ਜੇਟਲੀ ‘ਤੇ ਪਾਰੀਕਰ ਗੱਲਾਂ ਤਾਂ ‘ਦੇਸ਼-ਭਗਤੀ’ ਦੀਆਂ ਕਰਦੇ ਹਨ, ਪਰ ਅਮਲ ਦੇਸ਼ਵਾਸੀਆਂ ਨਾਲ ਵਿਸ਼ਵਾਸਘਾਤ ਕਰਨ ਵਾਲੇ ਹਨ : ਮਾਨ

ਫ਼ਤਹਿਗੜ੍ਹ ਸਾਹਿਬ – “ਜਿਨ੍ਹਾਂ ਫਿਰਕੂ ਅਤੇ ਮੁਤੱਸਵੀ ਆਗੂਆਂ ਨੂੰ ਆਪਣੇ ਇਥੋਂ ਦੀ ਮਿੱਟੀ ਨਾਲ ਅਤੇ ਇਥੋਂ ਦੇ ਨਿਵਾਸੀਆਂ ਨਾਲ ਕੋਈ ਸਰੋਕਾਰ ਨਹੀਂ ਅਤੇ ਆਪਣੀ ਮਿੱਟੀ ਉਤੇ ਪੈਦਾ ਹੋਣ ਵਾਲੇ ਡਾਕਟਰਾਂ ਅਤੇ ਹਸਪਤਾਲਾਂ ਉਤੇ ਵਿਸਵਾਸ ਨਾ ਕਰਕੇ ਇਕ ਝਰੀਟ ਆਉਣ ਤੇ ਆਪਣੇ ਇਲਾਜ ਉਸ ਅਮਰੀਕਾ ਵਰਗੇ ਮੁਲਕ ਵਿਚ ਕਰਵਾਉਣ ਭੱਜ ਜਾਂਦੇ ਹਨ, ਜਿਨ੍ਹਾਂ ਦੇ ਡਾਕਟਰਾਂ ਵੱਲੋਂ ਡਿਜੀਟਲ ਤਕਨੀਕ ਦੀ ਵਰਤੋਂ ਕਰਕੇ ਇਨ੍ਹਾਂ ਦਾ ਇਲਾਜ ਕਰਦੇ ਹੋਏ ਇਨ੍ਹਾਂ ਦੇ ਸਰੀਰ ਵਿਚ ਅਜਿਹੇ ਔਜਾਰ ਫਿਟ ਕਰ ਦਿੰਦੇ ਹਨ ਜਿਸ ਨਾਲ ਅਮਰੀਕਾ ਵਰਗੇ ਮੁਲਕ ਨੂੰ ਇੰਡੀਆ ਦੀ ਹਰ ਕਾਰਗੁਜਾਰੀ ਦੀ ਜਾਣਕਾਰੀ ਮਿਲਦੀ ਰਹੇ । ਫਿਰ ਸ੍ਰੀ ਜੇਟਲੀ ਅਤੇ ਪਾਰੀਕਰ ਵਰਗੇ ਆਗੂਆਂ ਨੂੰ ਵੱਡੇ ਫੈਸਲਿਆ ਵਾਲੀਆ ਮੀਟਿੰਗਾਂ ਵਿਚ ਸਾਮਿਲ ਕਰਨਾ ਵੱਡੇ ਖ਼ਤਰੇ ਨੂੰ ਸੱਦਾ ਦੇਣ ਵਾਲੇ ਅਮਲ ਨਹੀਂ ਹਨ ? ਫਿਰ ਇਹ ਲੋਕ ਕਿਸ ਕੌਮੀਅਤ ਅਤੇ ਦੇਸ਼-ਭਗਤੀ ਦੀ ਗੱਲ ਕਰਕੇ ਇੰਡੀਆ ਦੇ ਖੈਰ-ਗਵਾਹ ਬਣਦੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇੰਡੀਆਂ ਦੇ ਵਿੱਤ ਵਜ਼ੀਰ ਸ੍ਰੀ ਜੇਟਲੀ ਵੱਲੋਂ ਦੂਸਰੀਆਂ ਪਾਰਟੀਆਂ ਨਾਲ ਸੰਬੰਧਤ ਸਮੁੱਚੇ ਆਗੂਆਂ ਨੂੰ ਕੌਮੀਅਤ ਵਿਰੋਧੀ ਅਤੇ ਦੇਸ਼ ਵਿਰੋਧੀ ਗਰਦਾਨਣ ਦੀਆਂ ਗੈਰ-ਦਲੀਲ ਕੀਤੀ ਗਈ ਬਿਆਨਬਾਜੀ ਵਿਰੁੱਧ ਤਿੱਖਾ ਪ੍ਰਤੀਕਰਮ ਜਾਹਿਰ ਕਰਦੇ ਹੋਏ ਅਤੇ ਆਪਣੇ ਮੁਖੌਟੇ ਉਤੇ ਕੌਮੀਅਤ ਅਤੇ ਦੇਸ਼-ਭਗਤੀ ਦੇ ਝੂਠੇ ਨਕਾਬ ਚੜਾਉਣ ਦੀ ਗੱਲ ਨੂੰ ਸਾਫ਼ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਨਾਗਪੁਰ ਦੇ ਆਰ.ਐਸ.ਐਸ. ਦੇ ਹੈੱਡਕੁਆਰਟਰ ਅਤੇ ਇਸ ਫਿਰਕੂ ਜਥੇਬੰਦੀ ਦੇ ਮੁੱਖੀ ਮੋਹਨ ਭਗਵਤ, ਬੀਜੇਪੀ, ਵਿਸ਼ਵ ਹਿੰਦੂ ਪ੍ਰੀਸ਼ਦ, ਹਿੰਦੂ ਸੁਰੱਖਸਾ ਸੰਮਤੀ, ਬਜਰੰਗ ਦਲ ਆਦਿ ਸੰਗਠਨਾਂ ਵੱਲ ਇਸਾਰਾ ਕਰਦੇ ਹੋਏ ਕਿਹਾ ਕਿ ਇਹ ਸੰਗਠਨ ਅਤੇ ਇਨ੍ਹਾਂ ਦੇ ਆਗੂ ਕੌਮੀਅਤ ਅਤੇ ਦੇਸ਼-ਭਗਤੀ ਦਾ ਕਿਸ ਦਲੀਲ ਨਾਲ ਪ੍ਰਚਾਰ ਕਰ ਰਹੇ ਹਨ ? ਜਦੋਂਕਿ ਸਰਹੱਦਾਂ ਉਤੇ ਖ਼ਤਰਾ ਪੈਦਾ ਹੋਣ ਤੇ ਇਨ੍ਹਾਂ ਕੌਮੀਅਤ ਤੇ ਦੇਸ਼ ਭਗਤੀ ਦੀਆਂ ਆਵਾਜ਼ਾਂ ਕਸਣ ਵਾਲੇ ਕਿਸੇ ਵੀ ਸੰਗਠਨ ਜਾਂ ਆਗੂ ਵੱਲੋਂ ਬਾਹਰੀ ਹਮਲੇ ਦੌਰਾਨ ਕੋਈ ਭੂਮਿਕਾ ਨਹੀਂ ਨਿਭਾਈ ਜਾਂਦੀ, ਬਲਕਿ ਅਜਿਹੇ ਖ਼ਤਰੇ ਦੇ ਸਮੇਂ ਪੰਜਾਬੀਆਂ ਅਤੇ ਸਿੱਖ ਕੌਮ ਦੇ ਸਵਾਰਥੀ ਹਿੱਤਾ ਅਧੀਨ ਸੋਹਲੇ ਗਾ ਕੇ ਪੰਜਾਬੀਆਂ ਅਤੇ ਸਿੱਖਾਂ ਨੂੰ ਦੇਸ਼ ਦੀਆਂ ਸਰਹੱਦਾਂ ਉਤੇ ਲੜਨ-ਮਰਨ ਲਈ ਭੇਜ ਦਿੱਤਾ ਜਾਂਦਾ ਹੈ । ਪਰ ਜਦੋਂ ਸੈਂਟਰ ਦੇ ਵੱਡੇ ਫੰਡਾਂ, ਪ੍ਰੌਜੈਕਟਾਂ, ਸੂਬਿਆਂ ਦੇ ਵਿਕਾਸ ਅਤੇ ਸਿੱਖ ਕੌਮ ਦੀ ਬਿਹਤਰੀ ਦੀ ਗੱਲ ਸਾਹਮਣੇ ਆਉਦੀ ਹੈ ਤਾਂ ਇਹ ਆਗੂ ਪੰਜਾਬੀਆਂ ਅਤੇ ਸਿੱਖਾਂ ਲਈ ਵੱਡਾ ਪ੍ਰਸ਼ਨ ਬਣਕੇ ਖੜ੍ਹ ਜਾਂਦੇ ਹਨ ਅਤੇ ਬਣਦੀਆਂ ਸਹੂਲਤਾਂ, ਫੰਡ ਅਤੇ ਵਿਕਾਸ ਦੇ ਸਾਧਨ ਦੇਣ ਤੋਂ ਵੀ ਮੁੰਨਕਰ ਹੋ ਜਾਂਦੇ ਹਨ ਅਤੇ ਇਨ੍ਹਾਂ ਨੂੰ ਪਿਛਲੀ ਲਾਇਨ ਵਿਚ ਧਕੇਲ ਦਿੰਦੇ ਹਨ । ਫਿਰ ਘੱਟ ਗਿਣਤੀ ਕੌਮਾਂ, ਫਿਰਕਿਆ, ਆਦਿਵਾਸੀਆ, ਕਸ਼ਮੀਰੀਆਂ, ਅਸਾਮੀਆ, ਝਾਰਖੰਡ ਵਾਸੀਆ ਅਤੇ ਹੋਰ ਸਰਹੱਦੀ ਸੂਬਿਆਂ ਦੇ ਨਿਵਾਸੀਆ ਦੇ ਕਾਨੂੰਨੀ ਤੇ ਇਖ਼ਲਾਕੀ ਹੱਕਾਂ ਨੂੰ ਜੋ ਨਿਰੰਤਰ ਕੁਚਲਦੇ ਆ ਰਹੇ ਹਨ ਅਤੇ ਇਥੇ ਬਣਾਉਟੀ ਨਫ਼ਰਤ ਪੈਦਾ ਕਰਕੇ ਵੱਖ-ਵੱਖ ਫਿਰਕਿਆ ਵਿਚ ਦੂਰੀਆ ਪੈਦਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਪਸ ਵਿਚ ਲੜਾਕੇ ਆਪਣੇ ਮਾਲੀ, ਸਿਆਸੀ ਸਵਾਰਥਾਂ ਦੀ ਪੂਰਤੀ ਵਿਚ ਮਸਰੂਫ ਹਨ, ਅਜਿਹੇ ਆਗੂਆਂ ਅਤੇ ਫਿਰਕੂ ਜਮਾਤਾਂ ਨੂੰ ਕੌਮੀਅਤ ਪੱਖੀ ਜਾਂ ਇਨਸਾਨੀਅਤ ਪੱਖੀ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ? ਇਹ ਤਾਂ ਆਪਣੇ ਆਪ ਵਿਚ ਹੀ ਬਿਜਲਈ ਮੀਡੀਏ ਅਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਕੇ ਇਥੋਂ ਦੇ ਨਿਵਾਸੀਆ ਦੇ ਹੱਕ-ਹਕੂਕ ਕੁੱਚਲਕੇ ਗੈਰ-ਦਲੀਲ ਢੰਗ ਨਾਲ ਆਪਣੇ ਆਪ ਨੂੰ ਕੌਮੀਅਤ ਅਤੇ ਦੇਸ਼ ਭਗਤ ਹੋਣ ਦਾ ਝੂਠਾਂ ਦਾਅਵਾ ਕਰ ਰਹੇ ਹਨ । ਜਿਸ ਨੂੰ ਇਥੋਂ ਦੇ ਨਿਵਾਸੀ ਅੱਜ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਅਤੇ ਇਨ੍ਹਾਂ ਦਾ ਪ੍ਰਚਾਰ ਹੁਣ ਗੁੰਮਰਾਹ ਨਹੀਂ ਕਰ ਸਕੇਗਾ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>