ਮਹਿਤੇ ਵਿਸ਼ਾਲ ਸ਼ਹੀਦੀ ਸਮਾਗਮ ਦੌਰਾਨ ਲੱਖਾਂ ਦੀ ਗਿਣਤੀ ‘ਚ ਸੰਗਤ ਨੇ ਸ਼ਹੀਦਾਂ ਨੂੰ ਦਿਤੀ ਸ਼ਰਧਾਂਜਲੀ

ਮਹਿਤਾ ਚੌਕ / ਅੰਮ੍ਰਿਤਸਰ – ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਜੂਨ ’84 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ‘ਚ 35ਵਾਂ ਸ਼ਹੀਦੀ ਸਮਾਗਮ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਅਤੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਾਥੀ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਲਖਾਂ ਦੀ ਗਿਣਤੀ ‘ਚ ਆਪ ਮੁਹਾਰੇ ਪਹੁੰਚੀਆਂ ਸੰਗਤਾਂ ਕਾਰਨ ਸ਼ਹੀਦੀ ਸਮਾਗਮ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧ ਵੀ ਫਿੱਕੇ ਪੈ ਗਏ ਨਜ਼ਰ ਆਏ। ਵਿਸ਼ਾਲ ਸ਼ਹੀਦੀ ਸਮਾਗਮ ਦੀ ਇਤਿਹਾਸਕ ਸਫਲਤਾ ਨੇ ਦਮਦਮੀ ਟਕਸਾਲ ਨੂੰ ਪੰਥ ਦੇ ਕੇਂਦਰੀ ਧੁਰੇ ਵਜੋਂ ਸਥਾਪਤੀ ‘ਤੇ ਮੋਹਰ ਲਗਾ ਦਿੱਤੀ ਹੈ।

ਦਮਦਮੀ ਟਕਸਾਲ ਵੱਲੋਂ ਸ਼ਹੀਦੀ ਸਮਾਗਮ ਦੀ ਸਫਲਤਾ ਲਈ ਹਰ ਸਾਲ ਦੀ ਤਰਾਂ ਪਿੱਛਲੇ ਢਾਈ ਮਹੀਨਿਆਂ ਤੋਂ ਵੱਖ ਵੱਖ ਪਿੰਡਾਂ ਵਿੱਚ ਦੀਵਾਨ ਕੀਤੇ ਗਏ ਸਨ। ਅੱਜ ਦਾ ਵਿਸ਼ਾਲ ਸ਼ਹੀਦੀ ਸਮਾਗਮ ਵੈਰਾਗਮਈ ਅਤੇ ਗਰਮਜੋਸ਼ੀ ਦਾ ਸੰਗਮ ਸੀ ਜਿੱਥੇ ਬੁਲਾਰਿਆਂ ਨੇ ਸਿੱਖ ਕੌਮ ਨੂੰ ਦਰਪੇਸ਼ ਚੁਨੌਤੀਆਂ ਅਤੇ ਪੰਥ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਨੂੰ ਪਛਾੜਨ ਲਈ ਇੱਕਜੁੱਟ ਹੋਣ ਦੀਆਂ ਸੁਰਾਂ ਤੇਜ ਕੀਤੀਆਂ। ਉੱਥੇ ਹੀ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਵੱਲੋਂ ਧਰਮ ਪ੍ਰਚਾਰ ਅਤੇ ਕੌਮ ਦੇ ਹਿਤਾਂ ਲਈ ਕੀਤੇ ਜਾ ਰਹੇ ਵਡਮੁੱਲੇ ਕਾਰਜਾਂ ਦੀ ਭਰਪੂਰ ਪ੍ਰਸੰਸਾ ਕੀਤੀ ਗਈ।

ਪ੍ਰੋ: ਸਰਚਾਂਦ ਸਿੰਘ ਅਨੁਸਾਰ ਇਸ ਮੌਕੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜੂਨ ’84 ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੀ ਅਗਵਾਈ ‘ਚ ਸ੍ਰੀ ਦਰਬਾਰ ਸਾਹਿਬ ਦੀ ਪਵਿਤਰਤਾ ਅਤੇ ਕੌਮ ਦੀ ਅਣਖ ਲਈ ਕੁਰਬਾਨੀਆਂ ਕਰ ਗਏ ਮਹਾਨ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਕਲਗੀਧਰ ਦੇ ਇਨ੍ਹਾਂ ਸਪੁੱਤਰਾਂ ਨੇ ਦੁਨੀਆ ਨੂੰ ਇਹ ਵੀ ਦੱਸ ਦਿੱਤਾ ਕਿ ਸਿੱਖ ਨਾ ਕੇਵਲ ਅਠਾਰਵੀ ਸਦੀ ‘ਚ ਸਗੋਂ ਵੀਹਵੀਂ ਸਦੀ ਅਤੇ ਅੱਜ ਵੀ ਜ਼ਾਲਮ ਹਕੂਮਤਾਂ ਦੇ ਜਬਰ ਦਾ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਮੂੰਹ ਤੋੜਵਾਂ ਜਵਾਬ ਦੇਣ ਦੀ ਸਮਰੱਥਾ ਰੱਖਦੇ ਹਨ। ਉਹਨਾਂ ਕਿਹਾ ਕਿ ਵੀਹਵੀ ਸਦੀ ਦੌਰਾਨ ਵੀ ਹਕੂਮਤ ਵਲੋਂ ਸਿਖ ਕੌਮ ‘ਤੇ ਅਤਿਆਚਾਰ ਕੀਤਾ ਗਿਆ। ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਤੀਜਾ ਘੱਲੂਘਾਰਾ ਦਿਵਸ ‘ਤੇ ਸਰਕਾਰੀ ਛੁੱਟੀ ਕਰਨ ਦੀ ਮੰਗ ਕੀਤੀ। ਉਹਨਾਂ ਅਪੀਲ ਕਰਦਿਆਂ ਕਿਹਾ ਦੁਨੀਆ ‘ਚ ਸਿੱਖ ਜਿਥੇ ਵੀ ਹਨ ਉਹ ਅਜ ਦੇ ਦਿਹਾੜੇ ਨੂੰ ਵੈਰਾਗਮਈ ਅਤੇ ਸ਼ਰਧਾ ਪੂਰਵਕ ਮਨਾਉਣ। ਉਹਨਾਂ ਕਿਹਾ ਕਿ ਕੁਝ ਲੋਕ ’84 ਬੀਤ ਚੁਕੀ ਘਟਨਾ ਹੈ ਅਤੇ ਨਵੰਬਰ ’84 ਦੀ ਸਿਖ ਨਸਲਕੁਸ਼ੀ ਨੂੰ ਭੁਲ ਜਾਣ ਦੀਆਂ ਸਲਾਹਾਂ ਦਿੰਦੇ ਹਨ ਪਰ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁਲ ਜਾਇਆ ਕਰਦੀਆਂ ਹਨ ਉਹ ਮਿਟ ਜਾਇਆ ਕਰਦੀਆਂ ਹਨ।  ਉਹਨਾਂ ਕਿਹਾ ਕਿ ਇਤਿਹਾਸ ‘ਚ ਦਮਦਮੀ ਟਕਸਾਲ 90 ਫੀਸਦੀ ਖਤਮ ਹੋਣ ‘ਤੇ ਵੀ ਮੁੜ ਸੰਭਲਦੀ ਤੇ ਤਾਕਤਵਰ ਬਣਦੀ ਰਹੀ। ਪਹਿਲੀ ਵਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਮੇ ਤੇ ਫਿਰ ਬਾਬਾ ਗੁਰਬਖਸ਼ ਸਿੰਘ ਜੀ ਨੇ ਤਾਂ 30 ਸਿੰਘਾਂ ਦੀ ਅਗਵਾਈ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੀ ਅਜਮਤ ਲਈ ਸ਼ਹੀਦੀ ਦਿਤੀ। ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਉਕਤ ਘਟਨਾਵਾਂ ਨੂੰ ਯਾਦ ‘ਚ ਅਤੇ ਗੁਰੂ ਸਿਧਾਂਤ  ਪੰਥ ਦੇ ਨਿਸ਼ਾਨਾਂ ਅਤੇ ਗੁਰਧਾਮਾਂ ਲਈ ਸ਼ਹਾਦਤ ਦਿਤੀ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ੍ਰੋਮਣੀ ਕਮੇਟੀ ਅਤੇ ਸਿੱਖ ਸੰਪਰਦਾਵਾਂ ਜਥੇਬੰਦੀਆਂ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵਲੋਂ ਪੰਥ ਪ੍ਰਤੀ ਸੇਵਾਵਾਂ ਨੂੰ ਮੁਖ ਰਖਦਿਆਂ ਪੰਥ ਰਤਨ ਸਨਮਾਨ ਨਾਲ ਨਿਵਾਜਣ ਅਤੇ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ, ਬਾਬਾ ਠਾਹਰਾ ਸਿੰਘ ਤੇ ਜਰਨਲ ਸ਼ੁਬੇਗ ਸਿੰਘ ਨੂੰ ਕੋਮੀ ਸ਼ਹੀਦ ਦੇ ਸਨਮਾਨਣ ਦੀ ਅਪੀਲ ਕੀਤੀ। ਇਸ ਮੌਕੇ ਸ੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਉਕਤ ਅਪੀਲਾਂ ਦੀ ਪ੍ਰੋੜਤਾ ਕੀਤੀ ਤਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਸ਼ਹੀਦੀਆਂ ਦਾ ਮੁਲ ਨਹੀਂ ਮੋੜਿਆ ਜਾ ਸਕਦਾ,  ਪੰਜ ਸਿੰਘ ਸਾਹਿਬਾਨ ਦੀ ਅਗਲੀ ਮੀਟਿੰਗ ‘ਚ ਉਕਤ ਮੁਦੇ ਨੂੰ ਵਿਚਾਰਦਿਆਂ ਦਮਦਮੀ ਟਕਸਾਲ ਦੇ ਮੁਖੀਆਂ ਨੂੰ ਅਤੇ ਸ਼ਹੀਦ ਸਿੰਘਾਂ ਨੂੰ ਖਿਤਾਬ ਅਤੇ ਸਨਮਾਣ ਦਿਤੇ ਜਾਣਗੇ। ਇਸ ਮੌਕੇ ਸੰਗਤਾਂ ਵਲੋਂ ਜੈਕਾਰਿਆਂ ਦੀ ਗੂੰਜ ‘ਚ ਪ੍ਰਵਾਨਗੀ ਦਿਤੀ ਗਈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮੌਕੇ ਕਾਂਗਰਸ ਵਲੋਂ ਅਜਾਦੀ ਤੋਂ ਪਹਿਲਾਂ ਸਿਖ ਕੌਮ ਨਾਲ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਾਇਆ।

ਤਖਤ ਸ੍ਰੀ ਕੇਸਗੜ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈਡ ਗ੍ਰੰਥੀ, ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ, ਗਿਆਨੀ ਜਸਵੰਤ ਸਿੰਘ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਹੈਡ ਗੰਥੀ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਦਮਦਮੀ ਅਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪੰਥਕ ਰਵਾਇਤਾਂ ਨੂੰ ਕਾਇਮ ਰੱਖਣ ਲਈ ਹਰ ਸਮੇਂ ਤਤਪਰ ਹਨ ਅਤੇ ਕੌਮ ਨੂੰ ਇੱਕ ਜੁਟ ਕਰ ਕੇ ਵੱਡੀ ਭੂਮਿਕਾ ਅਦਾ ਕਰ ਰਹੇ ਹਨ। ਉਨਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਖਾਲਸਾ ਦੀ ਸੂਝ ਸਿਆਣਪ ਅਤੇ ਸਮੇਂ ਦੀ ਨਜ਼ਾਕਤ ਅਨੁਸਾਰ ਬਣਾਈ ਗਈ ਰਣਨੀਤੀ ਦਾ ਹੀ ਸਿੱਟਾ ਹੈ ਕਿ ਸਿੱਖ ਪੰਥ ਤਿੰਨ ਦਹਾਕੇ ਬਾਅਦ 84 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਮੂਹ ਅਣਖੀ ਸਿੰਘਾਂ ਦੀ ਯਾਦਗਾਰ ਅਤੇ ਸ਼ਹੀਦੀ ਗੈਲਰੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਾਪਿਤ ਕਰ ਸਕਿਆ ਹੈ।

ਸ੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਵਰੋਸਾਈ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ‘ਦਮਦਮੀ ਟਕਸਾਲ’ ਨੇ ਧਾਰਮਿਕ ਅਤੇ ਰਾਜਸੀ ਖੇਤਰ ਵਿੱਚ ਆਪਣੀ ਅਹਿਮ ਅਤੇ ਵਿਲੱਖਣ ਪਛਾਣ ਹੈ। ਜਦੋ ਵੀ ਪੰਥ ‘ਤੇ ਭੀੜ ਬਣੀ ਦਮਦਮੀ ਟਕਸਾਲ ਨੇ ਸੀਨੇ ‘ਤੇ ਵਾਰ ਖਾ ਕੇ ਪੰਥ ਦੀ ਚੜਦੀਕਲਾ ਲਈ  ਆਪਣਾ ਫਰਜ ਨਿਭਾਇਆ। ਉਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਵਲੋਂ ਪੰਥ ਦੀ ਸੇਵਾ ‘ਚ ਪਾਏ ਜਾ ਰਹੇ ਯੋਗਦਾਨ ਦੀ ਜਿਨੀ ਸ਼ਲਾਘਾ ਕੀਤੀ ਜਾਵੇ ਘਟ ਹੈ।

ਅਕਾਲੀ ਦਲ ਦੇ ਜਨਰਲ ਸਕਤਰ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੀ ਇੰਦਰਾ ਗਾਂਧੀ ਹਕੂਮਤ ਵਲੋਂ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਗਏ ਹਮਲੇ ਦੀ ਸਖਤ ਨਿਖੇਧੀ ਕੀਤੀ ਅਤੇ ਸਰਕਾਰ ਨੂੰ ਸ੍ਰੀ ਦਰਬਾਰ ਸਾਹਿਬ ਹਮਲੇ ਨਾਲ ਸੰਬੰਧਿਤ ਤਮਾਮ ਦਸਤਾਵੇਜ ਤੇ ਫਾਈਲਾਂ ਜਨਤਕ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਸਿੱਖ ਕਤਲੇਆਮ ਪ੍ਰਤੀ ਕਾਂਗਰਸ ਪਾਰਟੀ ਦੇ ਮਥੇ ਲਗਾ ਕਲੰਕ ਮਿਟ ਨਹੀਂ ਸਕੇਗਾ।

ਦਿਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ: ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਦਮਦਮੀ ਟਕਸਾਲ ਨੇ ਜਿਥੇ ਕੁਰਬਾਨੀਆਂ ਕੀਤੀਆਂ ਹਨ ਉਥੇ ਵਿਦਵਾਨ ਅਤੇ ਗਿਆਨੀ ਪੈਦਾ ਕਰਨ ‘ਚ ਮੋਹਰੀ ਰਹੇ ਹਨ। ਸਿੱਖ ਕੌਮ ਅਤੇ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਦਮਦਮੀ ਟਕਸਾਲ ਪ੍ਰਤੀ ਵੱਡੀ ਆਸਥਾ ਹੈ। ਟਕਸਾਲ ਨੇ ਪੰਥ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੇ ਹਿਤਾਂ ਲਈ ਮੋਹਰੀ ਰੋਲ ਅਦਾ ਕੀਤਾ ।

ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਯ: ਨਿਰਮਲ ਸਿੰਘ ਨੇ ਕਿਹਾ ਕਿ ਦਮਦਮੀ ਟਕਸਾਲ ਨੇ ਲੋੜ ਪੈਣ ‘ਤੇ ਜਿਥੇ ਖੰਡਾ ਖੜਕਾਉਣਾ ਕੀਤਾ ਉਥੇ ਦਮਦਮੀ ਟਕਸਾਲ ਨੇ ਬਾਣੀ ਦਾ ਪ੍ਰਚਾਰ ਕਰਨ, ਸੰਗਤ ਨੂੰ ਅੰਮ੍ਰਿਤ ਛਕਾ ਕੇ ਗੁਰ ਸਿੱਖੀ ਦੇ ਲੜ ਲਾਉਣ, ਗੁਰਬਾਣੀ ਦਾ ਸ਼ੁੱਧ ਉਚਾਰਨ, ਗੁਰਬਾਣੀ ਦੇ ਅਰਥ, ਗੁਰ ਇਤਿਹਾਸ, ਗੁਰਮਤਿ ਪ੍ਰਚਾਰ ਤੋਂ ਇਲਾਵਾ ਗੁਰਧਾਮਾਂ ਦੀ ਸੇਵਾ ਸੰਭਾਲ ਤੇ ਨਵ ਉਸਾਰੀ ਆਦਿ ਦੀ ਸੇਵਾ ਵੀ ਅਗੇ ਹੋ ਕੇ ਕਰਦੀ ਆਈ ਹੈ। ਪੰਜਾਬੀ ਯੂਨੀਵਰਸਿਟੀ ਦੇ ਬੁਧੀਜੀਵੀ ਪ੍ਰੋ: ਸੁਖਦਿਆਲ ਸਿੰਘ ਨੇ ਕਿਹਾ ਕਿ ਦਮਦਮੀ ਟਕਸਾਲ ਨੇ ਜਿੰਨੇ ਪਾਠੀ, ਗਿਆਨੀ, ਰਾਗੀ, ਪ੍ਰਚਾਰਕ ਤੇ ਕਥਾਵਾਚਕ ਪੈਦਾ ਕੀਤੇ ਹਨ, ਸ਼ਾਇਦ ਹੀ ਕੋਈ ਹੋਰ ਸੰਸਥਾ ਇਸ ਕਾਰਜ ਨੂੰ ਇਨ੍ਹੀਂ ਸਫਲਤਾ ਪੂਰਵਕ ਕਰ ਸਕਿਆ ਹੋਵੇ।  ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਜੂਨ ’84 ਦੋਰਾਨ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਪੂਰੀ ਤਰਾਂ ਗਲਤ ਸੀ ‘ਤੇ ਸਿਖਾਂ ਦੀ ਤਾਕਤ ਨੂੰ ਦਬਾਉਣ ਦੀ ਕਾਂਗਰਸ ਦੀ ਚਾਲ ਸੀ। ਹਜਾਰਾਂ ਬੇਦੋਸ਼ੇ ਸ਼ਹੀਦ ਕੀਤੇ ਗਏ। ਔਰਤਾਂ ਅਤੇ ਬਚਿਆਂ ਨੂੰ ਵੀ ਨਾ ਬਖਸ਼ਿਆ ਗਿਆ।

ਅਜ ਦੇ ਸ਼ਹੀਦੀ ਸਮਾਗਮ ਦੌਰਾਨ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨ ਪੰਥ ਦੀ ਨਿਸ਼ਕਾਮ ਸੇਵਾ ਕਰਨ ਲਈ ਸੇਵਾ ਰਤਨ ਅਵਾਰਡ ਬੜੂ ਸਾਹਿਬ ਦੇ ਮੁਖੀ ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਨੂੰ ਦਿਤਾ ਗਿਆ ਜਿਸ ਨੂੰ ਉਹਨਾਂ ਦੇ ਸਹਿਯੋਗੀ ਭਾਈ ਜਗਜੀਤ ਸਿੰਘ ਕਾਕਾ ਵੀਰ ਜੀ ਅਤੇ ਭਾਈ ਜਸਵੰਤ ਸਿੰਘ ਨੇ ਹਾਸਲ ਕੀਤਾ। ਸਟੇਜ ਸਕਤਰ ਦੀ ਸੇਵਾ ਗਿਆਨੀ ਪਿੰਦਰਪਾਲ ਸਿੰਘ ਬੁੱਟਰ, ਗਿਆਨੀ ਹਰਦੀਪ ਸਿੰਘ ਅਨੰਦਪੁਰ ਅਤੇ ਗਿਆਨੀ ਜੀਵਾ ਸਿੰਘ ਨੇ ਨਿਭਾਈ।
ਇਸ ਮੌਕੇ ਸੰਬੋਧਨ ਕਰਨ ਵਾਲਿਆਂ ‘ਚ ਸੰਤ ਬਾਬਾ ਲਖਾ ਸਿੰਘ ਨਾਨਕਸਰ, ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਦਲ ਬਾਬਾ ਬਿੱਧੀਚੰਦਬਾਬਾ ਗੁਰਨਾਮ ਸਿੰਘ ਭਾਈ ਕੇ ਡਰੋਲੀ,  ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ, ਬਾਬਾ ਬੰਤਾ ਸਿੰਘ,  ਭਾਈ ਅਜੈਬ ਸਿੰਘ ਅਭਿਆਸੀ, ਭਾਈ ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਬਾਬਾ ਗੁਰਭੇਜ ਸਿੰਘ ਖਜਾਲਾ ਮੁਖ ਬੁਲਾਰਾ ਸੰਤ ਸਮਾਜ, ਅਮਰਬੀਰ ਸਿੰਘ ਢੋਟ ਫੈਡਰੇਸ਼ਨ ਪ੍ਰਧਾਨ,ਦਿਲਬਾਗ ਸਿੰਘ ਆਰਫਕੇ, ਬਾਬਾ ਪ੍ਰਦੀਪ ਸਿੰਘ ਬੋਰੇਵਾਲ, ਬਾਬਾ ਜਸਵੰਤ ਸਿੰਘ ਨਾਨਕਸਰ ਸਮਰਾਲੇਵਾਲੇ, ਬਾਬਾ ਗੁਰਬਚਨ ਸਿੰਘ ਸੁਰਸਿੰਘ, ਗੁਰਚਰਨ ਸਿੰਘ ਗਰੇਵਾਲ , ਬਾਬਾ ਗੁਰਵਿੰਦਰ ਸਿੰਘ ਮਾਂਡੀ ਵਾਲੇ ਵੀ ਸ਼ਾਮਿਲ ਸਨ।

 

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>