ਕੁੰਵਰ ਵਿਜੈ ਦੀ ਬਦਲੀ ਨੇ ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਿਆ

ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਲਗਾਤਾਰ ਸਿੱਖਾਂ ਵੱਲੋਂ ਹੀ ਜ਼ਾਰੀ ਹੈ। ਪਿੱਛੇ ਜਹੇ ਨਾਦੇੜ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਿਚ ਤਬਦੀਲੀ ਕਰਕੇ ਭਾਰਤੀ ਜਨਤਾ ਪਾਰਟੀ ਦੀ ਮਹਾਰਾਸ਼ਟਰ ਦੀ ਸਰਕਾਰ ਨੇ ਸਿੱਖ ਜਗਤ ਨੂੰ ਵੰਗਾਰਿਆ ਸੀ। ਇਸ ਤੋਂ ਪਹਿਲਾਂ ਗੁਜਰਾਤ ਦੀ ਸਰਕਾਰ ਉਨ੍ਹਾਂ ਸਿੱਖਾਂ ਨੂੰ ਬੇਦਖ਼ਲ ਕਰ ਰਹੀ ਹੈ, ਜਿਨ੍ਹਾਂ ਸਵਰਗਵਾਸੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਦੇ ਸੱਦੇ ਤੇ ਗੁਜਰਾਤ ਦੇ ਜੰਗਲਾਂ ਨੂੰ ਵਾਹ ਯੋਗ ਬਣਾਕੇ ਉਪਜਾਊ ਜ਼ਮੀਨ ਵਿਚ ਬਦਲ ਦਿੱਤਾ ਸੀ। ਏਸੇ ਤਰ੍ਹਾਂ ਉਤਰ ਪ੍ਰਦੇਸ਼ ਸਰਕਾਰ ਤਰਾਈ ਦੇ ਇਲਾਕੇ ਦੇ ਕਿਸਾਨਾ ਨੂੰ ਤੰਗ ਕਰ ਰਹੀ ਹੈ।

ਤਾਜਾ ਘਟਨਾਕਰਮ ਬਹੁਤ ਹੀ ਸੰਜੀਦਾ ਹੈ। ਹੈਰਾਨੀ ਤੇ ਦੁੱਖ ਦੀ ਗੱਲ ਹੈ ਕਿ ਸਿੱਖ ਭਾਵਨਾਵਾਂ ਨੂੰ ਠੇਸ ਅਕਾਲੀ ਸਰਕਾਰ ਮੌਕੇ ਪਹੁੰਚੀ ਪ੍ਰੰਤੂ ਉਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਕਾਰਵਾਈ ਹੋਣ ਲੱਗੀ ਤੇ ਇਨਸਾਫ ਦਾ ਰਸਤਾ ਸਾਫ ਹੋਣ ਲੱਗਿਆ ਤਾਂ ਪੰਥਕ ਕਹਾਉਣ ਵਾਲੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੇ ਆਪਣੀ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਸਹਿਯੋਗ ਨਾਲ ਰਲਕੇ ਇਨਸਾਫ ਦਵਾਉਣ ਵਿਚ ਸਹਾਈ ਹੋਣ ਵਾਲੇ ਪੁਲਿਸ ਅਧਿਕਾਰੀ ਦੀ ਹੀ ਚੋਣ ਕਮਿਸ਼ਨ ਰਾਹੀਂ ਬਦਲੀ ਕਰਵਾ ਦਿੱਤੀ। ਸਿੱਖ ਜਗਤ ਦਾ ਨੁਕਸਾਨ ਆਪਣੇ ਹੀ ਸਿੱਖ ਕਰ ਰਹੇ ਹਨ। ਰਾਜ ਭਾਗ ਤਾਂ ਆਉਂਦੇ ਜਾਂਦੇ ਰਹਿਣਗੇ ਪ੍ਰੰਤੂ ਜਿਹੜਾ ਸਿੱਖ ਜਗਤ ਦਾ ਨੁਕਸਾਨ ਹੋ ਜਾਵੇਗਾ ਉਸਦੀ ਭਰਪਾਈ ਹੋਣੀ ਅਸੰਭਵ ਬਣ ਜਾਵੇਗੀ। ਸਿੱਖ ਪੰਥ ਦੇ ਪਹਿਰੇਦਾਰ ਕਹਾਉਣ ਵਾਲੇ ਸਿਆਸਤਦਾਨੋ ਸਿੱਖਾਂ ਤੇ ਰਹਿਮ ਕਰੋ।  ਸ਼ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਤੇ ਬਰਗਾੜੀ ਦੀਆਂ ਘਟਨਾਵਾਂ ਦੀ ਪੜਤਾਲ ਕਰਨ ਵਾਲੀ ਪੰਜਾਬ ਪੁਲੀਸ ਦੀ ਸਪੈਸ਼ਲ ਇਨਵੈਟੀਗੇਸ਼ਨ ਟੀਮ ਦੇ ਅਹਿਮ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਕੇ ਬਦਲੀ ਕਰਵਾਉਣਾ ਇਨਸਾਫ਼ ਦੇ ਰਾਹ ਵਿਚ ਰੋੜਾ ਅਟਕਾਉਣ ਦੇ ਬਰਾਬਰ ਹੈ। ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਦਿਆਨਦਾਰੀ ਦਾ ਸਿੱਕਾ ਚਲਦਾ ਹੈ। ਉਹ ਇਕ ਬੇਦਾਗ਼ ਅਤੇ ਨਿਰਪੱਖ ਅਧਿਕਾਰੀ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਪੰਜਾਬ ਦੇ ਲੋਕ ਪਹਿਲਾਂ ਹੀ ਸ੍ਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਅਗਵਾਈ ਵਿਚ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਉਦੋਂ ਦੀ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਸੰਜੀਦਗੀ ਨਾਲ ਨਾ ਲੈਣ ਕਰਕੇ ਅਤਿਅੰਤ ਦੁੱਖੀ ਹਨ। ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਭਾਈਚਾਰਾ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾਵਾਂ ਮਿਲਣ ਵਿਚ ਹੋ ਰਹੀ ਦੇਰੀ ਕਰਕੇ ਬੇਚੈਨੀ ਮਹਿਸੂਸ ਕਰ ਰਹੇ ਹਨ। ਬੇਅਦਬੀ ਦੀਆਂ ਘਟਨਾਵਾਂ ਅਤੇ ਡੇਰਾ ਸਿਰਸਾ ਦੇ ਮੁੱਖੀ ਨੂੰ ਪੰਜ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਸਰਕਾਰ ਦੀ ਸ਼ਹਿ ਤੇ ਮੁਆਫ਼ ਕਰਨ ਦੇ ਵਿਰੁੱਧ ਸ਼ਾਂਤਮਈ ਧਰਨਾ ਦੇ ਰਹੇ ਦੋ ਸਿੱਖ ਨੌਜਵਾਨਾ ਨੂੰ ਸ਼ਹੀਦ ਕਰਨ ਕਰਕੇ ਅਥਾਹ ਰੋਸ ਵਿਚ ਹਨ।

ਕੈਪਟਨ ਅਮਰਿੰਦਰ ਸਿੰਘ ਦੀ ਵਰਤਮਾਨ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਘਟਨਾਵਾਂ ਦੀ ਪੜਤਾਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਕਰਨ ਲਈ ਪੁਲਿਸ ਦੀ ਐਸ ਆਈ ਟੀ ਪੰਜਾਬ ਪੁਲਿਸ ਦੇ ਵਧੀਕ ਡੀ ਜੀ ਪੀ ਸ੍ਰੀ ਪ੍ਰਮੋਦ ਕੁਮਾਰ ਦੀ ਅਗਵਾਈ ਵਿਚ ਬਣਾਈ ਗਈ ਸੀ, ਜਿਸਦੇ ਕੁੰਵਰ ਵਿਜੈ ਪ੍ਰਤਾਪ ਸਿੰਘ ਮੈਂਬਰ ਸਨ। ਇਹ ਟੀਮ ਜਾਂਚ ਕਰ ਰਹੀ ਸੀ, ਜਿਸਦੇ ਨਤੀਜੇ ਵੱਜੋਂ ਪੁਲਿਸ ਅਧਿਕਾਰੀਆਂ ਤੇ ਕੇਸ ਦਰਜ ਹੋ ਗਏ ਸਨ ਅਤੇ ਕੁਝ ਸੀਨੀਅਰ ਪੁਲਿਸ ਅਧਿਕਾਰੀ ਜੇਲ੍ਹ ਵਿਚ ਬੰਦ ਹਨ। ਬਾਕੀ ਦੋਸ਼ੀਆਂ ਨੂੰ ਫੜਨ ਦੀ ਕਾਰਵਾਈ ਚਲ ਰਹੀ ਸੀ। ਤੱਥ ਇਕੱਠੇ ਕੀਤੇ ਜਾ ਰਹੇ ਸਨ। ਪੜਤਾਲ ਅੱਗੇ ਵੱਧ ਰਹੀ ਸੀ। ਵੱਡੀਆਂ ਸਿਆਸੀ ਮੱਛੀਆਂ ਦੇ ਪਕੜੇ ਜਾਣ ਦਾ ਖ਼ਦਸ਼ਾ ਸੀ, ਜਿਨ੍ਹਾਂ ਵਿਚ ਸਿਆਸੀ ਨੇਤਾ ਵੀ ਸ਼ਾਮਲ ਹੋਣ ਦਾ ਸ਼ੱਕ ਸੀ। ਇਸ ਜਾਂਚ ਦਾ ਚੋਣਾਂ ਨਾਲ ਕੋਈ ਸੰਬੰਧ ਨਹੀਂ ਸੀ ਕਿਉਂਕਿ ਇਹ ਪੜਤਾਲ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸ਼ੁਰੂ ਨਹੀਂ ਹੋਈ ਸੀ। ਇਹ ਤਾਂ 6 ਮਹੀਨੇ ਪਹਿਲਾਂ ਤੋਂ ਕੰਮ ਕਰ ਰਹੀ ਸੀ। ਪ੍ਰੰਤੂ ਅਕਾਲੀ ਦਲ ਵੱਲੋਂ ਅਕਾਲੀ ਦਲ ਦੇ ਰਾਜ ਸਭਾ ਦੇ ਮੈਂਬਰ ਨਰੇਸ਼ ਗੁਜਰਾਲ ਨੇ ਪੜਤਾਲ ਦੇ ਨਤੀਜਿਆਂ ਤੋਂ ਡਰਦਿਆਂ ਆਈ ਜੀ ਕੰਵਰ ਵਿਜੈ ਪ੍ਰਤਾਪ ਸਿੰਘ ਵਿਰੁਧ ਭਾਰਤੀ ਚੋਣ ਕਮਿਸ਼ਨ ਨੂੰ ਇਕ ਟੀ ਵੀ ਇੰਟਰਵਿਊ ਨੂੰ ਆਧਾਰ ਬਣਾਕੇ ਸ਼ਿਕਾਇਤ ਕੀਤੀ ਸੀ ਕਿ ਉਸਨੂੰ ਇਸ ਜਾਂਚ ਤੋਂ ਹਟਾ ਦਿੱਤਾ ਜਾਵੇ। ਚੋਣ ਕਮਿਸ਼ਨ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਆਈ ਜੀ ਕੁੰਵਰ ਪ੍ਰਤਾਪ ਸਿੰਘ ਦੀ ਤੁਰੰਤ ਬਦਲੀ ਕਰਨ ਦੇ ਹੁਕਮ ਕਰ ਦਿੱਤੇ ਹਨ। ਇਹ ਬਦਲੀ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਦੇ ਜ਼ਖ਼ਮਾ ਤੇ ਲੂਣ ਛਿੜਕਣ ਦਾ ਕੰਮ ਕਰੇਗੀ। ਇਕ ਕਿਸਮ ਨਾਲ ਅਕਾਲੀ ਦਲ ਨੇ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਲਈ ਹੈ। ਜਿਸਦਾ ਇਵਜਾਨਾ ਉਨ੍ਹਾਂ ਨੂੰ ਲੋਕ ਸਭਾ ਦੀਆਂ ਚੋਣਾ ਵਿਚ ਭੁਗਤਣਾ ਪੈ ਸਕਦਾ ਹੈ। ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਇਸ ਬਦਲੀ ਨਾਲ ਠੇਸ ਪਹੁੰਚੀ ਹੈ। ਇਸ ਸ਼ਿਕਾਇਤ ਨਾਲ ਅਕਾਲੀ ਦਲ ਦਾ ਮੁਖੌਟਾ ਨੰਗਾ ਹੋ ਗਿਆ ਹੈ। ਜੇਕਰ ਅਕਾਲੀ ਦਲ ਦੇ ਨੇਤਾ ਬੇਕਸੂਰ ਹਨ ਤਾਂ ਉਨ੍ਹਾਂ ਨੂੰ ਡਰਨ ਦੀ ਕੀ ਲੋੜ ਹੈ? ਅਸਲ ਵਿਚ ਚੋਰ ਦੀ ਦਾੜ੍ਹੀ ਵਿਚ ਤਿਣਕਾ ਹੋਣ ਕਰਕੇ ਇਹ ਸ਼ਿਕਾਇਤ ਹੋਈ ਹੈ।

ਅਕਾਲੀ ਦਲ ਨੇ ਇਹ ਸ਼ਿਕਾਇਤ ਵੀ ਜਾਣ ਬੁਝਕੇ ਇੱਕ ਗ਼ੈਰ ਸਿੱਖ ਤੋਂ ਕਰਵਾਈ ਹੈ, ਜਿਸ ਨੂੰ ਸਿੱਖਾਂ ਦੀਆਂ ਵਲੂੰਧਰੀਆਂ ਭਾਵਨਾਵਾਂ ਦਾ ਅਹਿਸਾਸ ਹੀ ਨਹੀਂ ਹੋ ਸਕਦਾ। ਨਰੇਸ਼ ਗੁਜਰਾਲ ਨੇ ਵੀ ਇਹ ਸ਼ਿਕਾਇਤ ਕਰਕੇ ਆਪਣੇ ਪਿਤਾ ਮਰਹੂਮ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੀਆਂ ਸਿੱਖਾਂ ਦੇ ਹੱਕ ਵਿਚ ਕੀਤੀਆਂ ਕਾਰਵਾਈਆਂ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ। ਜਿਹੜੇ ਦੋ ਵਿਅਕਤੀ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਸਨ ਉਨ੍ਹਾਂ ਵਿਚੋਂ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਸਿੰਘ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਜਾਂਚ ਕਮੇਟੀ ਤੋਂ ਜੋ ਇਨਸਾਫ਼ ਦੀ ਉਮੀਦ ਬੱਝੀ ਸੀ ਚੋਣ ਕਮਿਸ਼ਨ ਨੇ ਉਸ ਆਸ ਨੂੰ ਆਈ ਜੀ ਕੁੰਵਰ ਪ੍ਰਤਾਪ ਸਿੰਘ ਦੀ ਬਦਲੀ ਅਕਾਲੀ ਦਲ ਦੇ ਕਹਿਣ ਤੇ ਪੂਰਾ ਹੋਣ ਤੋਂ ਅਧਵਾਟੇ ਹੀ ਰੋਕ ਦਿੱਤਾ ਹੈ। ਇਨਸਾਫ ਮਿਲਣ ਵਿਚ ਦੇਰੀ ਕਰ ਦਿੱਤੀ ਹੈ। ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ। ਲੇਖਾ ਰੱਬੁ ਮੰਗੇਸੀਆ ਬੈਠਾ ਕਢਿ ਵਹੀ। ਅਨੁਸਾਰ ਇਸ ਕੀਤੀ ਗ਼ਲਤੀ ਦਾ ਨਤੀਜਾ ਭੁਗਤਣਾ ਪਵੇਗਾ। ਅਕਾਲੀ ਦਲ ਦੇ ਨੇਤਾ ਜਿਥੇ ਮਰਜੀ ਭੱਜ ਲੈਣ ਓੜਕ ਸੱਚ ਸਾਹਮਣੇ ਆ ਕੇ ਹੀ ਰਹੇਗਾ। ਚੋਣਾਂ ਖ਼ਤਮ ਹੋਣ ਤੋਂ ਬਾਅਦ ਆਈ ਜੀ ਫਿਰ ਆਪਣੇ ਅਹੁਦੇ ਤੇ ਆ ਜਾਵੇਗਾ, ਜਿਹੜੀ ਪੜਤਾਲ ਅਧਵਾਟੇ ਰੁਕ ਗਈ ਹੈ, ਉਹ ਮੁਕੰਮਲ ਹੋਵੇਗੀ ਜੇਕਰ ਅਕਾਲੀ ਸਿਆਸਤਦਾਨ ਜ਼ਿੰਮੇਵਾਰ ਹੋਣਗੇ ਤਾਂ ਉਨ੍ਹਾਂ ਨੂੰ ਵੀ ਜੇਲ੍ਹ ਦੀਆਂ ਕਾਲ ਕੋਠੜੀਆਂ ਵੇਖਣੀਆਂ ਪੈਣਗੀਆਂ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>