ਕੀ ਪ੍ਰਿਅੰਕਾ ਗਾਂਧੀ ਕਾਂਗਰਸ ਲਈ ਬ੍ਰਹਮ ਅਸਤਰ ਸਾਬਤ ਹੋਵੇਗੀ?

ਮਈ 2019 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਸਰਬ ਭਾਰਤੀ ਕਾਂਗਰਸ ਪਾਰਟੀ ਨੇ 47 ਸਾਲਾ ਪ੍ਰਿਅੰਕਾ ਗਾਂਧੀ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਬਣਾਕੇ ਪੂਰਬੀ ਉਤਰ ਪ੍ਰਦੇਸ਼ ਦਾ ਇਨਚਾਰਜ ਬਣਾ ਦਿੱਤਾ ਹੈ। ਜਿਓਤੀਰਾਦਿਤਿਆ ਸਿੰਧੀਆ ਨੂੰ ਪੱਛਮੀਂ ਉਤਰ ਪ੍ਰਦੇਸ਼ ਦਾ ਇਨਚਾਰਜ ਬਣਾ ਦਿੱਤਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਰਾਜ ਨੂੰ ਦੋ ਹਿੱਸਿਆਂ ਵਿਚ ਵੰਡਕੇ ਦੋ ਜਨਰਲ ਸਕੱਤਰਾਂ ਦੇ ਹਵਾਲੇ ਕੀਤਾ ਹੋਵੇ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵਿਚ ਸਭ ਤੋਂ ਯੋਗ, ਘਾਗ ਅਤੇ ਰਣਨੀਤੀਕਾਰ ਸਮਝੇ ਜਾਂਦੇ ਜਨਰਲ ਸਕੱਤਰ ਜਨਾਬ ਗ਼ੁਲਾਮ ਨਬੀ ਆਜ਼ਾਦ ਉਤਰ ਪ੍ਰਦੇਸ਼ ਦੇ ਇਨਚਾਰਜ ਸਨ। ਕਾਂਗਰਸ ਪਾਰਟੀ ਵੱਲੋਂ ਪ੍ਰਿਅੰਕਾ ਗਾਂਧੀ ਨੂੰ ਸਿਆਸਤ ਵਿਚ ਉਤਾਰਨਾ ਕੀ ਪਾਰਟੀ ਦੀ ਡੁਬਦੀ ਬੇੜੀ ਨੂੰ ਤਾਰਨ ਲਈ ਤਿਣਕੇ ਦਾ ਸਹਾਰਾ ਬਣ ਸਕਦਾ ਹੈ? 2014 ਦੀਆਂ ਲੋਕ ਸਭਾ ਚੋਣਾਂ ਮੌਕੇ ਵੀ ਕਿਆਸ ਅਰਾਈਆਂ ਲਗਾਈਆਂ ਜਾਂਦੀਆਂ ਸਨ ਕਿ ਪ੍ਰਿਅੰਕਾ ਗਾਂਧੀ ਨੂੰ ਸਿਆਸਤ ਵਿਚ ਲਿਆਕੇ ਕਾਂਗਰਸ ਪਾਰਟੀ ਦੀ ਡਿਗਦੀ ਸ਼ਾਖ ਨੂੰ ਰੋਕਿਆ ਜਾਵੇਗਾ। ਪ੍ਰੰਤੂ ਸ੍ਰੀਮਤੀ ਸੋਨੀਆਂ ਗਾਂਧੀ ਨੂੰ ਸੰਦੇਹ ਸੀ ਕਿ ਜੇਕਰ ਪ੍ਰਿਅੰਕਾ ਗਾਂਧੀ ਸਿਆਸਤ ਵਿਚ ਆ ਗਈ ਤਾਂ ਰਾਹੁਲ ਗਾਂਧੀ ਦਾ ਭਵਿੱਖ ਖ਼ਤਰੇ ਵਿਚ ਪੈ ਜਾਵੇਗਾ ਕਿਉਂਕਿ ਪ੍ਰਿਅੰਕਾ ਗਾਂਧੀ ਦਾ ਮੜੰਗਾ, ਵਿਵਹਾਰ ਅਤੇ ਭਾਸ਼ਣ ਦੇਣ ਦੀ ਸ਼ੈਲੀ ਸ੍ਰੀਮਤੀ ਇੰਦਰਾ ਗਾਂਧੀ ਨਾਲ ਮੇਲ ਖਾਂਦੀ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਖਾਸ ਤੌਰ ਤੇ ਨੌਜਵਾਨ ਵਰਗ ਵੱਲੋਂ ਲੰਮੇ ਸਮੇਂ ਤੋਂ ਪ੍ਰਿਅੰਕਾ ਗਾਂਧੀ ਨੂੰ ਸਿਆਸਤ ਵਿਚ ਲਿਆਉਣ ਦੀ ਮੰਗ ਕੀਤੀ ਜਾ ਰਹੀ ਸੀ। ਪਿੱਛਲੇ ਦੋ ਸਾਲ ਤੋਂ ਉਹ ਪਾਰਟੀ ਦੀਆਂ ਸਰਗਰਮੀਆਂ ਵਿਚ ਅਸਿਧੇ ਤੌਰ ਤੇ ਦਖ਼ਲਅੰਦਾਜ਼ੀ ਕਰ ਰਹੀ ਹੈ।

2017 ਵਿਚ ਉਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਉਮੀਦਵਾਰ ਚੁਣਨ ਅਤੇ ਨੀਤੀਗਤ ਫੈਸਲਿਆਂ ਵਿਚ ਉਹ ਰਾਹੁਲ ਗਾਂਧੀ ਦੇ ਸਲਾਹਕਾਰ ਦੇ ਤੌਰ ਤੇ ਵਿਚਰਦੀ ਰਹੀ ਹੈ। ਇਨ੍ਹਾਂ ਚੋਣਾਂ ਲਈ ਸਮਾਜਵਾਦੀ ਪਾਰਟੀ ਨਾਲ ਗਠਬੰਧਨ ਕਰਨ ਵਿਚ ਵੀ ਸ੍ਰੀਮਤੀ ਪ੍ਰਿਅੰਕਾ ਗਾਂਧੀ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ। ਭਾਵੇਂ ਵਿਧਾਨ ਸਭਾ ਦੇ ਨਤੀਜੇ ਕਾਂਗਰਸ ਅਤੇ ਸਮਾਜਵਾਦੀ ਲਈ ਲਾਭਦਾਇਕ ਨਹੀਂ ਰਹੇ। ਪ੍ਰਿਅੰਕਾ ਗਾਂਧੀ ਨਹਿਰੂ ਪਰਿਵਾਰ ਦੀ ਪੰਜਵੀਂ ਪੁਸ਼ਤ ਵਿਚੋਂ ਹੈ। ਪਿਛਲੇ ਮਹੀਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰਾਂ ਦੀ ਚੋਣ ਵਿਚ ਵੀ ਪ੍ਰਿਅੰਕਾ ਗਾਂਧੀ ਦੀ ਛਾਪ ਵਿਖਾਈ ਦਿੰਦੀ ਸੀ। ਇਨ੍ਹਾਂ ਵਿਚੋਂ ਜਿੱਤੇ ਤਿੰਨ ਰਾਜਾਂ ਵਿਚ ਮੁੱਖ ਮੰਤਰੀਆਂ ਦੀ ਚੋਣ ਸਮੇਂ ਵੀ ਉਹ ਹਰ ਮੀਟਿੰਗ ਵਿਚ ਉਥੇ ਹਾਜ਼ਰ ਹੁੰਦੀ ਸੀ। ਅਸ਼ੋਕ ਗਹਿਲੋਟ ਅਤੇ ਸਚਿਨ ਪਾਇਲਟ ਦੇ ਮੁੱਖ ਮੰਤਰੀ ਬਣਨ ਦੀ ਲੜਾਈ ਦਾ ਸਮਝੌਤਾ ਵੀ ਪ੍ਰਿਅੰਕਾ ਗਾਂਧੀ ਨੇ ਕਰਵਾਇਆ ਹੈ। ਮਨਪ੍ਰੀਤ ਸਿੰਘ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਵੀ ਪ੍ਰਿਅੰਕਾ ਗਾਂਧੀ ਦੇ ਯਤਨਾ ਨਾਲ ਹੀ ਹੋਈ ਹੈ ਕਿਉਂਕਿ ਕਾਂਗਰਸ ਪਾਰਟੀ ਦਾ ਇਕ ਧੜਾ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਨ ਦਾ ਵਿਰੋਧ ਕਰ ਰਿਹਾ ਸੀ। ਅਜਿਹੇ ਮੌਕੇ ਜਦੋਂ ਰਾਹੁਲ ਗਾਂਧੀ ਅਸੰਜਮ ਵਿਚ ਹੁੰਦਾ ਹੈ ਤਾਂ ਪ੍ਰਿਅੰਕਾ ਗਾਂਧੀ ਨੇ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ।

ਹੁਣ ਜਦੋਂ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਰਾਸ਼ਟਰੀਯ ਜਨਤਾ ਦਲ ਨੇ ਮਈ 2019 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਕਾਂਗਰਸ ਪਾਰਟੀ ਨੂੰ ਅਣਦਿਖ ਕਰਕੇ ਆਪਸੀ ਚੋਣ ਗਠਜੋੜ ਕਰ ਲਿਆ ਤਾਂ ਕਾਂਗਰਸ ਪਾਰਟੀ ਨੂੰ ਮਜ਼ਬੂਰੀ ਵਿਚ ਇਕੱਲਿਆਂ ਚੋਣ ਲੜਨ ਦਾ ਫ਼ੈਸਲਾ ਕਰਨਾ ਪਿਆ। ਰਾਜਨੀਤਕ ਵਿਸ਼ਲੇਸ਼ਕਾਂ ਅਨੁਸਾਰ ਕਾਂਗਰਸ ਪਾਰਟੀ ਦਾ ਇਕੱਲਿਆਂ ਚੋਣਾਂ ਲੜਨਾ ਪਾਰਟੀ ਦੀ ਮੁੜ ਸਥਾਪਤੀ ਲਈ ਲਾਹੇਬੰਦ ਹੋਵੇਗਾ ਕਿਉਂਕਿ ਪਾਰਟੀ ਆਪਣੀ ਵੋਟ ਬੈਂਕ ਨੂੰ ਮੁੜ ਸੁਰਜੀਤ ਕਰ ਸਕੇਗੀ, ਜਿਹੜੀ ਵੋਟ ਬੈਂਕ ਸਹਿਯੋਗੀ ਪਾਰਟੀਆਂ ਦੀ ਭਾਈਵਾਲੀ ਕਰਕੇ ਦੂਜੀਆਂ ਪਾਰਟੀਆਂ ਵਲ ਖਿਸਕ ਗਈ ਸੀ, ਉਹ ਵਾਪਸ ਆ ਜਾਵੇਗੀ। ਕਾਂਗਰਸੀ ਵੋਟਰ ਆਪਣੇ ਆਪ ਨੂੰ ਲਾਵਾਰਸ ਸਮਝਦੇ ਸਨ ਕਿਉਂਕਿ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਹੱਥ ਫੜਨ ਲਈ ਦੂਜੀਆਂ ਪਾਰਟੀਆਂ ਦੇ ਨੇਤਾ ਅੱਗੇ ਨਹੀਂ ਆਉਂਦੇ ਸਨ। ਸ੍ਰੀਮਤੀ ਪ੍ਰਿਅੰਕਾ ਗਾਂਧੀ ਨੂੰ ਵੀ ਇਸੇ ਮਜ਼ਬੂਰੀ ਵਸ ਸਿਆਸੀ ਅਖਾੜੇ ਵਿਚ ਉਤਾਰਿਆ ਗਿਆ ਹੈ। ਇਸ ਤੋਂ ਪਹਿਲਾਂ ਸ੍ਰੀਮਤੀ ਇੰਦਰਾ ਗਾਂਧੀ, ਸੰਜੇ ਗਾਂਧੀ, ਰਾਜੀਵ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਵੀ ਕਾਂਗਰਸ ਪਾਰਟੀ ਵਿਚ ਜਨਰਲ ਸਕੱਤਰ ਬਣਾਕੇ ਲਿਆਂਦਾ ਸੀ। ਪ੍ਰਿਅੰਕਾ ਗਾਂਧੀ ਨੂੰ ਵੀ ਜਨਰਲ ਸਕੱਤਰ ਬਣਾਕੇ ਕਿਸੇ ਸਮੇਂ ਪਾਰਟੀ ਦੇ ਗੜ੍ਹ ਰਹੇ ਉਤਰ ਪ੍ਰਦੇਸ਼ ਦੇ ਪੂਰਬੀ ਹਿੱਸੇ ਦੀ ਇਨਚਾਰਜ ਬਣਾਇਆ ਗਿਆ ਹੈ। ਪੂਰਬੀ ਹਿੱਸੇ ਵਿਚ 30 ਲੋਕ ਸਭਾ ਦੀਆਂ ਸੀਟਾਂ ਹਨ, ਜਿਨ੍ਹਾਂ ਵਿਚੋਂ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਦੇ ਮੈਂਬਰ ਹਨ। ਮੁੱਖ ਮੰਤਰੀ ਅਦਿਤਿਆ ਨੰਦ ਵੀ ਇਸੇ ਇਲਾਕੇ ਵਿਚੋਂ ਹਨ। ਇਸ ਇਲਾਕੇ ਵਿਚ ਕਾਂਗਰਸ ਦੀ ਹਾਲਤ ਬਹੁਤ ਪਤਲੀ ਹੈ। ਉਤਰ ਪ੍ਰਦੇਸ਼ ਵਿਚੋਂ ਹੀ ਜਵਾਹਰ ਲਾਲ ਨਹਿਰੂ, ਵਿਜੇ ਲਕਸ਼ਮੀ ਪੰਡਿਤ, ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਚੋਣ ਲੜਦੇ ਰਹੇ ਹਨ। ਪ੍ਰਿਅੰਕਾ ਗਾਂਧੀ ਵਿਚ ਇੰਦਰਾ ਗਾਂਧੀ ਦੀ ਤਰ੍ਹਾਂ ਵੋਟਾਂ ਖਿਚਣ ਵਾਲੀ ਚੁੰਬਕੀ ਸ਼ਕਤੀ ਮੌਜੂਦ ਲੱਗਦੀ ਹੈ, ਜਿਸ ਕਰਕੇ ਕਾਂਗਰਸ ਪਾਰਟੀ ਨੇ ਪ੍ਰਿਅੰਕਾ ਗਾਂਧੀ ਨੂੰ ਮੈਦਾਨ ਵਿਚ ਉਤਾਰਿਆ ਹੈ। ਇੱਕ ਕਿਸਮ ਨਾਲ ਕਾਂਗਰਸ ਪਾਰਟੀ ਕੋਲ ਗਾਂਧੀ ਪਰਿਵਾਰ ਦਾ ਆਖ਼ਰੀ ਹਥਿਆਰ ਸੀ, ਜਿਸਨੂੰ ਉਨ੍ਹਾਂ ਵਰਤਣ ਦਾ ਫ਼ੈਸਲਾ ਕਰ ਲਿਆ ਹੈ, ਜਿਸ ਨਾਲ ਪ੍ਰਿਅੰਕਾ ਦਾ ਭਵਿੱਖ ਦਾਅ ਤੇ ਲਾ ਦਿੱਤਾ ਹੈ। ਕਾਂਗਰਸ ਪਾਰਟੀ ਦੇ ਦਿਗਜ਼ ਨੇਤਾ ਮਹਿਸੂਸ ਕਰਦੇ ਹਨ ਕਿ ਉਤਰ ਪ੍ਰਦੇਸ਼ ਦੀ ਬ੍ਰਾਹਮਣ ਅਤੇ ਮੁਸਲਮ ਭਾਈਚਾਰੇ ਦੀ ਵੋਟ ਕਾਂਗਰਸ ਪਾਰਟੀ ਦੇ ਹਿੱਸੇ ਆਉਣ ਦੀ ਉਮੀਦ ਬੱਝ ਗਈ ਹੈ। ਇਹ ਨੁਕਸਾਨ ਭਾਰਤੀ ਜਨਤਾ ਪਾਰਟੀ ਅਤੇ ਸਮਾਜਵਾਦੀ ਪਾਰਟੀ ਨੂੰ ਹੋਵੇਗਾ। ਦੂਜਾ ਕਾਂਗਰਸ ਪਾਰਟੀ ਨੌਜਵਾਨਾ ਨੂੰ ਮੁੜ ਆਪਣੇ ਨਾਲ ਜੋੜਨ ਵਿਚ ਵੀ ਸਫਲ ਹੋ ਸਕਦੀ ਹੈ ਕਿਉਂਕਿ ਦੇਸ਼ ਦਾ ਭਵਿਖ ਨੌਜਵਾਨ ਹਨ। ਕਾਂਗਰਸ ਪਾਰਟੀ ਦੇ ਹੱਕ ਵਿਚ ਨੌਜਵਾਨ ਹੀ ਲਹਿਰ ਪੈਦਾ ਕਰ ਸਕਦੇ ਹਨ। ਪੁਰਾਣੇ ਸੀਨੀਅਰ ਕਾਂਗਰਸ ਨੇਤਾ ਅਜਿਹਾ ਕਰਨ ਵਿਚ ਅਸਫਲ ਰਹੇ ਹਨ। ਕਾਂਗਰਸ ਨੂੰ ਲੱਗਿਆ ਖ਼ੋਰਾ ਵੀ ਘਟਣ ਦੀ ਉਮੀਦ ਬੱਝ ਗਈ ਹੈ। ਕਾਂਗਰਸ ਪਾਰਟੀ ਦੇ ਨੌਜਵਾਨਾ ਨੂੰ ਪ੍ਰਿਅੰਕਾ ਗਾਂਧੀ ਵਿਚ ਭਾਰਤ ਦਾ ਭਵਿੱਖ ਸੁਰੱਖਿਅਤ ਵਿਖਾਈ ਦਿੰਦਾ ਹੈ। ਕਾਂਗਰਸ ਪਾਰਟੀ ਨੂੰ ਕੈਂਸਰ ਦੀ ਜਿਹੜੀ ਬਿਮਾਰੀ ਲੱਗਣ ਨਾਲ ਖ਼ੋਰਾ ਲੱਗ ਗਿਆ ਸੀ, ਉਸਨੂੰ ਠੱਲ ਪੈਣ ਦੀ ਉਮੀਦ ਕਾਂਗਰਸੀ ਲਾਈ ਬੈਠੇ ਹਨ। ਪ੍ਰਿਅੰਕਾ ਗਾਂਧੀ ਉਸ ਬਿਮਾਰੀ ਨੂੰ ਦੂਰ ਕਰਨ ਲਈ ਕਿਹੜਾ ਢੰਗ ਵਰਤੇਗੀ ਇਹ ਤਾਂ ਸਮਾਂ ਹੀ ਦੱਸੇਗਾ।

ਸਿਆਸਤ ਦੋ ਮੂੰਹੀ ਤਲਵਾਰ ਹੁੰਦੀ ਹੈ, ਇਸ ਲਈ ਜਿਥੇ ਕਾਂਗਰਸ ਪ੍ਰਿਅੰਕਾ ਗਾਂਧੀ ਨੂੰ ਬ੍ਰਹਮ ਅਸਤਰ ਸਮਝ ਰਹੀ ਹੈ, ਉਥੇ ਇਹ ਪ੍ਰਿਅੰਕਾ ਗਾਂਧੀ ਨੂੰ ਬਲੀ ਦਾ ਬਕਰਾ ਵੀ ਬਣਾ ਸਕਦੀ ਹੈ। ਪ੍ਰਿਅੰਕਾ ਗਾਂਧੀ ਦਾ ਸਿਆਸੀ ਕੈਰੀਅਰ ਦਾਅ ਤੇ ਲੱਗ ਗਿਆ ਹੈ। ਇਕ ਗੱਲ ਦੀ ਉਮੀਦ ਬੱਝਦੀ ਹੈ ਕਿ ਜਿਹੜੇ ਕਾਂਗਰਸੀ ਨਿਰਾਸ਼ਾ ਦੇ ਆਲਮ ਵਿਚ ਸਨ, ਉਹ ਹੁਣ ਅਖਬਾਰਾਂ, ਸ਼ੋਸ਼ਲ ਮੀਡੀਆ ਅਤੇ ਫਲੈਕਸਾਂ ਰਾਹੀਂ ਦਮਗਜ਼ੇ ਮਾਰ ਰਹੇ ਹਨ। ਕਾਂਗਰਸੀ ਵਰਕਰਾਂ ਵਿਚ ਇਕ ਵਾਰ ਤਾਂ ਉਤਸ਼ਾਹ ਪੈਦਾ ਹੋ ਗਿਆ ਹੈ  ਕਿਉਂਕਿ ਉਨ੍ਹਾਂ ਦੀ ਲੰਮੇਂ ਸਮੇਂ ਤੋਂ ਲਟਕਦੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਨੇ ਤਾਂ ਪ੍ਰਿਅੰਕਾ ਗਾਂਧੀ ਦੇ ਸਵਾਗਤ ਲਈ ਹੜ੍ਹ ਲਿਆ ਦਿੱਤਾ ਹੈ। ਵੇਖਣ ਵਾਲੀ ਗੱਲ ਹੈ ਕਿ ਕਾਂਗਰਸੀਆਂ ਦਾ ਉਤਸ਼ਾਹ ਲਹਿਰ ਵਿਚ ਬਦਲਦਾ ਹੈ ਜਾਂ ਨਹੀਂ। ਕਾਂਗਰਸੀਆਂ ਦੀ ਚਮਚਾਗਿਰੀ ਵੀ ਕਮਾਲ ਦੀ ਹੈ ਅਜੇ ਪ੍ਰਿਅੰਕਾ ਗਾਂਧੀ ਵਿਦੇਸ਼ ਵਿਚ ਹੈ ਤਾਂ ਵੀ ਕਾਂਗਰਸੀ ਪੱਬਾਂ ਭਾਰ ਹੋਏ ਫਿਰਦੇ ਹਨ। ਉਤਰ ਪ੍ਰਦੇਸ਼ ਵਿਚ 1989 ਤੋਂ ਕਾਂਗਰਸ ਪਾਰਟੀ ਨੂੰ ਖ਼ੋਰਾ ਲੱਗਣਾ ਸ਼ੁਰੂ ਹੋ ਗਿਆ ਸੀ, ਮੁੜਕੇ 2009 ਤੱਕ ਕਾਂਗਰਸ ਦੇ ਪੈਰ ਨਹੀਂ ਲੱਗੇ। 2009 ਵਿਚ ਕਾਂਗਰਸ ਪਾਰਟੀ 21 ਲੋਕ ਸਭਾ ਸੀਟਾਂ ਜਿੱਤ ਗਈ ਸੀ। 2014 ਵਿਚ ਕਾਂਗਰਸ ਪਾਰਟੀ ਦੀਆਂ ਸਿਰਫ 2 ਸੀਟਾਂ ਸ੍ਰੀਮਤੀ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਦੀਆਂ ਹੀ ਬਚ ਸਕੀਆਂ। ਭਾਰਤੀ ਜਨਤਾ ਪਾਰਟੀ ਨੇ 73 ਸੀਟਾਂ ਜਿੱਤਕੇ 42-6 ਫ਼ੀ ਸਦੀ ਅਤੇ 2017 ਵਿਚ ਵਿਧਾਨ ਸਭਾ ਵਿਚ 40 ਫ਼ੀ ਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ ਜਦੋਂ ਕਿ ਵਿਰੋਧੀ ਪਾਰਟੀਆਂ ਨੂੰ 50 ਫ਼ੀ ਸਦੀ ਵੋਟਾ ਪੋਲ ਹੋਈਆਂ ਸਨ ਪ੍ਰੰਤੂ ਕਾਂਗਰਸ ਪਾਰਟੀ ਨੂੰ 50 ਫੀ ਸਦੀ ਵਿਚੋਂ 2014 ਵਿਚ ਸਿਰਫ 7-5 ਫ਼ੀ ਸਦੀ ਅਤੇ 2017 ਵਿਚ 6-3 ਫ਼ੀ ਸਦੀ ਵੋਟਾ ਮਿਲੀਆਂ  ਸਨ। ਇਥੋਂ ਤੱਕ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੋਨੀਆਂ ਅਤੇ ਰਾਹੁਲ ਦੇ ਹਲਕਿਆਂ ਦੀਆਂ ਸਾਰੀਆਂ ਸੀਟਾਂ ਹਾਰ ਗਏ। ਇਕ ਕਿਸਮ ਨਾਲ ਕਾਂਗਰਸ ਦਾ ਬੋਰੀਆ ਬਿਸਤਰਾ ਹੀ ਗੋਲ ਹੋ ਗਿਆ। ਪ੍ਰਿਅੰਕਾ ਗਾਂਧੀ ਨੂੰ ਕਾਂਗਰਸ ਪਾਰਟੀ ਸੁੰਡ ਦੀ ਗੱਠੀ ਸਮਝ ਰਹੀ ਹੈ। ਕਾਂਗਰਸ ਪਾਰਟੀ ਲਈ 2019 ਦੀਆਂ ਲੋਕ ਸਭਾ ਚੋਣਾਂ ਆਰ ਪਾਰ ਦੀ ਲੜਾਈ ਹੈ। 1977 ਤੱਕ ਉਤਰ ਪ੍ਰਦੇਸ਼ ਵਿਚ ਕਾਂਗਰਸ ਮੁੱਖ ਪਾਰਟੀ ਸੀ। 1989 ਤੋਂ ਖ਼ੋਰਾ ਲੱਗਣਾ ਸ਼ੁਰੂ ਹੋਇਆ 1992 ਵਿਚ ਬਾਬਰੀ ਮਸਜਦ ਦੇ ਝਗੜੇ ਤੋਂ ਬਾਅਦ ਹਿੰਦੂ ਅਤੇ ਉਚ ਵਰਗ ਦੇ ਵੋਟ ਟੁੱਟਣ ਨਾਲ ਕਾਂਗਰਸ ਦਾ ਸਫਾਇਆ ਹੋ ਗਿਆ।

ਪ੍ਰਿਅੰਕਾ ਗਾਂਧੀ ਸਿਆਸਤ ਵਿਚ ਅਨਾੜੀ ਨਹੀਂ ਸਗੋਂ ਜਦੋਂ ਤੋਂ 1998 ਵਿਚ ਸੋਨੀਆਂ ਗਾਂਧੀ ਸਿਆਸਤ ਵਿਚ ਆਈ ਹੈ ਉਦੋਂ ਤੋਂ ਹੀ ਉਸਦੀ ਸਹਾਇਕ ਦੇ ਤੌਰ ਤੇ ਕੰਮ ਕਰ ਰਹੀ ਹੈ। ਇੰਦਰਾ ਗਾਂਧੀ ਦੇ ਨਜ਼ਦੀਕੀ ਰਹੇ ਐਮ ਐਲ ਫੋਟੇਦਾਰ ਨੇ ਆਪਣੀ ਪੁਸਤਕ ‘‘ ਚਿਨਾਰ ਲੀਵਜ਼’’ ਵਿਚ ਲਿਖਿਆ ਹੈ ਕਿ ਇੰਦਰਾ ਕਹਿੰਦੀ ਸੀ ਕਿ ‘‘ਪ੍ਰਿਅੰਕਾ ਵਿਚੋਂ ਲੋਕ ਮੈਨੂੰ ਵੇਖਣਗੇ’’ ਕਾਂਗਰਸ ਦੇ ਸੀਨੀਅਰ ਨੇਤਾ ਜਨਾਰਦਨ ਦਿਵੇਦੀ ਨੇ ਵੀ ਕਿਹਾ ਹੈ ਕਿ 1990 ਵਿਚ ਰਾਜੀਵ ਗਾਂਧੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਪ੍ਰਿਅੰਕਾ ਗਾਂਧੀ ਸਿਆਸਤ ਵਿਚ ਦਿਲਚਸਪੀ ਰੱਖਦੀ ਹੈ। ਪ੍ਰਿਅੰਕਾ ਗਾਂਧੀ ਨੇ ਪਹਿਲੀ ਵਾਰ ਭਾਸ਼ਣ 1998 ਵਿਚ ਜਦੋਂ ਸੋਨੀਆਂ ਗਾਂਧੀ ਤਾਮਿਲਨਾਡੂ ਵਿਚੋਂ ਚੋਣ ਲੜੇ ਦਿੱਤਾ ਸੀ। ਉਸਤੋਂ ਬਾਅਦ ਅਕਤੂਬਰ 1999 ਵਿਚ ਸਤੀਸ਼ ਸ਼ਰਮਾ ਦੀ ਚੋਣ ਸਮੇਂ ਆਪਣੇ ਭਾਸ਼ਣ ਵਿਚ ਰਾਏ ਬਰੇਲੀ ਹਲਕੇ ਵਿਚ ਬੜੀ ਹੀ ਹਿਰਦੇਵੇਧਿਕ ਘਟਨਾ ਦਾ ਜ਼ਿਕਰ ਕਰਕੇ ਆਪਣੇ ਪਿਤਾ ਦੇ ਚਚੇਰੇ ਭਰਾ ਅਰੁਣ ਨਹਿਰੂ ਵਿਰੁਧ ਲੋਕਾਂ ਨੂੰ ਕਿਹਾ ਕੀ ਤੁਸੀਂ ਮੇਰੇ ਪਿਤਾ ਦੀ ਪਿਠ ਵਿਚ ਛੁਰਾ ਖੋਭਣ ਵਾਲੇ ਨੂੰ ਵੋਟ ਪਾਉਣਾ ਚਾਹੁੰਦੇ ਹੋ? ਜਿਹੜਾ ਮੇਰੇ ਪਿਤਾ ਦੇ ਮੰਤਰੀ ਮੰਡਲ ਵਿਚ ਮੰਤਰੀ ਸੀ। ਇਸ ਭਾਸ਼ਣ ਨੇ ਪਾਲਾ ਹੀ ਬਦਲ ਦਿੱਤਾ, ਜਿਸ ਕਰਕੇ ਸਤੀਸ਼ ਸ਼ਰਮਾ ਨੂੰ ਵੱਡੇ ਅੰਤਰ ਨਾਲ ਜਿੱਤ ਮਿਲੀ ਸੀ। ਪ੍ਰਿਅੰਕਾ ਦੇ ਭਾਸ਼ਣ ਤੋਂ ਅਗਲੇ ਦਿਨ ਭਾਰਤੀ ਜਨਤਾ ਪਾਰਟੀ ਦੇ ਦਿਗਜ ਨੇਤਾ ਅਟਲ ਬਿਹਾਰੀ ਵਾਜਪਾਈ ਨੇ ਅਰੁਣ ਨਹਿਰੂ ਦੇ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਮੇਰੇ ਆਉਣ ਤੋਂ ਪਹਿਲਾਂ ਹੀ ਅਰੁਣ ਨਹਿਰੂ ਦੀ ਕਿਸਮਤ ਬਕਸਿਆਂ ਵਿਚ ਬੰਦ ਹੋ ਗਈ ਹੈ। ਅਟਲ ਬਿਹਾਰੀ ਵਾਜਪਾਈ ਦਾ ਇਸ਼ਾਰਾ ਪ੍ਰਿਅੰਕਾ ਗਾਂਧੀ ਦੇ ਭਾਸ਼ਣ ਤੋਂ ਸੀ। 2004 ਦੀਆਂ ਚੋਣਾਂ ਵਿਚ ਉਹ ਰਾਏ ਬਰੇਲੀ ਅਤੇ ਅਮੇਠੀ ਚੋਣ ਹਲਕਿਆਂ ਦੀ ਇਨਚਾਰਜ ਰਹੀ। 2012 ਦੀਆਂ ਉਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਦੇ 40 ਸਟਾਰ ਕੰਪੇਨਰਾਂ ਵਿਚੋਂ ਇਕ ਸੀ।

ਹੁਣ ਵੇਖਣ ਵਾਲੀ ਗੱਲ ਹੈ ਕਿ ਪ੍ਰਿਅੰਕਾ ਗਾਂਧੀ ਕਿਹੜੇ ਚਮਤਕਾਰ ਨਾਲ ਕਾਂਗਰਸ ਦੀਆਂ ਇਛਾਵਾਂ ਦੀ ਪੂਰਤੀ ਕਰੇਗੀ। ਕੀ ਕਾਂਗਰਸ ਦਾ ਪ੍ਰਿਅੰਕਾ ਨੂੰ ਉਤਾਰਨਾ ਪਾਰਟੀ ਲਈ ਲਾਭਦਾਇਕ ਹੋਵੇਗਾ ਜਾਂ ਖੂਹ ਵਿਚੋਂ ਕੱਢਕੇ ਖਾਈ ਵਿਚ ਸੁੱਟੇਗਾ? ਨਰਿੰਦਰ ਮੋਟੀ ਵੋਟਾਂ ਲਈ ਮਾਰਕੀਟਿੰਗ ਦਾ ਮਾਹਰ ਗਿਣਿਆਂ ਜਾਂਦਾ ਹੈ। ਵੇਖਣ ਵਾਲੀ ਗੱਲ ਹੈ ਕਿ ਪ੍ਰਿਅੰਕਾ ਗਾਂਧੀ ਉਸਦੇ ਮੁਕਾਬਲੇ ਮਾਰਕੀਟਿੰਗ ਕਰ ਸਕੇਗੀ ਕਿ ਨਹੀਂ? ਇਕ ਗੱਲ ਤਾਂ ਸ਼ਪਸ਼ਟ ਹੈ ਕਿ ਨਰਿੰਦਰ ਮੋਦੀ ਅਤੇ ਅਦਿਤਿਆ ਨੰਦ ਨੂੰ ਵਕਤ ਪਾ ਕੇ ਉਤਰ ਪ੍ਰਦੇਸ਼ ਤੱਕ ਹੀ ਸੀਮਤ ਕਰ ਦਵੇਗੀ, ਜਿਸ ਕਰਕੇ ਉਹ ਦੇਸ਼ ਦੇ ਬਾਕੀ ਹਿੰਸਿਆਂ ਵਿਚ ਚੋਣ ਪ੍ਰਚਾਰ ਬੇਖ਼ਬਰ ਹੋ ਨਹੀਂ ਕਰ ਸਕਣਗੇ। ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ।

ਸਾਬਕਾ ਜਿਲ੍ਹਾ ਲੋਕ ਸੰਪਰਕ

This entry was posted in ਲੇਖ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>