ਐਸ.ਜੀ.ਪੀ.ਸੀ. ਦੇ ਗੈਰ-ਕਾਨੂੰਨੀ ਤਰੀਕੇ ਕੁਝ ਸਮਾਂ ਪਹਿਲੇ ਕੱਢੇ ਗਏ 523 ਮੁਲਾਜ਼ਮਾਂ ਵੱਲੋਂ ਸੁਰੂ ਕੀਤੇ ਗਏ ਫੈਸਲਾਕੁੰਨ ਸੰਘਰਸ਼ ਦੀ ਪੂਰਨ ਹਮਾਇਤ : ਮਾਨ

ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਮਨੁੱਖਤਾ ਤੇ ਇਨਸਾਨੀਅਤ ਪੱਖੀ ਗੁਰੂ ਸਿਧਾਤਾਂ ਉਤੇ ਪਹਿਰਾ ਦਿੰਦੀ ਹੋਈ ਗੁਰੂਘਰਾਂ ਦੇ ਪ੍ਰਬੰਧ ਨੂੰ ਉਸਾਰੂ ਢੰਗ ਨਾਲ ਚਲਾਉਣ ਅਤੇ ਇਨ੍ਹਾਂ ਧਾਰਮਿਕ ਸਥਾਨਾਂ ਤੇ ਆਉਣ ਵਾਲੇ ਸਰਧਾਲੂਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਕੇ ਸਿੱਖੀ ਸੋਚ ਨਾਲ ਜੋੜਨ ਦੇ ਫਰਜ ਨਿਭਾਉਣ ਦੀ ਜਿੰਮੇਵਾਰੀ ਹੈ, ਉਸ ਐਸ.ਜੀ.ਪੀ.ਸੀ. ਦੇ ਮੌਜੂਦਾ ਬਾਦਲਾਂ ਦੇ ਹੱਥਠੋਕੇ ਬਣੇ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ ਅਤੇ ਸਮੁੱਚੀ ਅਗਜੈਕਟਿਵ ਕਮੇਟੀ ਨੇ ਜੋ ਅਤਿ ਗਰੀਬ, ਮਿਹਨਤੀ, ਲੋੜਵੰਦ ਪਰਿਵਾਰਾਂ ਨਾਲ ਸੰਬੰਧਤ ਵਿਧਵਾਵਾਂ, ਨੌਜ਼ਵਾਨਾਂ ਨੂੰ ਅਣਮਨੁੱਖੀ ਕੁਹਾੜਾ ਚਲਾਉਦੇ ਹੋਏ 523 ਮੁਲਾਜ਼ਮਾਂ ਨੂੰ ਗੈਰ-ਕਾਨੂੰਨੀ ਤਰੀਕੇ ਨੌਕਰੀਆਂ ਤੋਂ ਕੱਢ ਦਿੱਤਾ ਸੀ, ਅਜਿਹੇ ਅਮਲ ਤਾਂ ਗੁਰੂ ਸਿਧਾਤਾਂ ਅਤੇ ਸੋਚ ਦਾ ਅਪਮਾਨ ਕਰਨ ਵਾਲੇ ਹਨ । ਜਦੋਂਕਿ ਸਿੱਖ ਕੌਮ ਤਾਂ ਕੇਵਲ ਆਪਣਿਆ ਨੂੰ ਹੀ ਨਹੀਂ, ਦੂਸਰੇ ਧਰਮਾਂ, ਕੌਮਾਂ, ਫਿਰਕਿਆ ਨਾਲ ਸੰਬੰਧਤ ਲੋੜਵੰਦਾਂ ਅਤੇ ਮਜਲੂਮਾਂ ਦੀ ਬਾਂਹ ਪਕੜਕੇ ਔਖੇ ਸਮੇਂ ਮਦਦ ਕਰਕੇ ਇਨਸਾਨੀ ਕਦਰਾ-ਕੀਮਤਾ ਦੀ ਰਾਖੀ ਕਰਦੀ ਆਈ ਹੈ । ਜੋ ਐਸ.ਜੀ.ਪੀ.ਸੀ. ਨੇ ਇਹ ਜ਼ਬਰ-ਜੁਲਮ ਕੀਤਾ ਹੈ, ਇਹ ਤਾਂ ਪਹਿਲੋ ਹੀ ਅਸਹਿ ਹੈ । ਪਰ ਹੁਣ ਅਤਿ ਗਰਮੀ ਦੇ ਮੌਸਮ ਵਿਚ ਜੋ ਇਹ 523 ਮੁਲਾਜ਼ਮ ਬੀਤੇ 5 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹਨ ਅਤੇ ਮੰਗਾਂ ਨਾ ਮੰਨਣ ਦੀ ਸੂਰਤ ਵਿਚ ਆਉਣ ਵਾਲੇ ਦਿਨਾਂ ਵਿਚ ਮਰਨ ਵਰਤ ਦਾ ਅਮਲ ਕਰ ਰਹੇ ਹਨ । ਬੇਸ਼ੱਕ ਅਸੀਂ ਭੁੱਖ ਹੜਤਾਲ ਤੇ ਮਰਨ ਵਰਤ ਦੇ ਹੱਕ ਵਿਚ ਨਹੀਂ ਹਾਂ, ਪਰ ਇਨ੍ਹਾਂ ਮੁਲਾਜ਼ਮਾਂ ਦੇ ਗਹਿਰੇ ਦੁੱਖ ਨੂੰ ਮਹਿਸੂਸ ਕਰਦੇ ਹੋਏ ਇਨ੍ਹਾਂ ਦੇ ਸੰਘਰਸ਼ ਦੀ ਅਸੀਂ ਜਿਥੇ ਹਰ ਪੱਖੋ ਪੂਰਨ ਹਮਾਇਤ ਕਰਦੇ ਹਾਂ, ਉਥੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ ਅਤੇ ਪੂਰੀ ਅਗਜੈਕਟਿਵ ਕਮੇਟੀ ਨੂੰ ਮੁਲਾਜ਼ਮਾਂ ਨਾਲ ਕੀਤੇ ਜਾ ਰਹੇ ਦੁਰਵਿਹਾਰ ਦੇ ਮਾਰੂ ਨਤੀਜਿਆ ਤੋਂ ਖ਼ਬਰਦਾਰ ਵੀ ਕਰਦੇ ਹਾਂ । ਜੇਕਰ ਕਿਸੇ ਮੁਲਾਜ਼ਮ ਨਾਲ ਕੋਈ ਅਣਹੋਣੀ ਘਟਨਾ ਵਾਪਰ ਗਈ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਇਨ੍ਹਾਂ ਜਿੰਮੇਵਾਰ ਅਧਿਕਾਰੀਆਂ ਨੂੰ ਬਿਲਕੁਲ ਨਹੀਂ ਬਖਸੇਗੀ ।”

ਇਹ ਚੇਤਾਵਨੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਪ੍ਰਧਾਨ ਅਤੇ ਅਗਜੈਕਟਿਵ ਕਮੇਟੀ ਐਸ.ਜੀ.ਪੀ.ਸੀ. ਨੂੰ ਦਿੰਦੇ ਹੋਏ ਅਤੇ ਮੁਲਾਜ਼ਮਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹੋਏ ਦਿੱਤੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹੁਣ ਜਦੋਂ ਲੰਮੇਂ ਸਮੇਂ ਤੋਂ ਵੱਡੀਆ ਮਾਲੀ, ਸਮਾਜਿਕ ਅਤੇ ਘਰੇਲੂ ਔਕੜਾਂ ਦਾ ਸਾਹਮਣਾ ਕਰਦੇ ਹੋਏ ਐਸ.ਜੀ.ਪੀ.ਸੀ. ਦੇ ਕੱਢੇ ਗਏ ਮੁਲਾਜ਼ਮ ਆਪਣੀ ਫੈਸਲਾਕੁੰਨ ਸੰਘਰਸ਼ ਕਰਨ ਲਈ ਮਜ਼ਬੂਰ ਹੋਏ ਹਨ, ਕੋਈ ਅਣਸੁਖਾਵੀ ਘਟਨਾ ਵਪਾਰਨ ਤੋਂ ਪਹਿਲੇ ਐਸ.ਜੀ.ਪੀ.ਸੀ. ਇਨ੍ਹਾਂ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕਰਨ ਦੇ ਹੁਕਮ ਕਰਕੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅਤੇ ਸਮੁੱਚੀ ਸਿੱਖ ਕੌਮ ਦੇ ਮਨ-ਆਤਮਾ ਦੇ ਮਾਹੌਲ ਨੂੰ ਅਮਨਮਈ ਰੱਖਣ ਵਿਚ ਸਹਿਯੋਗ ਕਰੇਗੀ । ਸ. ਮਾਨ ਨੇ ਪੀੜ੍ਹਤ ਮੁਲਾਜ਼ਮਾਂ ਜਿਨ੍ਹਾਂ ਵਿਚ ਬੀਬੀਆਂ ਅਤੇ ਨੌਜ਼ਵਾਨ ਹਨ, ਉਨ੍ਹਾਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਭਾਵੇ ਐਸ.ਜੀ.ਪੀ.ਸੀ. ਦੇ ਅਧਿਕਾਰੀ ਉਨ੍ਹਾਂ ਦੀਆਂ ਮਿਨਤਾਂ-ਤਰਲੇ ਕਰਨ ਕਿ ਉਹ ਧਰਨਾਂ ਚੁੱਕ ਦੇਣ ਤੇ ਉਨ੍ਹਾਂ ਦੀਆਂ ਮੰਗਾਂ ਤੇ ਹਮਦਰਦੀ ਪੂਰਵਕ ਵਿਚਾਰ ਕੀਤਾ ਜਾਵੇਗਾ, ਅਜਿਹੇ ਝੂਠੇ ਬਚਨਾਂ ਅਤੇ ਧੋਖਿਆ ਉਤੇ ਮੁਲਾਜ਼ਮ ਵਰਗ ਬਿਲਕੁਲ ਵੀ ਵਿਸ਼ਵਾਸ ਨਾ ਕਰੇ, ਕਿਉਂਕਿ ਇਨ੍ਹਾਂ ਨੇ ਪਹਿਲੇ ਵੀ ਕਈ ਵਾਰੀ ਆਪ ਮੁਲਾਜ਼ਮ ਯੂਨੀਅਨ ਨਾਲ ਵਾਅਦੇ ਕਰਕੇ ਪਿੱਠ ਦਿੱਤੀ ਹੈ । ਕਿਉਂਕਿ ਬਾਦਲ ਦਲ ਤੇ ਬਾਦਲ ਦਲੀਏ ਹੁਣ ਝੂਠ ਦੇ ਸਹਾਰੇ ਤੇ ਹਨ ਅਤੇ ਇਸ ਝੂਠ ਦਾ ਅੰਤ ਹੋਣ ਦਾ ਸਮਾਂ ਆ ਗਿਆ ਹੈ । ਇਸ ਲਈ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਜਾਂ ਲਾਲਚ ਵੱਸ ਆ ਕੇ ਝੂਠੇ ਬਚਨਾਂ ਦੇ ਅਧੀਨ ਆਪਣੇ ਸੰਘਰਸ਼ ਨੂੰ ਖ਼ਤਮ ਨਹੀਂ ਕਰਨਾ ਚਾਹੀਦਾ, ਬਲਕਿ ਇਨਸਾਫ਼ ਮਿਲਣ ਤੱਕ ਇਸ ਨੂੰ ਜਾਰੀ ਰੱਖਿਆ ਜਾਵੇ । ਕਿਉਂਕਿ ਅਸੀਂ ਲੋਕ ਸਭਾ ਚੋਣਾਂ ਵਿਚ ਵੀ ਮਸਰੂਫ ਹਾਂ । ਪਰ ਨਾਲੋ-ਨਾਲ ਕੌਮੀ ਤੇ ਪੰਥਕ ਮਸਲਿਆ ਉਤੇ ਵੀ ਸੁਹਿਰਦਤਾ ਨਾਲ ਅਮਲ ਕਰ ਰਹੇ ਹਾਂ ਅਤੇ ਸਮੁੱਚੀ ਪ੍ਰਕਿਰਿਆ ਉਤੇ ਨਜ਼ਰ ਰੱਖ ਰਹੇ ਹਾਂ । ਇਸ ਲਈ ਮੁਲਾਜ਼ਮ ਯੂਨੀਅਨ ਨੂੰ ਬਿਨ੍ਹਾਂ ਕਿਸੇ ਡਰ-ਭੈ ਤੋਂ ਐਸ.ਜੀ.ਪੀ.ਸੀ. ਦੇ ਅਧਿਕਾਰੀਆ ਨਾਲ ਦ੍ਰਿੜਤਾ ਨਾਲ ਸੰਘਰਸ਼ ਵੀ ਕਰਦੇ ਰਹਿਣਾ ਚਾਹੀਦਾ ਹੈ ਅਤੇ ਟੇਬਲ-ਟਾਕ ਵੀ ਜਾਰੀ ਰੱਖਣੀ ਚਾਹੀਦੀ ਹੈ । ਜਦੋਂ ਪੂਰਨ ਰੂਪ ਵਿਚ ਸਮੁੱਚੇ ਮੁਲਾਜ਼ਮ ਬਹਾਲ ਕਰਨ ਦੇ ਹੁਕਮ ਕਰ ਦੇਣ ਫਿਰ ਹੀ ਇਸ ਸੰਘਰਸ਼ ਨੂੰ ਖ਼ਤਮ ਕਰਨਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪ ਸਭ ਮਜ਼ਬੂਰ, ਲੋੜਵੰਦ, ਵਿਧਵਾਵਾਂ ਅਤੇ ਗਰੀਬ ਮੁਲਾਜ਼ਮਾਂ ਦੇ ਹੱਕ ਵਿਚ ਡੱਟਕੇ ਪਹਿਰਾ ਦੇਵੇਗਾ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>