ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਿਖੇ ਸਾਹਿਰ ਲੁਧਿਆਣਵੀ ਲਾਇਬ੍ਰੇਰੀ ਹਾਲ ਦਾ ਸ਼ੁਭ ਆਰੰਭ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਿਖੇ ਡਾ. ਮਨੋਹਰ ਸਿੰਘ ਗਿੱਲ ਵਲੋਂ ਦਿੱਤੀ ਪੱਚੀ ਲੱਖ ਰੁਪਏ ਦੀ ਗਰਾਂਟ ਨਾਲ ਪੰਚਾਇਤੀ ਰਾਜ ਵਿਭਾਗ ਰਾਹੀਂ ਤਿਆਰ ਹੋਏ ਸਾਹਿਰ ਲੁਧਿਆਣਵੀ ਲਾਇਬ੍ਰੇਰੀ ਹਾਲ ਨੂੰ ਅੱਜ ਪਾਠਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਸਬੰਧੀ ਇਕ ਸੰਖੇਪ ਜਿਹਾ ਉਦਘਾਟਨੀ ਸਮਾਗਮ ਆਯੋਜਿਤ ਕੀਤਾ ਗਿਆ। ਉੱਘੇ ਨਾਟਕਕਾਰ ਡਾ. ਆਤਮਜੀਤ ਨੇ ਰਿਬਨ ਕੱਟ ਕੇ ਪਹਿਲੇ ਪਾਠਕ ਵਜੋਂ ਹਾਜ਼ਰੀ ਲਵਾਈ। ਹੁਣ ਇਸ ਨਵੇਂ ਬਣੇ ਲਾਇਬ੍ਰੇਰੀ ਹਾਲ ਵਿਚ ਅੱਜ ਤੋਂ ਪਾਠਕ, ਵਿਦਿਆਰਥੀ ਅਤੇ ਖੋਜਾਰਥੀ ਲਾਇਬ੍ਰੇਰੀ ਦੇ ਅਨਮੋਲ ਖ਼ਜ਼ਾਨੇ ਦਾ ਲਾਭ ਉਠਾ ਸਕਣਗੇ। 60,000 ਤੋਂ ਵੱਧ ਪੁਸਤਕਾਂ ਵਾਲੀ ਇਸ ਲਾਇਬ੍ਰੇਰੀ ਵਿਚ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਵਿਚ ਪੁਸਤਕਾਂ ਉਪਲੱਬਧ ਹਨ। ਅਕਾਡਮੀ ਦੇ ਪੰਜਾਬ ਰੈਫ਼ਰੇਂਸ ਤੇ ਖੋਜ ਕੇਂਦਰ ਵਿਚ ਪੰਜਾਬੀ ਵਿਚ ਖੋਜ ਕਰਵਾਉਣ ਵਾਲੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਪੀਐ¤ਚ.ਡੀ., ਐਮ.ਫ਼ਿਲ, ਐਮ.ਲਿਟ ਅਤੇ ਐਮ.ਏ. ਦੇ ਖੋਜ ਨਿਬੰਧ/ਖੋਜ ਪ੍ਰਬੰਧ ਵੱਡੀ ਮਾਤਰਾ ਵਿਚ ਉਪਲੱਬਧ ਹਨ।

ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਦਸਿਆ ਕਿ 1954 ਵਿਚ ਸਥਾਪਿਤ ਇਹ ਲਾਇਬ੍ਰੇਰੀ ਪਹਿਲਾਂ ਇਕ ਤਤਕਾਲੀ ਜਨਰਲ ਸਕੱਤਰ ਜੀ ਦੇ ਘਰ ਵਿਚ ਚਲਦੀ ਰਹੀ ਅਤੇ 1968 ਵਿਚ ਇਹ ਬਕਾਇਦਾ ਪੰਜਾਬੀ ਭਵਨ ਵਿਚ ਸਥਾਪਿਤ ਲਾਇਬ੍ਰੇਰੀ ਹਾਲ ਵਿਚ ਸਥਾਪਿਤ ਕੀਤੀ ਗਈ। 1993 ਤੋਂ ਪ੍ਰਿੰ. ਪ੍ਰੇਮ ਸਿੰਘ ਬਜਾਜ ਦੀ ਦੇਖਰੇਖ ਹੇਠ ਚਲਣ ਵਾਲੀ ਇਸ ਲਾਇਬ੍ਰੇਰੀ ਵਿਚ ਕਿਤਾਬਾਂ ਦੀ ਗਿਣਤੀ ਵਿਚ ਵੱਡੀ ਪੱਧਰ ਤੇ ਇਜ਼ਾਫ਼ਾ ਹੋਇਆ ਜਿਸ ਕਰਕੇ ਨਵੀਂ ਇਮਾਰਤ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ। ਇਸ ਜ਼ਰੂਰਤ ਦੀ ਪੂਰਤੀ ਕਰਨ ਦਾ ਵਾਇਦਾ ਡਾ. ਮਨੋਹਰ ਸਿੰਘ ਗਿੱਲ ਹੋਰਾਂ ਕੀਤਾ ਅਤੇ ਨਵੀਂ ਇਮਾਰਤ ਦੀ ਉਸਾਰੀ ਵਿਚ ਵਿਸ਼ੇਸ਼ ਦਿਲਚਸਪੀ ਲਈ।

ਇਸ ਲਾਇਬ੍ਰੇਰੀ ਦੀ ਸਾਂਭ ਸੰਭਾਲ ਅਤੇ ਸੰਚਾਲਨ ਦਾ ਕਾਰਜ ਪ੍ਰਿੰ. ਪ੍ਰੇਮ ਸਿੰਘ ਬਜਾਜ ਹੋਰਾਂ ਦੀ ਅਗਵਾਈ ਵਿਚ ਚਲ ਰਿਹਾ ਹੈ। ਉਨ੍ਹਾਂ ਤੋਂ ਇਲਾਵਾ ਦੋ ਸਿਖਲਾਈ ਯਾਫ਼ਤਾ ਲਾਇਬ੍ਰੇਰੀਅਨ ਕਾਰਜਸ਼ੀਲ ਹਨ ਜੋ ਪਾਠਕਾਂ ਨੂੰ ਭਰਪੂਰ ਸਹਿਯੋਗ ਦਿੰਦੇ ਹਨ।

ਅੱਜ ਲਾਇਬ੍ਰੇਰੀ ਦੇ ਸ਼ੁਭ ਆਰੰਭ ਸਮੇਂ ਡਾ. ਆਤਮਜੀਤ ਸਿੰਘ ਹੋਰਾਂ ਦੇ ਨਾਲ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਜਨਰਲ ਸਕੱਤਰ ਡਾ. ਸੁਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਸਹਿਜਪ੍ਰੀਤ ਸਿੰਘ ਮਾਂਗਟ, ਖੁਸ਼ਵੰਤ ਬਰਗਾੜੀ, ਡਾ. ਗੁਰਇਕਬਾਲ ਸਿੰਘ, ਮਨਜਿੰਦਰ ਧਨੋਆ, ਡਾ. ਤੇਜਵੰਤ ਮਾਨ, ਗੁਲਜ਼ਾਰ ਸਿੰਘ ਸ਼ੌਂਕੀ, ਭਗਵੰਤ ਰਸੂਲਪੁਰੀ, ਤ੍ਰ੍ਰੈਲੋਚਨ ਲੋਚੀ, ਜਸਵੀਰ ਝੱਜ, ਸੁਖਦਰਸ਼ਨ ਗਰਗ, ਭੁਪਿੰਦਰ ਸੰਧੂ, ਜਨਮੇਜਾ ਸਿੰਘ ਜੌਹਲ, ਮੇਜਰ ਸਿੰਘ ਗਿੱਲ, ਪ੍ਰਿੰ. ਪ੍ਰੇਮ ਸਿੰਘ ਬਜਾਜ, ਸੁਰਿੰਦਰ ਦੀਪ ਅਤੇ ਲਾਇਬ੍ਰੇਰੀ ਸਟਾਫ਼ ਸੁਰਿੰਦਰ ਕੌਰ, ਕਮਲਪ੍ਰੀਤ ਕੌਰ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਤੇ ਪਾਠਕ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>