ਬਾਬਾ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਤ ਨਰਪਾਲ ਸਿੰਘ ਸ਼ੇਰਗਿੱਲ ਦੀ ਹਵਾਲਾ ਪੁਸਤਕ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸੰਸਾਰ ਵਿਚ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ ਨਵੰਬਰ ਮਹੀਨੇ ਤੋਂ ਹੀ ਸਮਾਗਮ ਲਗਾਤਾਰ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਲੋਕਾਂ ਵੱਲੋਂ ਸ਼ੁਰੂ ਕਰ ਦਿੱਤੇ ਗਏ ਹਨ। ਸਾਲ ਭਰ ਚਲਣ ਵਾਲੇ ਪ੍ਰੋਗਰਾਮ ਕੇਂਦਰ, ਪੰਜਾਬ, ਬਿਹਾਰ ਅਤੇ ਕਰਨਾਟਕ ਸਰਕਾਰਾਂ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ, ਦਿੱਲੀ, ਵੱਖ-ਵੱਖ ਗੁਰੂ ਘਰ, ਚੀਫ ਖਾਲਸਾ ਦੀਵਾਨ, ਖਾਲਸਾ ਦੀਵਾਨ ਸੋਸਾਇਟੀ ਅਤੇ ਹੋਰ ਨਿੱਜੀ ਅਦਾਰਿਆਂ ਵੱਲੋਂ ਉਲੀਕੇ ਗਏ ਹਨ। ਇਕ ਕਿਸਮ ਨਾਲ ਪ੍ਰਕਾਸ਼ ਉਤਸਵ ਮਨਾਉਣ ਦੀ ਹੋੜ੍ਹ ਜਿਹੀ ਲੱਗੀ ਹੋਈ ਹੈ। ਪਾਕਿਸਤਾਨ ਅਤੇ ਭਾਰਤ ਸਰਕਾਰ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਸਿਹਰਾ ਆਪੋ ਆਪਣੇ ਸਿਰਾਂ ਤੇ ਬੰਨ੍ਹਣ ਦੇ ਸੋਹਲੇ ਗਾ ਰਹੀਆਂ ਹਨ। ਪਾਕਿਸਤਾਨ ਸਰਕਾਰ ਤਾਂ ਸਿੱਖਾਂ ਦਾ ਦਿਲ ਜਿੱਤਣ ਲਈ ਪੱਬਾਂ ਭਾਰ ਹੋਈ ਪਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਯੂਨਵਰਸਿਟੀ ਬਣਾਉਣ ਦਾ ਐਲਾਨ ਹੋ ਚੁੱਕਾ ਹੈ। ਇਨ੍ਹਾਂ ਸਾਰੇ ਪ੍ਰੋਗਰਾਮਾ ਪਿੱਛੇ ਸਿਆਸਤ ਭਾਰੂ ਹੈ, ਸ਼ਰਧਾ ਘੱਟ ਲੱਗਦੀ ਹੈ। ਇਨ੍ਹਾਂ ਸੰਸਥਾਵਾਂ ਅਤੇ ਸਰਕਾਰਾਂ ਦਾ ਕੋਈ ਅਜਿਹੇ ਸਾਰਥਕ ਪ੍ਰੋਗਰਾਮ ਦੀ ਰੂਪ ਰੇਖਾ ਸਾਹਮਣੇ ਨਹੀਂ ਆਈ, ਜਿਹੜੀ ਚਿਰ ਸਥਾਈ ਬਣ ਸਕੇ। ਨਰਪਾਲ ਸਿੰਘ ਸ਼ੇਰਗਿੱਲ ਨੇ ਇਕ ਅਜਿਹਾ ਉਦਮ ਕੀਤਾ ਹੈ, ਜਿਹੜਾ ਚਿਰ ਸਥਾਈ ਹੋਵੇਗਾ ਜਿਸ ਤੋਂ ਆਉਣ ਵਾਲੀ ਨੌਜਵਾਨ ਪੀੜ੍ਹੀ ਪ੍ਰੇਰਨਾ ਲੈ ਸਕੇਗੀ। ਸੰਸਾਰ ਵਿਚ ਅਨੇਕਾਂ ਇਨਸਾਨ ਆਉਂਦੇ ਹਨ ਪ੍ਰੰਤੂ ਉਹ ਆਪੋ ਆਪਣੇ ਪਰਿਵਾਰਾਂ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਨਿਭਾ ਕੇ ਰੁਖਸਤ ਹੋ ਜਾਂਦੇ ਹਨ। ਬਹੁਤੇ ਉਸ ਜ਼ਿੰਮੇਵਾਰੀ ਦੇ ਚਕਰ ਵਿਚ ਹੀ ਉਲਝੇ ਰਹਿੰਦੇ ਹਨ। ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ ਜਿਹੜੇ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਨਾਲ ਹੀ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੁੰਦੇ ਹਨ। ਆਪਣੇ ਲਈ ਤਾਂ ਹਰ ਵਿਅਕਤੀ ਕਾਰਜ ਕਰਦਾ ਹੈ ਪ੍ਰੰਤੂ ਦੂਜਿਆਂ ਖਾਸ ਤੌਰ ਤੇ ਸਮੁਚੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਵਾਲਾ ਕੋਈ ਕੱਲਾ ਕਾਰਾ ਵਿਅਕਤੀ ਹੀ ਹੁੰਦਾ ਹੈ, ਅਜਿਹੇ ਵਿਅਕਤੀਆਂ ਵਿਚ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ, ਜਿਹੜਾ ਹਰ ਚੰਗੇ ਕੰਮ ਲਈ ਪਹਿਲ ਕਰਨ ਦਾ ਆਦੀ ਹੈ। ਸੰਸਾਰ ਵਿਚ ਲੱਖਾਂ ਸਿੰਘ ਰਹਿੰਦੇ ਹਨ ਪ੍ਰੰਤੂ ਕਦੀਂ ਵੀ ਕਿਸੇ ਨੇ ਸ੍ਰੀ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਦੀ ਸੰਜੀਦਗੀ ਨਾਲ ਪਰਕਰਮਾ ਕਰਨ ਦੀ ਖੇਚਲ ਨਹੀਂ ਕੀਤੀ। ਹੁਣ ਤਾਂ 550ਵੇਂ ਪ੍ਰਕਾਸ਼ ਉਤਸਵ ਮੌਕੇ ਤੇ ਇਕ ਦੂਜੇ ਤੋਂ ਮੂਹਰੇ ਹੋ ਕੇ ਆਪਣਾ ਨਾਂ ਚਮਕਾਉਣ ਵਿਚ ਲੱਗੇ ਹੋਏ ਹਨ। ਸ਼ਰਧਾ ਨਾਲੋਂ ਆਪਣੇ ਮੂੰਹ ਮੀਆਂ ਮਿੱਠੂ ਬਣਨ ਦੀ ਦੌੜ ਵਿਚ ਹਨ। ਨਾਨਕ ਨਾਮਲੇਵਾ ਨਰਪਾਲ ਸਿੰਘ ਸ਼ੇਰਗਿਲ ਇੱਕ ਅਜਿਹਾ ਵਿਅਕਤੀ ਹੈ ਜਿਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅਜਿਹੀ ਪਰਕਰਮਾ ਕੀਤੀ ਹੈ, ਜਿਹੜੀ ਗੁਰੂ ਸਾਹਿਬ ਦੀ ਸੋਚ ਦੀ ਧਾਰਨੀ ਬਣਕੇ ਰਹਿੰਦੀ ਦੁਨੀਆਂ ਤੱਕ ਚਾਨਣ ਮੁਨਾਰਾ ਬਣਦੀ ਰਹੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਆਪਣੀ ਪੁਸਤਕ ‘‘ ਇੰਡੀਅਨਜ਼ ਅਬਰਾਡ ਐਂਡ ਪੰਜਾਬ ਇਮਪੈਕਟ-2019 ’’ ਦਾ ਵਡਅਕਾਰੀ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤਾ ਹੈ, ਜਿਸ ਵਿਚ ਸਿੱਖ ਧਰਮ ਦੇ ਖੋਜੀ ਵਿਦਵਾਨਾ ਦੇ ਸ੍ਰੀ ਗੁਰੂ ਨਾਨਕ ਜੀ ਦੀ ਸੰਸਾਰ ਦੀ ਪਰਕਰਮਾ ਬਾਰੇ ਲੇਖ ਪ੍ਰਕਾਸ਼ਤ ਕੀਤੇ ਹਨ। ਇਸ ਪੁਸਤਕ ਵਿਚ 52 ਪੰਨੇ ਅਜਿਹੇ ਹਨ, ਜਿਨ੍ਹਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਕੀਤੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਸਿੱਖ ਧਰਮ ਦੀ ਵਿਚਾਰਧਾਰਾ ਦਾ ਆਧਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੀ ਹੈ। ਇਸ ਤੋਂ ਅੱਗੇ 72 ਪੰਨਿਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਬਾਰੇ ਵੱਖ ਵੱਖ ਬੁੱਧੀਜੀਵੀ ਲੇਖਕਾਂ ਦੇ ਖੋਜ ਭਰਪੂਰ ਲੇਖ ਹਨ। ਇਸ ਤੋਂ ਇਲਾਵਾ ਸੰਸਾਰ ਭਰ ਵਿਚ ਮਹੱਤਵਪੂਰਨ ਗੁਰੂ ਨਾਨਕ ਨਾਮਲੇਵਾ ਸਿੱਖ ਭਾਈਚਾਰੇ ਦੇ ਉਨ੍ਹਾਂ ਉਦਮੀਆਂ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਨੇ ਵਿਓਪਾਰ, ਸਿਆਸਤ, ਸਿੱਖ ਧਰਮ, ਕਲਾ, ਸਾਹਿਤ, ਨਿਆਂਪਾਲਿਕਾ, ਪ੍ਰਬੰਧ, ਮੈਡੀਕਲ, ਵਿਦਿਅਕ, ਵਾਤਵਰਨ, ਪੱਤਰਕਾਰਿਤਾ, ਗਾਇਕੀ, ਸੰਗੀਤ ਅਤੇ ਸਮਾਜ ਦੇ ਹਰ ਖੇਤਰ ਵਿਚ ਮਾਅਰਕੇ ਦੇ ਕੰਮ ਕਰਕੇ ਦੁਨੀਆਂ ਵਿਚ ਸਿੱਖੀ ਦੀ ਸ਼ੋਭਾ ਵਧਾਈ ਹੈ। ਸਿੱਖਾਂ ਦੀ ਪਛਾਣ ਨੂੰ ਸੰਸਾਰ ਵਿਚ ਸਥਾਪਤ ਕੀਤਾ ਹੈ। ਉਨ੍ਹਾਂ ਸਿੱਖਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ ਹੈ, ਜਿਨ੍ਹਾਂ ਨੇ ਪਹਿਲੀ ਵਾਰ ਪਰਵਾਸ ਵਿਚ ਜਾ ਕੇ ਨਾਮ ਕਮਾਇਆ ਹੈ। ਖਾਸ ਤੌਰ ਤੇ ਜਿਨ੍ਹਾਂ ਨੇ ਇਕ ਨਵਾਂ ਅਧਿਆਏ ਸ਼ੁਰੂ ਕੀਤਾ ਹੈ। ਉਹ ਸਿੱਖ ਜਿਹੜੇ ਪਰਵਾਸ ਵਿਚ ਜਾ ਕੇ ਮੁੱਖ ਮੰਤਰੀ, ਮੰਤਰੀ, ਵਿਧਾਨਕਾਰ, ਐਮ ਪੀ ਅਤੇ ਰਾਜਦੂਤ ਬਣੇ ਹਨ। ਇਕ ਕਿਸਮ ਨਾਲ ਨਰਪਾਲ ਸਿੰਘ ਸ਼ੇਰਗਿਲ ਦਾ ਇਹ ਉਦਮ ਸਿੱਖੀ ਦੇ ਪਾਸਾਰ ਅਤੇ ਪ੍ਰਚਾਰ ਲਈ ਸਿੱਖ ਇਤਿਹਾਸ ਵਿਚ ਮੀਲ ਪੱਥਰ ਸਾਬਤ ਹੋਵੇਗਾ। ਇਸ ਪੁਸਤਕ ਦੇ ਪੜ੍ਹਨ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਮਤਿ ਸਿਧਾਂਤਾਂ ਦੇ ਰਾਹੀਂ ਸਿੱਖ ਧਰਮ ਦੀ ਦਾਰਸ਼ਨਿਕਤਾ ਵਾਲੇ ਫਲਸਫੇ ਦੀ ਡੂੰਘਾਈ ਦਾ ਪਤਾ ਚਲਦਾ ਹੈ। ਮੈਂ ਆਪਣੇ ਜੀਵਨ ਵਿਚ ਨਰਪਾਲ ਸਿੰਘ ਸ਼ੇਰਗਿਲ ਜਿਤਨਾ ਦ੍ਰਿੜ੍ਹ ਇਰਾਦੇ ਵਾਲਾ ਸਿਰੜੀ ਇਨਸਾਨ ਨਹੀਂ ਵੇਖਿਆ, ਜਿਹੜਾ ਆਪਣੇ ਕੋਲੋਂ ਖ਼ਰਚਾ ਕਰਕੇ ਹਰ ਸਾਲ ਪਿਛਲੇ 53 ਸਾਲਾਂ ਤੋਂ ਲਗਾਤਾਰ ਇਕ ਵੱਡ ਆਕਾਰੀ ਪੁਸਤਕ ਪ੍ਰਕਾਸ਼ਤ ਕਰਕੇ ਸਿੱਖੀ ਸੋਚ ਨੂੰ ਸਮਰਪਤ ਕਰਦਾ ਹੋਵੇ। ਭਾਵ ਇਕੱਲਾ ਵਿਅਕਤੀ ਇਕ ਸੰਸਥਾ ਤੋਂ ਵੀ ਵੱਧ ਕੰਮ ਕਰ ਰਿਹਾ ਹੈ। ਧਾਰਮਿਕ ਸੰਸਥਾਵਾਂ ਵਿਚ ਤਾਂ ਸਿਆਸਤ ਹੀ ਭਾਰੂ ਹੋਈ ਪਈ ਹੈ। ਇਤਨੀ ਉਮਰ ਵਿਚ ਵੀ ਉਹ ਨੌਜਵਾਨਾਂ ਦੀ ਤਰ੍ਹਾਂ ਖੋਜ ਭਰਪੂਰ ਕੰਮ ਕਰਦਾ ਹੋਇਆ ਸੰਸਾਰ ਦੇ ਅਨੇਕਾਂ ਦੇਸ਼ਾਂ ਵਿਚ ਜਾ ਕੇ ਗੁਰੂ ਸਾਹਿਬਾਨ ਬਾਰੇ ਜਾਣਕਾਰੀ ਇਕੱਠੀ ਕਰਦਾ ਰਹਿੰਦਾ ਹੈ। ਨਾਨਕ ਨਾਮਲੇਵਾ ਨੌਜਵਾਨਾ ਨੂੰ ਨਰਪਾਲ ਸਿੰਘ ਸ਼ੇਰਗਿਲ ਦੀ ਸਿਦਕਦਿਲੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।

ਇਸ ਪੁਸਤਕ ਦਾ ਰੰਗਦਾਰ ਸਚਿਤਰ ਮੁੱਖ ਪੰਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਪੂਰਬ ਤੋਂ ਪੱਛਮ ਤੱਕ ਦੇ ਮਹੱਤਵਪੂਰਨ ਗੁਰੂ ਘਰਾਂ ਦੀਆਂ ਤਸਵੀਰਾਂ ਨਾਲ ਸ਼ੋਭਾ ਵਧਾਉਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਨਨਕਾਣਾ ਸਾਹਿਬ ਅਤੇ ਉਨ੍ਹਾਂ ਦੀ ਚਰਨ ਛੂਹ ਪ੍ਰਾਪਤ ਪੰਜਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਡੇਰਾ ਬਾਬਾ ਨਾਨਕ, ਸੁਲਤਾਨਪੁਰ ਲੋਧੀ, ਥੱਲੇ ਖੱਬੇ ਪਾਸੇ ਕੈਨੇਡਾ ਦੀ ਬ੍ਰਿਟਿਸ਼ ਕੋ¦ਬੀਆ ਰਾਜ ਦੇ ਡੈਲਟਾ ਟਾਪੂ ਦੇ ਧੁਰ ਪੱਛਮ ਵਿਚ ਸਥਿਤ ਗੁਰੂ ਘਰ ਜਿਸ ਤੋਂ ਅੱਗੇ ਕੋਈ ਵੱਸੋਂ ਨਹੀਂ ਹੈ ਅਤੇ ਸੱਜੇ ਪਾਸੇ ਆਸਟਰੇਲੀਆ ਦਾ ਪਹਿਲਾ ਗੁਰੂ ਘਰ ਵੂਲਗੂਲਰਮ ਹੈ। ਇਸ ਪੁਸਤਕ ਰਾਹੀਂ ਉਨ੍ਹਾਂ ਗੁਰੂ ਘਰਾਂ ਦੇ ਦਰਸ਼ਨ ਕਰਵਾ ਦਿੱਤੇ ਜਿਥੇ ਪਹੁੰਚਣਾ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ। ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਜਿਤਨੇ ਵੀ ਸੰਸਾਰ ਵਿਚ ਗੁਰਦੁਆਰੇ ਹਨ, ਉਨ੍ਹਾਂ ਸਾਰਿਆਂ ਦੇ ਪਤੇ ਅਤੇ ਟੈਲੀਫੋਨ ਨੰਬਰ ਵੀ ਦਿੱਤੇ ਹੋਏ ਹਨ। ਇਸ ਪੁਸਤਕ ਦਾ ਇਕ ਹੋਰ ਵਿਲੱਖਣ ਅਤੇ ਰੌਚਿਕ ਪਹਿਲੂ ਇਹ ਹੈ ਕਿ ਨਰਪਾਲ ਸਿੰਘ ਸ਼ੇਰਗਿਲ ਨੇ ਦੁਨੀਆਂ ਦੇ ਕਈ ਦੇਸ਼ਾਂ ਵਿਚ ਯਾਤਰਾ ਕਰਕੇ ਉਥੋਂ ਦੇ ਉਨ੍ਹਾਂ ਸਿੱਖਾਂ ਜਿਨ੍ਹਾਂ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਦਾ ਸਬੂਤ ਦਿੰਦਿਆਂ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ, ਉਨ੍ਹਾਂ 550 ਇਸਤਰੀਆਂ ਅਤੇ ਮਰਦਾਂ ਦੀਆਂ ਤਸਵੀਰਾਂ ਇਕੱਤਰ ਕਰਕੇ ਪ੍ਰਕਾਸ਼ਤ ਕੀਤੀਆਂ ਹਨ, ਜਿਨ੍ਹਾਂ ਨੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰੀਆਂ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ। ਇਹ ਪੁਸਤਕ ਫਗਵਾੜਾ ਵਿਖੇ ਪੰਜਾਬੀ ਵਿਰਸਾ ਟਰੱਸਟ ਫਗਵਾੜਾ ਅਤੇ ਸੰਗੀਤ ਦਰਪਣ ਫਗਵਾੜਾ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤੀ ਗਈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਸੰਬਾਦ ਕਰਕੇ ਸੰਸਾਰ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕੋਈ ਵੀ ਮਸਲਾ ਸ਼ਾਂਤੀਪੂਰਬਕ ਆਪਸੀ ਵਿਚਾਰ ਵਟਾਂਦਰੇ ਨਾਲ ਹੱਲ ਕੀਤਾ ਜਾ ਸਕਦਾ ਹੈ। ਇਹ ਉਨ੍ਹਾਂ ਦੀ ਦੂਰ ਅੰਦੇਸ਼ੀ ਸੀ ਕਿ ਸਿੱਧਾਂ ਦੇ ਚਮਤਕਾਰੀ ਪ੍ਰਚਾਰ ਨੂੰ ਰੋਕਣ ਲਈ ਸਹੀ ਢੰਗ ਸੰਬਾਦ ਕਰਨਾ ਸਾਬਤ ਹੋਵੇਗਾ, ਹੋਇਆ ਵੀ। ਉਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਮਾਰਗ ਤੇ ਚਲਦੇ ਹੋਏ ਨਰਪਾਲ ਸਿੰਘ ਸ਼ੇਰਗਿਲ ਨੇ ਜਦੋਂ ਦਸਤਾਰ ਦੀ ਹੋਂਦ ਨੂੰ ਖ਼ਤਰਾ ਪੈਦਾ ਹੋਇਆ ਤਾਂ ਸਭ ਤੋਂ ਪਹਿਲਾਂ ਪਹਿਲ ਕਦਮੀ ਕਰਕੇ ਆਪਣੀ ਪੁਸਤਕ ਵਿਚ ਦਸਤਾਰ ਦੀ ਮਹੱਤਤਾ ਅਤੇ ਉਸਨੂੰ ਆਉਣ ਵਾਲੇ ਸਮੇਂ ਵਿਚ ਖ਼ਤਰੇ ਅਤੇ ਚੁਣੌਤੀਆਂ ਤੋਂ ਸੁਚੇਤ ਕਰਵਾਕੇ ਸੰਬਾਦ ਰਚਾਇਆ। ਉਨ੍ਹਾਂ ਦੀ ਪਹਿਲਕਦਮੀ ਤੋਂ ਬਾਅਦ ਦਸਤਾਰ ਨੂੰ ਹੋਣ ਵਾਲੇ ਖ਼ਤਰੇ ਨੂੰ ਰੋਕਣ ਲਈ ਇਕ ਲਹਿਰ ਬਣ ਗਈ ਸੀ। ਉਸ ਪੁਸਤਕ ਵਿਚ ਖੋਜੀ ਸਿੱਖਾਂ ਤੋਂ ਲੇਖ ਲਿਖਵਾਏ। ਸ਼ਾਲਾ ਨਰਪਾਲ ਸਿੰਘ ਸ਼ੇਰਗਿੱਲ ਇਸੇ ਤਰ੍ਹਾਂ ਉਤਸ਼ਾਹ ਅਤੇ ਦਲੇਰੀ ਨਾਲ ਸਿੱਖੀ ਸੋਚ ਤੇ ਪਹਿਰਾ ਦਿੰਦਾ ਰਹੇ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>