ਸਿੱਖਾਂ ਦੀ ਪਾਰਲੀਮੈਂਟ ‘ਚ ਬਹਿਸ ਦੀ ਇਜ਼ਾਜਤ ਕਿਉਂ ਨਹੀਂ?

ਅਨੇਕਾਂ ਅੰਦੋਲਨਾਂ, ਧਰਨਿਆਂ, ਮੁਜ਼ਾਹਰਿਆਂ, ਜਦੋਜਹਿਦਾਂ ਅਤੇ ਕੁਰਬਾਨੀਆਂ ਤੋਂ ਬਾਅਦ ਗੁਰਦੁਆਰਾ ਸਾਹਿਬਾਨ ਨੂੰ ਮਹੰਤਾਂ ਦੇ ਕਬਜ਼ੇ ਵਿਚੋਂ ਖਾਲੀ ਕਰਵਾਉਣ ਲਈ ਸਿੱਖ ਸੰਗਤਾਂ ਨੂੰ ਚਾਬੀਆਂ, ਜੈਤੋ ਅਤੇ ਗੁਰੂ ਕੇ ਬਾਗ ਦਾ ਮੋਰਚਾ ਲਗਾਉਣਾ ਪਿਆ। ਅਣਗਿਣਤ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਸ ਤੋਂ ਬਾਅਦ ਗੁਰਦਵਾਰਿਆਂ ਦੇ ਪ੍ਰਬੰਧਾਂ ਬਾਰੇ ਵੀ ਜਦੋਜਹਿਦ ਕਰਨੀ ਪਈ ਤਾਂ ਕਿਤੇ ਜਾ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪੰਥਕ ਸੰਸਥਾਵਾਂ ਜਿਹੜੀਆਂ ਸਿੱਖਾਂ ਦੇ ਹਿੱਤਾਂ ਅਤੇ ਸਿੱਖ ਪਰੰਪਰਾਵਾਂ ਨੂੰ ਅਮਲੀ ਰੂਪ ਦੇਣ ਵਿਚ ਸਹਾਈ ਹੁੰਦੀਆਂ ਹੋਣ ਹੋਂਦ ਵਿਚ ਆਈਆਂ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੇਦਾਗ਼ ਸਰਵੋਤਮ ਸਿੱਖ ਬਣਦੇ ਰਹੇ।

1920 ਵਿਚ ਅਕਾਲੀ ਦਲ ਬਣਿਆਂ ਹੀ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਲਈ ਸੀ। ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਤਾਂ ਅਕਾਲੀ ਦਲ ਦਾ ਕੰਮ ਸਿਆਸੀ ਹੋ ਗਿਆ।  ਅਕਾਲੀ ਦਲ ਦੋ ਵਾਰ 1947 ਅਤੇ 1957 ਵਿਚ ਚੋਣਾਂ ਲੜਨ ਲਈ  ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਿਆ। ਪਰਕਾਸ਼ ਸਿੰਘ ਬਾਦਲ 1957 ਵਿਚ ਵਿਧਾਨ ਸਭਾ ਦੀ ਚੋਣ ਕਾਂਗਰਸ ਪਾਰਟੀ ਦੇ ਟਿਕਟ ਤੇ ਲੜਿਆ ਸੀ। ਮਾਸਟਰ ਤਾਰਾ ਸਿੰਘ ਦੇ ਪ੍ਰਧਾਨ ਹੁੰਦਿਆਂ ਤੱਕ ਅਕਾਲੀ ਦਲ ਨੇ ਸ਼ਰੋਮਣੀ ਪ੍ਰਬੰਧਕ ਕਮੇਟੀ ਦੇ ਕੰਮ ਵਿਚ ਦਖ਼ਲਅੰਦਾਜ਼ੀ ਨਹੀਂ ਕੀਤੀ। ਸਿਆਸੀ ਦਖ਼ਅੰਦਾਜ਼ੀ ਨਾ ਹੋਣ ਕਰਕੇ ਆਲ੍ਹਾ ਦਰਜੇ ਦੇ ਗੁਰਮੁਖ ਤਖ਼ਤਾਂ ਦੇ ਜਥੇਦਾਰ ਬਣਦੇ ਰਹੇ। ਆਜ਼ਾਦੀ ਤੋਂ ਪਹਿਲਾਂ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਅਕਾਲ ਤਖ਼ਤ ਉਪਰ ਬੁਲਾਕੇ ਸਜਾ ਦਿੱਤੀ ਗਈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਸਾਰ ਦੇ ਸਿੱਖ ਆਪਣੀ ਪਾਰਲੀਮੈਂਟ ਕਹਿਣ ਤੇ ਫ਼ਖ਼ਰ ਮਹਿਸੂਸ ਕਰਦੇ ਹਨ। ਕਈ ਵਾਰੀ ਸਾਡੀਆਂ ਪੰਥਕ ਸੰਸਥਾਵਾਂ ਦੇ ਮੁਖੀਆਂ ਦੀ ਤੁਲਨਾ ਪੋਪ ਨਾਲ ਵੀ ਕੀਤੀ ਜਾਂਦੀ ਹੈ। ਪ੍ਰੰਤੂ ਅਸੀਂ ਕਦੀਂ ਆਪਣੀ ਪੀੜ੍ਹੀ ਹੇਠ ਸੋਟਾ ਨਹੀਂ ਫੇਰਿਆ ਕਿ ਕੀ ਅਸੀਂ ਪੋਪ ਦੇ ਅਹੁਦੇ ਵਰਗੀ ਨੈਤਿਕਤਾ ਕਾਇਮ ਰੱਖਦੇ ਹਾਂ? ਸਿੱਖਾਂ ਦੀ ਪਾਰਲੀਮੈਂਟ ਦਾ ਕੰਮ ਧਾਰਮਿਕ ਮਸਲਿਆਂ ਅਤੇ ਫ਼ੈਸਲਿਆਂ ਉਪਰ ਵਿਚਾਰ ਵਟਾਂਦਰਾ ਅਰਥਾਤ ਸੰਬਾਦ ਕਰਕੇ ਆਪਸੀ ਸਹਿਮਤੀ ਨਾਲ ਫ਼ੈਸਲੇ ਕਰਨਾ ਹੁੰਦਾ ਹੈ। ਪ੍ਰੰਤੂ 1967 ਤੋਂ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸਿਆਸਤ ਦੀ ਦਖ਼ਅੰਦਾਜ਼ੀ ਹੋਈ ਹੈ, ਉਦੋਂ ਤੋਂ ਹੀ ਨਿਘਾਰ ਆਉਣਾ ਸ਼ੁਰੂ ਹੋ ਗਿਆ ਹੈ।

ਇਹ ਕੁਦਰਤੀ ਹੈ ਜਦੋਂ ਕਿਸੇ ਵੀ ਖੇਤਰ ਵਿਚ ਸਿਆਸੀ ਦਖ਼ਲਅੰਦਾਜ਼ੀ ਹੋ ਜਾਵੇ ਤਾਂ ਕਾਬਲੀਅਤ ਦੀ ਮੈਰਿਟ ਖ਼ਤਮ ਹੋ ਜਾਂਦੀ ਹੈ। ਇਸ ਕਰਕੇ ਸ਼ਰੋਮਣੀ ਪ੍ਰਬੰਧਕ ਕਮੇਟੀ ਇੱਕ ਕਿਸਮ ਨਾਲ ਅਕਾਲੀ ਦਲ ਦੀ ਹੱਥਠੋਕਾ ਬਣ ਗਈ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਕਾਲੀ ਦਲ ਨੇ ਤਖ਼ਤਾਂ ਦੇ ਜਥੇਦਾਰਾਂ ਦੇ ਕੰਮ ਵਿਚ ਵੀ ਦਖ਼ਲ ਦੇਣਾ ਸ਼ੁਰੂ ਕਰ ਦਿੱਤਾ। ਜਥੇਦਾਰਾਂ ਨੂੰ ਸਿਆਸੀ ਲੋਕ ਆਪਣੇ ਕੋਲ ਬੁਲਾਕੇ ਹੁਕਮ ਦਿੰਦੇ ਹਨ, ਜਿਸ ਨਾਲ ਤਖ਼ਤਾਂ ਦੀ ਮਾਣ ਮਰਿਆਦਾ ਉਪਰ ਪ੍ਰਭਾਵ ਪੈਣ ਲੱਗ ਪਿਆ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੈ, ਉਹ ਸਾਲ ਵਿਚ ਦੋ ਵਾਰੀ ਇਕੱਠੀ ਹੁੰਦੀ ਹੈ। ਇਕ ਵਾਰ ਨਵੰਬਰ ਮਹੀਨੇ ਵਿਚ ਨਵਾਂ ਪ੍ਰਧਾਨ ਅਤੇ ਕਾਰਜਕਾਰਨੀ ਚੁਣਨ ਲਈ। ਦੂਜੀ ਵਾਰ ਬਜਟ ਪਾਸ ਕਰਨ ਲਈ। ਚੋਣ ਦੀ ਪ੍ਰਣਾਲੀ ਵੀ ਅਜ਼ੀਬ ਕਿਸਮ ਦੀ ਅਤੇ ਇਕ ਪਾਸੜ ਹੈ। ਚੋਣ ਵਿਚ ਕੋਈ ਕਿਸੇ ਮੈਂਬਰ ਦੀ ਪੁਛ ਪ੍ਰਤੀਤ ਨਹੀਂ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਕੋਈ ਵੁਕਤ ਨਹੀਂ। ਅਕਾਲੀ ਦਲ ਦਾ ਪ੍ਰਧਾਨ ਅਹੁਦੇਦਾਰਾਂ ਦੀਆਂ ਪਰਚੀਆਂ ਲਿਖ ਦਿੰਦਾ ਹੈ। ਮੈਂਬਰ ਜੈਕਾਰੇ ਛੱਡ ਕੇ ਚੋਣ ਕਰ ਲੈਂਦੇ ਹਨ। ਧਾਰਮਿਕ ਸੰਸਥਾ ਦੇ ਅਹੁਦੇਦਾਰਾਂ ਦੀ ਚੋਣ ਹੋ ਰਹੀ ਹੁੰਦੀ ਹੈ, ਇਹ ਕੋਈ ਸਿਆਸੀ ਅਖਾੜਾ ਨਹੀਂ, ਜਿਥੇ ਰਾਜਨੀਤੀ ਚਲੇ। ਸ਼ਰੋਮਣੀ ਕਮੇਟੀ ਦੀ ਚੋਣ ਵਿਚ ਸਿਆਸਤ ਛਾਈ ਰਹਿੰਦੀ ਹੈ। ਕਿਸੇ ਧਾਰਮਿਕ ਮਸਲੇ ਤੇ ਵਿਚਾਰ ਚਰਚਾ ਨਹੀਂ ਹੁੰਦੀ, ਇਹ ਕਿਹੋ ਜਹੀ ਸਿੱਖਾਂ ਦੀ ਪਾਰਲੀਮੈਂਟ ਹੈ, ਜਿਹੜੀ ਸਿੱਖ ਮਸਲਿਆਂ ਤੇ ਚਰਚਾ ਹੀ ਨਹੀਂ ਕਰਦੀ।

ਜਨਰਲ ਹਾਊਸ ਦੀ ਮੀਟਿੰਗ ਵਿੱਚ ਹਰ ਭਖਦੇ ਮਸਲੇ ਤੇ ਬਹਿਸ ਹੋਣੀ ਚਾਹੀਦੀ ਹੈ। ਫਿਰ ਕੋਈ ਭਰਮ ਭੁਲੇਖਾ ਨਹੀਂ ਰਹੇਗਾ। ਫੈਸਲੇ ਵੀ ਸਹੀ ਹੋਣਗੇ। ਹੁਣ ਤਾਂ ਡਿਕਟੇਟਰਸ਼ਿਪ ਵਾਲੀ ਗੱਲ ਹੈ। ਪਰਜਾਤੰਤਰਿਕ ਢਾਂਚਾ ਖ਼ਤਮ ਹੋ ਚੁੱਕਾ ਹੈ। ਇਸ ਕਰਕੇ ਹੀ ਧਰਮ ਖ਼ਤਰੇ ਵਿਚ ਹੈ। ਦੂਜੀ ਵਾਰ 1000 ਕਰੋੜ ਰੁਪਏ ਤੋਂ ਉਪਰ ਦਾ ਬਜਟ ਪਾਸ ਕਰਨ ਲਈ ਇਜਲਾਸ ਹੁੰਦਾ ਹੈ। ਉਹ ਵੀ ਬਿਨਾ ਬਹਿਸ ਪਾਸ ਕਰ ਦਿੱਤਾ ਜਾਂਦਾ ਹੈ। ਇਹ ਕਿਹੋ ਜਹੀ ਪਾਰਲੀਮੈਂਟ ਹੈ ਜਿਸ ਵਿਚ ਕੋਈ ਸਵਾਲ ਜਵਾਬ ਨਹੀਂ। ਕਿਸੇ ਮਦ ਤੇ ਬਹਿਸ ਨਹੀਂ। ਜੋ ਰੂਲਿੰਗ ਗਰੁਪ ਚਾਹੇ ਉਹੀ ਹੋ ਜਾਂਦਾ ਹੈ। ਸਿੱਖ ਧਰਮ ਦੇ ਵਾਰਸੋ ਭਲੇ ਮਾਣਸ ਗੁਰਮੁਖੋ ਸਿੱਖ ਧਰਮ ਵਿਚ ਗਿਰਾਵਟ ਦੇ ਬੱਦਲ ਛਾਏ ਹੋਏ ਹਨ, ਤੁਸੀਂ ਜੈਕਾਰੇ ਛੱਡ ਕੇ ਚੋਣ ਕਰਕੇ ਅਤੇ ਬਜਟ ਪਾਸ ਕਰਕੇ ਉਠ ਜਾਂਦੇ ਹੋ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਡੇਰਿਆਂ ਦੀ ਪ੍ਰਫੁਲਤਾ, ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਪੁਸਤਕਾਂ ਵਿਚ ਗੁਰੂ ਸਾਹਿਬਾਨ ਬਾਰੇ ਲਿਖੀ ਗਈ ਗ਼ਲਤ ਸ਼ਬਦਾਵਲੀ, ਸਿਖਿਆ ਪ੍ਰਣਾਲੀ ਤਹਿਸ ਨਹਿਸ ਹੋਈ ਪਈ ਹੈ, ਬੇਰੋਜ਼ਗਾਰੀ, ਨਸ਼ੇ, ਨੌਜਵਾਨ ਕਿਰਤ ਕਰਨ ਤੋਂ ਮੁਨਕਰ ਹੋ ਰਹੇ ਹਨ, ਸਿੱਖ ਜਵਾਨੀ ਪਰਵਾਸ ਵਿਚ ਜਾ ਰਹੀ ਹੈ ਅਤੇ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਵਰਗੇ ਦੇ ਵੱਡੇ ਮਸਲੇ ਹਨ। ਸਿੱਖਾਂ ਦੀ ਨੌਜਵਾਨ ਪਨੀਰੀ ਪਤਿਤ ਹੋ ਰਹੀ ਹੈ। ਸਿੱਖਾਂ ਦੀ ਪਾਰਲੀਮੈਂਟ ਦਾ ਇਜਲਾਸ ਹੁੰਦਾ ਹੈ। ਇਨ੍ਹਾਂ ਮਸਲਿਆਂ ਬਾਰੇ ਇਕ ਸ਼ਬਦ ਵੀ ਬੋਲਿਆ ਨਹੀਂ ਜਾਂਦਾ। ਭਖਦੇ ਮਸਲਿਆਂ ਅਤੇ ਸਿੱਖ ਵਿਚਾਰਧਾਰਾ ਨੂੰ ਅਣਡਿਠ ਕਰਨ ਦਾ ਨਤੀਜਾ ਸਿੱਖ ਜਗਤ ਭੁਗਤ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਸੰਬਾਦ ਵਿਚ ਵਿਸ਼ਵਾਸ਼ ਰੱਖਦੇ ਸਨ। ਤੁਸੀਂ ਗੁਰੂ ਦੇ ਪਰਣਾਏ ਸਿੱਖ ਭਰਾਵੋ ਅਤੇ ਭੈਣੋ ਗੁਰੂ ਦੀ ਸਿਖਿਆ ਤੇ ਹੀ ਅਮਲ ਕਰ ਲਵੋ। ਜੇਕਰ ਤੁਹਾਡੀ ਇਕ ਮੈਂਬਰ ਬੀਬੀ ਕਿਰਨਜੀਤ ਕੌਰ ਜਿਸਦੀ ਵਿਰਾਸਤ ਹੀ ਸਿੱਖ ਵਿਚਾਰਧਾਰਾ ‘ਤੇ ਅਧਾਰਤ ਹੈ, ਉਹ ਮਾਸਟਰ ਤਾਰਾ ਸਿੰਘ ਦੀ ਦੋਹਤੀ ਹੈ, ਤੁਸੀਂ ਉਸਨੂੰ ਬੋਲਣ ਹੀ ਨਹੀਂ ਦਿੱਤਾ। ਏਥੇ ਹੀ ਬਸ ਨਹੀਂ, ਉਸਤੋਂ ਮਾਇਕ ਹੀ ਖੋਹ ਲਿਆ। ਸੁਣ ਤਾਂ ਲਓ ਉਹ ਕੀ ਕਹਿਣਾ ਚਾਹੁੰਦੇ ਹਨ। ਫ਼ੈਸਲਾ ਬਹੁਮਤ ਨੇ ਕਰਨਾ ਹੁੰਦਾ ਹੈ। ਉਨ੍ਹਾਂ ਨੇ ਤਾਂ ਜਿਹੜਾ ਫ਼ੈਸਲਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨੇ ਸਿੱਖ ਵਿਦਵਾਨ ਇਤਿਹਾਸਕਾਰ ਡਾ. ਕਿਰਪਾਲ ਸਿੰਘ ਨੂੰ ਸ਼ਰੋਮਣੀ ਕਮੇਟੀ ਦੇ ਕੰਮ ਤੋਂ ਹਟਾਉਣ ਬਾਰੇ ਕੀਤਾ ਸੀ, ਉਸਤੇ ਨਜ਼ਰਸਾਨੀ ਕਰਨ ਲਈ ਬੇਨਤੀ ਕਰਨੀ ਸੀ। ਸ਼ਰੋਮਣੀ ਕਮੇਟੀ ਨੇ ਖ਼ੁਦ ਡਾ ਕਿਰਪਾਲ ਸਿੰਘ ਨੂੰ ਅਕਾਲ ਤਖ਼ਤ ਤੋਂ ਪ੍ਰੋਫੈਸਰ ਆਫ ਸਿਖਿਜ਼ਮ ਦਾ ਖ਼ਿਤਾਬ ਦਿੱਤਾ ਸੀ। ਉਸਨੂੰ ਹੀ ਤੁਸੀਂ ਲਾਂਭੇ ਕਰ ਦਿੱਤਾ। ਕਿਸੇ ਵੀ ਫੈਸਲੇ ਤੋਂ ਪਹਿਲਾਂ ਵਿਚਾਰ ਕਰਨਾ ਅਤੇ ਡਾ. ਕਿਰਪਾਲ ਸਿੰਘ ਦਾ ਪੱਖ ਸੁਣਨਾ ਬਣਦਾ ਸੀ।

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਜਾਇਦਾਦ ਹੈ। ਇਹ ਕੋਈ ਨਿੱਜੀ ਸੰਸਥਾ ਨਹੀਂ। ਕਿਰਪਾ ਕਰਕੇ ਸਿੱਖੀ ਨੂੰ ਫੈਲਾਉਣ ਦੀ ਥਾਂ ਸੰਕੋੜਨ ਤੋਂ ਸੰਕਚ ਕਰੋ। ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਮੁਆਫ ਨਹੀਂ ਕਰਨਗੀਆਂ। ਇਤਿਹਾਸ ਨੂੰ ਵਿਗਾੜਨ ਤੋਂ ਪਰਹੇਜ ਕਰੋ। ਸ਼ਰੋਮਣੀ ਕਮੇਟੀ ਦਾ ਇਜਲਾਸ ਹੋ ਰਿਹਾ ਜਾਂ ਭਲਵਾਨੀ ਹੋ ਰਹੀ ਹੈ। ਅੱਧੇ ਘੰਟੇ ਵਿਚ ਸਿੱਖਾਂ ਦੀ ਪਾਰਲੀਮੈਂਟ ਅਹੁਦਿਆਂ ਦੀ ਚੋਣ ਕਰਕੇ ਚਲਦੀ ਬਣਦੀ ਹੈ। ਆਪਣੇ ਅੰਦਰ ਝਾਤੀ ਮਾਰੋ ਸਿੱਖ ਜਗਤ ਕਿਧਰ ਨੂੰ ਜਾ ਰਿਹਾ ਹੈ। ਇਹ ਸਾਰਾ ਕੁਝ ਟੀ ਵੀ ਚੈਨਲਾਂ ਤੇ ਲਾਈਵ ਟੈਲੀਕਾਸਟ ਹੋ ਰਿਹਾ ਹੈ। ਸਿੱਖਾਂ ਦਾ ਅਕਸ ਬਣਾਉਣ ਦੀ ਥਾਂ ਵਿਗਾੜਿਆ ਦਰਸਾਇਆ ਜਾ ਰਿਹਾ ਹੈ।  ਸਿੱਖ ਸੰਸਾਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਇਸਤਰੀ ਜਾਤੀ ਦੀ ਗੁਰਬਾਣੀ ਵਿਚ ਪ੍ਰਸੰਸਾ ਕਰਦੇ ਹਨ। ਤੁਸੀਂ ਸੰਸਾਰ ਨੂੰ ਕੀ ਦੱਸਣਾ ਚਾਹੁੰਦੇ ਹੋ ਕਿ ਸਿੱਖ ਧਰਮ ਦੇ ਅਨੁਆਈ ਇਸਤਰੀਆਂ ਦੇ ਵਿਰੋਧੀ ਹਨ? ਇੱਕ ਸਿੱਖ ਹੋਣ ਦੇ ਨਾਤੇ ਬੜਾ ਦੁੱਖ ਹੋਇਆ ਕਿ ਸਾਡੀ ਪਾਰਲੀਮੈਂਟ ਦਾ ਜੇ ਇਹ ਹਾਲ ਹੈ ਤਾਂ ਪਰਜਾ ਦਾ ਕੀ ਹਾਲ ਹੋਵੇਗਾ। ਸਿੱਖ ਨੌਜਵਾਨੀ ਤੁਹਾਡੇ ਕੋਲੋਂ ਕੀ ਪ੍ਰੇਰਨਾ ਲਵੇਗੀ?

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਅਰਥ ਤਨਖਾਹਾਂ ਬੋਝਿਆਂ ਵਿਚ ਪਾਉਣਾ ਹੀ ਨਹੀਂ ਧਰਮ ਪ੍ਰਚਾਰ ਕਰਨਾ ਵੀ ਹੈ। ਕਦੀਂ ਸਿੱਖ ਪਾਰਲੀਮੈਂਟ ਨੇ ਵਿਚਾਰ ਚਰਚਾ ਕੀਤੀ ਹੈ ਕਿ ਸਾਡੇ ਨੌਜਵਾਨ ਸਿੱਖੀ ਤੋਂ ਮੁਨਕਰ ਹੋਕੇ ਪਤਿਤ ਕਿਉਂ ਹੋ ਰਹੇ ਹਨ? ਏਥੇ ਹੀ ਬਸ ਨਹੀਂ ਸਾਡੀ ਨੌਜਵਾਨੀ ਪਰਵਾਸ ਕਰ ਰਹੀ ਹੈ। ਅਸੀਂ ਆਪਣੀ ਵਿਦਿਅਕ ਪ੍ਰਣਾਲੀ ਵਿਚ ਸੋਧ ਨਹੀਂ ਕਰ ਰਹੇ। ਰੋਜ਼ਗਾਰ ਨਹੀਂ ਦੇ ਰਹੇ, ਜਿਸ ਕਰਕੇ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਭੱਜ ਹੇ ਹਨ। ਏਅਰਪੋਰਟ ਤੇ ਉਤਰਦਿਆਂ ਹੀ ਪਤਿਤ ਹੋ ਜਾਂਦੇ ਹਨ। ਸ਼ਰੋਮਣੀ ਕਮੇਟੀ ਕੀ ਆਪਣੀ ਨੌਜਵਾਨੀ ਨੂੰ ਅਣਡਿਠ ਕਰ ਰਹੀ ਹੈ? ਪਿਛਲੇ ਲੰਮੇ ਸਮੇਂ ਤੋਂ ਕੋਈ ਸਿੱਖ ਆਈ. ਏ. ਐਸ.  ਅਤੇ ਆਈ. ਪੀ. ਐਸ. ਚੁਣਿਆਂ ਨਹੀਂ ਗਿਆ। ਕੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਨੌਜਵਾਨਾਂ ਲਈ ਕੋਚਿੰਗ ਦਾ ਪ੍ਰਬੰਧ ਨਹੀਂ ਕਰ ਸਕਦੀ? ਗੁਰੂ ਘਰਾਂ ਵਿਚ ਮਾਰਬਲ ਲਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਡੇਰਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਜੇਕਰ ਸਾਡਾ ਪ੍ਰਚਾਰ ਸਹੀ ਹੋਵੇਗਾ ਤਾਂ ਡੇਰੇ ਨਹੀ ਬਣਨਗੇ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਸਾਬਤ ਹੋ ਰਹੀ ਹੈ। ਸਿੱਖ ਜਗਤ ਨੂੰ ਆਪਣੀ ਅੰਤਹਕਰਨ ਦੀ ਆਵਾਜ਼ ਸੁਣਨ ਦਾ ਜੇਰਾ ਕਰਨਾ ਪਵੇਗਾ ਤਾਂ ਹੀ ਸਾਡੀ ਕੌਮ ਸਿੱਧੇ ਰਸਤੇ ਤੇ ਆ ਸਕੇਗੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>