਨੀ ਦਾ ਨਾਂ ਲੋਈ ਅਤੇ ਉਹਨਾਂ ਦੇ ਪੁੱਤਰ ਦਾ ਨਾਂ ਕਮਾਲ ਅਤੇ ਪੁੱਤਰੀ ਦਾ ਨਾਂ ਕਮਾਲੀ ਸੀ। ਕਬੀਰ ਜੀ ਗੁਰੂ ਦੀ ਮਹਾਨਤਾ ਨੂੰ ਬਿਆਨਦੇ ਹੋਏ ਕਹਿੰਦੇ ਹਨ -
ਗੁਰੂ ਗੋਬਿੰਦ ਦੋਊ ਖੜੇ, ਕਾ ਕੇ ਲਾਗੂੰ ਪਾਇ
ਬਲਿਹਾਰੀ ਗੁਰੂ ਆਪਣੇ, ਗੋਬਿੰਦ ਦੀਓ ਬਤਾਇ।
15ਵੀਂ ਸਦੀ ਵਿੱਚ ਕਬੀਰ ਪਰਮਾਤਮਾ ਦੇ ਨਾਮ ਸਿਮਰਨ, ਗੁਣ ਗਾਣ ਕਰਨ ਦੇ ਨਾਲ ਨਾਲ ਪਾਖੰਡਵਾਦ ਅਤੇ ਕੂੜ ਨੂੰ ਭੰਡਦੇ ਸੀ ਜੋ ਕਿ ਉਹਨਾਂ ਦੇ ਸੁਚੇਤ ਸਮਾਜ ਸੁਧਾਰਕ ਹੋਣ ਦੀ ਨਿਸ਼ਾਨੀ ਹੈ। ਕਬੀਰ ਜੀ ਨੇ ਫਿਰਕਾਪ੍ਰਸਤੀ ਦਾ ਖੁੱਲ ਕੇ ਖੰਡਨ ਕੀਤਾ ਅਤੇ ਉਹਨਾਂ ਦੀ ਵਿਚਾਰਧਾਰਾ ਅਨੁਸਾਰ ਸਾਰੇ ਇਨਸਾਨ ਇੱਕ ਹਨ -
ਹਿੰਦੂ ਮੂਏ ਰਾਮ ਕਹੇ, ਮੁਸਲਮਾਨ ਖੁਦਾਏ
ਕਹੇ ਕਬੀਰ ਸੋ ਜੀਵਤਾ, ਦੂਈ ਮੈਂ ਕਦੇ ਨਾ ਜਾਏ।
ਕਬੀਰਾ ਖੜਾ ਬਾਜ਼ਾਰ ਮੇਂ, ਮਾਂਗੇ ਸਬਕੀ ਖੈਰ
ਨਾ ਕਾਂਹੂ ਸੇ ਦੋਸਤੀ, ਨਾ ਕਾਂਹੂ ਸੇ ਬੈਰ।
ਲੂਟ ਸਕੇ ਤੋ ਲੂਟ ਲੋ, ਰਾਮ ਨਾਮ ਕੀ ਲੂਟ
ਪਾਛੇ ਫਿਰ ਪਛਤਾਓਗੇ, ਪ੍ਰਾਣ ਜਾਹਿੰ ਜਬ ਛੂਟ।
ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਆ ਕੋਇ
ਜੋ ਗਰ ਦੇਖਾ ਆਪਣਾ, ਮੁਝਸੇ ਬੁਰਾ ਨਾ ਕੋਇ।
ਕਬੀਰ ਜੀ ਅਨਪੜ੍ਹ ਸਨ ਤੇ ਉਹਨਾਂ ਨੇ ਆਪਣੀ ਕੋਈ ਰਚਨਾ ਕਲਮਬੱਧ ਨਹੀਂ ਕੀਤੀ। ਕਬੀਰ ਸਾਹਿਤ ਨਾਲ ਸੰਬੰਧਤ ਰਚਨਾਵਾਂ ਵਿੱਚ ਬੀਜਕ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ।
ਡਾ। ਹਜਾਰੀ ਪ੍ਰਸਾਦ ਦਿਵੇਦੀ ਨੇ ਕਬੀਰ ਨੂੰ ਭਾਸ਼ਾ ਦਾ ਤਾਨਾਸ਼ਾਹ ਵੀ ਕਿਹਾ ਹੈ ਕਿਉਂਕਿ ਉਹਨਾਂ ਦਾ ਭਾਸ਼ਾ ਤੇ ਜਬਰਦਸਤ ਅਧਿਕਾਰ ਸੀ। ਕਬੀਰ ਨੇ ਸਮਾਜ ਅਤੇ ਧਰਮਾਂ ਵਿੱਚ ਪਾਖੰਡਵਾਦ, ਅੰਧ ਵਿਸ਼ਵਾਸ ਦਾ ਬਹੁਤ ਤਿੱਖਾ ਵਿਰੋਧ ਕੀਤਾ ਜਿਸ ਕਾਰਨ ਉਹਨਾਂ ਦਾ ਸਮੇਂ ਸਮੇਂ ਤੇ ਹਿੰਦੂ ਅਤੇ ਇਸਲਾਮ ਧਰਮ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਰਿਹਾ। ਕਬੀਰ ਜੀ ਹਿੰਦੂ ਅਤੇ ਇਸਲਾਮ ਧਰਮ ਦੇ ਆਲੋਚਕ ਸੀ ਅਤੇ ਉਹ ਆਡੰਬਰਾਂ ਤੇ ਵਿਅੰਗ ਕਸਦੇ ਹੋਏ ਕਹਿੰਦੇ ਹਨ -
ਪਾਹਨ ਪੂਜੇ ਹਰਿ ਮਿਲੇ,ਤੋ ਮੈਂ ਪੂਜੂੰ ਪਹਾਰ
ਤਾਤੇ ਯੇ ਚਾਕੀ ਭਲੀ, ਪੀਸ ਖਾਇ ਸੰਸਾਰ।
ਕਾਂਕਰ ਪਾਥਰ ਜੋਰਿ ਕੈ, ਮਸਜਿਦ ਲਈ ਬਨਾਇ
ਤਾ ਚੜ੍ਹ ਮੁੱਲਾ ਬਾਂਗ ਦੇ, ਬਹਿਰਾ ਹੁਆ ਖੁਦਾਇ।
ਮਾਨਵੀ ਵਿਹਾਰਾਂ ਸੰਬੰਧੀ ਕਬੀਰ ਜੀ ਨੇ ਕਿਹਾ ਹੈ -
ਅਤੀ ਕਾ ਭਲਾ ਨਾ ਬੋਲਣਾ, ਅਤੀ ਕੀ ਭਲੀ ਨਾ ਚੂਪ
ਅਤੀ ਕਾ ਭਲਾ ਨਾ ਬਰਸਨਾ, ਅਤੀ ਕੀ ਭਲੀ ਨਾ ਦੂਪ।
ਕਾਲ ਕਰੇ ਸੋ ਆਜ ਕਰ, ਆਜ ਕਰੇ ਜੋ ਅਬ
ਪਲ ਮੈਂ ਪ੍ਰਲਯ ਹੋਏਗੀ, ਬਹੁਰਿ ਕਰੇਗਾ ਕਬ।
ਪੋਥੀ ਪੜ੍ਹ ਪੜ੍ਹ ਜਗ ਮੁਆ, ਪੰਡਿਤ ਭਯਾ ਨਾ ਕੋਇ
ਢਾਈ ਆਖਰ ਪ੍ਰੇਮ ਕੇ, ਪੜ੍ਹੇ ਸੋ ਪੰਡਿਤ ਹੋਇ।
ਮਾਂਗਨ ਮਰਣ ਸਮਾਨ ਹੈ, ਮਤਿ ਮਾਂਗੋ ਕੋਈ ਭੀਖ
ਮਾਂਗਨ ਸੇ ਤੋ ਮਰਨਾ ਭਲਾ, ਯਹ ਸਤਗੁਰ ਕੀ ਸੀਖ।
ਦੁਖ ਮੇ ਸੁਮਰਿਨ ਸਬ ਕਰੇ, ਸੁਖ ਮੇ ਕਰੇ ਨਾ ਕੋਇ
ਜੋ ਸੁਖ ਮੇ ਸੁਮਰਿਨ ਕਰੇ, ਦੁਖ ਕਾਹੋ ਕੋ ਹੋਇ।
ਪਾਨੀ ਕੇਰਾ ਬੁਦਬੁਦਾ, ਅਸ ਮਾਨਸ ਕੀ ਜਾਤ
ਦੇਖਤ ਹੀ ਛਿਪ ਜਾਏਗਾ, ਜਯੋਂ ਤਾਰਾ ਪਰਭਾਤ।
ਮਾਲਾ ਫੇਰਤ ਜੁਗ ਭਯਾ, ਫਿਰਾ ਨ ਮਨ ਕਾ ਫੇਰ
ਕਰ ਕਾ ਮਨਕਾ ਡਾਰ ਦੇ, ਮਨ ਕਾ ਮਨਕਾ ਫੇਰ।
ਮਾਯਾ ਮਰੀ ਨ ਮਨ ਮਰਾ, ਮਰ ਮਰ ਗਏ ਸ਼ਰੀਰ
ਆਸ਼ਾ ਤ੍ਰਿਸ਼ਣਾ ਨ ਮਰੀ, ਕਹਿ ਗਏ ਦਾਸ ਕਬੀਰ।
ਮਾਟੀ ਕਹੇ ਕੁਮਹਾਰ ਸੇ, ਤੂ ਕਯਾ ਰੌਂਦੇ ਮੋਹਿ
ਏਕ ਦਿਨ ਐਸਾ ਆਏਗਾ, ਮੈਂ ਰੌਂਦੂੰਗੀ ਤੋਹਿ।
ਕਬੀਰ ਘੁਮੱਕੜ ਸੰਤ ਸੀ ਅਤੇ ਉਹਨਾਂ ਦੀ ਭਾਸ਼ਾ ਸੁਧੱਕੜੀ ਭਾਸ਼ਾ ਹੈ। ਉਹਨਾਂ ਦੇ ਸਾਹਿਤ ਵਿੱਚ ਰਾਜਸਥਾਨੀ, ਹਰਿਆਣਵੀ, ਪੰਜਾਬੀ, ਖੜੀ ਬੋਲੀ, ਅਰਬੀ, ਫਾਰਸੀ, ਅਵਧੀ ਆਦਿ ਭਾਸ਼ਾਵਾਂ ਦੇ ਸ਼ਬਦ ਵੇਖਣ ਨੂੰ ਮਿਲਦੇ ਹਨ।
ਸੰਤ ਕਬੀਰ ਦੇ ਪੈਰੋਕਾਰਾਂ ਨੂੰ ਕਬੀਰ ਪੰਥੀ ਕਿਹਾ ਜਾਂਦਾ ਹੈ। ਕਬੀਰ ਪੰਥੀਆਂ ਵਿੱਚ ਬੀਜਕ ਗ੍ਰੰਥ ਦੀ ਉਹ ਸਥਿਤੀ ਹੈ ਜੋ ਕਿ ਸਿੱਖਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਅਤੇ ਇਸਲਾਮ ਵਿੱਚ ਕੁਰਾਨ ਦੀ ਹੈ। ਬੀਜਕ ਦੇ ਤਿੰਨ ਭਾਗ ਹਨ ਪਹਿਲਾ ਸਾਖੀ, ਦੂਜਾ ਸ਼ਬਦ ਅਤੇ ਤੀਜਾ ਰਮੈਨੀ।
ਸੰਤ ਕਬੀਰ ਦੇ ਜਨਮ ਅਤੇ ਮੌਤ ਸੰਬੰਧੀ ਮਤਭੇਦ ਪਾਏ ਜਾਂਦੇ ਹਨ ਪਰੰਤੂ ਕਬੀਰ ਪੈਰੋਕਾਰਾਂ ਅਨੁਸਾਰ ਕਬੀਰ ਜੀ ਦਾ ਉਮਰ ਤਕਰੀਬਨ 120 ਸਾਲ ਸੀ। ਕਬੀਰ ਜੀ ਇਸ ਸੰਸਾਰ ਨੂੰ ਮਗਹਰ (ਉੱਤਰ ਪ੍ਰਦੇਸ਼) ਵਿਖੇ 1518 ਈ। ਵਿੱਚ ਅਲਵਿਦਾ ਕਹਿ ਗਏ।
1952 ਵਿੱਚ ਕਬੀਰ ਜੀ ਉੱਪਰ ਡਾਕ ਟਿਕਟ ਵੀ ਜਾਰੀ ਕੀਤਾ ਗਿਆ। ਇਹ ਕੋਈ ਅੱਤ ਕੱਥਨੀ ਨਹੀਂ ਹੋਵੇਗੀ ਕਿ ਜੇਕਰ ਕਬੀਰ ਅੱਜ ਦੇ ਸਮੇਂ ਵਿੱਚ ਹੁੰਦੇ ਤਾਂ ਉਹਨਾਂ ਤੇ ਬਹੁਤ ਅਦਾਲਤੀ ਕੇਸ ਚੱਲ ਰਹੇ ਹੁੰਦੇ ਅਤੇ ਉਹ ਜੇਲ ਵਿੱਚ ਸੜ ਰਹੇ ਹੁੰਦੇ ਜਾਂ ਕਿਸੇ ਹਿੰਸਾਤਮਕ ਘਟਨਾ ਦਾ ਸ਼ਿਕਾਰ ਹੋ ਚੁੱਕੇ ਹੁੰਦੇ, ਕਿਉਂਕਿ ਉਹ ਸੱਚ ਦਾ ਹੋਕਾ ਨਿਡਰ ਹੋ ਕੇ ਦਿੰਦੇ ਸਨ, ਜੋ ਕਿ ਅੱਜ ਦੇ ਧਰਮਾਂ ਅਤੇ ਧਰਮ ਦੇ ਠੇਕੇਦਾਰਾਂ ਨੂੰ ਪੁੱਗਣਾ ਨਹੀਂ ਸੀ। ਬੇਸ਼ੱਕ ਸਾਡੇ ਦੇਸ਼ ਦਾ ਸੰਵਿਧਾਨ ਧਰਮ ਨਿਰਪੱਖਤਾ ਦਾ ਪਾਠ ਪੜਾਉਂਦਾ ਹੈ, ਪਰ ਇਹ ਵੀ ਸੱਚ ਹੈ ਕਿ ਥੋੜ੍ਹਾ ਜਿਹਾ ਸੱਚ ਬੋਲਣ ਜਾਂ ਲਿਖਣ ਨਾਲ ਹੀ ਕਿਸੇ ਨਾ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪੁੱਜ ਜਾਂਦੀ ਹੈ, ਜੋ ਕਿ ਅਦਾਲਤੀ ਕੇਸਾਂ ਜਾਂ ਹੋਰ ਹਿੰਸਾਤਮਕ ਘਟਨਾਵਾਂ ਦਾ ਕਾਰਨ ਬਣ ਜਾਂਦੀ ਹੈ।