ਚੰਦਰਾ ਗੁਆਂਢ ਬੁਰਾ ਲਾਈਲੱਗ ਨਾ ਹੋਵੇ ਘਰ ਵਾਲਾ

ਪੰਜਾਬੀ ਦੀ ਇੱਕ ਕਹਾਵਤ ਹੈ ਕਿ ਚੰਦਰਾ ਗੁਆਂਢ ਬੁਰਾ ਲਾਈ ਲੱਗ ਨਾ ਹੋਵੇ ਘਰ ਵਾਲਾ। ਇਹ ਕਹਵਤ ਪਾਕਿਸਤਾਨ ਵਰਗੇ ਗੁਆਂਢੀ ਤੇ ਪੂਰੀ ਢੁਕਦੀ ਹੈ। ਜਿਸ ਦਾ ਅਰਥ ਹੈ ਕਿ ਜੇਕਰ ਗੁਆਂਢ ਚੰਗਾ ਨਹੀਂ ਹੋਵੇਗਾ ਤਾਂ ਗੁਆਂਢੀ ਨਾਲ ਕਲੇਸ਼, ਵਾਦਵਿਵਾਦ ਅਤੇ ਲੜਾਈ ਝਗੜਾ ਹੁੰਦਾ ਰਹੇਗਾ। ਦੋਹਾਂ ਦੀ ਮਾਨਸਿਕ ਹਾਲਤ ਦਰੁਸਤ ਨਹੀਂ ਰਹੇਗੀ। ਜੇਕਰ ਮਾਨਸਿਕ ਹਾਲਤ ਦਰੁਸਤ ਨਹੀਂ ਰਹੇਗੀ ਤਾਂ ਉਨ੍ਹਾਂ ਦੇ ਕੰਮ ਕਾਰ ਤੇ ਅਸਰ ਪੈਣਾ ਵੀ ਕੁਦਰਤੀ ਹੈ, ਜਿਸ ਨਾਲ ਦੋਹਾਂ ਦੀ ਆਰਥਿਕ ਹਾਲਤ ਕਮਜ਼ੋਰ ਹੋਵੇਗੀ। ਇਹੋ ਹਾਲ ਭਾਰਤ ਅਤੇ ਪਾਕਿਸਤਾਨ ਦਾ ਹੈ। ਹਾਲਾਂਕਿ ਦੋਵੇਂ ਦੇਸ਼ ਇਕ ਦੇਸ਼ ਵਿਚੋਂ ਹੀ ਨਿਕਲਕੇ ਬਣੇ ਹਨ। ਵੱਡੇ ਅਤੇ ਛੋਟੇ ਭਰਾ ਦੀ ਤਰ੍ਹਾਂ ਹਨ। ਭਰਾ ਭਰਾ ਦਾ ਦੁਸ਼ਮਣ ਬਣਿਆਂ ਪਿਆ ਹੈ। ਭਾਰਤ ਦੀ ਤਰਾਸਦੀ ਰਹੀ ਹੈ ਕਿ ਉਸਦਾ ਗੁਆਂਢੀਆਂ ਨਾਲ ਕਲੇਸ਼ ਸ਼ੁਰੂ ਤੋਂ ਹੀ ਪੈਂਦਾ ਆ ਰਿਹਾ ਹੈ। ਅੰਗਰੇਜ਼ਾਂ ਵੱਲੋਂ ਦੇਸ਼ ਦੀ ਵੰਡ ਸਮੇਂ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਭਾਰਤ ਨੂੰ ਦੋ ਹਿਸਿਆਂ ਵਿਚ ਵੰਡ ਦਿੱਤਾ ਗਿਆ। ਭਾਰਤ ਦੇ ਆਲੇ ਦੁਆਲੇ ਦੋ ਪਾਸੇ ਪੂਰਬੀ ਅਤੇ ਪੱਛਵੀਂ ਪਾਕਿਸਤਾਨ ਬਣਾ ਦਿੱਤੇ।

ਭਾਰਤ ਅਤੇ ਪਾਕਿਸਤਾਨ ਦੀਆਂ ਬੇੜੀਆਂ ਵਿਚ ਵੱਟੇ ਬਰਤਾਨੀਆਂ ਨੇ ਹੀ ਪਾਏ ਸਨ। ਇਸ ਲਈ ਹਮੇਸ਼ਾ ਪੱਛਵੀਂ ਅਤੇ ਪੂਰਬੀ ਸਰਹੱਦਾਂ ਤੇ ਤਣਾਆ ਬਣਿਆਂ ਰਹਿੰਦਾ ਸੀ। ਜਿਸ ਮਜ਼ਬੂਰੀ ਕਰਕੇ ਭਾਰਤ ਨੂੰ ਪੂਰਬੀ ਪਾਕਿਸਤਾਨ ਨੂੰ ਪੱਛਵੀਂ ਨਾਲੋਂ ਵੱਖਰਾ ਹੋਣ ਸਮੇਂ ਬੰਗਾਲੀਆਂ ਦਾ ਸਾਥ ਦੇਣਾ ਪਿਆ, ਜਿਸਦੇ ਸਿੱਟੇ ਵਜੋਂ ਬੰਗਲਾ ਦੇਸ਼ ਹੋਂਦ ਵਿਚ ਆ ਗਿਆ। ਜੰਮੂ ਕਸ਼ਮੀਰ ਅੱਧਾ ਪਾਕਿਸਤਾਨ ਅਤੇ ਅੱਧਾ ਭਾਰਤ ਵਿਚ ਰਹਿ ਗਿਆ। ਇਕ ਸਮੁਦਾਏ ਦੋ ਹਿਸਿਆਂ ਵਿਚ ਵੰਡੀ ਗਈ। ਉਸਦਾ ਪੱਕਾ ਅਸਰ ਇਹ ਹੋਇਆ ਕਿ ਪਾਕਿਸਤਾਨ ਨਾਲ ਸੰਬੰਧ ਹੋਰ ਵਿਗੜ ਗਏ। ਬੰਗਲਾ ਦੇਸ਼ ਬਣਾਉਣ ਲਈ ਵੀ ਭਾਰਤ ਨੇ ਪੰਜਾਬੀਆਂ ਨੂੰ ਹੀ ਵਰਤਿਆ ਭਾਵੇਂ ਜਨਰਲ ਜਗਜੀਤ ਸਿੰਘ ਅਰੋੜਾ ਹੋਵੇ ਤੇ ਭਾਵੇਂ  ਸ਼ੁਬੇਗ ਸਿੰਘ ਹੋਵੇ। ਹੁਣ ਤੱਕ ਪਾਕਿਸਤਾਨ ਨਾਲ ਤਿੰਨ ਲੜਾਈਆਂ ਹੋ ਚੁੱਕੀਆਂ ਹਨ, ਜਿਸਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਅਤੇ ਪੰਜਾਬੀਆਂ ਨੂੰ ਹੋਇਆ। ਹਰ ਲੜਾਈ ਵਿਚ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਨੂੰ ਬਹਾਦਰ ਹੋਣ ਕਰਕੇ ਮੂਹਰੇ ਲਾਇਆ ਜਾਂਦਾ ਰਿਹਾ ਹੈ। ਚੀਨ ਦੇ ਵੀ ਭਾਰਤ ਨਾਲ ਸੁਖਾਵੇਂ ਸੰਬੰਧ ਨਹੀਂ ਰਹਿੰਦੇ। ਚੀਨ ਹਮੇਸ਼ਾ ਪਾਕਿਸਤਾਨ ਦਾ ਸਾਥ ਦਿੰਦਾ ਰਹਿੰਦਾ ਹੈ। ਚੀਨ ਨਾਲ ਵੀ ਇੱਕ ਲੜਾਈ ਪੰਡਤ ਨਹਿਰੂ ਦੀ ਗੁਆਂਢੀ ਦੇਸ਼ ਨਾਲ ਪ੍ਰੇਮ ਭਗਤੀ ਕਰਕੇ ਹੋ ਚੁੱਕੀ ਹੈ, ਚੰਦਰੇ ਗੁਆਂਢ ਨੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਦੀ ਕੁਰਬਾਨੀ ਲੈ ਕੇ ਦੇਸ਼ ਤੋਂ ਇਕ ਦਿਆਨਤਦਾਰ ਅਤੇ ਇਮਾਨਦਾਰ ਸਿਆਸਤਦਾਨ ਖੋਹ ਲਿਆ। ਚੀਨ ਵੀ ਹਮੇਸ਼ਾ ਪਾਕਿਸਤਾਨ ਦਾ ਸਾਥ ਦਿੰਦਾ ਹੈ, ਜਿਸ ਕਰਕੇ ਭਾਰਤ ਦਾ ਪਾਕਿਸਤਾਨ ਅਤੇ ਚੀਨ ਨਾਲ ਇੱਟ ਖੜੱਕਾ ਹੁੰਦਾ ਰਹਿੰਦਾ ਹੈ। ਤਣਾਆ ਹਮੇਸ਼ਾ ਬਰਕਰਾਰ ਰਹਿੰਦਾ ਹੈ। ਮਾਵਾਂ ਦੇ ਪੁੱਤ ਸਰਹੱਦਾਂ ਤੇ ਸ਼ਹੀਦ ਹੁੰਦੇ ਰਹਿੰਦੇ ਹਨ ਅਤੇ ਸਿਆਸਤਦਾਨ ਆਪਣੀਆਂ ਖੇਡਾਂ ਖੇਡਦੇ ਰਹਿੰਦੇ ਹਨ। ਜੇਕਰ ਤਿੰਨੋ ਗੁਆਂਢੀ ਦੇਸ਼ ਰਲਮਿਲਕੇ ਰਹਿਣਗੇ ਤਾਂ ਆਪਸ ਵਿਚ ਵਿਓਪਾਰਕ ਸੰਬੰਧ ਵੀ ਚੰਗੇ ਰਹਿਣਗੇ ਅਤੇ ਤਿੰਨਾਂ ਦੇਸ਼ਾਂ ਦੀਆਂ ਮੁਢਲੀਆਂ ਲੋੜਾਂ ਇੱਕ ਦੂਜੇ ਤੋਂ ਪੂਰੀਆਂ ਹੁੰਦੀਆਂ ਰਹਿਣਗੀਆਂ। ਚੀਨ ਦੀਆਂ ਬਣੀਆਂ ਵਸਤਾਂ ਸਭ ਤੋਂ ਵੱਧ ਭਾਰਤ ਵਿਚ ਵਿਕਦੀਆਂ ਹਨ। ਚੀਨ ਫਿਰ ਵੀ ਸੰਜਮ ਦੀ ਵਰਤੋਂ ਨਹੀਂ ਕਰਦਾ। ਪਾਕਿਸਤਾਨ ਦੇ ਰਸਤੇ ਭਾਰਤ ਅਫਗਾਨਿਸਤਾਨ ਨਾਲ ਵੀ ਵਿਓਪਾਰ ਦਾ ਆਦਾਨ ਪ੍ਰਦਾਨ ਕਰ ਸਕੇਗਾ। ਜਿਵੇਂ ਪੰਜਾਬੀ ਦੀ ਇਕ ਹੋਰ ਕਹਾਵਤ ਹੈ ਕਿ ਰੰਡੀ ਤਾਂ ਰੰਡੇਪਾ ਕੱਟ ਲਵੇ ਪ੍ਰੰਤੂ ਕੂਹਣੀ ਮਾਰ ਮਸ਼ਟੰਡੇ ਕੱਟਣ ਨਹੀਂ ਦਿੰਦੇ। ਇਸ ਕਰਕੇ ਦੋਹਾਂ ਦੇਸ਼ਾਂ ਦਾ ਮਾਮੂਲੀ ਗੱਲਾਂ ਕਰਕੇ ਤਕਰਾਰ ਰਹਿੰਦਾ ਹੈ।

ਚੀਨ ਅਤੇ ਅਮਰੀਕਾ ਦੇ ਆਪਣੇ ਹਿਤ ਹਨ। ਉਹ ਪਾਕਿਸਤਾਨ ਨੂੰ ਆਪਣਾ ਸਾਮਾਨ ਵੇਚਦੇ ਰਹਿੰਦੇ ਹਨ। ਉਹ ਪਾਕਿਸਤਾਨ ਨੂੰ ਉਂਗਲ ਲਗਾਈ ਰੱਖਦੇ ਹਨ। ਭਾਰਤ ਦਾ ਪਾਕਿਸਤਾਨ ਨਾਲ ਜੰਮੂ ਕਸ਼ਮੀਰ ਦਾ ਵਾਦਵਿਵਾਦ ਹੋਣ ਕਰਕੇ ਵੀ ਕਲੇਸ਼ ਬਣਿਆਂ ਰਹਿੰਦਾ ਹੈ। ਤੀਜਾ ਮੁੱਖ ਕਾਰਨ ਦੋਹਾਂ ਦੇਸ਼ਾਂ ਦੇ ਸਿਆਸਤਦਾਨਾ ਦੀਆਂ ਖ਼ਤਰਨਾਕ ਕੂਟਨੀਤੀਆਂ ਹਨ। ਆਪੋ ਆਪਣੇ ਰਾਜ ਭਾਗ ਬਣਾਈ ਰੱਖਣ ਲਈ ਉਹ ਸਰਹੱਦਾਂ ਤੇ ਤਣਾਅ ਪੈਦਾ ਕਰਕੇ ਰੱਖਦੇ ਹਨ। 1999 ਵਿਚ ਵੀ ਲੋਕ ਸਭਾ ਦੀਆਂ ਚੋਣਾਂ ਕਰਕੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿਚ ਸਰਕਾਰ ਹੋਣ ਕਰਕੇ ਕਾਰਗਿਲ ਦੀ ਲੜਾਈ ਹੋਈ। ਇਸ ਵਾਰ ਪੁਲਵਾਮਾਂ ਦੀ ਦਹਿਸ਼ਤਗਰਦੀ ਦੀ ਘਟਨਾ ਕਰਕੇ ਭਾਰਤ ਦੇ 45 ਜਵਾਨ ਸ਼ਹੀਦ ਹੋ ਗਏ। ਅਜੇ ਹੋਰ ਘਟਨਾਵਾਂ ਲਗਾਤਾਰ ਹੋਈ ਜਾ ਰਹੀਆਂ ਹਨ। ਸਾਰੇ ਦੇਸ਼ ਵਾਸੀਆਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਦੇਸ਼ ਨਾਲ ਖੜ੍ਹੇ ਹੋਣ ਦੇ ਐਲਾਨ ਕੀਤੇ ਹਨ, ਜੋ ਕਿ ਜਾਇਜ਼ ਵੀ ਹਨ। ਜੇਕਰ ਦੇਸ਼ ਦੀ ਅਣਖ਼ ਨੂੰ ਕੋਈ ਵੰਗਾਰੇਗਾ ਤਾਂ ਹਰ ਭਾਰਤੀ ਦਾ ਫਰਜ ਬਣਦਾ ਹੈ ਕਿ ਉਹ ਦੇਸ਼ ਭਗਤੀ ਦਾ ਸਬੂਤ ਦਿੰਦਿਆਂ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਰਹੇ। ਇਸ ਤੋਂ ਪਹਿਲਾਂ ਵੀ ਚਿੱਟੀਸਿੰਘਪੋਰਾ ਵਿਚ 35 ਸਿੱਖ ਸ਼ਹੀਦ ਕੀਤੇ ਗਏ ਸਨ। ਉਦੋਂ ਕੇਂਦਰ ਸਰਕਾਰ ਨੇ ਸਿਵਲੀਅਨ ਨਾਗਰਿਕਾਂ ਦੇ ਸ਼ਹੀਦ ਹੋਣ ਤੇ ਪਾਕਿਸਤਾਨ ਨੂੰ ਦੋਸ਼ ਨਹੀਂ ਦਿੱਤਾ। ਮੁੰਬਈ, ਸ੍ਰੀ ਨਗਰ ਵਿਧਾਨ ਸਭਾ ਅਤੇ ਦਿੱਲੀ ਵਿਚ ਸੰਸਦ ਭਵਨ ਤੇ ਹੋਏ ਹਮਲੇ ਤੇ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਦੀ ਮਦਦ ਕਰਨ ਲਈ ਦੋਸ਼ੀ ਤਾਂ ਠਹਿਰਾਇਆ ਗਿਆ ਪ੍ਰੰਤੂ ਸਰਜੀਕਲ ਸਟਰਾਈਕ ਨਹੀਂ ਕੀਤੀ। ਹੁਣ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਅਪ੍ਰੈਲ-ਮਈ 2019 ਵਿਚ ਹਨ, ਇਸ ਲਈ ਸਰਜੀਕਲ ਸਟਰਾਈਕ ਕਰਕੇ ਵੋਟਾਂ ਵਟੋਰਨ ਦੀ ਸਿਆਸਤ ਕੀਤੀ ਗਈ ਹੈ। ਭਾਵੇਂ ਪਾਕਿਸਤਾਨ ਨੇ ਵੀ ਸਰਜੀਕਲ ਸਟਰਾਈਕ ਕੀਤੀ ਹੈ ਅਤੇ ਸਾਡਾ ਇਕ ਜਹਾਜ ਡੇਗ ਲਿਆ ਹੈ, ਜਿਸਦਾ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਗ੍ਰਿਫਤਾਰ ਵੀ ਕਰ ਲਿਆ ਸੀ।

ਜਨੇਵਾ ਸਮਝੌਤੇ ਅਨੁਸਾਰ ਪਾਕਿਸਤਾਨ ਵੱਲੋਂ ਸ਼ਾਂਤੀ ਦਾ ਸੁਨੇਹਾ ਦੇਣ ਦਾ ਬਹਾਨਾ ਬਣਾਕੇ ਅਭਿਨੰਦਨ ਨੂੰ ਭਾਰਤ ਨੂੰ ਵਾਪਸ ਕਰ ਦਿੱਤਾ ਗਿਆ ਹੈ। ਪ੍ਰੰਤੂ ਅਭਿਨੰਦਨ ਦੇ ਭਾਰਤ ਵਾਪਸ ਆਉਣ ਤੇ ਭਾਰਤੀ ਨਾਗਰਿਕਾਂ ਖਾਸ ਤੌਰ ਤੇ ਪੰਜਾਬੀਆਂ ਨੇ ਭਾਵਨਾਵਾਂ ਵਿਚ ਵਹਿੰਦਿਆਂ ਸਰਹੱਦ ਤੇ ਜਾ ਕੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ। ਉਸਦੇ ਸਵਾਗਤ ਲਈ ਉਹ ਪੱਬਾਂ ਭਾਰ ਹੋ ਗਏ। ਭਲੇਮਾਣਸੋ ਇਹ ਤਾਂ ਸੋਚੋ ਕਿ 45 ਜਵਾਨ ਅਸੀਂ ਸ਼ਹੀਦ ਕਰਵਾ ਚੁੱਕੇ ਹਾਂ ਅਜੇ ਵੀ ਸਰਹੱਦ ਤੇ ਪਾਕਿਸਤਾਨ ਵੱਲੋਂ ਗੋਲਾਬਾਰੀ ਕੀਤੀ ਜਾ ਰਹੀ ਹੈ। 10 ਜਵਾਨ ਹੋਰ ਸ਼ਹੀਦ ਹੋ ਚੁੱਕੇ ਹਨ। ਹਰ ਰੋਜ਼ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ। ਅਸੀਂ ਕਿਸ ਗੱਲ ਦੀ ਖ਼ੁਸ਼ੀ ਮਨਾ ਰਹੇ ਹਾਂ। ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ। ਦੇਸ਼ ਦੀ ਇੱਜ਼ਤ ਦਾ ਸਵਾਲ ਹੈ। ਸ਼ੋਸ਼ਲ ਮੀਡੀਆ ਤੇ ਸਿਧਾਂਤਕ ਲੜਾਈ ਨਹੀਂ ਲੜੀ ਜਾਂਦੀ। ਇਹ ਠੀਕ ਹੈ ਕਿ ਇਮਰਾਨ ਖ਼ਾਂ ਦਾ ਵਤੀਰਾ ਸਦਭਾਵਨਾ ਵਾਲਾ ਹੈ ਪ੍ਰੰਤੂ ਪਾਕਿਸਤਾਨ ਦੀ ਫ਼ੌਜ ਤਾਂ ਲਗਾਤਾਰ ਆਪਣੀਆਂ ਦਹਿਸ਼ਤਗਰਦੀ ਵਾਲੀਆਂ ਕਾਰਵਾਈਆਂ ਤੋਂ ਪ੍ਰਹੇਜ ਨਹੀਂ ਕਰ ਰਹੀ।ਇਹ ਠੀਕ ਹੈ ਕਿ ਜੰਗ ਕਿਸੇ ਸਮੱਸਿਆ ਦਾ ਹਲ ਨਹੀਂ। ਜੰਗ ਵਿਚ ਤਬਾਹੀ ਕਰਵਾਉਣ ਤੋਂ ਬਾਅਦ ਵੀ ਗੱਲਬਾਤ ਰਾਹੀਂ ਹੀ ਸਮਝੌਤਾ ਕਰਨਾ ਪੈਂਦਾ ਹੈ।

ਇਹ ਲੋਕ ਜਿਹੜੇ ਸ਼ੋਸ਼ਲ ਮੀਡੀਆ ਤੇ ਟਾਹਰਾਂ ਮਾਰਦੇ ਹਨ ਅਤੇ ਭੰਗੜੇ ਪਾ ਕੇ ਦੇਸ਼ ਭਗਤੀ ਦਾ ਸਬੂਤ ਦੇਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਸਰਹੱਦਾਂ ਤੇ ਹੋਣ ਵਾਲੇ ਜਾਨੀ ਅਤੇ ਮਾਲੀ ਤਬਾਹੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਮਾਵਾਂ, ਪਤਨੀਆਂ, ਭੈਣਾਂ ਅਤੇ ਹੋਰ ਸੰਬੰਧੀਆਂ ਤੋਂ ਪੁੱਛੋ ਜਿਨ੍ਹਾਂ ਦੇ ਲਾਡਲੇ ਸ਼ਹੀਦੀਆਂ ਪਾਉਂਦੇ ਹਨ ਤਾਂ ਉਨ੍ਹਾਂ ਤੇ ਕੀ ਬੀਤਦੀ ਹੈ। ਸ਼ੋਸ਼ਲ  ਮੀਡੀਆ ਤੇ ਫੋਕੇ ਫਾਇਰ ਕਰਕੇ ਸ਼ਾਹਬਾ ਵਾਹਵਾ ਖੱਟਣੀ ਅਤੇ ਆਪਣੀ ਪੱਠ ਆਪ ਹੀ ਥਪਥਪਾਉਣੀ ਚੰਗੀ ਗੱਲ ਨਹੀਂ। ਜ਼ਮੀਨੀ ਹਕੀਕਤਾਂ ਨੂੰ ਸਮਝਣਾ ਚਾਹੀਦਾ ਹੈ। ਸਿਆਸਤ ਕਰਨ ਲਈ ਹੋਰ ਬਹੁਤ ਮੁੱਦੇ ਹਨ। ਸਰਹੱਦਾਂ ਤੇ ਜਾ ਕੇ ਲੜੋ ਫਿਰ ਪਤਾ ਲੱਗੇਗਾ ਕਿ ਜੰਗ ਕਿਤਨੀ ਖ਼ਤਰਨਾਕ ਹੁੰਦੀ ਹੈ। ਇਹ ਤਾਂ ਬੁਰੇ ਗੁਆਂਢੀ ਦੀ ਗੱਲ ਹੋ ਗਈ ਦੁੱਖ ਇਸ ਗੱਲ ਦਾ ਹੈ ਘਰ ਵਾਲੇ ਦੋਹਾਂ ਦੇਸ਼ਾਂ ਦਿਆਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ। ਲਾਈਲੱਗ ਨਹੀਂ ਬਣਨਾ ਚਾਹੀਦਾ। ਪਾਕਿਸਤਾਨ ਹੁਣ ਸੰਸਾਰ ਦੇ ਦਬਾਓ ਕਰਕੇ ਢਿਲਾ ਪਿਆ ਹੋਇਆ ਹੈ। ਇਸਦਾ ਲਾਭ ਉਠਾਉਣਾ ਚਾਹੀਦਾ ਹੈ। ਦੋਹਾਂ ਦੇਸ਼ਾਂ ਦੇ ਨਾਗਰਿਕਾਂ ਅਤੇ ਦੇਸ਼ਾਂ ਨੂੰ ਸਦਭਾਵਨਾ ਦਾ ਫਾਇਦਾ ਹੋਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>