ਨਵੀਂ ਦਿੱਲੀ : ਮਾਇਆਪੁਰੀ ਸਥਿਤ ਓਲਡ ਮੋਟਰਸ ਪਾਰਟਸ ਮਾਰਕੀਟ ਦੇ ਸੈਂਕੜੇ ਵਪਾਰੀਆਂ ਦੇ ਵਫ਼ਦ ਨੇ ‘‘ਜੰਕ ਮਾਰਕੀਟ ਟ੍ਰੇਡਰਜ਼ ਫੈਡਰੇਸ਼ਨ’’ ਦੇ ਬੈਨਰ ਹੇਠ ਦੱਖਣੀ ਦਿੱਲੀ ਨਗਰ ਨਿਗਮ ਡਿਪਟੀ ਕਮਿਸ਼ਨਰ (ਡੀਸੀ) ਕੁਮਾਰੀ ਪੂਰਵਾ ਗਰਗ ਨਾਲ ਮੁਲਾਕਾਤ ਕਰਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਨਿਰਦੇਸ਼ਾਂ ’ਤੇ ਐਸਟੀਐਫ ਦੀ 7 ਮੈਂਬਰੀ ਟਾਸਕ ਫੋਰਸ ਦੁਆਰਾ ਚਲਾਏ ਗਏ ਸਾਂਝਾ ਆਪਰੇਸ਼ਨ ਕਾਰਨ ਮਾਇਆਪੁਰੀ ’ਚ ਦੁਕਾਨਦਾਰਾਂ ’ਤੇ ਇਨ੍ਹਾਂ ਦਿਨੀਂ ਕੀਤੀ ਜਾ ਰਹੀ ਸਖਤ ਕਾਰਵਾਈ ਪ੍ਰਤੀ ਮੰਗ-ਪੱਤਰ ਸੌਂਪਿਆ ਅਤੇ ਡੀਸੀ ਮੂਹਰੇ ਆਪਣੀ ਚਿੰਤਾਵਾਂ ਦਾ ਵਰਣਨ ਕਰਦੇ ਹੋਏ ਉਨ੍ਹਾਂ ਕੋਲੋਂ ਆਪਣੀ ਸਮੱਸਿਆ ਦੇ ਨਿਪਟਾਰੇ ਲਈ ਨਰਮ ਰੁਖ ਅਪਨਾਉਣ ਦੀ ਬੇਨਤੀ ਕੀਤੀ ਕਿਉਂਕਿ ਉਕਤ ਕਾਰਵਾਈ ਨਾਲ ਜਿੱਥੇ ਮਾਇਆਪੁਰੀ ਦੇ ਹਜ਼ਾਰਾਂ ਦੁਕਾਨਦਾਰਾਂ ’ਤੇ ਗੰਭੀਰ ਸੰਕਟ ਹੈ ਉਥੇ ਹੀ ਇਨ੍ਹਾਂ ਦੁਕਾਨਦਾਰਾਂ ਦੇ ਇਥੇ ਕਾਰਜਰਤ ਵੱਡੀ ਗਿਣਤੀ ’ਚ ਕਰਮਚਾਰੀਆਂ ਦੀ ਰੋਜ਼ੀ-ਰੋਟੀ ਦੀ ਸਮੱਸਿਆ ਵੀ ਖੜੀ ਹੋ ਗਈ ਹੈ । ਇਥੇ ਦੇ ਦੁਕਾਨਦਾਰਾਂ ਨੂੰ ਸਰਕਾਰੀ ਆਦੇਸ਼ ਦਾ ਹਵਾਲਾ ਦੇ ਕੇ ਉਨ੍ਹਾਂ ਦੇ ਕਾਰਜਾਂ ’ਚ ਰੌੜੇ ਅਟਕਾਏ ਜਾ ਰਹੇ ਹਨ ਜਿਸ ਨਾਲ ਦੁਕਾਨਦਾਰਾਂ ’ਚ ਮੁੜ ਸ਼ਰਣਾਰਥੀ ਬਣਨ ਦਾ ਖੌਫ਼ ਬਣਿਆ ਹੋਇਆ ਹੈ ।
ਦੁਕਾਨਦਾਰਾਂ ਨੇ ਡੀਸੀ ਨੂੰ ਮੰਗ ਕੀਤੀ ਹੈ ਕਿ ਐਸਟੀਐਫ ਅਤੇ ਨਿਗਮ ਦੁਆਰਾ ਜਾਰੀ ਕਾਰਵਾਈ ’ਤੇ ਤੁਰੰਤ ਰੋਕ ਲਗਾ ਕੇ ਰਾਹਤ ਪ੍ਰਦਾਨ ਕੀਤੀ ਜਾਵੇ ਤਾਂ ਕਿ ਦੁਕਾਨਦਾਰਾਂ ’ਚ ਪੈਦਾ ਹੋਏ ਖੌਫ਼ ਦਾ ਮਾਹੌਲ ਖਤਮ ਹੋ ਸਕੇ । ਦੁਕਾਨਦਾਰਾਂ ਦਾ ਜੋ ਸਾਮਾਨ ਜ਼ਬਤ ਕੀਤਾ ਗਿਆ ਹੈ ਉਨ੍ਹਾਂ ਨੂੰ ਬਿਨ੍ਹਾਂ ਜ਼ੁਰਮਾਨਾ ਵਸੂਲੇ ਵਾਪਿਸ ਕੀਤਾ ਜਾਵੇ । ਟਰੱਕਾਂ ਤੋਂ ਮਾਲ ਉਤਾਰਨ ਅਤੇ ਭਰਨ ਦੌਰਾਨ ਦੁਕਾਨਦਾਰਾਂ ਦੇ ਚਾਲਾਨ ਨਾਜ਼ਾਇਜ ਨਾ ਕੱਟੇ ਜਾਣ । ਦੁਕਾਨਦਾਰਾਂ ਨੂੰ ਆਪਣੀ ਦੁਕਾਨ ਮੂਹਰੇ ਗੱਡੀ ਖੜੀ ਕਰਨ ਅਤੇ ਦੁਕਾਨ ’ਚ ਕਟਾਈ ਦਾ ਕੰਮ ਕਰਨ ਦਿੱਤਾ ਜਾਵੇ ।
ਫੈਡਰੇਸ਼ਨ ਦੀ ਅਗਵਾਈ ਕਰ ਰਹੇ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਸ: ਇੰਦਰਜੀਤ ਸਿੰਘ ਮੌਂਟੀ ਨੇ ਦੱਸਿਆ ਕਿ ਮਾਇਆਪੁਰੀ ਮਾਰਕੀਟ ਦੇ ਇਹ ਦੁਕਾਨਦਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਚਲਾਏ ਗਏ ‘‘ਸਵੱਛ ਭਾਰਤ ਅਭਿਆਨ’’ ਦੇ ਅਸਲ ਭਾਈਵਾਲ ਹਨ ਕਿਉਂਕਿ ਇਸ ਮਾਰਕੀਟ ’ਚ ਇਥੇ-ਉਥੇ ਖੜੀ ਰੱਦੀ ਹੋ ਚੁੱਕੀ ਗੱਡੀਆਂ ਨੂੰ ਚੁੱਕ ਕੇ ਉਨ੍ਹਾਂ ਨੂੰ ਕੱਟ ਕੇ ਨਸ਼ਟ ਕਰਨ ਦਾ ਕੰਮ ਕੀਤਾ ਜਾਂਦਾ ਹੈ ਜੇਕਰ ਅਜਿਹਾ ਨਾ ਹੁੰਦਾ ਤਾਂ ਰੱਦੀ ਹੋਈ ਇਹੋ ਗੱਡੀਆਂ ਇਥੇ-ਉਥੇ ਖੜੀਆਂ ਹੋਣ ਨਾਲ ਪਾਰਕਿੰਗ ਦੀ ਗੰਭੀਰ ਸਮੱਸਿਆ ਪੈਦਾ ਕਰਦੀਆਂ । ਇਹੋ ਨਹੀਂ ਇਸ ਮਾਰਕੀਟ ’ਚ ਹਾਲੀਆ ਦਿੱਲੀ ’ਚ ਪੈਟਰੋਲ-ਡੀਜ਼ਲ ਦੀ ਡੀ-ਰਜਿਸਟਰਡ ਹੋਈਆਂ 40 ਲੱਖ ਗੱਡੀਆਂ ਵਿਚੋਂ ਅਜੇ ਤਕ 20 ਲੱਖ ਗੱਡੀਆਂ ਨੂੰ ਕੱਟ ਕੇ ਉਨ੍ਹਾਂ ਨੂੰ ਨਸ਼ਟ ਕੀਤਾ ਜਾ ਚੁੱਕਾ ਹੈ । ਬਾਵਜ਼ੂਦ ਇਸ ਦੇ ਐਨਜੀਟੀ ’ਚ ਇਥੇ ਦੇ ਦੁਕਾਨਦਾਰਾਂ ਦਾ ਕੋਈ ਪੱਖ ਸੁਣੇ-ਵਿਚਾਰੇ ਜ਼ਬਰੀ ਇਕਤਰਫਾ ਫੈਸਲਾ ਥੋਪ ਦਿੱਤਾ ਗਿਆ ਹੈ।
ਸ੍ਰੀ ਮੌਂਟੀ ਨੇ ਡੀਸੀ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1947 ’ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਕਤ ਕਾਰੋਬਾਰੀਆਂ ਨੇ ਈਦਗਾਹ ਰੋਡ ’ਤੇ ਮੋਤੀਆ ਖਾਂ ’ਚ ਓਲਡ ਮੋਟਰਸ ਪਾਰਟਸ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਪਰੰਤੂ 1975 ’ਚ ਸਰਕਾਰੀ ਹੁਕਮਾਂ ’ਤੇ ਉਨ੍ਹਾਂ ਨੂੰ ਉਥੋਂ ਉਜਾੜ ਕੇ ਮਾਇਆਪੁਰੀ ਦੇ ਜੰਗਲੀ ਏਰੀਆ ’ਚ ਬਦਲੀ ਕਰ ਦਿੱਤਾ ਗਿਆ । ਬਾਵਜ਼ੂਦ ਇਸ ਦੇ ਇੰਨੇ ਸਾਲਾਂ ਤਕ ਇਸ ਮਾਰਕੀਟ ’ਚ ਕੰਮ ਕਰਦੇ ਹੋਏ ਇਸ ਮਾਰਕੀਟ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਓਲਡ ਮੋਟਰਸ ਪਾਰਟਸ ਮਾਰਕੀਟ ਦਾ ਖਿਤਾਬ ਦਿਲਾਉਣ ਵਾਲੇ ਇਹੋ ਦੁਕਾਨਦਾਰ ਅੱਜ ਇਕ ਵਾਰ ਮੁੜ ਤੋਂ ਆਪਣੀ ਰੋਜ਼ੀ-ਰੋਟੀ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਅਤੇ ਇਨ੍ਹਾਂ ’ਤੇ ਇਸ ਮਾਰਕੀਟ ਤੋਂ ਉਜਾੜੇ ਜਾਣ ਦੀ ਸਰਕਾਰੀ ਤਲਵਾਰ ਲਟਕੀ ਹੋਈ ਹੈ ।
ਮਨਜਿੰਦਰ ਸਿੰਘ ਸਿਰਸਾ ਦੁਕਾਨਦਾਰਾਂ ਦੇ ਪੱਖ ’ਚ ਡਟੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜਿੰਦਰ ਸਿੰਘ ਸਿਰਸਾ ਨੇ ਮਾਇਆਪੁਰੀ ਦੇ ਇਨ੍ਹਾਂ ਦੁਕਾਨਦਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿਲਾਇਆ ਹੈ ਕਿਉਂਕਿ ਮਾਇਆਪੁਰੀ ਓਲਡ ਮੋਟਰਸ ਪਾਰਟਸ ਮਾਰਕੀਟ ’ਚ ਤਕਰੀਬਨ 80 ਫੀਸਦੀ ਦੁਕਾਨਦਾਰ ਘੱਟ-ਗਿਣਤੀ ਭਾਈਚਾਰੇ ਨਾਲ ਸੰਬੰਧਤ ਹਨ । ਸ: ਸਿਰਸਾ ਨੇ ਕਿਹਾ ਹੈ ਕਿ ਉਹ ਦਿੱਲੀ ਸਰਕਾਰ ਅਤੇ ਐਨ.ਜੀ.ਟੀ. ਨੂੰ ਅਪੀਲ ਕਰਦੇ ਹਨ ਕਿ ਮਾਇਆਪੁਰੀ ਦੇ ਇਨ੍ਹਾਂ ਦੁਕਾਨਦਾਰਾਂ ਦਾ ਪੱਖ ਵੀ ਧਿਆਨ ਨਾਲ ਸੁਣਿਆ ਜਾਵੇ ਅਤੇ ਕੋਈ ਵੀ ਅਜਿਹੀ ਤੁਗਲਕੀ ਕਾਰਵਾਈ ਨਾ ਕੀਤੀ ਜਾਵੇ ਜਿਸ ਨਾਲ ਕਿਸੇ ਦੀ ਰੋਜ਼ੀ-ਰੋਟੀ ਖੁਸਣ ਦਾ ਡਰ ਬਣੇ ।