ਕਰਮਜੀਤ ਕੌਰ ਕਿਸਾਂਵਲ ਦੀ ਪੁਸਤਕ ‘‘ਯੁਗੇ ਯੁਗੇ ਨਾਰੀ’’:ਇਸਤਰੀ ਸਰੋਕਾਰਾਂ ਦੀ ਪ੍ਰਤੀਕ

ਕਰਮਜੀਤ ਕੌਰ ਕਿਸਾਂਵਲ ਦੀ ਕਵਿਤਾ ਦੇ ਦੋ ਮੌਲਿਕ ਕਾਵਿ ਸੰਗ੍ਰਹਿ ‘ਸੁਣ ਵੇ ਮਾਹੀਆ’ ਅਤੇ ‘ਗਗਨ ਦਮਾਮੇ ਦੀ ਤਾਲ’ ਅਤੇ ਤੀਜਾ ਸੰਪਾਦਿਤ ਕਾਵਿ ਸੰਗ੍ਰਹਿ ਸਿਰਜਣਹਾਰੀਆਂ ਪ੍ਰਕਾਸ਼ਤ ਹੋ ਚੁੱਕੇ ਹਨ। ਉਸਦੀ ਯੁਗੇ ਯੁਗੇ ਨਾਰੀ ਚੌਥੀ ਪ੍ਰੰਤੂ ਵਾਰਤਕ ਦੀ ਪਹਿਲੀ ਪੁਸਤਕ ਹੈ। ਗੋਸਲ ਪ੍ਰਕਾਸ਼ਨ ਪਿੰਡ ਸਹਾਰਨ ਮਾਜਰਾ ਜਿਲ੍ਹਾ ਲੁਧਿਆਣਾ ਵੱਲੋਂ ਪ੍ਰਕਾਸ਼ਤ 88 ਪੰਨਿਆਂ ਦੀ 220 ਰੁਪਏ ਕੀਮਤ ਵਾਲੀ ਇਸ ਪੁਸਤਕ ਵਿਚ 10 ਲੇਖ ਹਨ। ਪੁਸਤਕ ਦਾ ਸੁੰਦਰ ਮੁੱਖ ਕਵਰ ਵੀ ਇਸਤਰੀ ਦੀ ਜ਼ਖ਼ਮੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ ਅਤੇ ਹਰਾ ਰੰਗ ਵਾਤਾਵਰਨ ਪ੍ਰੇਮੀ ਹੋਣ ਦਾ ਲਖਾਇਕ ਹੈ। ਇਸ ਪੁਸਤਕ ਦੇ ਸਾਰੇ ਲੇਖ ਇਸਤਰੀ ਜਾਤੀ ਦੀ ਤ੍ਰਾਸਦੀ ਦਾ ਪ੍ਰਗਟਾਵਾ ਕਰਦੇ ਹੋਏ ਨਾਰੀ ਸਰੋਕਾਰਾਂ ਦੀ ਤਰਜਮਾਨੀ ਕਰਦੇ ਹਨ। ਸਾਰੇ ਲੇਖਾਂ ਦੇ ਸਿਰਲੇਖ ਵੀ ਬਹੁਤ ਢੁਕਵੇਂ ਤੇ ਇਸਤਰੀ ਦੀ ਦੁੱਖਦੀ ਰਗ ‘ਤੇ ਹੱਥ ਰੱਖਦੇ ਹਨ। ਸਿਰਲੇਖ ਵੇਖਦਿਆਂ ਹੀ ਪਾਠਕ ਦੀ ਪੜ੍ਹਨ ਦੀ ਰੌਚਿਕਤਾ ਪੈਦਾ ਹੋ ਜਾਂਦੀ ਹੈ। ਲੇਖਿਕਾ ਦੇ ਲੇਖਾਂ ਦਾ ਬਾਰੀਕੀ ਨਾਲ ਅਧਿਐਨ ਕਰਨ ਤੋਂ ਪਤਾ ਲਗਦਾ ਹੈ ਕਿ ਉਹ ਇਕ ਚਿੰਤਨਸ਼ੀਲ ਅਨੁਭਵ ਦੀ ਮਾਲਕ ਹੈ, ਜਿਸਨੇ ਇਸਤਰੀ ਜ਼ਾਤੀ ਬਾਰੇ ਸਮਾਜ ਦੀ ਮਾਨਸਿਕਤਾ ਅਤੇ ਗਿਆਨ ਦੇ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰ ਦਿੱਤਾ ਹੈ। ਇਉਂ ਮਹਿਸੂਸ ਹੁੰਦਾ ਹੈ ਕਿ ਲੇਖਕਾ ਨੇ ਇਸਤਰੀ ਦੇ ਸਰੋਕਾਰਾਂ ਨਾਲ ਸੰਬੰਧ ਸੰਸਾਰ ਦੇ ਵਰਤਾਰੇ ਦਾ ਤੁਲਨਾਤਮਿਕ ਅਧਿਐਨ ਕੀਤਾ ਹੋਇਆ ਹੈ। ਉਸਦੇ ਲੇਖ ਭਾਵੇਂ ਬਹੁਤੇ ਭਾਰਤ ਵਿਚ ਇਸਤਰੀ ਦੀ ਦੁਰਦਸ਼ਾ ਨਾਲ ਸੰਬੰਧਤ ਹਨ ਪ੍ਰੰਤੂ ਸੰਸਾਰ ਵਿਚ ਜੋ ਇਸਤਰੀ ਨਾਲ ਵਾਪਰਦਾ ਰਿਹਾ ਹੈ, ਉਸਦਾ ਵੀ ਵਿਸ਼ਲੇਸ਼ਣ ਕੀਤਾ ਹੋਇਆ ਹੈ। ਉਹ ਆਪਣੇ ਲੇਖਾਂ ਰਾਹੀਂ ਨਾਰੀ ਜਾਤੀ ਵਿਚ ਆਪਣੇ ਹੱਕਾਂ ਲਈ ਜਾਗਰੂਕਤਾ ਪੈਦਾ ਕਰਕੇ ਨਾਰੀ ਚੇਤਨਾ ਪੈਦਾ ਕਰਨਾ ਚਾਹੁੰਦੀ ਹੈ। ਉਹ ਮਹਿਸੂਸ ਕਰਦੀ ਹੈ ਕਿ ਇਸਤਰੀ ਸਾਰੀ ਉਮਰ ਵੱਖ-ਵੱਖ ਰੂਪਾਂ ਜਿਵੇਂ ਮਾਂ, ਭੈਣ, ਪਤਨੀ, ਪ੍ਰੇਮਕਾ, ਪੁਤਰੀ ਆਦਿ ਹੁੰਦਿਆਂ ਮਰਦ ਦੇ ਦਬਾਅ ਅਧੀਨ ਵਿਚਰਦੀ ਰਹਿੰਦੀ ਹੈ। ਉਹ ਹਮੇਸ਼ਾ ਅਜਿਹੇ ਦਬਾਅ ਵਿਚ ਘੁਟਨ ਮਹਿਸੂਸ ਕਰਦੀ ਹੋਈ ਵੀ ਕੁਸਕਦੀ ਨਹੀਂ। ਇਹੋ ਔਰਤ ਦੀ ਤ੍ਰਾਸਦੀ ਹੈ। ਲੇਖਿਕਾ ਦੇ ਲੇਖਾਂ ਤੋਂ ਭਾਸਦਾ ਹੈ ਕਿ ਉਹ ਇਹ ਵੀ ਨਹੀਂ ਚਾਹੁੰਦੀ ਕਿ ਇਸਤਰੀ ਅਤੇ ਮਰਦ ਵਿਚ ਟਕਰਾਓ ਵਾਲੀ ਸਥਿਤੀ ਪੈਦਾ ਹੋਵੇ ਕਿਉਂਕਿ ਔਰਤ ਅਤੇ ਮਰਦ ਦੋਵੇਂ ਇਕ ਦੂਜੇ ਦੇ ਪੂਰਕ ਹਨ। ਪ੍ਰੰਤੂ ਉਹ ਇਹ ਜ਼ਰੂਰ ਸੋਚਦੀ ਹੈ ਕਿ ਔਰਤ ਅਤੇ ਮਰਦ ਵਿਚ ਸੰਬਾਦ ਰਾਹੀਂ ਇਕਸੁਰਤਾ ਪੈਦਾ ਹੋਣੀ ਚਾਹੀਦੀ ਹੈ। ਉਹ ਆਪਣੇ ਲੇਖਾਂ ਵਿਚ ਇਤਿਹਾਸਕ ਘਟਨਾਵਾਂ ਦੀਆਂ ਉਦਾਹਰਣਾਂ ਦੇ ਕੇ ਸਾਬਤ ਕਰਨਾ ਚਾਹੁੰਦੀ ਹੈ ਕਿ ਇਸਤਰੀ ਨੂੰ ਮੁੱਢ ਕਦੀਮ, ਭਾਵ ਯੁਗਾਂ ਯੁਗਾਂਤਰਾਂ ਤੋਂ ਹੀ ਬਰਾਬਰਤਾ ਦਾ ਅਧਿਕਾਰ ਨਹੀਂ ਮਿਲ ਰਿਹਾ ਸਗੋਂ ਅਨਿਅਏ ਹੋ ਰਿਹਾ ਹੈ। ਹੁਣ ਇਸਤਰੀ ਜਾਤੀ ਦੇ ਪੜ੍ਹਨ ਨਾਲ ਜਾਗ੍ਰਤੀ ਪੈਦਾ ਹੋ ਰਹੀ ਹੈ ਪ੍ਰੰਤੂ ਅਜੇ ਵੀ ਸਮਾਜ ਦੀ ਮਾਨਸਿਕਤਾ ਆਪਣੀ ਪੁਰਾਤਨਤਾ ਵਿਚੋਂ ਬਾਹਰ ਆਉਣ ਲਈ ਤਿਆਰ ਨਹੀਂ। ਇਸ ਤਰ੍ਹਾਂ ਨਾਰੀ ਦੋਹਰਾ ਸਰੀਰਕ ਅਤੇ ਮਾਨਸਿਕ ਸੰਤਾਪ ਹੰਢਾ ਰਹੀ ਹੈ। ਉਸਨੂੰ ਭੋਗਣਯੋਗ ਵਸਤੂ ਹੀ ਸਮਝਿਆ ਜਾ ਰਿਹਾ ਹੈ। ਉਸ ਨਾਲ ਹਮੇਸ਼ਾ ਹੀ ਅਮਾਨਵੀ ਵਤੀਰਾ ਕੀਤਾ ਜਾ ਰਿਹਾ ਹੈ। ਲੇਖਕਾ ਆਸਵੰਦ ਵੀ ਹੈ ਕਿ ਔਰਤ ਹੁਣ ਆਰਥਿਕ ਤੌਰ ਤੇ ਸਵੈਨਿਰਭਰ ਹੋ ਗਈ ਹੈ ਪ੍ਰੰਤੂ ਉਸ ਦੀਆਂ ਸਮੱਸਿਆਵਾਂ ਖ਼ਤਮ ਹੋਣ ਵਿਚ ਨਹੀਂ ਆਉਂਦੀਆਂ। ਇਸ ਪੁਸਤਕ ਦਾ ਪਹਿਲਾ ਲੇਖ ‘ਵਸਤੂ ਅਰਥਾਂ ਤੱਕ ਸਿਮਟੀ ਨਾਰੀ-ਹੋਂਦ’ ਵਿਚ ਲਿਖਦੀ ਹੈ ਕਿ ਸਮਾਜ ਨੇ ਨਾਰੀ ਬਾਰੇ ਨਰ ਦੀ ਮਾਨਸਿਕਤਾ ਬਣਾਉਣ ਵਿਚ ਯੋਗਦਾਨ ਪਾਇਆ ਹੈ ਕਿਉਂਕਿ ਜਿਹੋ ਜਿਹਾ ਸਮਾਜ ਹੋਵੇਗਾ ਉਹੋ ਜਿਹੀ ਹੀ ਮਾਨਸਿਕਤਾ ਬਣ ਜਾਂਦੀ ਹੈ। ਦੇਵਦਾਸੀ ਪ੍ਰਥਾ, ਵਿਧਵਾ ਵਿਆਹ, ਬਾਲ ਵਿਆਹ, ਖਾਪ ਪੰਚਾਇਤਾਂ, ਯੋਨ ਹਿੰਸਾ, ਆਨਰ ਕਿਲਿੰਗ, ਤੇਜ਼ਾਬੀ ਹਮਲੇ, ਭਰੂਣ ਹੱਤਿਆ ਅਤੇ ਸਤੀ ਪ੍ਰਥਾ ਨੇ ਔਰਤ ਦੀ ਗ਼ੁਲਾਮੀ ਵਾਲੀ ਮਾਨਸਿਕਤਾ ਬਣਾਈ ਹੈ। ਲੇਖਿਕਾ ਅਨੁਸਾਰ ਉਚ ਜ਼ਾਤੀ ਦੇ ਲੋਕ ਦਿਨ ਵੇਲੇ ਔਰਤ ਨੂੰ ਅਛੂਤ ਸਮਝਦੇ ਹਨ ਪ੍ਰੰਤੂ ਰਾਤ ਨੂੰ ਉਹੀ ਔਰਤ ਉਨ੍ਹਾਂ ਦੇ ਭੋਗਣ ਲਈ ਪਵਿਤਰ ਬਣ ਜਾਂਦੀ ਹੈ। ਔਰਤ ਨੂੰ ਇਨਸਾਨੀ ਪਹਿਚਾਣ ਅਜੇ ਤੱਕ ਨਹੀਂ ਮਿਲੀ। ‘ਵਿਚ ਬਾਜ਼ਾਰੀਂ ਵਿਕਦੀ ਨਾਰੀ’ ਲੇਖ ਵਿਚ ਇਸਤਰੀ ਨੂੰ ਵਰਤਮਾਨ ਖ਼ਪਤਕਾਰੀ ਯੁਗ ਵਿਚ ਆਧੁਨਿਕ ਢੰਗ ਨਾਲ ਇਸ਼ਤਿਹਾਰਬਾਜ਼ੀ ਰਾਹੀਂ ਵਰਤਿਆ ਜਾ ਰਿਹਾ ਹੈ। ਹਰ ਵਸਤੂ ਨੂੰ ਵੇਚਣ ਲਈ ਔਰਤ ਦੇ ਸਰੀਰ ਦਾ ਪ੍ਰਦਰਸ਼ਣ ਕਰਕੇ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ। ਔਰਤ ਦੇ ਕਾਮੁਕ ਦ੍ਰਿਸ਼ਾਂ ਵਾਲੇ ਇਸ਼ਤਿਹਾਰ ਬਣਾਕੇ ਵਸਤਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਉਂ ਲੱਗ ਰਿਹਾ ਹੁੰਦਾ ਜਿਵੇਂ ਪ੍ਰੋਡਕਟ ਦੀ ਥਾਂ ਔਰਤ ਵੇਚੀ ਜਾ ਰਹੀ ਹੈ। ਇਸ ਲੇਖ ਵਿਚ ਲੇਖਿਕਾ ਔਰਤਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਤਾਂ ਜੋ ਉਹ ਜਾਗ੍ਰਿਤ ਹੋ ਕੇ ਸੰਭਲ ਸਕਣ। ‘ਮੈਂ ਦਰਦ ਕਹਾਣੀ ਰਾਤਾਂ ਦੀ’ ਲੇਖ ਵਿਚ ਦੇਵਦਾਸੀ ਪ੍ਰਥਾ ਧਰਮ ਦੀ ਆੜ ਵਿਚ ਇਸਤਰੀ ਦਾ ਸ਼ੋਸ਼ਣ ਹੈ। ਅਜੇ ਵੀ ਇਹ ਪ੍ਰਥਾ ਦੱਖਣੀ ਭਾਰਤ ਦੇ ਮੰਦਰਾਂ ਵਿਚ ਵੇਖਣ ਨੂੰ ਮਿਲਦੀ ਹੈ। ਸਰਮਾਏਦਾਰੀ ਦੇ ਯੁਗ ਵਿਚ ਦੇਹ ਵਪਾਰ ਪ੍ਰਫੁਲਤ ਹੋਇਆ ਹੈ। ਲੇਖਕਾ ਇਕ ਸਰਵੇਖਣ ਦਾ ਹਵਾਲਾ ਦੇ ਕੇ ਦੇਹ ਵਪਾਰ ਵਿਚ ਭਾਰਤ ਦਾ 7ਵਾਂ ਨੰਬਰ ਦੱਸਦੀ ਹੈ ਜੋ ਸ਼ਰਮਨਾਕ ਗੱਲ ਹੈ। 2016 ਦੇ ਸਰਵੇਖਣ ਅਨੁਸਾਰ ਭਾਰਤ ਵਿਚ ਦੇਹ ਵਪਾਰ ਜ਼ੋਰ ਜ਼ਬਰਦਸਤੀ ਕਰਵਾਇਆ ਜਾ ਰਿਹਾ ਹੈ।  ਲੇਖਕਾ ਲਿਖਦੀ ਹੈ ਕਿ ਭਾਰਤ ਵਿਚ 1100 ਰੈਡ ਲਾਈਟ ਏਰੀਏ ਹਨ ਅਤੇ 3 ਲੱਖ ਚਕਲੇ ਚਲ ਰਹੇ ਹਨ। ਕੱਲਕੱਤਾ ਵਿਖੇ ਸੋਨਾਗਾਚੀ, ਦਿੱਲੀ ਵਿਖੇ ਜੀ ਬੀ ਰੋਡ ਅਤੇ ਮੁੰਬਈ ਦਾ ਕਮਾਠੀਪੁਰਾ ਇਲਾਕੇ ਸਭ ਤੋਂ ਵੱਡੇ ਦੇਹ ਵਪਾਰ ਦੇ ਅੱਡੇ ਹਨ। ਕਮਾਠੀਪੁਰਾ ਰੈਡ ਲਾਈਟ ਏਰੀਏ ਵਿਚ 2 ਲੱਖ ਸੈਕਸ ਵਰਕਰਾਂ ਦੇ ਪਰਿਵਾਰ ਰਹਿੰਦੇ ਹਨ। ਇਹ ਸੰਸਾਰ ਦਾ ਪ੍ਰਮੁੱਖ ਰੈਡ ਲਾਈਟ ਏਰੀਆ ਹੈ। ‘ਜਿਉਂਦੀ ਲਾਸ਼ ਦੀ ਕਥਾ’ ਸਿਰਲੇਖ ਵਾਲਾ ਲੇਖ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਔਰਤਾਂ ਬਾਰੇ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਬਲਾਤਕਾਰ ਦਾ ਸ਼ਿਕਾਰ ਔਰਤ ਨੂੰ ਸਮਾਜ ਘ੍ਰਿਣਾ ਦੀ ਨਿਗਾਹ ਨਾਲ ਵੇਖਦਾ ਹੈ। ਉਸ ਔਰਤ ਦਾ ਕੀ ਕਸੂਰ ਹੈ? ਇਥੋਂ ਤੱਕ ਕਿ ਰਿਸ਼ਤੇਦਾਰ ਅਤੇ ਨਜ਼ਦੀਕੀ ਵੀ ਸਾਥ ਛੱਡ ਜਾਂਦੇ ਹਨ। ਇਸ ਲੇਖ ਵਿਚ ਉਹ ਅਰੁਣਾ ਨਾਂ ਦੀ ਔਰਤ ਦੀ ਦਰਦ ਭਰੀ ਕਹਾਣੀ ਦਾ ਜ਼ਿਕਰ ਕਰਦੀ ਹੈ। ਆਧੁਨਿਕਤਾ ਦੇ ਦੌਰ ਵਿਚ ਸੰਵੇਦਨਸ਼ੀਲਤਾ ਅਤੇ ਨੈਤਿਕਤਾ ਖ਼ਤਮ ਹੋ ਰਹੀ ਹੈ। ਆਮ ਲੋਕਾਂ ਦੇ ਜਾਗ੍ਰਤ ਹੋਣ ਨੂੰ ਲੇਖਕਾ ਜ਼ਰੂਰੀ ਸਮਝਦੀ ਹੈ ਤਾਂ ਹੀ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ‘ਕੌਲ ਫੁੱਲਾਂ ਜਿਹੇ ਪੈਰ’ ਸਿਰਲੇਖ ਵਾਲੇ ਲੇਖ ਵਿਚ ਚੀਨ ਦੇਸ਼ ਵਿਚ ਔਰਤਾਂ ਦੇ ਪੈਰ ਬੰਨ੍ਹਕੇ ਵਿੰਗੇ ਕਰਨ ਵਰਗੀ ਪ੍ਰਵਿਰਤੀ ਦਾ ਜ਼ਿਕਰ ਕਰਦੀ ਹੈ, ਜਿਸ ਨੂੰ ਫੁੱਟ ਬਾਈਂਡਿੰਗ, ਕੰਵਲ ਪੈਰ ਅਤੇ ਸੁਨਹਿਰੇ ਕੰਵਲ ਆਦਿ ਨਾਂ ਦਿੱਤੇ ਗਏ ਹਨ। ਇਹ ਪ੍ਰਥਾ 1950 ਤੱਕ ਚਲਦੀ ਰਹੀ ਹੈ। ‘ਪੈਰ ਕੰਡਿਆਂ ਤੇ ਵੀ ਨਚਦੇ ਰਹੇ’ ਸਿਰਲੇਖ ਵਾਲੇ ਲੇਖ ਵਿਚ ਦਰਸਾਇਆ ਗਿਆ ਹੈ ਕਿ ਔਰਤ ਤਲਵਾਰ ਦੀ ਨੋਕ ਤੇ ਤੁਰਦੀ ਹੈ ਕਿਉਂਕਿ ਉਸਨੂੰ ਧਾਰਮਿਕ ਗ੍ਰੰਥਾਂ ਵਿਚ ਵੀ ਦੁਰਕਾਰਿਆ ਗਿਆ ਹੈ। ਅਧਿਆਤਮਕ ਸੰਸਕ੍ਰਿਤੀ ਵਾਲੇ ਯੁਗ ਵਿਚ ਔਰਤ ਨੂੰ ਆਦਮੀ ਆਪਣੀ ਜਇਦਾਦ ਸਮਝਦਾ ਰਿਹਾ। ਵਿਆਹ ਲਈ ਕੰਨ੍ਹਿਆਵਾਂ ਖ੍ਰੀਦੀਆਂ ਅਤੇ ਵੇਚੀਆਂ ਜਾਂਦੀਆਂ ਰਹੀਆਂ। ਪਰਵਿਰਤੀ ਯੁਗ ਵਿਚ ਵੀ ਸੀਤਾ ਨੂੰ ਗ਼ੁਲਾਮੀ ਭੋਗਣੀ ਪਈ। ਉਸਦੇ ਅਗਵਾ ਹੋਣ ਤੋਂ ਬਾਅਦ ਅਗਨੀ ਪ੍ਰੀਖਿਆ ਦੇਣੀ ਪਈ। ਰਾਮ ਨੇ ਉਸਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ। ਅਨਿਆਂ ਵਾਲਾ ਵਿਵਹਾਰ ਸਭਿਅਤਾ ਦੇ ਵਿਕਾਸ ਨਾਲ ਵੀ ਖ਼ਤਮ ਨਹੀਂ ਹੋਇਆ। ਧਾਰਮਿਕ ਗ੍ਰੰਥਾਂ ਵੇਦ, ਰਾਮਾਇਣ, ਮਹਾਂ ਭਾਰਤ, ਪੁਰਾਣ, ਸਿਮ੍ਰਤੀਆਂ ਵੀ ਨਾਰੀ ਨੂੰ ਮਾਣਤਾ ਨਹੀਂ ਦਿੰਦੀਆਂ। ਧਰਮਯੁਗ ਵਿਚ ਅਹੱਲਿਆ ਨਾਲ ਇੰਦਰ ਦੇਵਤਾ ਛੱਲ ਕਰਦਾ ਹੈ। ਦਰੋਪਤੀ ਨੂੰ ਪੰਜ ਪਤੀ ਬਰਦਾਸ਼ਤ ਕਰਨੇ ਪੈਂਦੇ ਹਨ। ਜੂਏ ਵਿਚ ਹਾਰੀ ਜਾਂਦੀ ਹੈ। ਮਨੂੰ ਸਿਮਰਤੀ ਅਨੁਸਾਰ ਔਰਤ ਨੂੰ ਪਿਤਾ, ਪਤੀ ਅਤੇ ਫਿਰ ਲੜਕੇ ਦੇ ਅਧੀਨ ਰਹਿਣਾ ਪੈਂਦਾ। ਵਿਧਵਾ ਵਿਆਹ ਨਹੀਂ ਕਰ ਸਕਦੀ। ਗਰੁੜ ਪੁਰਾਣ ਅਤੇ ਯਜੁਰਵੇਦ ਅਨੁਸਾਰ ਪਤੀ ਦੇ ਨਾਲ ਸਤੀ ਹੋਣਾ ਪੈਂਦਾ। ਤੁਲਸੀ ਦਾਸ ਦੀ ਰਾਮਾਇਣ ਔਰਤ ਨੂੰ ਤਾੜਨ ਦੀ ਤਾਕੀਦ ਕਰਦੀ ਹੈ। ਸਿਰਫ ਇਕੋ ਇਕ ਗੁਰੂ ਨਾਨਕ ਦੇਵ ਜੀ ਹਨ, ਜਿਹੜੇ ਔਰਤ ਦੀ ਬਰਾਬਰੀ ਦੀ ਗੱਲ ਕਰਦੇ ਹਨ। ‘ਡੇਰਾਵਾਦ ਤੇ ਨਾਰੀ’ ਵਿਚਲੇ ਲੇਖ ਵਿਚ ਵੀ ਔਰਤ ਦੀ ਮਾਨਸਿਕਤਾ ਦਾ ਵਿਕਾਸ ਨਾ ਹੋਣ ਕਰਕੇ ਅਖੌਤੀ ਧਾਰਮਿਕ ਗੁਰੂਆਂ ਦੇ ਪਖੰਡ ਵਿਚ ਫਸਕੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਇਸਤਰੀਆਂ ਸਭ ਤੋਂ ਵੱਧ ਡੇਰਿਆਂ ਵਿਚ ਜਾਂਦੀਆਂ ਹਨ ਕਿਉਂਕਿ ਉਹ ਡੇਰਾਵਾਦ ਨੂੰ ਧਰਮ ਸਮਝਣ ਲੱਗ ਪੈਂਦੀਆਂ ਹਨ। ‘ਖਤਨਾ: ਇਕ ਅਮਾਨਵੀ ਵਰਤਾਰਾ’ ਲੇਖ ਵਿਚ ਦੱਸਿਆ ਗਿਆ ਹੈ ਕਿ ਜਦੋਂ ਔਰਤ ਵਿਚ ਜਿਨਸੀ ਇੱਛਾ ਪੈਦਾ ਹੋ ਜਾਂਦੀ ਹੈ ਤਾਂ ਉਸਨੂੰ ਸੰਭੋਗ ਤੋਂ ਰੋਕਣ ਲਈ ਉਸਦਾ ਜਨਣ-ਅੰਗਛੇਦਣ ਕਰ ਦਿੱਤਾ ਜਾਂਦਾ ਹੈ। ਇਸਨੂੰ ਔਰਤ ਦੀ ਸੁੰਨਤ ਵੀ ਕਿਹਾ ਜਾਂਦਾ ਹੈ। ਇਹ ਅਮਾਨਵੀ ਵਰਤਾਰਾ ਹੈ ਜੋ ਕਿ ਜ਼ਿਆਦਾਤਰ ਅਫਰੀਕਾ, ਏਸ਼ੀਆ ਅਤੇ ਮੱਧ ਪੂਰਵ ਵਿਚ ਮਿਲਦਾ ਹੈ। ਇਸਨੂੰ ਔਰਤ ਦੀ ਪਵਿਤਰਤਾ ਨਾਲ ਜੋੜਿਆ ਜਾਂਦਾ ਹੈ। ਇਹ ਔਰਤ ਨਾਲ ਮੰਦ ਭਾਵਨਾ ਨਾਲ ਕੀਤਾ ਜਾਂਦਾ ਅਨਿਆਏ ਹੈ। ਇੰਝ ਆਮ ਤੌਰ ਘਰਾਂ ਵਿਚ ਹੀ ਬਜ਼ੁਰਗ ਔਰਤਾਂ ਕਰ ਦਿੰਦੀਆਂ ਹਨ, ਜਿਹੜਾ ਕਿ ਬੱਚੀਆਂ ਲਈ ਦੁੱਖਦਾਈ ਹੁੰਦਾ ਹੈ। ਦੇਸੀ ਪ੍ਰਣਾਲੀ ਨਾਲ ਕਈ ਭਿਆਨਕ ਬਿਮਾਰੀਆਂ ਦਾ ਖਦਸ਼ਾ ਪੈਦਾ ਹੋ ਜਾਂਦਾ ਹੈ। ਔਰਤਾਂ ਦੀ ਸੁੰਨਤ ਨੂੰ ਸਮਾਜਿਕ ਮਾਣਤਾ ਪ੍ਰਾਪਤ ਹੈ, ਜਿਸ ਕਰਕੇ ਉਹ ਤੀਹਰੀ ਪੀੜਾ ਸਹਿਨ ਕਰਦੀਆਂ ਹਨ। ਇਹ ਪ੍ਰਥਾ ਭਾਰਤ ਵਿਚ ਵੀ ਬੋਹਰਾ ਤੇ ਸ਼ੀਆ ਸਮੁਦਾਏ ਵਿਚ ਵੀ ਪਾਈ ਜਾਂਦੀ ਹੈ। ‘ਇਸਲਾਮੀ ਮੁਲਕਾਂ ਵਿਚ ਨਾਰੀ’ ਵਾਲੇ ਲੇਖ ਵਿਚ ਦਰਸਾਇਆ ਗਿਆ ਹੈ ਕਿ ਪਾਕਿਸਤਾਨ, ਬੰਗਲਾ ਦੇਸ਼, ਅਫ਼ਗਾਨਿਸਤਾਨ, ਇਰਾਨ, ਇਰਾਕ, ਸਊਦੀ ਅਰਬ ਆਦਿ ਦੇਸ਼ਾਂ ਵਿਚ ਔਰਤਾਂ ਦੀ ਸਥਿਤੀ ਬਹੁਤ ਹੀ ਅਪਮਾਨ ਵਾਲੀ ਹੈ। ਬਰਾਬਰਤਾ ਦਾ ਅਧਿਕਾਰ ਨਹੀਂ ਅਤੇ ਪ੍ਰਦਾ ਪ੍ਰਥਾ ਭਾਰੂ ਹੈ। ਪਾਕਿਸਤਾਨ ਵਿਚ ਬਲਾਤਕਾਰੀ ਜੇਕਰ ਆਪ ਮੰਨੇਗਾ ਜਾਂ ਚਾਰ ਮੁਸਲਮਾਨ ਮਰਦ ਗਵਾਹੀ ਦੇਣਗੇ ਤਾਂ ਹੀ ਮਾਮੂਲੀ ਸਜ਼ਾ ਹੋ ਸਕਦੀ ਹੈ। ਜੇਕਰ ਇਹ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਔਰਤ ਨੂੰ ਚਰਿਤਰਹੀਣ ਅਤੇ ਵਿਭਚਾਰੀ ਕਿਹਾ ਜਾਵੇਗਾ ਤੇ ਉਲਟੀ ਸ਼ਜਾ ਔਰਤ ਨੂੰ ਹੋਵੇਗੀ। ਮੁਸਲਮ ਦੇਸ਼ਾਂ ਵਿਚ ਪ੍ਰਦਾ ਪਥ੍ਰਾ, ਅਣਜੋੜ ਵਿਆਹ, ਘਰੇਲੂ ਹਿੰਸਾ, ਬਹੁ ਪਤਨੀ ਪ੍ਰਥਾ, ਬਾਲ ਵਿਆਹ ਅਤੇ ਜ਼ਬਰੀ ਵਿਆਹ ਵੀ ਆਮ ਹਨ। ਸਾਊਦੀ ਅਰਬ ਵਿਚ ਲੜਕੀਆਂ ਲਈ ਸਕੂਲ ਵੱਖਰੇ ਹਨ, ਉਹ ਵਿਗਿਆਨ ਅਤੇ ਸਰੀਰਕ ਸਿਖਿਆ ਵਿਸ਼ੇ ਨਹੀਂ ਪੜ੍ਹ ਸਕਦੀਆਂ। ਔਰਤ ਜੱਜ ਨਹੀਂ ਬਣ ਸਕਦੀ ਅਤੇ ਨਾ ਹੀ ਪਤੀ ਦੀ ਸਹਿਮਤੀ ਤੋਂ ਬਿਨਾਂ ਬੈਂਕ ਵਿਚ ਅਕਾਊਂਟ ਖੁਲ੍ਹਵਾ ਸਕਦੀ ਹੈ। ‘ਕਵਿਤਾ ਦੇ ਪਰਾਂ ‘ਤੇ ਉੱਡਦੀ ਨਾਰੀ’ ਲੇਖ ਵਿਚ ਦੱਸਿਆ ਗਿਆ ਹੈ ਕਿ ਭਾਰਤ ਵਿਚ ਕਵਿਤਾ ਔਰਤ ਦੁਆਲੇ ਹੀ ਘੁੰਮਦੀ ਹੈ। ਪ੍ਰੰਤੂ ਮੱਧ ਕਾਲ ਵਿਚ ਨਾਥਾਂ ਜੋਗੀਆਂ ਦੁਆਰਾ ਆਪਣੀਆਂ ਰਚਨਾਵਾਂ ਵਿਚ ਔਰਤ ਦੀ ਨਿੰਦਿਆ ਕੀਤੀ ਹੀ ਮਿਲਦੀ ਹੈ। ਇਥੋਂ ਤੱਕ ਕਿ ਔਰਤ ਨੂੰ ਬਘਿਆੜਨ ਤੱਕ ਕਿਹਾ ਹੈ। ਗੁਰਮਤਿ ਕਾਵਿ ਵਿਚ ਇਸਤਰੀ ਦੀ ਹੋਂਦ ਨੂੰ ਮਹਿਸੂਸ ਕੀਤਾ ਗਿਆ ਹੈ। ਸਿੰਘ ਸਭਾ ਲਹਿਰ ਦਾ ਵੀ ਚੰਗਾ ਅਸਰ ਹੋਇਆ। ਵਰਤਮਾਨ ਸਮੇਂ ਵਿਚ ਇਸਤਰੀ ਲੇਖਕਾਂ ਖਾਸ ਤੌਰ ਤੇ ਕਵਿਤਰੀਆਂ ਨੇ ਵੱਡੀ ਪੱਧਰ ਤੇ ਕਾਵਿ ਸਿਰਜਣਾ ਕੀਤੀ ਹੈ। ਇਸ ਨਾਲ ਔਰਤਾਂ ਦੀ ਜਾਗਰੂਕਤਾ ਦਾ ਪ੍ਰਗਟਾਵਾ ਹੁੰਦਾ ਹੈ।  ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਇਸਤਰੀਆਂ ਦੇ ਉਭਾਰ ਲਈ ਮੀਲ ਪੱਥਰ ਸਾਬਤ ਹੋਵੇਗੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>