ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਭਾਰਤ ਪਾਕਿ ਸੰਜਮ ਤੋਂ ਕੰਮ ਲੈਣ : ਬਾਬਾ ਹਰਨਾਮ ਸਿੰਘ ਖਾਲਸਾ

ਅੰਮ੍ਰਿਤਸਰ – ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਦਰਮਿਆਨ ਸਰਹੱਦ ਉਤੇ ਲਗਾਤਾਰ ਵੱਧ ਰਹੇ ਤਣਾਅ ਦੇ ਚਲਦਿਆਂ ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਦੋਹਾਂ ਦੇਸ਼ਾਂ ਨੂੰ ਜੰਗ ਪ੍ਰਤੀ ਉਕਸਾਹਤ ਪੈਦਾ ਕਰਨ ਦੀ ਥਾਂ ਮਨੁੱਖਤਾ ਦੇ ਵਧੇਰੇ ਹਿਤ ਲਈ ਸੰਜਮ ਤੋਂ ਕੰਮ ਲੈਣ ਅਤੇ ਸ਼ਾਂਤੀ ਦੀ ਬਹਾਲੀ ਨੂੰ ਸਮਰਪਿਤ ਹੋਣ ਦੀ ਸਲਾਹ ਦਿਤੀ ਹੈ। ਉਹਨਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਅਤੇ ਜੰਗ ਵਰਗੇ ਮੌਜੂਦਾ ਹਲਾਤ ਕਾਰਨ ਸਰਹਦੀ ਲੋਕਾਂ ’ਚ ਭਾਰੀ ਸਹਿਮ ਹੈ ਅਤੇ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਦੇ ਅਨੁਮਾਨ ਨਾਲ ਇਨਾਂ ਲੋਕਾਂ ਦੀ ਚਿੰਤਾ ਵੱਧ ਗਈ ਹੈ। ਉਹਨਾਂ ਕਿਹਾ ਕਿ ’71 ਦੀ ਜੰਗ ਦੌਰਾਨ ਪੰਜਾਬ ਦੇ 18 ਹਜਾਰ ਤੋਂ ਵੱਧ ਨੌਜਵਾਨਾਂ ਨੂੰ ਜਾਨਾਂ ਤੋਂ ਹੱਥ ਧੋਣੇ ਪਏ। ਉਹਨਾਂ ਦੋਹਾਂ ਦੇਸ਼ਾਂ ਨੂੰ ਜੰਗ ਤੋਂ ਗੁਰੇਜ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਜੰਗ ਦੀ ਸਥਿਤੀ ’ਚ ਮਨੁੱਖਤਾ ਦਾ ਘਾਣ ਹੁੰਦਾ ਹੈ ਅਤੇ ਲੋਕਾਈ ਨੂੰ ਖਤਰਨਾਕ ਨਤੀਜੇ ਭੁਗਤਣੇ ਪੈਦੇ ਹਨ, ਜਿਸ ਤੋਂ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਿਸੇ ਵੀ ਕੀਮਤ ’ਤੇ ਨਹੀਂ ਹੋ ਸਕਦੀ।  ਉਹਨਾਂ ਕਿਹਾ ਕਿ ਜੰਗ ਦੀ ਸਥਿਤੀ ਨਾਲ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋਰਿਹਾ ਹੈ, ਅਜਿਹੀ ’ਚ ਮਹਿੰਗਾਈ ਕਾਬੂ ਤੋਂ ਬਾਹਰ ਹੋ ਜਾਵੇਗੀ। ਦੇਸ਼ ਦੀ ਅਰਥ ਵਿਵਸਥਾ ਚਰਮਰਾ ਜਾਣ ਤੋਂ ਰੋਕਿਆ ਨਹੀਂ ਜਾ ਸਕੇਗਾ। ਦੋਵੇਂ ਦੇਸ਼ ਪ੍ਰਮਾਣੂ ਸੰਪੰਨ ਹੋਣ ਕਾਰਨ ਜੰਗ ਦੋਹਾਂ ਦੇਸ਼ਾਂ ਲਈ ਤਬਾਹੀ ਦਾ ਸਬਬ ਬਣੇਗਾ। ਜੰਗ ਕਿਸੇ ਵੀ ਮਸਲੇ ਦਾ ਹਲ ਨਹੀਂ ਅਤੇ ਦੋਹਾਂ ਦੇਸ਼ਾਂ ਨੂੰ ਦਰਪੇਸ਼ ਵਿਆਪਕ ਮਸਲਿਆਂ ਲਈ ਦੇਹਾਂ ਦੇਸ਼ਾਂ ਦੇ ਮੁੱਖੀਆਂ ਨੂੰ ਮਿਲ ਬੈਠ ਕੇ ਕੋਈ ਸਾਰਥਿਕ ਹਲ ਕੱਢਣਾ ਚਾਹੀਦਾ ਹੈ। ਦਮਦਮੀ ਟਕਸਾਲ ਮੁੱਖੀ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਜਿੱਥੇ ਸੱਭ ਤੋਂ ਅਹਿਮ ਹੈ ਉਥੇ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਵੀ ਆਪਣੇ ਸਿਆਸੀ ਸਵਾਰਥਾਂ ਤੋਂ ਉਪਰ ਉਠ ਕੇ ਸੋਚਣਾ ਚਾਹੀਦਾ ਹੈ।  ਉਹਨਾਂ ਦੇਸ਼ ਵਸੀਆਂ ਦੇ ਹਿਤ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨ ਉਪਰ ਕੌਮਾਂਤਰੀ ਪੱਧਰ ’ਤੇ ਅਸਰਦਾਇਕ ਦਬਾਅ ਪਾਉਣ ਦੀ ਰਣਨੀਤੀ ਅਪਣਾਉਣ ਲਈ ਕਿਹਾ ਹੈ। ਉਹਨਾਂ ਜੰਗ ਲਈ ਬਿਨਾਵਜਾ ਉਕਸਾਹਤ ਪੈਦਾ ਕਰ ਰਹੇ ਕੁਝ ਕੁ ਮੀਡੀਆ ਅਦਾਰਿਆਂ ਨੂੰ ਵੀ ਆਪਣੀ ਜਿੰਮੇਵਾਰੀ ਦੇ ਅਹਿਸਾਸ ਦਾ ਪੱਲਾ ਨਾ ਛੱਡਣ ਦੀ ਸਲਾਹ ਦਿੱਤੀ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>