ਚਾਚਾ ਸਾਧੂ ਤੇ ਮਾਣਕ

ਅੱਜ ਟਰੰਟੋ ‘ਚ ਬੜਾ ਮਸਤੀ ਜਿਹਾ ਦਿਨ ਆ। ਧੁੱਪਾਂ ਚੜ੍ਹੀਆਂ ਹੋਈਆਂ ਨੇ!

ਅੱਜ ਚਾਚਾ ਸਾਧੂ ਬੜਾ ਚੇਤੇ ਆ ਰਿਹਾ!

ਚਾਚਾ ਸਾਧੂ ਸਾਡੇ ਨਾਲ ਬੜਾ ਲੰਮਾ ਸਮਾਂ ਸਾਥੀ ਰਿਹਾ! ਚਾਚੇ ਦਾ ਬਾਪ, ਬਾਬਾ ਰੁਲਦਾ ਸਿੰਘ ਜਵਾਨੀ ਤੋਂ ਲੈ ਕੇ ਮਰਨ ਤੱਕ ਮੇਰੇ ਦਾਦਾ ਜੀ ਦਾ ਸਾਥੀ ਰਿਹਾ! ਚਾਚਾ ਸਾਧੂ ਬਚਪਨ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਨਿਭਦਾ ਆਉਂਦਾ! ਮੇਰੇ ਤੋਂ ਕੋਈ 25 ਕੁ ਵਰ੍ਹੇ ਵੱਡਾ ਹੋਵੇਗਾ ਚਾਚਾ ਸਾਧੂ! ਨਿੱਕੇ ਹੁੰਦੇ ਨੂੰ ਚੁੱਕ ਕੇ ਖਿਡਾਉਦਾ ਰਿਹਾ ਚਾਚਾ ਸਾਧੂ! ਖੇਤੋਂ ਪੱਠੇ ਲੈਣ ਜਾਣਾ ਮੈਨੂੰ ਗੱਡੇ ‘ਤੇ ਬਿਠਾ ਕੇ ਲੈ ਜਾਂਦਾ! ਸੀ। ਐਨ। ਟਾਵਰ, ਡਿਜ਼ਨੀਲੈਂਡ, ਵੰਡਰਲੈਂਡ ‘ਤੇ ਹਵਾਈ ਜਹਾਜ਼ਾਂ ਦੇ ਝੂਟੇ ਲੈ ਕੇ ਵੇਖ ਲਏ, ਪਰ ਗੱਡੇ ਦੇ ਝੂਟਿਆਂ ਜਿੰਨਾਂ ਸਕੂਨ ਕਿਤੋ ਵੀ ਨੀ ਮਿਲਿਆ!

ਆਥਣੇ ਚਾਚਾ ਸਾਧੂ ਪਿੰਡ ਵਾਲੇ ਛੱਪੜ ਤੋਂ ਮੱਝਾਂ ਨੂੰ ਪਾਣੀ ਪਿਆਉਣ ਲਿਜਾਂਦਾ ਨਾਲ ਮੈਨੂੰ ਵੀ ਲੈ ਜਾਂਦਾ! ਨਹੀਂ ਆਈ ਅਪਣੱਤ ਟਰੰਟੋ ਦੀ ਸੈਬਲ ਬੀਚ ‘ਚ ਨਹਾ ਕੇ ਜਿਹੜੀ ਪਿੰਡ ਵਾਲੇ ਛੱਪੜ ‘ਚ ਤਾਰੀਆਂ ਲਾ ਕੇ ਆਉਂਦੀ ਸੀ! ਚਾਚੇ ਸਾਧੂ ਦਾ ਪਿੰਡ ਚੰਦ ਨਵਾਂ ਮੇਰੇ ਪਿੰਡ ਤੋਂ ਤਕਰੀਬਨ ਚਾਰ ਕੁ ਕਿਲੋਮੀਟਰ ਹੋਵੇਗਾ। ਚਾਚਾ ਸਾਧੂ ਸਵੇਰੇ ਛੇ ਵਜੇ ਘਰ ਦਾ ਦਰਵਾਜ਼ਾ ਆ ਖੜਕਾਉਦਾ! ਪਸੂਆਂ ਨੂੰ ਪੱਠੇ ਪਾਉਣ ਤੋਂ ਕੰਮ ਸ਼ੁਰੂ ਕਰਦਾ। ਫੇਰ ਰੋਟੀ ਖਾਣ ਤੋਂ ਬਾਅਦ ਖੇਤ ਚਲਿਆ ਜਾਂਦਾ। ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ। ਦਾਰੂ ਦਾ ਸ਼ੌਕੀਨ ਚਾਚਾ ਸਾਧੂ ਆਥਣੇ ਜਦੋਂ ਘਰੇ ਆਉਂਦਾ, ਤਾਂ ਦਲਾਨ ‘ਚ ਪਈ ਦੇਸੀ ਦਾਰੂ ਦੀ ਕੈਨੀ ‘ਚੋਂ ਸਿਰਵਰ ਵਾਲੇ ਚਿੱਟੇ ਕੱਪ ‘ਚ ਲੰਡਾ ਪੈੱਗ ਪਾਉਂਦਾ। ਸ਼ਰਾਬ ਦਾ ਪੌਣਾਂ ਕੱਪ ਕਰ ਕੇ ਬਾਕੀ ਬਚਦੇ ਕੱਪ ‘ਚ ਪਾਣੀ ਪਾ ਲੈਂਦਾ! ਕੱਪ ਕੇਰਾਂ ਈ ਅੰਦਰ ਸੁੱਟ ਕੇ ਫੇਰ ਮੱਝਾਂ ਨੂੰ ਪੱਠੇ ਪਾਉਣ ਲੱਗ ਜਾਂਦਾ! ਦਾਦੀ ਮੇਰੀ ਨੇ ਕਹਿਣਾ, “ਵੇ ਸਾਧੂਆ ਕਿਉਂ ਪੀਨਾ ਇਹ ਜਹਿਰ?” ਤਾਂ ਚਾਚੇ ਸਾਧੂ ਨੇ ਕਹਿਣਾ, “ਤਾਈ ਕਦੇ ਪੀ ਕੇ ਵੇਖ! ਸਵਰਗਾਂ ਦੇ ਝੂਟੇ ਦੇ ਦਿੰਦੀ ਆ ਗੁੜ ਦੀ ਜਾਈ!”

“ਵੇ ਫੋਟ! ਬੇਸ਼ਰਮਾਂ, ਮੈਂ ਹੁਣ ਸ਼ਰਾਬ ਪੀਊਂਗੀ? ਕੁੱਤਾ ਕਿਸੇ ਥਾਂ ਦਾ!”

“ਨਾਲੇ ਤਾਈ, ਜਿੰਨੀ ਕੁ ਮੈਂ ਪੀਨੈਂ, ਏਹ ਤਾਂ ਦਵਾਈ ਆ। ਜਿਹੜੇ ਦੈਂਤਾਂ ਵਾਂਗ ਪੀਂਦੇ ਆ, ਓਹਨੂੰ ਸ਼ਰਾਬ ਕਹਿੰਦੇ ਆ, ਐਵੇਂ ਨੀ ਕਿਸੇ ਨੇ ਸ਼ਰਾਬ ਤੇ ਲਿਖਿਆ ਬਈ ਦੇਵਤੇ ਤੇ ਦੈਂਤਾਂ ਦੀ ਬਣਾਈ ਹੋਈ ਚੀਜ ਆਂ!” ਕੱਪ ‘ਚ ਬਚਦੀ ਦਾਰੂ ਚਾਚਾ ਸਾਧੂ ਫੇਰ ਇਕੱਠਿਆਂ ਅੰਦਰ ਸਿੱਟਦਾ ਅਤੇ ਰੋਟੀ ਖਾ ਕੇ ਚੰਦਾਂ ਵਾਲੇ ਰਾਹ ‘ਤੇ ਸਾਈਕਲ ਚਾੜ੍ਹ ਦਿੰਦਾ! ਚਾਚਾ ਸਾਧੂ ਮਾਣਕ ਸੁਣਨ ਦਾ ਅੰਨ੍ਹਾਂ ਸ਼ੁਕੀਨ ਸੀ! ਸਾਇਕਲ ਨਾਲ ਟੰਗੇ ਝੋਲੇ ‘ਚ ਨੈਸ਼ਨਲ ਦੀ “ਪਟੜੀਨੁਮਾਂ” ਟੇਪ ਰਿਕਾਰਡਰ ਹੁੰਦੀ। ਜਿਹਦੇ ਮੱਥੇ ‘ਤੇ ਛੇ ਬਟਨ ਜਿਹੇ ਹੁੰਦੇ ਪਲੇਅ ਬਟਨ, ਰੀਲ੍ਹ ਨੂੰ ਅੱਗੇ ਪਿੱਛੇ ਕਰਨ ਵਾਲਾ ਬਟਨ ਅਤੇ ਰਿਕਾਰਡਿੰਗ  ਕਰਨ ਵਾਲਾ ਬਟਨ!

ਜਦੋਂ ਕਦੇ ਚਾਚਾ ਸਾਧੂ ਮੋਗੇ ਜਾਂਦਾ, ਓਥੋਂ ਮਾਣਕ ਦੀਆਂ ਜਿੰਨੀਆਂ ਵੀ ਨਵੀਆਂ ਰੀਲ੍ਹਾਂ ਮਿਲਦੀਆਂ, ਸਾਰੀਆਂ ਲੈ ਆਉਂਦਾ! ਮੈਂ ਕਦੇ ਕਿਸੇ ਹੋਰ ਦੀ ਰੀਲ ਨਹੀਂ ਵੇਖੀ ਸੀ ਚਾਚੇ ਸਾਧੂ ਦੇ ਝੋਲੇ ‘ਚ ਚਾਰ ਪੰਜ ਖਾਲੀ ਰੀਲ੍ਹਾਂ ਹੁੰਦੀਆਂ ਚਾਚੇ ਸਾਧੂ ਕੋਲ, ਜੋ ਓਹ ਮਾਣਕ ਦੇ ਅਖਾੜੇ ਨੂੰ ਰਿਕਾਰਡ ਕਰਨ ਲਈ ਸਾਂਭ ਕੇ ਰੱਖਦਾ! ਜਦੋਂ ਚਾਚੇ ਸਾਧੂ ਨੂੰ ਪਤਾ ਲੱਗਣਾ ਕਿ ਫ਼ਲਾਣੇ ਪਿੰਡ ਮਾਣਕ ਨੇ ਲੱਗਣਾ, ਤਾਂ ਓਹਨੂੰ ਚਾਅ ਚੜ੍ਹ ਜਾਣਾ ਅਤੇ ਓਹਨੇ ਦਾਦੇ ਨੂੰ ਕਹਿਣਾ, “ਚੌਧਰੀ ਫ਼ਲਾਣੇ ਦਿਨ ਮਾਣਕ ਲੱਗਣਾ, ਪੱਠੇ ਇੱਕ ਦਿਨ ਪਹਿਲਾਂ ਈ ਵੱਢ ਕੇ ਰੱਖਦੂੰਗਾ, ਪਰ ਓਦੇ ਨੀਂ ਮੈਂ ਆਉਂਦਾ ਤੇ ਨਾਲੇ ਮੈਨੂੰ ਓਦਣ ਦੋ ਸੌ ਰੁਪਈਏ ਚਾਹੀਦੇ ਆ, ਸੌ ਮਾਣਕ ਨੂੰ ਇਨਾਮ ਦੇਣ ਨੂੰ, ਤੇ ਸੌ ਰਾਹ ‘ਚ ਖਾਣ ਪੀਣ ਲਈ!”

ਦੂਰ-ਦੂਰ ਤੱਕ ਚਾਚਾ ਸਾਧੂ ਮਾਣਕ ਵੇਖਣ ਚਲਿਆ ਜਾਂਦਾ! ਮੈਨੂੰ ਵੀ ਕਹਿ ਦਿੰਦਾ, “ਸ਼ੇਰਾ ਕੱਲ੍ਹ ਨੂੰ ਪਟਕਾ ਬੰਨ੍ਹ ਕੇ ਤਿਆਰ ਹੋਜੀ, ਤੈਨੂੰ ਮਾਣਕ ਵਿਖਾ ਕੇ ਲਿਆਉਂਗਾ, ਤੇ ਨਾਲੇ ਸੋਹਣੇ ਜਿਹੇ ਲੀੜੇ ਪਾ’ਲੀਂ, ਕੀਆ ਮਾਣਕ ਨਾਲ ਫ਼ੋਟੋ ਖਿਚਾਉਣ ਦੀ ਢੋਈ ਬਣਜੇ!” ਓਦੋਂ ਮੈਂ ਦਸ ਗਿਆਰਾਂ ਸਾਲਾਂ ਦਾ ਹੋਊਂਗਾ! ਮੇਰੇ ਪਿੰਡਾਂ ਵੱਲ ਮਾਣਕ ਓਦੋਂ ਤਿੰਨ ਮਹੀਨਿਆਂ ‘ਚ ਪੰਜ ਵਾਰੀ ਲੱਗਿਆ ਸੀ। ਇੱਕ ਵਾਰੀ ਬੁੱਕਣ ਵਾਲੇ, ਦੋ ਵਾਰੀ ਗੱਜਣ ਵਾਲੇ ਅਤੇ ਇੱਕ ਵਾਰੀ ਲੰਗੇਆਣੇ। ਬਾਕੀਆਂ ਦੀ ਤਾਂ ਧੁੰਦਲੀ ਜਿਹੀ ਯਾਦ ਆ, ਪਰ ਲੰਗੇਆਣੇ ਦਾ ਅਖਾੜਾ ਚੰਗੀ ਤਰ੍ਹਾਂ ਯਾਦ ਆ! ਅਖਾੜੇ ਵਾਲੇ ਦਿਨ ਚਾਚਾ ਸਾਧੂ ਦਸ ਕੁ ਵਜੇ ਨਾਲ ਆ ਗਿਆ ਸੀ। ਓਨਾਬੀ ਪੱਗ ਅਤੇ ਚਿੱਟਾ ਕੁੜਤਾ ਪਜਾਮਾ ਚਾਚੇ ਸਾਧੂ ਦੇ ਪਾਇਆ ਹੋਇਆ ਸੀ। ਨੋਕਦਾਰ ਜੁੱਤੀ ਜਰਕਾਂ ਮਾਰ ਰਹੀ ਸੀ! ਦੇਸੀ ਦਾਰੂ ਦਾ ਅੱਧੀਆ ਚਾਚੇ ਸਾਧੂ ਨੇ ਦਲਾਨ ਚ ਪਈ ਕੈਨੀ ‘ਚੋਂ ਭਰ ਕੇ ਕੁੜਤੇ ਦੇ ਗੀਝੇ’ ਚ ਪਾ ਲਿਆ ਸੀ! ਫੇਰ ਅਸੀਂ ਟੇਪ ਰਿਕਾਰਡ ‘ਚ ਸੈੱਲ ਪੁਆਉਣ ਲਈ ਸਾਡੇ ਪਿੰਡ ਵਾਲੇ ਬਾਬੇ ਸੋਹਣ ਦੀ ਹੱਟੀ ‘ਤੇ ਚਲੇ ਗਏ, ਓਥੋਂ ਸੈੱਲ ਮਿਲੇ ਨਾ!

“ਚੱਲ ਸ਼ੇਰਾ, ਹੁਣ ਜੈ ਸਿੰਘ ਵਾਲੇ ਬਾਲੀ ਦੀ ਹੱਟੀ ਤੋਂ ਲੈਨੈ ਆ ਚੱਲ ਕੇ!” ਕਹਿ ਕੇ ਚਾਚੇ ਸਾਧੂ ਨੇ ਸਾਈਕਲ ਦੀਆਂ ਮੁਹਾਰਾਂ ਜੈ ਸਿੰਘ ਵਾਲੇ ਨੂੰ ਮੋੜ ਦਿੱਤੀਆਂ ਸਨ। ਸੈੱਲ ਜੈ ਸਿੰਘ ਵਾਲੇ ਤੋਂ ਵੀ ਨਾ ਮਿਲੇ!

“ਚਾਚਾ ਹੁਣ?” ਮੈਂ ਕਿਹਾ!

“ਹੁਣ ਸ਼ੇਰਾ ਬਾਘੇ ਆਲੇ ਤੋਂ ਈ ਮਿਲਣਗੇ!” ਕਹਿ ਕੇ ਚਾਚੇ ਨੇ ਸਾਈਕਲ ਬਾਘਾਪੁਰਾਣੇ ਵਾਲੀ ਸੜਕ ਚਾੜ੍ਹ ਲਿਆ ਸੀ! ਲੋਕ ਮਾਣਕ ਸੁਣਨ ਲੰਗੇਆਣੇ ਨੂੰ ਪੈਦਲ, ਸਾਈਕਲਾਂ, ਟਰਾਲੀਆਂ, ਟਰੱਕਾਂ ‘ਤੇ ਜਾ ਰਹੇ ਸਨ! ਜਾਣ ਵੀ ਕਿਉਂ ਨਾ? ਪੰਜਾਬ ਦਾ ਲੋਕ ਨਾਇਕ ਬਣ ਚੁੱਕਿਆ ਕੁਲਦੀਪ ਮਾਣਕ, ਹਜ਼ਾਰਾਂ ਰਾਜੇ ਪੰਜਾਬ ‘ਤੇ ਰਾਜ ਕਰਗੇ, ਤੇ ਹਜਾਰਾਂ ਕਰਨਗੇ, ਪਰ ਮਾਣਕ ਜਦੋਂ ਤੀਕ ਪੰਜਾਬੀ ਜਿਉਂਦੀ ਆ, ਲੋਕ ਮਨਾਂ ‘ਚ ਅਤੇ ਪੰਜਾਬੀਆਂ ਦੀਆਂ ਰੂਹਾਂ ‘ਚ ਵੜਿਆ ਰਹੇਗਾ! ਤੇ ਫੇਰ ਅਸੀਂ ਬਾਘਾਪੁਰਾਣੇ ਗੇਂਦੇ ਦੀ ਹੱਟੀ ਤੇ ਪਹੁੰਚ ਗਏ ਸੀ!

“ਲਾਲਾ, ਯਾਰ ਚਾਰ ਸੈਲ ਦੇਈਂ ਐਸ ਟੇਪ ਚ ਪਾਉਣੇ ਆ!” ਟੇਪ ਚਾਚੇ ਸਾਧੂ ਨੇ ਦੁਕਾਨਦਾਰ ਮੂਹਰੇ ਰੱਖ ਦਿੱਤੀ ਸੀ!

“ਆ ਬਈ ਮੁੰਡਿਆ, ਐਨੇ ਨੰਬਰ ਦੀਆਂ ਬੈਟਰੀਆਂ ਦੇਈ ਅੰਦਰੋਂ!”

ਦੁਕਾਨਦਾਰ ਨੇ ਟੇਪ ਦੀ ਪਿਛਲੀ ਸਾਇਡ ਵੇਖ ਕੇ ਜਿੱਥੇ ਬੈਟਰੀਆਂ ਪੈਦੀਆਂ, ਬੈਟਰੀ ਦਾ ਨੰਬਰ ਵੇਖ ਕੇ ਅਵਾਜ਼ ਮਾਰੀ ਸੀ!
ਚਾਰ ਬੈਟਰੀਆਂ ਦੇ ਪੈਸੇ ਦੇ ਕੇ ਮੈਂ ਅਤੇ ਚਾਚਾ ਸਾਧੂ ਦੁਕਾਨ ਤੋਂ ਬਾਹਰ ਨਿਕਲੇ ਸੀ! ਦੁਕਾਨ ਤੋਂ ਬਾਹਰ ਨਿਕਲਣ ਲੱਗੇ ਚਾਚੇ ਸਾਧੂ ਨੇ ਮੈਨੂੰ ਦੁਕਾਨ ਅੰਦਰ ਮੋੜ ਲਿਆ ਸੀ!

“ਲਾਲਾ, ਯਾਰ ਦੋ ਸੈੱਲ ਹੋਰ ਦੇਦੇ, ਏਹਦੇ ਨਾਲ ਦੇ ਮਾਣਕ ਸੁਣਨ ਚੱਲੇ ਆ, ਗਾਣੇ ਭਰਨੇ ਆ, ਹੋਰ ਨਾ ਸੈੱਲ ਅੱਧ ‘ਚ ਈ ਮੁੱਕ ਜਾਣ, ਸਾਰਾ ਅਰਗ ਮਾਰਿਆ ਜਾਉ ਤੇ ਨਾਲੇ ਇੱਕ ਹੋਰ ਮਿਹਰਬਾਨੀ ਕਰ!”

“ਦੱਸੋ ਜੀ?” ਦੁਕਾਨਦਾਰ ਨੇ ਕਿਹਾ!

“ਯਾਰ ਆਹ ਸੌ ਦਾ ਨੋਟ ਤੋੜ ਦੇ! ਪੰਜਾਂ ਪੰਜਾਂ ਦੇ ਨੋਟ ਕਰਦੇ, ਮਾਣਕ ਨੂੰ ‘ਨਾਮ ਦੇਣਾ!”

ਦੁਕਾਨਦਾਰ ਨੇ ਵੀਹ ਨੋਟ ਪੰਜਾਂ ਪੰਜਾਂ ਦੇ ਚਾਚੇ ਸਾਧੂ ਦੇ ਹੱਥ ਫੜਾ ਦਿੱਤੇ ਸੀ, ਜੋ ਚਾਚੇ ਨੇ ਉਤਲੀ ਜੇਬ ‘ਚ ਪਾ ਕੇ ਉਤੋਂ ਦੀ ਬਕਸੂਆ ਲਾ ਲਿਆ ਸੀ!

“ਆ ਜਾ ਸ਼ੇਰਾ, ਤੈਨੂੰ ਮਦਾਰੀ ਦੇ ਸਮੋਸੇ ਖਵਾਉਨਾ, ਤੇ ਨਾਲੇ ਪੀਨੇ ਆਂ ਉਤੋਂ ਦੀ ਚਾਹ!” ਮਦਾਰੀ ਦੇ ਸਮੋਸੇ ਉਹਨੀਂ ਦਿਨੀਂ ਬਹੁਤ ਮਸ਼ਹੂਰ ਸੀ! ਗੇਂਦੇ ਦੀ ਹੱਟੀ ‘ਚੋ ਨਿਕਲਕੇ ਅਸੀਂ ਮਦਾਰੀ ਦੇ ਹੋਟਲ ‘ਚ ਵੜ ਗਏ ਸੀ। ਅੰਦਰ ‘ਨ੍ਹੇਰ ਘੁੱਪ ‘ਚ ਹਲਕੀਆਂ ਹਲਕੀਆਂ ਬੱਤੀਆਂ ਜਗ ਰਹੀਆਂ ਸਨ! ਓਸ ਦਿਨ ਮੈਨੂੰ ਬਾਘਾਪੁਰਾਣਾ ਬੰਬਈ ਈ ਲੱਗ ਰਿਹਾ ਸੀ! ਸਮੋਸੇ ਖਾ ਅਤੇ ਚਾਹ ਪੀ ਚਾਚੇ ਸਾਧੂ ਨੇ ਸਾਇਕਲ ਬਾਘਾਪੁਰਾਣਾ ਮੁੱਦਕੀ ਰੋਡ ‘ਤੇ ਚਾੜ੍ਹ ਲਿਆ ਸੀ! ਕੋਲ ਦੀ ਇਕ ਟਰੱਕ ਲੰਘਿਆ ਸੀ, ਜੀਹਦੇ ਟੂਲ ਬੌਕਸ ‘ਤੇ ਦਸ-ਬਾਰਾਂ ਬੰਦੇ ਬੈਠੇ ਸਨ। ਉੱਪਰ ਸਪੀਕਰ ਲੱਗਿਆ ਹੋਇਆ ਸੀ, ਜੀਹਦੇ ‘ਚੋ ਮਾਣਕ ਦਾ ਗੀਤ ਚੱਲ ਰਿਹਾ ਸੀ,

“ਧੀ ਕੱਢ ਲਈ ਜਿਹਨਾਂ ਦੀ,
ਹੋਣਗੇ ਚਿਰ ਦੇ ਭਾਲਦੇ ਫਿਰਦੇ….!”

“ਸ਼ੇਰਾ ਏਹ ਵੀ ਮਾਣਕ ਸੁਣਨ ਚੱਲੇ ਆ!” ਚਾਚੇ ਸਾਧੂ ਨੇ ਮੈਨੂੰ ਕਿਹਾ! ਤੇ ਫੇਰ ਸਾਈਕਲ ਕੱਚੀ ਪਹੀ ਤੇ ਚਾੜ੍ਹ ਲਿਆ ਸੀ। ਜਿੱਧਰ ਮਾਣਕ ਨੇ ਲੱਗਣਾ ਸੀ! ਮੀਂਹ ਪੈ ਕੇ ਹਟਿਆ ਸੀ ਅਤੇ ਕਣਕਾਂ ਮੀਂਹ ‘ਚ ਨ੍ਹਾਹ ਕੇ ਹੋਰ ਵੀ ਨਿੱਖਰੀਆਂ ਲੱਗ ਰਹੀਆਂ ਸਨ! ਕਣਕਾਂ ‘ਚੋ ਸਰ੍ਹੋਆਂ ਦੇ ਪੀਲੇ ਫੁੱਲ ਹਵਾ ਨਾਲ ਝੂੰਮ ਰਹੇ ਸਨ! ਅਖਾੜੇ ਵਾਲੀ ਜਗ੍ਹਾ ‘ਤੇ ਬੇਸ਼ੁਮਾਰ ਦੁਨੀਆਂ ਮਾਣਕ ਸੁਣਨ ਆਈ ਬੈਠੀ ਸੀ! ਚਾਚੇ ਨੇ ਤੇ ਮੈਂ ਜਿੱਥੇ ਕੁ ਜਿਹੇ ਸਪੀਕਰ ਲੱਗਿਆ ਸੀ, ਓਹਦੇ ਹੇਠ ਥਾਂ ਮੱਲ ਲਈ ਸੀ, ਤਾਂ ਕਿ ਮਾਣਕ ਦੀ ਅਵਾਜ਼ ਸਾਫ਼ ਭਰੀ ਜਾ ਸਕੇ!

ਸਟੇਜ ‘ਤੇ ਸਾਜ਼ਿੰਦੇ ਹਲਕਾ ਸੰਗੀਤ ਵਜਾ ਰਹੇ ਸਨ। ਚਾਚੇ ਸਾਧੂ ਨੇ ਰੀਲ ਵਿੱਚ ਪਾ ਕੇ ਰਿਕਾਰਡਿੰਗ ਵਾਲਾ ਲਾਲ ਬੱਟਣ ਨੱਪ ਕੇ ਚੈੱਕ ਕੀਤਾ ਸੀ ਕਿ ਗਾਣੇ ਭਰਦੀ ਆ? ਟੇਪ ਤੇ ਫੇਰ ਰੀਲ ਨੂੰ ਪਲੇਅ ਕਰਕੇ ਤਸੱਲੀ ਲਈ ਚਲਾ ਕੇ ਵੇਖਿਆ ਸੀ!
ਤਕਰੀਬਨ ਅੱਧੇ ਘੰਟੇ ਬਾਅਦ ਮਾਣਕ ਕਲੀਆਂ ਵਾਲਾ ਕੁੜਤਾ ਚਾਦਰਾ, ਛਮਲ੍ਹੇ ਵਾਲੀ ਪੱਗ ਅਤੇ ਪੈਰਾਂ ‘ਚ ਕੱਢਵੀਂ ਜੁੱਤੀ ਪਾਈ ਸੱਤ ਅੱਠ ਬੰਦਿਆਂ ‘ਚ ਘਿਰਿਆ ਪੰਡਾਲ ‘ਚ ਦਾਖਲ ਹੋਇਆ ਸੀ!

ਦੋਵੇਂ ਹੱਥ ਜੋੜ ਸਿਰ ਤੋਂ ਉਚੇ ਚੱਕ ਦੋਹੀਂ ਪਾਸੀਂ ਘੁੰਮ ਕੇ ਲੋਕਾਂ ਦਾ ਸਵਾਗਤ ਕੀਤਾ ਸੀ!

“ਫੜੀਂ ਸ਼ੇਰਾ ਟੇਪ!” ਟੇਪ ਮੈਨੂੰ ਫੜਾ ਕੇ ਚਾਚਾ ਸਾਧੂ ਮਾਣਕ ਕੋਲ ਜਾ ਖੜ੍ਹਾ ਹੋਇਆ ਸੀ!

“ਸਾਸਰੀਕਾਲ ਬਾਈ ਮਾਣਕਾ!” ਚਾਚੇ ਸਾਧੂ ਨੇ ਮਾਣਕ ਨੂੰ ਕਿਹਾ। ਪਰ ਐਨੀ ਭੀੜ੍ਹ ‘ਚ ਚਾਚੇ ਦੀ ਅਵਾਜ਼ ਮਾਣਕ ਨੂੰ ਕਿੱਥੇ ਸੁਣਨੀ ਸੀ?

ਫੇਰ ਮਾਣਕ ਸਟੇਜ ‘ਤੇ ਚੜ੍ਹ ਗਿਆ ਸੀ। ਇਸ਼ਾਰੇ ਜਿਹੇ ਨਾਲ ਸਾਜੀਆਂ ਨੂੰ ਸਾਜ ਬੰਦ ਕਰਨ ਨੂੰ ਕਿਹਾ ਸੀ!

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ!”

“ਪਹਿਲਾਂ ਤਾਂ ਮੈਂ ਧੰਨਵਾਦ ਕਰਦਾਂ ਸਰਦਾਰ ਬਲਬੀਰ ਸਿੰਘ ਦਾ ਤੇ ਸਰਦਾਰਨੀ ਬਸੰਤ ਕੌਰ ਦਾ, ਜਿਹਨਾਂ ਨੇ ਮੈਨੂੰ ਆਵਦੇ ਪੋਤਰੇ ਦੀ ਛਿਟੀ ‘ਤੇ ਸੱਦ ਕੇ ਥੋਡੀ ਸੇਵਾ ਕਰਨ ਦਾ ਮਾਣ ਬਖਸ਼ਿਆ! ਪਿਤਾ ਗੁਰਦੇਵ ਸਿੰਘ ਸਾਰਿਆਂ ਮਾਮਿਆਂ, ਚਾਚਿਆਂ, ਭੂਆ ਤੇ ਮਾਸੀਆਂ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋˆ ਤੇ ਮੇਰੇ ਸਾਥੀ ਸਾਜੀਆਂ ਵੱਲੋਂ ਬੱਚੇ ਦੇ ਜਨਮ ਦੀਆਂ ਕਰੋੜ ਕਰੋੜ ਵਧਾਈਆਂ ਹੋਣ!” “ਦੂਜਾ ਮੈਂ ਥੋਡਾ ਧੰਨਵਾਦ ਕਰਦਾਂ, ਤੁਸੀਂ ਮੈਨੂੰ ਸੁਣਨ ਆਏ ਓ! ਮੈਂ ਹਜੇ ਲੁਧਿਆਣੇ ਤੋਂ ਤੁਰਿਆ ਨੀਂ ਹੁੰਦਾ, ਤੁਸੀਂ ਓਦੂੰ ਵੀ ਪਹਿਲਾਂ ਆ ਕੇ ਬਹਿ ਜਾਨੇ ਓ, ਤੁਹਾਡਾ ਇਹ ਕਰਜਾ ਮੈ ਸੌ ਜਨਮ ਲੈ ਕੇ ਵੀ ਨੀ ਲਾਹ ਸਕਦਾ!”

“ਪਹਿਲੀ ਗੱਲ ਮੈਨੂੰ ਕਿਸੇ ਦਾ ਗੀਤ ਗਾਉਣ ਦੀ ਸਿਫਾਰਿਸ਼ ਨਾ ਕਰਿਓ, ਦੂਜੀ ਗੱਲ ਮੈਨੂੰ ਕਿਸੇ ਗੰਦੇ ਗੀਤ ਦੀ ਫ਼ਰਮਾਇਸ਼ ਨਾ ਕਰਿਓ, ਜਿਹੜੀਆਂ ਮੇਰੀਆਂ ਮਾਵਾਂ, ਧੀਆਂ-ਭੈਣਾਂ ਓਹ ਜਿਹੜੀਆਂ ਕੋਠਿਆਂ ‘ਤੇ ਬੈਠੀਆਂ, ਓਹਨਾਂ ਨੂੰ ਨੱਕ ਤੇ ਚੁੰਨੀ ਲੈਣੀ ਪਵੇ!

ਤੂੰ ਬਾਈ ਕਿਵੇਂ ਮੱਥੇ ‘ਤੇ ਤਿਊੜੀਆਂ ਜੀਆ ਪਾਈ ਬੈਠਾਂ, ਘਰਵਾਲੀ ਨੇ ਕੁੱਤੇਖਾਣੀ ਕੀਤੀ ਲੱਗਦੀ ਆ!” ਖੇਸ ਦੀ ਬੁੱਕਲ ਮਾਰੀ ਸਟੇਜ ਦੇ ਸਾਹਮਣੇ ਬੈਠੇ ਬੰਦੇ ਨੂੰ ਟਾਂਚ ਕੀਤੀ!

ਪੰਡਾਲ ‘ਚ ਹਾਸੜ ਮੱਚ ਗਈ ਸੀ!

“ਕੋਈ ਨਾ, ਤੂੰ ‘ਕੱਲਾ ਨੀ, ਏਹ ਸਾਰਿਆਂ ਨਾਲ ਈ ਹੁੰਦੀ ਆ, ਮੇਰੇ ਨਾਲ ਵੀ ਹੋ ਜਾਂਦੀ ਆ, ਨਾਲੇ ਥੱਬਾ ਨੋਟਾਂ ਦਾ ਘਰੇ ਲਿਜਾ ਕੇ ਸਿੱਟੀਦੈ!”

ਪੰਡਾਲ ਫੇਰ ਹਾਸੇ ਨਾਲ ਗੂੰਜਿਆ ਸੀ!

“ਤੇ ਸ਼ੁਰੂ ਕਰਦੇ ਆਂ ਵਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ, ਤੇ ਇੱਕ ਬੇਨਤੀ ਹੋਰ, ਕਿ ਪੀਤੀ ਥੋਡੀ ਸਾਰਿਆਂ ਦੀ ਆ, ਜੇ ਬਾਈ ਬਣ ਕੇ ਖਰੂਦ ਨਾ ਕਰਿਆ, ਤਾਂ ਤਾਰੇ ਚੜ੍ਹਿਆਂ ਤੀਕ ਗਾਉˆਦਾ ਰਹੂੰਗਾ!” ਤੇ ਫੇਰ ਮਾਣਕ ਨੇ ਗੀਤਾਂ ਦਾ ਸਿਲਸਿਲਾ ਸੁਰੂ ਕੀਤਾ ਸੀ, “ਲੈ ਕੇ ਕਲਗੀਧਰ ਤੋਂ ਥਾਪੜਾ ਹੋ ਹੋ ਓ ਓ ਓ….।

ਕੁਝ ਦਿਨ ਖੇਡਲਾ ਮੌਜਾਂ ਮਾਣ ਲੈ, ਤੈਂ ਭੱਜ ਜਾਵਣਾ ਓਏ ਕੰਗਣਾਂ ਕੱਚ ਦਿਆ….!”

ਵਾਰ ਖ਼ਤਮ ਹੋਈ ਤਾਂ ਪੰਡਾਲ “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਨਾਲ ਗੂੰਜ ਉਠਿਆ! ਟੇਪ ਮੈਨੂੰ ਫ਼ੜਾ ਕੇ ਚਾਚਾ ਸਾਧੂ ਸਟੇਜ ‘ਤੇ ਕਾਪੀ ਫੜੀ ਬੈਠੇ ਸੈਕਟਰੀ ਕੋਲ ਇਨਾਮ ਦੇਣ ਚਲਾ ਗਿਆ।

“ਸਾਧੂ ਸਿੰਘ ਪੁੱਤਰ ਰੁਲਦਾ ਸਿੰਘ, ਪਿੰਡ ਚੰਦ ਨਵਾਂ, ਵਾਰ ਤੋਂ ਖੁਸ਼ ਹੋ ਕੇ ਪੰਜ ਰੁਪਏ ਇਨਾਮ ਦਿੰਦਾ!”

ਤੇ ਫੇਰ “ਪੂਰਨ ਭਗਤ” ਗੀਤ ਖਤਮ ਹੋਇਆ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਅੱਥਰੂ ਸਨ।….ਤੇ ਫੇਰ ਦੁੱਲਾ ਭੱਟੀ…।
“ਸਾਧੂ ਸਿੰਘ ਪੁੱਤਰ ਰੁਲਦਾ ਸਿੰਘ ਪਿੰਡ ਚੰਦ ਨਵਾਂ ਦੁਲੇ ਭੱਟੀ ਤੋ ਖੁਸ਼ ਹੋ ਕੇ ਵੀਹ ਰੁਪਏ ਮਾਣਕ ਨੂੰ ਇਨਾਮ ਦਿੰਦਾ!”
ਤੇ ਫੇਰ “ਮੈਂ ਚਾਦਰ ਕੱਢਦੀ ਨੀ…!”

“ਤੇ ਲਓ ਵੀ ਮਿੱਤਰੋ ਹੁਣ ਹੀਰ ਦੀ ਕਲੀ, ਪਚਾਉਨੈ ਥੋਨੂੰ ਗੋਰਖ ਨਾਥ ਦੇ ਟਿੱਲੇ ‘ਤੇ, ਤੇ ਵਿਖਾਉਨਾ ਥੋਨੂੰ ਮਟਕਦੀ ਹੀਰ!”

“ਓ ਤੇਰੇ ਟਿੱਲੇ ਤੋ ਔਹ ਸੂਰਤ ਦੀਂਹਦੀ ਆ ਹੀਰ ਦੀ….। ਔਹ ਲੈ ਵੇਖ ਗੋਰਾ ਉਡਦੀ ਏ ਫੁਲਕਾਰੀ…!”

ਲੋਕਾਂ ਦੀ ਫਰਮਾਇਸ਼ ‘ਤੇ ਮਾਣਕ ਨੇ ਹੀਰ ਦੀ ਏਹ ਕਲੀ ਚਾਰ ਵਾਰੀ ਸੁਣਾਈ ਸੀ!

ਮਾਣਕ ਓਦੇ ਵਾਕਿਆ ਈ ਵਾਅਦੇ ਮੁਤਾਬਿਕ ਤਾਰੇ ਚੜ੍ਹਿਆਂ ਤੱਕ ਗਾਉਂਦਾ ਰਿਹਾ ਸੀ। ਅਖਾੜੇ ਮੁੱਕੇ ਤੋਂ ਮੈਂ ਤੇ ਚਾਚਾ ਸਾਧੂ ਲੰਗੇਆਣਾ ਤੋਂ ਜੈ ਸਿੰਘ ਵਾਲੇ ਵਾਲੀ ਸੜਕ ਤੋਂ ਪਿੰਡ ਨੂੰ ਮੁੜੇ ਸੀ। ਸਾਈਕਲ ‘ਤੇ ਬੈਠੇ ਨੇ ਮੈਂ ਚਾਚੇ ਸਾਧੂ ਨੂੰ ਪੁੱਛਿਆ ਸੀ, “ਚਾਚਾ, ਇਹ ਦੇਵ ਥਰੀਕੇ ਵਾਲਾ ਕੌਣ ਆਂ?” ਚਾਚੇ ਸਾਧੂ ਨੇ ਦੱਸਿਆ, “ਇਹ ਮਾਣਕ ਨੂੰ “ਰਕਾਟ” ਜੋੜ ਕੇ ਦਿੰਦਾ! ਮਾਣਕ ਬਿਨਾਂ ਦੇਵ ਥਰੀਕਿਆਂ ਵਾਲਾ ਕੁਛ ਨੀ, ਤੇ ਦੇਵ ਥਰੀਕਿਆਂ ਵਾਲੇ ਬਿਨਾ ਮਾਣਕ ਕੱਖ ਦਾ ਨੀਂ! ‘ਕੇਰਾਂ ਥਰੀਕਿਆਂ ਆਲੇ ਨੇ ਰਕਾਟ ਜੋੜ ਕੇ ਕਿਸੇ ਹੋਰ ਗਵੱਈਏ ਨੂੰ ਦੇਤੇ, ਏਸੇ ਗੱਲੋਂ ਦੋਵਾਂ ਦੀ ਵਿਗੜਗੀ, ਤੇ ਫੇਰ ਦੋਹਵੇਂ ਵਾਹਵਾ ਚਿਰ ਨੀ ਬੋਲੇ, ਤੇ ਫੇਰ ਥਰੀਕਿਆਂ ਵਾਲੇ ਨੇ ਰਕਾਟ ਜੋੜ ਕੇ ਮਾਣਕ ਨੂੰ ਦੇਤੇ, ਫੇਰ ਵੇਖਲਾ ਦੋਹਾਂ ਦੀ ਬੱਲੇ ਬੱਲੇ ਆ!”

“ਅੱਛਾ!” ਮੈਂ ਕਿਹਾ ਸੀ, “ਤੇ ਚਾਚਾ, ਤੂੰ ਪੰਜ ਰੁਪਈਏ ਦਿੰਦਾ ਰਿਹਾ ਮਾਣਕ ਨੂੰ ਇਨਾਮ ਗੀਤਾਂ ‘ਤੇ, ਫ਼ੇਰ ਜਦੋਂ ਦੁੱਲਾ ਭੱਟੀ ਗਾਉਣ ਲੱਗਿਆ ਮਾਣਕ, ਓਦੋਂ ਕਾਹਤੋਂ ਵੀਹ ਰੁਪਈਏ ਦਿੱਤੇ?”

“ਸ਼ੇਰਾ…! ਅਸੀˆ ਵੀ ਭੱਟੀ ਹੁੰਦੇ ਆਂ! ਦੁੱਲੇ ਭੱਟੀ ਦੀ ਅੰਸ਼-ਵੰਸ਼ ‘ਚੋਂ..! ਦੁੱਲੇ ਭੱਟੀ ਸੂਰਮੇਂ ਨੇ ਅਕਬਰ ਬਾਦਸ਼ਾਹ ਦੇ ਨਾਸੀਂ ਧੂੰਆਂ ਲਿਆਈ ਰੱਖਿਐ ਸਾਰੀ ਉਮਰ, ਸਿਦਕ ਤੋਂ ਨੀ ਡੋਲਿਆ ਮਾਂ ਦਾ ਯੋਧਾ! ਪਾਕਿਸਤਾਨ ‘ਚ ਓਹਦੀ ਸਮਾਧ ਦੱਸਦੇ ਆ, ਬਹੁਤ ਵੱਡਾ ਮੇਲਾ ਲੱਗਦੈ ਓਥੇ ਹਰੇਕ ਸਾਲ, ਅੰਗਰੇਜ ਜਾਂਦੇ ਜਾਂਦੇ ਮੇਰੇ ਬਾਬੇ ਨਾਨਕ ਦਾ ਜਰਮ ਸਥਾਨ ਨਨਕਾਣਾ ਸਾਹਿਬ ਤੇ ਦੁੱਲੇ ਭੱਟੀ ਵਰਗੇ ਯੋਧਿਆਂ ਦੀਆਂ ਯਾਦਗਿਰੀਆਂ ਆਪਣੇ ਨਾਲੋਂ ਤੋੜਗੇ, ਪਰ ਦਿਲ ‘ਚੋਂ ਕਿੱਥੇ ਨਿਕਲਦੀਐਂ ਏਹੋ ਜੀਆਂ ਥਾਵਾਂ..?”

ਜੈ ਸਿੰਘ ਵਾਲੇ ਦੇ ਰਾਹ ‘ਚ ਜਦ ਅਸੀਂ ਪਹੁੰਚੇ ਤਾਂ ਖੱਬੇ ਨੂੰ ਅੱਧੇ ਕੁ ਕਿੱਲੇ ‘ਤੇ ਇਕ ਮੋਟਰ ਚੱਲ ਰਹੀ ਸੀ, ਤੇ ਇੱਕ ਕਿਸਾਨ ਕਣਕਾਂ ਨੂੰ ਪਾਣੀ ਲਾ ਰਿਹਾ ਸੀ! ਮੋਟਰ ‘ਤੇ ਪਹੁੰਚ ਕੇ ਚਾਚੇ ਸਾਧੂ ਨੇ ਅਧੀਆ ਜੇਬ ‘ਚੋਂ ਕੱਢਿਆ, ਸਾਈਕਲ ਦੀ ਟੱਲੀ ਖੋਲ੍ਹੀ, ਮੋਰੀ ਵਾਲੀ ਥਾਂ ‘ਤੇ ਉਂਗਲ ਰੱਖ ਕੇ ਦਾਰੂ ਟੱਲੀ ‘ਚ ਪਾ ਲਈ। ਚੂਲੀ ਨਾਲ ਵਗਦੀ ਆੜ ‘ਚੋਂ ਪਾਣੀ ਪਾ ਕੇ ਇੱਕੋ ਚਿੱਘੀ ਖਿੱਚ ਗਿਆ ਸੀ।

“ਖੜ੍ਹਜਾ ਬਾਈ! ਕੱਪ ਲਿਆ ਦਿੰਨੈ, ਜਰੈਂਦ ਕਰਲਾ ਮਾੜੀ ਜੀ!” ਨੱਕਾ ਮੋੜਦੇ ਕਿਸਾਨ ਨੇ ਸਾਨੂੰ ਕਿਹਾ ਸੀ! ਉਸ ਨੇ ਸਾਨੂੰ ਮੋਟਰ ਵੱਲ ਮੁੜਦਿਆਂ ਨੂੰ ਵੇਖ ਲਿਆ ਸੀ! ਨੱਕਾ ਮੋੜ ਕੇ ਕਿਸਾਨ ਸਾਡੇ ਕੋਲ ਆ ਗਿਆ ਸੀ।

“ਬਾਈ ਯਾਰ, ਇਕ ਮੂਲੀ ਪੱਟਲਾਂ?” ਚਾਚੇ ਸਾਧੂ ਨੇ ਉਸ ਨੂੰ ਕਿਹਾ ਸੀ !

“ਇੱਕ ਛੱਡ ਭਾਂਵੇਂ ਵੀਹ ਪੱਟ!” ਕਹਿ ਕੇ ਉਹ ਕੋਠੜੀ ਅੰਦਰ ਵੜ ਗਿਆ। ਅੰਦਰੋਂ ਸਟੀਲ ਦਾ ਗਿਲਾਸ ਅਤੇ ਮਿਰਚ ਦੇ ਅਚਾਰ ਵਾਲਾ ਡੱਬਾ ਚੁੱਕ ਲਿਆਇਆ। ਚਾਚੇ ਨੇ ਇਕ ਪੈੱਗ ਸਟੀਲ ਵਾਲੇ ਗਿਲਾਸ ‘ਚ ਪਾ ਲਿਆ।

“ਤੂੰ ਬਾਈ ਆਵਦੇ ਵਾਸਤੇ ਵੀ ਗਿਲਾਸ ਲੈ ਆ, ਮੈਂ ‘ਕੱਲਾ ਪੀਦਾ ਚੰਗਾ ਨੀ ਲੱਗਦਾ!” ਚਾਚੇ ਸਾਧੂ ਨੇ ਉਸ ਨੂੰ ਕਿਹਾ!

“ਨਹੀਂ ਵੀਰ, ਮੇਰੇ ਦੋ ਲਾਏ ਵੇ ਆ, ਤੀਜਾ ਘਰੇ ਜਾ ਕੇ ਰੋਟੀ ਖਾਣ ਲੱਗਾ ਲਾਊਂਗਾ!” ਚਾਚੇ ਸਾਧੂ ਨੇ ਪੈੱਗ ਫੇਰ ਅੰਦਰ ਮਾਰਿਆ!

“ਆਹ ਵੀਰ ਅਚਾਰ ਲੈਲਾ, ਸੁੱਕੀ ਤਾਂ ਅੰਦਰ ਪੱਟ’ਦੂ ਤੇਰਾ!” ਅਚਾਰ ਚਾਚੇ ਸਾਧੂ ਅੱਗੇ ਰੱਖਦੇ ਕਿਸਾਨ ਨੇ ਕਿਹਾ ਸੀ!

“ਚੰਗਾ ਬਾਈ ਚੱਲਦੇ ਆਂ, ‘ਨੇਰਾ ਵਾਵਾ ਹੋ ਗਿਆ, ਇਹਦੀ ਮਾਂ ਤੇ ਦਾਦੀ ਤਾਂ ਬਾਰ ‘ਚ ਖੜ੍ਹੀਆਂ ਹੋਣਗੀਆਂ, ਅੱਜ ਮੈਨੂੰ ਗਾਲਾਂ ਪੱਕੀਆਂ ਪੈਣਗੀਆਂ ਲੇਟ ਹੋਣ ਕਰਕੇ!” ਦੇਸੀ ਦਾਰੂ ਚਾਚੇ ਸਾਧੂ ਨੂੰ ਭਰਿੰਡ ਵਾਂਗ ਲੜੀ ਸੀ। ਸਾਈਕਲ ‘ਤੇ ਚੜ੍ਹ’ਦੇ ਨੇ ਨਾਭੀ ਪੱਗ ਟੇਢੀ ਕਰ ਲਈ ਸੀ। ਸਰੂਰੇ ਚਾਚੇ ਨੇ ਕਿਸੇ ਦਾ ਗਾਇਆ ਗੀਤ ਆਪ ਗਾਉਣਾ ਸ਼ੁਰੂ ਕਰ ਦਿੱਤਾ;

“ਨੀ ਹੁਣ ਤੈਨੂੰ ਨੀਵੇਂ ਨਜ਼ਰ ਨਾ ਆਉਦੇ
ਜਦ ਤੋਂ ਉਚਿਆਂ ਦੀ ਹੋ ਗਈ…
ਜਿਹੜਾ ਅੱਗੋ ਅੱਖਾਂ ਕੱਢਦਾ
ਦੁਨੀਆਂ ਓਸ ਤੋਂ ਡਰਦੀ ਏ…
ਚੰਗਿਆੱ ਦਾ ਨਾ ਰਿਹਾ ਜਮਾਨਾ
ਦੁਨੀਆਂ ਲੁੱਚਿਆਂ ਦੀ ਹੋ ਗਈ ਏ….!”

ਚਾਚੇ ਸਾਧੂ ਦਾ ਗੀਤ ਸੁਣ ਕੇ ਕਣਕਾਂ ਝੂਮ ਉਠੀਆਂ ਸਨ!

ਵਰ੍ਹੇ ਬੀਤ ਗਏ, ਪਰ ਚਾਚੇ ਸਾਧੂ ਦਾ ਮਾਣਕ ਸੁਣਨ ਦਾ ਜੋਸ਼ ਭੋਰਾ ਵੀ ਮੱਠਾ ਨਾ ਪਿਆ। ਫੇਰ ਮੈਂ ਲੁਧਿਆਣੇ ਪੜ੍ਹਨ ਚਲਾ ਗਿਆ। ਓਥੇ ਹੋਸਟਲ ਵਿੱਚ ਰਹਿਣ ਲੱਗ ਪਿਆ। ਸ਼ਨੀਵਾਰ ਐਤਵਾਰ ਜਦੋਂ ਪਿੰਡ ਆਉਦਾ ਤਾਂ ਚਾਚੇ ਸਾਧੂ ਨੇ ਕਹਿਣਾ, “ਮੈਨੂੰ ਵੀ ਕਿਸੇ ਦਿਨ ਲੁਧਿਆਣੇ ਲੈ ਜਾ ਆਵਦੇ ਨਾਲ! ਨਾਲੇ ਤਾਂ ਮਾਣਕ ਨੂੰ ਮਿਲ ਕੇ ਆਵਾਂਗੇ, ਹੱਥ ਮਿਲਾ ਕੇ ਜੱਫੀ ਪਾ ਕੇ ਖਿਚਾਉਣੀ ਆਂ ਫੋਟੋ ਮਾਣਕ ਨਾਲ, ਨਾਲੇ ਤੇਰਾ ਸ਼ਹਿਰ ਲੁੱਦੇਆਣਾ ਵੇਖ ਆਵਾਂਗੇ ਏਸੇ ਬਹਾਨੇ! ਮੈਂ ਤਾਂ ਸ਼ੇਰਾ ਮੋਗਾ ਨੀ ਟੱਪਿਆ ਸਾਰੀ ਉਮਰ!” ਸੋਚ ਕੇ ਅਫ਼ਸੋਸ ਹੁੰਦਾ ਹੈ ਕਿ ਮਾਣਕ ਦੇ ਜਿਉਂਦਿਆਂ ਚਾਚੇ ਸਾਧੂ ਦੀ ਇਹ ਤਮੰਨਾ ਪੂਰੀ ਨਾ ਕਰ ਸਕਿਆ।

ਹੁਣ ਜਦੋਂ ਚਾਚੇ ਸਾਧੂ ਨੂੰ ਫ਼ੋਨ ਕਰਦੈਂ, ਕਹੂਗਾ, “ਮਾਣਕ ਨੂੰ ਮਿਲਾਉਣ ਵਾਲੀ ਸ਼ੇਰਾ ਮੇਰੀ ਤੂੰ ਰੀਝ ਨੀ ਪੂਰੀ ਕੀਤੀ, ਤੇ ਹੁਣ ਮਾਣਕ ਨੇ ਜਿਹੜੇ ਘਰ ‘ਚ ਆਖਰੀ ਸਾਹ ਲਿਆ ਸੀ, ਓਹਦੇ ਦਰਸ਼ਣ ਈ ਕਰਾ ਦੀਂ ਬਾਹਰੋਂ!”

ਚਾਚੇ ਸਾਧੂ ਨਾਲ ਵਾਅਦਾ ਕੀਤਾ ਕਿ ਐਤਕੀਂ ਮਾਣਕ ਦੇ ਘਰ ਦੇ ਬਾਹਰੋਂ ਨਹੀਂ, ਅੰਦਰੋਂ ਵੀ ਦਰਸ਼ਣ ਕਰਵਾ ਕੇ ਲਿਆਉਂਗਾ!

ਚਾਹ ਪੀ ਕੇ ਆਵਾਂਗੇ, ਜਿਨ੍ਹਾਂ ਕੱਪਾਂ ‘ਚ ਮਾਣਕ ਚਾਹ ਪੀਂਦਾ ਰਿਹਾ! ਰੱਬ ਲੰਮੀ ਉਮਰ ਕਰੇ ਚਾਚੇ ਸਾਧੂ ਦੀ…!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>