ਰਮਜ਼ਾਨ ਦਾ ਪਵਿੱਤਰ ਮਹੀਨਾ

ਇਸਲਾਮ ਧਰਮ ਪੰਜ ਥੰਮਾਂ ਜਾਂ ਸਿਧਾਤਾਂ ਤੇ ਖੜ੍ਹਾ ਹੈ। ਜਿਸ ਵਿੱਚ  ਸਭ ਤੋਂ ਪਹਿਲਾਂ ਥੰਮ ਹੈ ਇੱਕ ਰੱਬ ਤੇ ਵਿਸ਼ਵਾਸ਼ ਕਰਨਾ ਤੇ ਕੇਵਲ ਉਸ ਦੀ ਹੀ ਪੂਜਾ/ਬੰਦਗੀ ਕਰਨਾ ਅਤੇ ਮੁਹੰਮਦ (ਸਲ.) ਨੂੰ ਪੈਗੰਬਰ ਮੰਨ ਕੇ ਉਹਨਾਂ ਦੁਆਰਾ ਆਪਣੇ ਜੀਵਨ ਵਿੱਚ ਅਪਣਾਏ ਸਿਧਾਤਾਂ ਨੂੰ ਅਪਣਾਉਣਾ ਹੈ। ਦੂਜਾ ਹੈ ਦਿਨ ‘ਚ ਪੰਜ ਵਾਰ ਨਮਾਜ਼ ਪੜ੍ਹਨਾ ਭਾਵ ਆਪਣੇ ਰੱਬ ਦੀ ਪੂਜਾ ਕਰਨਾ ਹੈ। ਤੀਜਾ ਥੰਮ ਹੈ ਜ਼ਕਾਤ ਭਾਵ ਆਪਣੀ ਨੇਕ ਕਮਾਈ ਦਾ 40ਵਾਂ ਹਿੱਸਾ (ਢਾਈ ਪ੍ਰਤੀਸ਼ਤ) ਗਰੀਬਾਂ, ਯਤੀਮਾਂ, ਲੋੜਵੰਦਾਂ ਨੂੰ ਰੱਬ ਦੀ ਰਜ਼ਾ ਲਈ ਦਾਨ ਦੇਣਾ ਹੈ। ਚੋਥਾ ਹੈ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਇੱਕ ਮਹੀਨੇ ਦੇ ਰੋਜ਼ੇ/ਵਰਤ ਰੱਖਣਾ ਹੈ। ਪੰਜਵਾਂ ਥੰਮ ਹੈ ਹੱਜ ਕਰਨਾ। ਭਾਵ ਆਪਣੀ ਜਿੰਦਗੀ ਵਿੱਚ ਇੱਕ ਵਾਰ ਮੱਕੇ (ਜੋ ਕਿ ਸਾਊਦੀ ਅਰਬ ਦਾ ਇੱਕ ਸ਼ਹਿਰ ਹੈ ਅਤੇ ਮੁਹੰਮਦ ਸਾਹਿਬ ਦਾ ਜਨਮ ਸਥਾਨ ਹੈ) ਦੀ ਯਾਤਰਾ ਕਰਨੀ।

ਅਰਬੀ ਸੰਨ ਹਿਜ਼ਰੀ (ਜੋ ਕਿ ਚੰਦਰਮਾ ਅਨੁਸਾਰ ਹਨ)  ਦਾ ਨੌਵਾਂ ਮਹੀਨਾ ਹੈ। ਸ਼ਾਬਾਨ ਅੱਠਵਾਂ ਮਹੀਨਾ ਹੈ। ਖੁਦਾ ਦੇ ਨੇਕ ਬੰਦੇ ਸ਼ਾਬਾਨ ਮਹੀਨਾ ਸ਼ੁਰੂ ਹੁੰਦੇ ਹੀ ਰਮਜ਼ਾਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ।ਇਸਲਾਮ ਧਰਮ ਦੇ ਬਹੁਤ ਸਾਰੇ ਹੁਕਮਾਂ ਵਾਂਗ ਰੋਜ਼ਾ ਵੀ ਸਹਿਜੇ-ਸਹਿਜੇ ਫਰਜ਼ ਕੀਤਾ ਗਿਆ। ਹਜ਼ਰਤ ਮੁਹੰਮਦ (ਸ.) ਨੇ ਸ਼ੁਰੂ ਵਿੱਚ ਮੁਸਲਮਾਨਾਂ ਨੂੰ ਹਰ ਮਹੀਨੇ ਕੇਵਲ ਤਿੰਨ ਦਿਨਾਂ ਦੇ ਰੋਜ਼ੇ ਰੱਖਣ ਦੀ ਹਦਾਇਤ ਕੀਤੀ ਸੀ। ਪਰ ਇਹ ਰੋਜ਼ੇ ਫਰਜ਼ ਨਹੀਂ ਸਨ। ਫਿਰ ਸੰਨ 2 ਹਿਜ਼ਰੀ ਵਿੱਚ ਰਮਜ਼ਾਨ ਮਹੀਨੇ ਦੇ ਰੋਜ਼ਿਆਂ ਦਾ ਹੁਕਮ ਕੁਰਆਨ ਵਿੱਚ ਨਾਜ਼ਲ ਹੋਇਆ। ਕਿਹਾ ਗਿਆ “ਹੇ ਈਮਾਨ ਲਿਆਉਣ ਵਾਲਿਓ ਰੱਬ ਦੇ ਹੁਕਮ ਨਾਲ ਤੁਹਾਡੇ ਉੱਪਰ ਰੋਜ਼ੇ ਫਰਜ਼ ਕਰ ਦਿੱਤੇ ਗਏ ਹਨ।ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲੀਆਂ ਉਮਤਾਂ ਤੇ ਫਰਜ਼ ਕੀਤੇ ਗਏ ਸਨ ਤਾਂ ਕਿ ਤੁਹਾਡੇ ਵਿੱਚ ਪਰਹੇਜ਼ਗਾਰੀ ਦਾ ਗੁਣ ਪੈਦਾ ਹੋ ਜਾਵੇ। ਇੱਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਬਿਮਾਰਾਂ, ਮੁਸਾਫਰਾਂ, ਗਰਭਵਤੀ ਜਾਂ ਦੁੱਧ ਚੁੰਘਾਉਣ ਵਾਲੀਆਂ ਇਸਤਰੀਆਂ ਲਈ ਭਾਵ ਜਿਹਨਾਂ ਵਿੱਚ ਰੋਜ਼ਾ ਰੱਖਣ ਦੀ ਤਾਕਤ ਨਾ ਹੋਵੇ ਉਨ੍ਹਾਂ ਨੂੰ ਰੋਜੇ ਰੱਖਣ ਤੋਂ ਛੋਟ ਦਿੱਤੀ ਗਈ ਹੈ। ਪਰਹੇਜ਼ਗਾਰੀ ਤੋਂ ਭਾਵ ਆਪਣੇ ਨਫ਼ਸ ਤੇ ਕਾਬੂ ਰੱਖਣਾ ਹੈ।ਇਸ ਮਹੀਨੇ ਵਿੱਚ ਇਸਲਾਮ ਧਰਮ ਦੀ ਪਵਿੱਤਰ ਕਿਤਾਬ ਕੁਰਆਨ ਸ਼ਰੀਫ਼ ਨਾਜ਼ਲ ਹੋਈ।ਇਸ ਕਰਕੇ ਇਸ ਨੂੰ ਕੁਰਆਨ ਦੀ ਸਾਲ ਗਿਰਾਹ ਦਾ ਮਹੀਨਾ ਵੀ ਕਿਹਾ ਜਾਂਦਾ ਹੈ।

ਇਸ ਤਰ੍ਹਾਂ ਰਮਜ਼ਾਨ ਦਾ ਮਹੀਨਾ ਜਿਸ ਨੂੰ ਪਵਿੱਤਰ ਅਤੇ ਬਰਕਤਾਂ ਵਾਲਾ ਮਹੀਨਾ ਕਿਹਾ ਜਾਂਦਾ ਹੈ ਇਸਲਾਮ ਜਗਤ ਵਿੱਚ ਬਹੁਤ ਮਹੱਤਤਾ ਰੱਖਦਾ ਹੈ। ਇਸ ਮਹੀਨੇ ਵਿੱਚ ਇਸਲਾਮ ਨੂੰ ਮੰਨਣ ਵਾਲੇ ਭਾਵ ਮੁਸਲਮਾਨ ਪੂਰੇ ਮਹੀਨੇ ਦੇ ਰੋਜ਼ੇ (ਵਰਤ) ਰੱਖਦੇ ਹਨ। ਇਸ ਵਿੱਚ ਰੱਬ ਵੱਲੋਂ ਆਪਣੀ ਇਬਾਦਤ (ਪੂਜਾ) ਕਰਨ ਦਾ ਬਦਲ 70 ਗੁਣਾ ਤੱਕ ਵਧਾ ਦਿੱਤਾ ਜਾਂਦਾ ਹੈ। ਇਸ ਦੀ ਮਹੱਤਤਾ ਨੂੰ ਦੱਸਦੇ ਹੋਏ ਇਸਲਾਮ ਧਰਮ ਦੇ ਆਖਰੀ ਪੈਗੰਬਰ ਹਜ਼ਰਤ ਮੁਹੰਮਦ (ਸਲ.) ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ “ਐ ਲੋਕੋ ਤੁਹਾਡੇ ਸਾਹਮਣੇ ਇੱਕ ਬਹੁਤ ਮੁਬਾਰਕ ਅਤੇ ਬਰਕਤਾਂ ਵਾਲਾ ਮਹੀਨਾ ਆਉਣ ਵਾਲਾ ਹੈ। ਇਸ ਵਿੱਚ ਇੱਕ ਰਾਤ ਅਜਿਹੀ ਵੀ ਹੈ ਜਿਸ ਵਿੱਚ ਕੀਤੀ ਇਬਾਦਤ ਹਜ਼ਾਰ ਮਹੀਨਿਆਂ ਵਿੱਚ ਕੀਤੀ ਇਬਾਦਤ ਤੋਂ ਚੰਗੀ ਹੈ। ਇਸ ਦੇ ਰੋਜ਼ਿਆਂ ਨੂੰ ਰੱਬ ਨੇ ਤੁਹਾਡੇ ਤੇ ਫ਼ਰਜ਼ ਕੀਤਾ ਹੈ ਅਤੇ ਰਾਤ ਦੇ ਕਿਆਮ ਭਾਵ ਤਰਾਬੀ ਦੀ ਨਮਾਜ਼ ਨੂੰ ਤੁਹਾਡੇ ਲਈ ਸਵਾਬ (ਪੁੰਨ) ਦੀ ਚੀਜ਼ ਬਣਾਇਆ ਹੈ। ਕੋਈ ਵੀ ਮਨੁੱਖ ਜੋ ਇਸ ਮਹੀਨੇ ਵਿੱਚ ਚੰਗਾ ਕੰਮ ਕਰੇਗਾ ਉਸ ਨੂੰ ਫਰਜ਼ ਅਦਾ ਕਰਨ ਦੇ ਬਰਾਬਰ ਸਵਾਬ ਦਿੱਤਾ ਜਾਵੇਗਾ ਤੇ ਜੋ ਫ਼ਰਜ਼ ਅਦਾ ਕਰੇਗਾ ਉਸ ਨੂੰ 70 ਫ਼ਰਜ਼ ਅਦਾ ਕਰਨ ਦੇ ਬਰਾਬਰ ਸਵਾਬ ਦਿੱਤਾ ਜਾਵੇਗਾ”। ਇਹ ਸਬਰ ਦਾ ਮਹੀਨਾ ਹੈ ਤੇ ਮੁਹੰਮਦ (ਸਲ.) ਦੇ ਅਨੁਸਾਰ ਸਬਰ ਦਾ ਬਦਲਾ ਜੰਨਤ (ਸਵਰਗ) ਹੈ। ਇਹ ਗਰੀਬਾਂ, ਯਤੀਮਾਂ, ਵਿਧਵਾਵਾਂ ਆਦਿ ਨਾਲ ਭਲਾਈ ਅਤੇ ਹਮਦਰਦੀ ਕਰਨ ਦਾ ਮਹੀਨਾ ਹੈ।ਇਸ ਮਹੀਨੇ ਵਿੱਚ ਜਿਸ ਵਿਅਕਤੀ ਉਪੱਰ ਜ਼ਕਾਤ ਫਰਜ਼ ਹੈ ਉਸ ਨੂੰ ਆਪਣੀ ਆਮਦਨ/ਮਾਲ ਵਿੱਚਂੋ 40 ਵਾਂ ਹਿੱਸਾ  (2.5%) ਲੋੜਵੰਦਾਂ, ਗਰੀਬਾਂ, ਯਤੀਮਾਂ, ਵਿਧਵਾਵਾਂ ਆਦਿ ਨੂੰ ਦਾਨ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਮਹੀਨੇ ਦੇ ਪਹਿਲੇ ਹਿੱਸੇ ਨੂੰ ਰਹਿਮਤ ਦਾ, ਦੂਜੇ ਹਿੱਸੇ ਨੂੰ ਮਗਫ਼ਿਰਤ ਦਾ ਅਤੇ ਤੀਸਰੇ ਹਿੱਸੇ ਨੂੰ ਜਹੰਨਮ/ਨਰਕ ਤੋਂ ਛੁਟਕਾਰੇ ਦਾ ਕਿਹਾ ਗਿਆ ਹੈ। ਇਸ ਮਹੀਨੇ ਵਿੱਚ ਨੌਕਰਾਂ ਦੇ ਕੰਮ ਨੂੰ ਘੱਟ ਕਰਨ ਦਾ ਹੁਕਮ ਦਿੱਤਾ ਗਿਆ ਹੈ। ਮੁਹੰਮਦ (ਸਲ.) ਨੇ ਕਿਹਾ “ਜੋ ਵਿਅਕਤੀ ਆਪਣੇ ਰੱਬ ਨੂੰ ਖੁਸ਼ ਕਰਨ ਲਈ ਕਿਸੇ ਰੋਜ਼ੇਦਾਰ ਦਾ ਰੋਜ਼ਾ ਇਫਤਾਰ ਕਰਵਾਏਗਾ ਅੱਲ੍ਹਾ ਉਸ ਨੂੰ ਵੀ ਰੋਜ਼ਾ ਰੱਖਣ ਵਾਲੇ ਦੇ ਬਰਾਬਰ ਦਾ ਸਵਾਬ ਦੇਣਗੇ ਜਦੋਂ ਕਿ ਰੋਜ਼ਾ ਰੱਖਣ ਵਾਲੇ ਦੇ ਸਵਾਬ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਕੀਤੀ ਜਾਵੇਗੀ”। ਇਸ ਗੱਲ ਨੂੰ ਲੈ ਕਿ ਅਕਸਰ ਰਮਜ਼ਾਨ ਦੇ ਮਹੀਨੇ ਵਿੱਚ ਵੱਡੇ-ਵੱਡੇ ਨੇਤਾਵਾਂ ਅਤੇ ਅਸਰ ਰਸੂਖ ਰੱਖਣ ਵਾਲੇ ਵਿਅਕਤੀਆਂ ਦੁਆਰਾ ਇਫਤਾਰ ਪਾਰਟੀਆਂ ਦਾ  ਪ੍ਰਬੰਧ ਕੀਤਾ ਜਾਂਦਾ ਹੈ। ਇਹਨਾਂ ਇਫਤਾਰ ਪਾਰਟੀਆਂ ਨੂੰ ਦੇਖਣ ਤੋਂ ਤਾਂ ਇਹ ਲੱਗਦਾ ਹੈ ਕਿ ਇਹ ਇਫਤਾਰ ਪਾਰਟੀਆਂ ਰੱਬ ਨੂੰ ਖੁਸ਼ ਕਰਨ ਲਈ ਨਹੀਂ ਸਗੋਂ ਆਪਣੇ ਹਿੱਤਾਂ ਦੀ ਪੂਰਤੀ ਲਈ ਰੱਖੀਆਂ ਜਾਂਦੀਆਂ ਹਨ।ਇਹਨਾਂ ਇਫਤਾਰ ਪਾਰਟੀਆਂ ਤੋਂ ਲੋੜਵੰਦਾਂ, ਗਰੀਬਾਂ, ਯਤੀਮਾਂ, ਵਿਧਵਾਵਾਂ  ਆਦਿ ਨੂੰ ਦੂਰ ਹੀ ਰੱਖਿਆ ਜਾਂਦਾ ਹੈ ਕੇਵਲ ਉਹਨਾਂ ਲੋਕਾਂ ਨੂੰ ਹੀ ਬੁਲਾਇਆ ਜਾਂਦਾ ਹੈ ਜਿਹਨਾਂ ਤੋਂ ਕਿਸੇ ਪ੍ਰਕਾਰ ਦੇ ਹਿੱਤਾਂ ਦੀ ਪੂਰਤੀ ਕਰਨੀ ਹੋਵੇ। ਫਿਰ ਭਾਵੇਂ ਇਫਤਾਰ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਦਾ ਰੋਜ਼ਾ ਹੋਵੇ ਜਾ ਨਾ ਹੋਵੇ। ਇਸ ਤਰ੍ਹਾਂ ਦੀਆਂ ਇਫਤਾਰ ਪਾਰਟੀਆਂ ਇਸਲਾਮ ਦੇ ਸਿਧਾਤਾਂ ਨਾਲ ਮੇਲ ਨਹੀਂ ਖਾਂਦੀਆ।

ਦੂਸਰੀ ਜੋ ਸਭ ਤੋਂ ਵੱਡੀ ਕਮੀ ਅੱਜ ਕੱਲ ਦੇ ਰੋਜ਼ਾ ਰੱਖਣ ਵਾਲਿਆ ‘ਚ ਦੇਖਣ ਨੂੰ ਮਿਲਦੀ ਹੈ। ਉਹ ਇਹ ਹੈ ਸਵੇਰ ਤੋਂ ਸ਼ਾਮ ਤੱਕ ਭੁੱਖੇ ਤਾਂ ਰਹਿ ਲੈਂਦੇ ਹਨ ਪਰ ਜਿਹਨਾਂ ਚੀਜਾਂ ਤੋਂ ਰੋਜ਼ਾ ਰੱਖ ਕੇ ਬਚਣ ਲਈ ਕਿਹਾ ਗਿਆ ਹੈ ਉਨ੍ਹਾਂ ਤੋਂ ਨਹੀਂ ਬਚਦੇ। ਮੁਹੰਮਦ (ਸਲ.) ਨੇ ਕਿਹਾ ਸੀ ਕਿ “ਰੋਜ਼ਾ ਕੇਵਲ ਭੁੱਖੇ ਰਹਿਣ ਦਾ ਨਾਮ ਨਹੀਂ ਸਗੋ ਹਰ ਤਰਾਂ ਦੇ ਬੁਰੇ ਕੰਮਾਂ ਤੋਂ ਬਚ ਕੇ ਚੰਗੇ ਕੰਮ ਕਰਨ ਦਾ ਨਾਮ ਹੈ। ਸ਼ਰੀਰ ਦੇ ਹਰੇਕ ਅੰਗ ਭਾਵ ਹੱਥ, ਕੰਨ, ਨੱਕ, ਅੱਖ, ਜ਼ੁਬਾਨ ਆਦਿ ਦਾ ਵੀ ਰੋਜ਼ਾ ਹੁੰਦਾ ਹੈ।ਇਹਨਾਂ ਦੀ ਹਰ ਬੁਰੇ ਕੰਮ ਤੋਂ ਹਿਫਾਜ਼ਤ ਕਰਨੀ ਬਹੁਤ ਜਰੂਰੀ ਹੈ”। ਅਸਲ ਵਿੱਚ ਰਮਜ਼ਾਨ ਦਾ ਮਹੀਨਾ ਹਰ ਤਰ੍ਹਾਂ ਦੇ ਬੁਰੇ ਕੰਮਾਂ ਨੂੰ ਛੱਡ ਕੇ ਚੰਗੇ ਕੰਮ ਕਰਨ ਦਾ ਅਭਿਆਸ ਹੈ ਤਾਂ ਕਿ ਇਸ ਅਭਿਆਸ ਦੇ ਨਾਲ ਮਨੁੱਖ ਸਾਰਾ ਸਾਲ ਬੁਰਾਈਆਂ ਤੋਂ ਬਚ ਕੇ ਮਨੁੱਖਤਾ ਦੀ ਸੇਵਾ ਕਰਨ ਵਾਲਾ ਬਣੇ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਨਫਸ ਦੇ ਖਿਲਾਫ ਜਿਹਾਦ ਦਾ ਦੂਜਾ ਨਾਮ ਰੋਜ਼ਾ ਹੈ।

ਰੋਜਾ ਬੰਦਗੀ ਕਬੁਲੂ। ਦਸ ਦੁਆਰੇ ਚੀਨਿ ਮਰਦਾ ਹੋਇ ਰਹੁ
………………………………………………………….
(ਸ਼੍ਰੀ ਗੁਰੂ ਗ੍ਰੰਥ ਸਾਹਿਬ,ਰਾਗ ਤਿਲਿੰਗ, ਮ:1)।
ਇਸ ਸਲੋਕ ਦੇ ਰਾਹੀਂ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਰੋਜ਼ੇ ਦੀ ਅਸਲ ਰੂਹ ਨੂੰ ਪ੍ਰਾਪਤ ਕਰਨ ਲਈ ਕਹਿੰਦੇ ਹਨ ਕਿ ਰੋਜ਼ਾ ਅਤੇ ਬੰਦਗੀ (ਪੂਜਾ-ਪਾਠ) ਅਜਿਹੀ ਹਾਲਤ ਵਿੱਚ ਹੀ ਕਬੂਲ ਹੋਵੇਗੀ।ਮਨੁੱਖ ਆਪਣੇ ਮੂੰਹ, ਕੰਨ, ਅੱਖ ਅਤੇ ਸ਼ਰੀਰ ਦੇ ਹਰੇਕ ਅੰਗ ਦਾ ਧਿਆਨ ਰੱਖੇ ਅਤੇ ਹਰ ਵੇਲੇ ਫਿਕਰਮੰਦ ਰਹੇ ਕਿ ਇਹਨਾਂ ਤੋਂ ਕੋਈ ਮੰਦਾ ਕੰਮ ਨਾ ਹੋ ਜਾਵੇ। ਆਪਣੇ ਮਨ (ਦਿਲ) ਨੂੰ ਮਾਰ ਕੇ ਆਪਣੀਆਂ ਅੱਖਾਂ ਨੂੰ ਕਾਬੂ ਵਿੱਚ ਰੱਖੇ ਅਤੇ ਸੰਪੂਰਨ ਪੀਰ (ਗੁਰੂ) ਦੀ ਭਾਲ ਵਿੱਚ ਭੱਜ ਦੌੜ ਕਰੇ ਅਤੇ ਤੀਹ ਦਿਨਾਂ ਦੇ ਖੁਸ਼ੀ-ਖੁਸ਼ੀ ਰੋਜ਼ੇ ਰੱਖੇ ਅਤੇ ਕੋਈ ਤੰਗੀ ਮਹਿਸੂਸ ਨਾ ਕਰੇ। ਅਜਿਹਾ ਆਦਮੀ ਹੀ ਅਸੀਲ (ਸੀਲ) ਕਹਾਉਣ ਦਾ ਹੱਕਦਾਰ ਹੈ। ਇਸ ਤਰ੍ਹਾਂ ਰੋਜ਼ਾ ਰੱਖਣ ਵਾਲੇ ਆਪਣੇ ਚਰਿੱਤਰ ਦਾ ਵੀ ਰੋਜ਼ਾ ਰੱਖਦੇ ਹਨ।ਇਸ ਤਰ੍ਹਾਂ ਉਹ ਆਪਣੇ ਦਿਲ ਦੀ ਨਿਗਰਾਨੀ ਕਰਦਾ ਹੈ ਕਿ ਉਸ ਵਿੱਚ ਮੰਦੇ ਵਿਚਾਰ (ਵਸਵਸੇ/ਸ਼ੈਤਾਨੀ ਭਰਮ) ਪੈਦਾ ਨਾ ਹੋ ਸਕਣ। ਹੇ! ਆਲਮ (ਇਸਲਾਮ ਧਰਮ ਦੇ ਵਿਦਵਾਨ) ਮੇਰੀ ਗੱਲ ਗੋਹ ਨਾਲ ਸੁਣ, ਆਪਣੀ ਜੀਭ ਦੇ ਸਾਰੇ ਸੁਆਦ (ਚਸਕੇ) ਛੱਡ ਦੇ।ਇਹ ਕਰਦੇ ਹੋਏ ਤੇਰੇ ਮਨ ਦੇ ਸਾਰੇ ਡਰ ਤੇ ਵਸਵਸੇ (ਭਰਮ) ਦੂਰ ਹੋ ਜਾਣਗੇ। ਅੱਗੇ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਇਸ ਤਰ੍ਹਾਂ ਰੋਜ਼ੇ ਰੱਖਣ ਨਾਲ ਮਨੁੱਖ ਦਾ ਦਿਲ ਸਿਦਕ-ਸੱਚਾਈ ਨਾਲ ਭਰ ਜਾਂਦਾ ਹੈ।

ਮੁਹੰਮਦ (ਸਲ.) ਅਤੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਜਾਨਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਰੋਜ਼ਾ ਕੇਵਲ ਭੁੱਖੇ ਪਿਆਸੇ ਰਹਿਣ ਦਾ ਨਾਮ ਨਹੀਂ ਸਗੋਂ ਬੁਰਾਈ ਨੂੰ ਛੱਡ ਕੇ ਅੱਛਾਈ ਨੂੰ ਅਪਣਾਉਣ ਦਾ ਨਾਮ ਹੈ।ਇਸ ਲਈ ਰੋਜ਼ਾ ਰੱਖਣ ਵਾਲਿਆਂ ਲਈ ਜ਼ਰੂਰੀ ਹੈ ਕਿ ਉਹ ਰੋਜ਼ੇ ਦੀ ਅਸਲ ਰੂਹ ਨੂੰ ਪ੍ਰਾਪਤ ਕਰਨ ਦਾ ਯਤਨ ਕਰਨ। ਝੂਠ, ਨਿੰਦਾ-ਚੁਗਲੀ, ਲੜਾਈ-ਝਗੜੇ, ਦੰਗੇ ਫਸਾਦ, ਕਿਸੇ ਨੂੰ ਧੋਖਾ ਦੇਣਾ ਆਦਿ ਬੁਰੇ ਅਤੇ ਮਨੁੱਖਤਾ ਵਿਰੋਧੀ ਕੰਮਾਂ ਨੂੰ ਛੱਡ ਕੇ ਮਨੁੱਖਤਾ ਦੇ ਭਲੇ ਅਤੇ ਸੇਵਾ ਲਈ ਸਮਰਪਿਤ ਹੋ ਕੇ ਸਾਂਤ ਮਈ ਸਮਾਜ ਦੀ ਸਿਰਜਨਾ ਵੱਲ ਧਿਆਨ ਦੇਣ। ਇਸ ਤਰ੍ਹਾਂ ਹੀ ਰਮਜ਼ਾਨ ਮਹੀਨੇ ਦੇ ਅਸਲ ਮਕਸਦ ਨੂੰ ਪੂਰਾ ਕੀਤਾ ਜਾ ਸਕਦਾ ਹੈ। ਦੁਨੀਆਂ ਤੇ ਆਖਰਤ ਵਿੱਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>