ਕਾਂਗਰਸੀ ਨੇਤਾ ਅਸਫਲਤਾਵਾਂ ਤੋਂ ਸਬਕ ਨਹੀਂ ਸਿੱਖਦੇ

ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ 10 ਸਾਲ ਦੇ ਬਨਵਾਸ ਕੱਟਣ ਤੋਂ ਬਾਅਦ ਜਨਵਰੀ 2017 ਵਿਚ ਬਣੀ ਸੀ। ਕਾਂਗਰਸ ਪਾਰਟੀ ਦੇ ਨੇਤਾ ਅਜੇ ਵੀ ਆਪਣੀਆਂ ਗ਼ਲਤੀਆਂ ਅਤੇ ਆਦਤਾਂ ਵਿਚ ਸੁਧਾਰ ਨਹੀਂ ਲਿਆ ਰਹੇ। ਉਨ੍ਹਾਂ ਨੂੰ ਭਲੀ ਭਾਂਤ ਪਤਾ ਹੈ ਕਿ 2007 ਅਤੇ 2012 ਵਿਚ ਕਾਂਗਰਸ ਪਾਰਟੀ ਆਪਣੀਆਂ ਆਪਹੁਦਰੀਆਂ ਗ਼ਲਤੀਆਂ ਕਰਕੇ ਰਾਜ ਭਾਗ ਗੁਆ ਗਈ ਸੀ ਜਦੋਂ ਕਿ ਪੰਜਾਬ ਦੇ ਲੋਕ ਉਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਤਤਪਰ ਸਨ। ਲੋਕ  ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਜਸ਼ੈਲੀ ਤੋਂ ਅਤਿਅੰਤ ਸੰਤੁਸ਼ਟ ਸਨ। ਭਾਵੇਂ ਇਸ ਸਮੇਂ ਦੌਰਾਨ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਿੰਦਰ ਕੌਰ ਭੱਠਲ ਦੀ ਖੁੰਦਕ ਜੱਗ ਜ਼ਾਹਿਰ ਸੀ। ਦੋਵੇਂ ਵਾਰ ਆਪਸੀ ਧੜੇਬੰਦੀ, ਖਹਿਬਾਜ਼ੀ, ਕਲੇਸ਼ ਅਤੇ ਹਓਮੈ  ਕਰਕੇ ਸਰਕਾਰ ਬਣਾਉਣ ਤੋਂ ਖੁੰਝ ਗਏ ਸਨ।

ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਰਥਕ ਸਮੱਸਿਆਵਾਂ ਅਤੇ ਸਰਕਾਰੀ ਕਰਮਚਾਰੀਆਂ ਖਾਸ ਤੌਰ ਤੇ ਅਧਿਆਪਕਾਂ ਅਤੇ ਕਿਸਾਨਾਂ ਦੇ ਅੰਦੋਲਨਾ ਨਾਲ ਜੂਝ ਰਹੀ ਹੈ ਤਾਂ ਕਾਂਗਰਸ ਪਾਰਟੀ ਦੇ ਹਰ ਕਾਰਜਕਤਾ ਅਤੇ ਨੇਤਾਵਾਂ ਦਾ ਫਰਜ ਬਣਦਾ ਹੈ ਕਿ ਉਹ ਸਰਕਾਰ ਨੂੰ ਇਨ੍ਹਾਂ ਸਮੱਸਿਆਵਾਂ ਦੇ ਹਲ ਵਿਚ ਸਹਿਯੋਗ ਦੇਣ। ਪ੍ਰੰਤੂ ਹੋ ਸਾਰਾ ਕੁਝ ਇਸਦੇ ਉਲਟ ਰਿਹਾ ਹੈ। ਕਾਂਗਰਸੀ ਨੇਤਾ ਆਪਸੀ ਧੜੇਬੰਦੀ ਦਾ ਮੁਜ਼ਾਹਰਾ ਕਰ ਰਹੇ ਹਨ।ਇਸ ਵਿਚ ਕੋਈ ਸ਼ੱਕ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਦੀ 2002-2007 ਦੀ ਸਰਕਾਰ ਵਾਲੀ ਕਾਰਜਸ਼ੈਲੀ ਇਸ ਵਾਰ ਵਿਖਾਈ ਨਹੀਂ ਦਿੰਦੀ, ਜਿਸ ਤੋਂ ਪੰਜਾਬ ਦੀ ਜਨਤਾ ਵੱਡੀਆਂ ਆਸਾਂ ਲਾਈ ਬੈਠੀ ਸੀ। ਲੋਕਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ। ਅਸਲ ਵਿਚ 2017 ਵਿਚ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਕਰਕੇ ਹੀ ਬਣੀ ਸੀ। ਇਉਂ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੂੰ ਧੜੇਬੰਦੀ ਵਿਰਾਸਤ ਤੋਂ ਹੀ ਮਿਲੀ ਹੋਈ ਲੱਗਦੀ ਹੈ। ਕਾਂਗਰਸ ਪਾਰਟੀ ਦੀ ਸਿਆਸਤ ਅਜਿਹੀ ਹੈ ਜਿਸ ਵਿਚ ਕੋਈ ਵੀ ਨੇਤਾ ਇਕ ਦੂਜੇ ਦੀ ਸਿਆਸੀ ਚੜ੍ਹਤ ਨੂੰ ਬਰਦਾਸ਼ਤ ਹੀ ਨਹੀਂ ਕਰਦਾ। 200 7 ਵਿਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਦੇ ਆਪਸੀ  ਇੱਟ ਖੜੱਕੇ ਕਰਕੇ ਕਾਂਗਰਸ ਪਾਰਟੀ ਨੂੰ ਹਾਰ ਦੀ ਨਮੋਸ਼ੀ ਝੱਲਣੀ ਪਈ। ਫਿਰ ਪਰਤਾਪ ਸਿੰਘ ਬਾਜਵਾ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ 36 ਦਾ ਅੰਕੜਾ ਬਣਿਆਂ ਰਿਹਾ।

ਸਿਆਸਤ ਦੀ ਤਿਗੜਮਬਾਜੀ ਨੇ 2014 ਦੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਕੱਦ ਬੁੱਤ ਨੂੰ ਨੀਵਾਂ ਵਿਖਾਉਣ ਲਈ ਉਸਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਚੋਣ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਦਿਗਜ਼ ਅਰੁਣ ਜੇਤਲੀ ਵਿਰੁਧ ਲੜਾਉਣ ਦੀ ਤਜ਼ਵੀਜ਼ ਬਣਾ ਦਿੱਤੀ। ਉਨ੍ਹਾਂ ਸੋਚਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਚੋਣ ਹਾਰ ਜਾਵੇਗਾ ਤੇ ਉਸਦਾ ਸਿਆਸੀ ਕੱਦ ਬੁੱਤ ਨੀਵਾਂ ਹੋ ਜਾਵੇਗਾ। ਹੋਇਆ ਇਸ ਦੇ ਉਲਟ ਕੈਪਟਨ ਅਮਰਿੰਦਰ ਸਿੰਘ ਵੱਡੇ ਫਰਕ ਨਾਲ ਅਰੁਣ ਜੇਤਲੀ ਨੂੰ ਹਰਾਕੇ ਚੋਣ ਜਿੱਤ ਗਿਆ। ਕਾਂਗਰਸ ਪਾਰਟੀ ਨੂੰ ਇਸ ਧੜੇਬੰਦੀ ਦਾ ਨੁਕਸਾਨ ਇਹ ਹੋਇਆ ਕਿ ਕਾਂਗਰਸ ਪਾਰਟੀ ਪੰਜਾਬ ਵਿਚ ਲੋਕ ਸਭਾ ਦੀਆਂ ਸਿਰਫ ਤਿੰਨ ਸੀਟਾਂ ਜਿੱਤ ਸਕੀ। ਵੱਡੇ ਨੇਤਾ ਪਰਤਾਪ ਸਿੰਘ ਬਾਜਵਾ, ਅੰਬਿਕਾ ਸੋਨੀ, ਪਰਨੀਤ ਕੌਰ ਅਤੇ ਸੱਜਣ ਕੁਮਾਰ ਜਾਖੜ ਕਰਮਵਾਰ ਗੁਰਦਾਸਪੁਰ, ਆਨੰਦਪੁਰ ਸਾਹਿਬ, ਪਟਿਆਲਾ ਅਤੇ ਫਿਰੋਜਪੁਰ ਤੋਂ ਚੋਣ ਹਾਰ ਗਏ। ਇੱਕ ਦੂਜੇ ਦੇ ਪਰ ਕੁਤਰਦੇ ਨੇਤਾ ਆਪਣੇ ਪਰ ਕੁਤਰਾ ਬੈਠੇ। ਵੈਸੇ ਧੜੇਬੰਦੀ ਕਾਂਗਰਸ ਦੀ ਖਾਸੀਅਤ ਹੈ। ਉਹ ਚੋਣਾਂ ਹਾਰਕੇ ਵੀ ਕੁਝ ਸਿਖਦੇ ਨਹੀਂ। ਉਨ੍ਹਾਂ ਦਾ ਮੰਤਵ ਤਾਂ ਨਾ ਖੇਡਣਾ ਅਤੇ ਨਾ ਖੇਡਣ ਦੇਣਾ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੁਨੀਲ ਕੁਮਾਰ ਜਾਖੜ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਪ੍ਰਧਾਨ ਬਣਾ ਦਿੱਤਾ ਗਿਆ। ਪਿਛਲੇ ਤਜਰਬੇ ਦੱਸਦੇ ਸਨ ਕਿ ਪ੍ਰਧਾਨ ਅਤੇ ਮੁੱਖ ਮੰਤਰੀ ਦਾ ਇਕਮਤ ਹੋਣਾ ਰਾਜ ਭਾਗ ਅਤੇ ਪੰਜਾਬ ਦੇ ਵਿਕਾਸ ਲਈ ਬਿਹਤਰ ਰਹੇਗਾ ਪ੍ਰੰਤੂ ਜਦੋਂ ਰਾਜ ਸਭਾ ਦੀ ਚੋਣ ਆਈ ਤਾਂ ਸੁਨੀਲ ਜਾਖੜ ਉਮੀਦਵਾਰ ਬਣ ਗਿਆ। ਉਸ ਸਮੇਂ ਸੁਨੀਲ ਕੁਮਾਰ ਜਾਖੜ ਅਤੇ ਕੈਪਟਨ ਅਮਰਿੰਦਰ ਦੇ ਸੰਬੰਧਾਂ ਵਿਚ ਥੋੜ੍ਹੇ ਸਮੇਂ ਲਈ ਖਟਾਸ ਆ ਗਈ। ਸੁਨੀਲ ਕੁਮਾਰ ਜਾਖੜ ਰਾਜ ਸਭਾ ਦਾ ਮੈਂਬਰ ਨਹੀਂ ਬਣ ਸਕਿਆ। ਗੁਣਾ ਪਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਤੇ ਪੈ ਗਿਆ। ਕਾਂਗਰਸ ਹਾਈ ਕਮਾਂਡ ਅਸਲ ਮਾਅਨਿਆਂ ਵਿਚ ਰਾਜਾਂ ਦੇ ਨੇਤਾਵਾਂ ਵਿਚ ਕਲੇਸ਼ ਪਾਉਣ ਦੀ ਜ਼ਿੰਮੇਵਾਰ ਬਣਦੀ ਹੈ। ਮੁੱਖ ਮੰਤਰੀ ਦੀ ਸਿਫਾਰਸ਼ ਤੋਂ ਬਿਨਾ ਹੀ ਉਸਦੇ ਵਿਰੋਧੀ ਰਾਜ ਸਭਾ ਦੇ ਮੈਂਬਰ ਬਣਾ ਦਿੱਤੇ ਗਏ। ਕਾਂਗਰਸ ਹਾਈ ਕਮਾਂਡ ਹਮੇਸ਼ਾ ਰਾਜਾਂ ਵਿਚ ਸਿਆਸੀ ਤਾਕਤ ਦੇ ਦੋ ਧੜੇ ਬਣਾਕੇ ਰੱਖਦੀ ਹੈ ਤਾਂ ਜੋ ਉਨ੍ਹਾਂ ਦੀ ਦੋਵੇਂ ਧੜੇ ਚਾਪਲੂਸੀ ਕਰਦੇ ਰਹਿਣ। ਇਹੋ ਪਾਲਿਸੀ ਕਾਂਗਰਸ ਦਾ ਬੇੜਾ ਗਰਕ ਕਰਨ ਵਿਚ ਯੋਗਦਾਨ ਪਾਉਂਦੀ ਹੈ। ਇਹ ਵੀ ਵੇਖਣ ਵਿਚ ਆਇਆ ਹੈ ਕਿ ਕਾਂਗਰਸ ਪਾਰਟੀ ਚੋਣਾਂ ਜਿੱਤਣ ਲਈ ਨਵੇਂ-ਨਵੇਂ ਫਾਰਮੂਲੇ ਬਣਾਉਂਦੀ ਰਹਿੰਦੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਹਾ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਵਾਬਜੂਦ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰ ਲਿਆ। ਸਚਾਈ ਤਾਂ ਪਤਾ ਨਹੀਂ ਕੀ ਹੈ ਪ੍ਰੰਤੂ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵਿਚ ਆ ਕੇ ਮੰਤਰੀ ਬਣਿਆਂ ਹੈ। ਉਹ ਹਮੇਸ਼ਾ ਹੀ ਕਿਸੇ ਨਾ ਕਿਸੇ ਵਜਾਹ ਕਰਕੇ ਅਖ਼ਬਾਰਾਂ ਦੀਆਂ ਸੁਰਖੀਆਂ ਬਣਦਾ ਰਿਹਾ ਹੈ। ਉਸ ਦੀਆਂ ਸਰਗਰਮੀਆਂ ਤੋਂ ਬਗਾਬਤ ਦੀ ਝਲਕ ਦਿਖਦੀ ਰਹਿੰਦੀ ਹੈ। ਕਰਤਾਰਪੁਰ ਲਾਂਘੇ ਵਿਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਹੋਣ ਕਰਕੇ ਉਸਦਾ ਸਿਆਸੀ ਕੱਦ ਬੁੱਤ ਉਚਾ ਹੋ ਗਿਆ। ਵਿਰੋਧੀਆਂ ਨੇ ਤਾਂ ਉਸਦਾ ਵਿਰੋਧ ਕਰਨਾ ਹੀ ਹੈ ਪ੍ਰੰਤੂ ਕਾਂਗਰਸੀਆਂ ਨੇ ਵੀ ਉਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹੈਦਰਾਵਾਦ ਵਿਖੇ ਇਕ ਪ੍ਰੈਸ ਕਾਨਫਰੰਸ ਵਿਚ ਉਹ ਮੁੱਖ ਮੰਤਰੀ ਬਾਰੇ ਵੀ ਉਚਾ ਨੀਵਾਂ ਬੋਲ ਗਿਆ, ਜਿਸਦਾ ਉਸਦੇ ਮੰਤਰੀ ਸਾਥੀਆਂ ਨੇ ਅਸਤੀਫਾ ਵੀ ਮੰਗ ਲਿਆ। ਉਸਦੇ ਇਸ ਬਿਆਨ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ। ਪੰਜਾਬ ਕਾਂਗਰਸ ਦੋ ਧੜਿਆਂ ਵਿਚ ਵੰਡੀ ਗਈ। ਹਾਲਾਂ ਕਿ ਨਵਜੋਤ ਸਿੰਘ ਸਿੱਧੂ ਨੇ ਸ਼ਪਸਟ ਕੀਤਾ ਹੈ ਕਿ ਉਸਦੀ ਭਾਵਨਾ ਗ਼ਲਤ ਨਹੀਂ ਸੀ ਪ੍ਰੰਤੂ ਮਨਾ ਵਿਚ ਫਰਕ ਵੱਧ ਗਿਆ ਹੈ। ਸਿਆਸੀ ਪੜਚੋਲਕਾਰਾਂ ਦਾ ਵਿਚਾਰ ਹੈ ਕਿ ਨਵਜੋਤ ਸਿੰਘ ਸਿੱਧੂ ਦਿੱਲੀ ਵਿਚਲੇ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਸ਼ਹਿ ਤੇ ਬੋਲ ਰਿਹਾ ਹੈ। ਕੇਂਦਰੀ ਕਾਂਗਰਸ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੀ ਹੈ। ਉਹ ਵੀ ਅੰਗਰੇਜ਼ਾਂ ਵਾਲੀ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚਲ ਰਹੀ ਹੈ। ਪੰਜਾਬ ਕਾਂਗਰਸ ਵਿਚ ਵੀ ਸਭ ਅੱਛਾ ਨਹੀਂ ਹੈ ਕਿਉਂਕਿ ਸੁਨੀਲ ਕੁਮਾਰ ਜਾਖੜ ਆਪਣੀ ਟੀਮ ਵੀ  ਨਹੀਂ ਬਣਾ ਸਕਿਆ। ਪੁਰਾਣੇ ਕਾਂਗਰਸੀ ਨੇਤਾ ਜਿਹੜੇ ਰਾਹੁਲ ਗਾਂਧੀ ਦੇ ਨਜ਼ਦੀਕ ਸਨ, ਉਹ ਸਾਰੇ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿਚ ਆਉਣ ਨਾਲ ਪਿਛੇ ਰਹਿ ਗਏ ਹਨ। ਉਹ ਵੀ ਨਵਜੋਤ ਸਿੰਘ ਸਿੱਧੂ ਵਿਰੁਧ ਦੰਦ ਕਰੀਚ ਰਹੇ ਹਨ। ਉਹ ਨਵਜੋਤ ਸਿੱਧੂ ਦੀ ਹਰ ਹਰਕਤ ਤੇ ਨਿਗਾਹ ਰੱਖ ਰਹੇ ਹਨ। ਇਸ ਲਈ ਉਸਨੂੰ ਵੀ ਥੋੜ੍ਹਾ ਸਿਆਣਪ ਨਾਲ ਚਲਣਾ ਚਹੀਦਾ ਹੈ। ਬਿਆਨਾਜ਼ੀ ਦੀ ਰਫਤਾਰ ਤੇ ਕਾਬੂ ਪਾਉਣਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਦੇ ਮਸਲੇ ਤੇ ਮੰਤਰੀ ਮੰਡਲ ਵੀ ਦੋ ਹਿੱਸਿਆਂ ਵਿਚ ਵੰਿਡਆ ਗਿਆ ਹੈ। ਅਜੇ ਤੱਕ 18 ਮੰਤਰੀਆਂ ਵਿਚੋਂ 8 ਹੀ ਨਵਜੋਤ ਸਿੱਧੂ ਦੇ ਵਿਰੁਧ ਬੋਲੇ ਹਨ, ਉਨ੍ਹਾਂ ਵਿਚੋਂ ਵੀ ਬਹੁਤਿਆਂ ਨੇ ਥੋੜ੍ਹੇ ਸ਼ਬਦਾਂ ਵਿਚ ਸੰਕੋਚ ਨਾਲ ਬਿਆਨ ਦਿੱਤੇ ਹਨ। ਨਵਜੋਤ ਸਿੰਘ ਸਿੱਧੂ ਬੁਲਾਰਾ ਬਹੁਤ ਅੱਛਾ ਹੈ ਪ੍ਰੰਤੂ ਬੋਲਦਾ ਬਹੁਤ ਜ਼ਿਆਦਾ ਹੈ, ਜਿਸ ਕਰਕੇ ਗ਼ਲਤੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਕਾਂਗਰਸ ਦੀ ਹਾਈ ਕਮਾਂਡ ਦੀ ਸਿਆਸਤ ਬੜੀ ਨਿਰਾਲੀ ਹੈ। ਉਹ ਨੇਤਾਵਾਂ ਨੂੰ ਅਸਮਾਨ ਤੇ ਵੀ ਮਿੰਟਾਂ ਵਿਚ ਪਹੁੰਚਾ ਦਿੰਦੀ ਹੈ ਪ੍ਰੰਤੂ ਪੌੜੀ ਖਿਚਣ ਲਗੇ ਵੀ ਪਤਾ ਹੀ ਨਹੀਂ ਲੱਗਣ ਦਿੰਦੀ। ਇਸ ਲਈ ਨਵਜੋਤ ਸਿੰਘ ਸਿੱਧੂ ਨੂੰ ਬਹੁਤਾ ਉਤਸ਼ਾਹ ਵਿਚ ਨਹੀਂ ਆਉਣਾ ਚਾਹੀਦਾ ਪਤਾ ਨਹੀਂ ਲੱਗਦਾ ਕਿਸ ਵੇਲੇ ਕੈਂਚੀ ਫਿਰ ਜਾਂਦੀ ਹੈ। ਪੰਜਾਬ ਵਿਚ ਜਿਹੜੀ ਰਾਜਨੀਤਕ ਅੱਜ ਸਥਿਤੀ ਹੈ, ਉਸ ਅਨੁਸਾਰ ਅਕਾਲੀ ਦਲ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ, ਆਮ ਆਦਮੀ ਪਾਰਟੀ ਆਪਣਾ ਆਧਾਰ ਖੋ ਬੈਠੀ ਹੈ, ਇਸ ਲਈ ਉਨ੍ਹਾਂ ਕੋਲ ਕਾਂਗਰਸ ਤੋਂ ਬਿਨਾ ਕੋਈ ਬਦਲਵਾਂ ਪ੍ਰਬੰਧ ਨਹੀਂ। ਜੇਕਰ ਕਾਂਗਰਸੀ ਆਪਸੀ ਖਿਚੋਤਾਣ ਨਹੀਂ ਛੱਡਣਗੇ ਤਾਂ ਪੰਜਾਬ ਦੇ ਲੋਕਾਂ ਨੂੰ ਹੋਰ ਬਦਲਵਾਂ ਪ੍ਰਬੰਧ ਬਣਾਉਣ ਲਈ ਮਜ਼ਬੂਰ ਹੋਣਾ ਪਵੇਗਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>