ਅੰਮ੍ਰਿਤਸਰ – ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤ ਪਰਿਵਰਾਂ ਨੂੰ ਇਨਸਾਫ ਦਿਵਾਉਣ ਅਤੇ ਮੁੱਖ ਦੋਸ਼ੀ ਮਿਠੂ ਮੈਦਾਨ ਦੀ ਗਿ੍ਫਤਾਰੀ ਲਈ ਅੱਜ ਅਕਾਲੀ ਦਲ ਦੇ ਅੰਮ੍ਰਿਤਸਰ ਹਲਕਾ ਦੱਖਣੀ ਇੰਚਾਰਜ ਤਲਬੀਰ ਸਿੰਘ ਗਿੱਲ ਅਤੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ ਦੀ ਅਗਵਾਈ ‘ਚ ਇਕ ਪ੍ਰਭਾਵਸ਼ਾਲੀ ਕੈਡਲ ਮਾਰਚ ਕੱਢਿਆ ਗਿਆ।
ਭਰਾਵਾਂ ਦੇ ਢਾਬੇ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਕਢੇ ਗਏ ਕੈਡਲ ਮਾਰਚ ਦੌਰਾਨ ਭਾਰੀ ਗਿਣਤੀ ‘ਚ ਪੀੜਤ ਪਰਿਵਾਰਾਂ ਨੇ ਵੀ ਸ਼ਮੂਲੀਅਤ ਕੀਤੀ, ਪੀੜਤ ਪਰਿਵਾਰਾਂ ਨੇ ਇਸ ਮੌਕੇ ਸਰਕਾਰ ਅਤੇ ਨਵਜੋਤ ਸਿੰਘ ਸਿੱਧੂ ਦੰਪਤੀ ਵਲੋਂ ਉਹਨਾਂ ਦੀ ਸਾਰ ਨਾ ਲੈਣ ਲਈ ਆੜੇ ਹੱਥੀਂ ਲਿਆ ਅਤੇ ਰੋ ਰੋ ਕੇ ਆਪਣੀ ਦੁੱਖ ਭਰੀ ਦਾਸਤਾਨ ਸੁਣਾਈ। ਉਹਨਾਂ ਭੜਾਸ ਕਢਦਿਆਂ ਦੱਸਿਆ ਕਿ ਸਿੱਧੂ ਪਰਿਵਾਰ ਤੇ ਕੈਪਟਨ ਸਰਕਾਰ ਨੇ ੳਹਨਾਂ ਨਾਲ ਮੁਆਵਜਾ ਦੇ ਨਾਮ ‘ਤੇ ਧੱਕਾ ਕੀਤਾ। ਸਰਕਾਰ ਵਲੋਂ ਦਿੱਤਾ ਗਿਆ ਮੁਆਵਜਾ ਨਾ ਕਾਫੀ ਸੀ ਜੋ ਕਿ ਉਹਨਾਂ ਦੇ ਇਲਾਜ ‘ਤੇ ਹੀ ਖਰਚ ਹੋ ਗਏਹਨ। ਉਹਨਾਂ ਦੱਸਿਆ ਕਿ ਰੇਲ ਹਾਦਸੇ ਦੇ ਪ੍ਰਭਾਵਿਤ ਪਰਿਵਾਰਾਂ ਵਲੋਂ ਸਿੱਧੂ ਦੀ ਕੋਠੀ ਕਈ ਚਕਰ ਲਗਾਏ ਗਏ ਪਰ ਉਹਨਾਂ ਨੂੰ ਉਥੋਂ ਕੋਈ ਨਿਆਂ ਨਹੀਂ ਮਿਲ ਰਿਹਾ ਨਾ ਹੀ ਕੋਈ ਨੌਕਰੀ ਮਿਲੀ ਅਤੇ ਨਾਹੀਂ ਉਹਨਾਂ ਦੀ ਬਾਂਹ ਫੜੀ ਜਾ ਰਹੀ ਹੈ। ਜਿਸ ਕਾਰਨ ਉਹਨਾਂ ਅਕਾਲੀ ਦਲ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੂੰ ਸਾਥ ਦੇਣ ਲਈ ਅਪੀਲ ਕਰਨ ਲਈ ਮਜਬੂਰ ਹੋਏ ਹਨ। ਇਸ ਮੌਕੇ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਅਤੇ ਕੈਬਨਿਟ ਮੰਤਰੀ ਸਿੱਧੂ ਨੇ ਗਰੀਬ ਲੋਕਾਂ ਨੂੰ ਧੋਖੇ ਵਿਚ ਰੱਖਿਆ ਹੈ। ਦੋਸ਼ੀ ਹੋਣ ਦੇ ਬਾਵਜੂਦ ਮਿਠੂ ਮੈਦਾਨ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਮਿਠੂ ਮੈਦਾਨ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਵਾਅਦੇ ਅਨੁਸਾਰ ਸਰਕਾਰੀ ਨੌਕਰੀਆਂ ਦੇਣ ਦੀ ਮੰਗ ਕੀਤੀ। ੳਹਨਾਂ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਰੇਲ ਹਾਦਸੇ ਚ ਆਪਣੇ ਕਮਾਊ ਮੈਂਬਰ ਗੁਆਉਣ ਵਾਲੇ ਪਰਿਵਾਰਾਂ ਦੀ ਮਾਲੀ ਇਮਦਾਦ ਦੇਣ ਦੇ ਕੀਤੇ ਗਏ ਐਲਾਨ ਨੂੰ ਯਾਦ ਕਰਾਇਆ। ਉਹਨਾਂ ਕਿਹਾ ਕਿ ਪੀੜਤਾਂ ਨੇ ਉਹਨਾਂ ਨੂੰ ਦੱਸਿਆ ਕਿ ਸਿੱਧੂ ਆਪਣੇ ਵਾਅਦੇ ਨੂੰ ਭੁੱਲ ਚੁੱਕਿਆ ਹੈ। ਉਹਨਾਂ ਨੂੰ ਐਲਾਨ ਮੁਤਾਬਿਕ ਮਹੀਨਾ ਵਾਰ ਕੋਈ ਪੈਸਾ ਨਹੀਂ ਮਿਲ ਰਿਹਾ ਹੈ। ਨਾ ਹੀ ਕਿਸੇ ਇਕ ਨੂੰ ਸਰਕਾਰੀ ਨੌਕਰੀ ਦਿਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰ, ਪ੍ਰਸ਼ਾਸਨ, ਪ੍ਰਬੰਧਕ ਮਿਠੂ ਮੈਦਾਨ ਅਤੇ ਮੈਡਮ ਸਿੱਧੂ ਆਦਿ ਨੇ ਕੁਤਾਹੀ ਨਾ ਕੀਤੀ ਹੁੰਦੀ ਤਾਂ ਉਕਤ ਹਾਦਸਾ ਅਤੇ ਇਨਸਾਨੀਅਤ ਦਾ ਘਾਣ ਹੋਣ ਤੋਂ ਟਾਲਿਆ ਜਾ ਸਕਦਾ ਸੀ । ਉਹਨਾਂ ਪੀੜਤ ਪਰਿਵਾਰਾਂ ਦੀ ਬਾਂਹ ਫੜਦਿਆਂ ਹਰ ਹੀਲੇ ਇਨਸਾਫ ਦਿਵਾਉਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਅਕਾਲੀ ਦਲ ਇਨਸਾਫ ਮਿਲਣ ਤਕ ਸੰਘਰਸ਼ ਜਾਰੀ ਰੱਖੇਗਾ।