(ਪਰਮਜੀਤ ਸਿੰਘ ਬਾਗੜੀਆ) – ਅਮਰੀਕਾ ਵਲੋਂ ਚੀਨ ਦੀ ਵੱਡੀ ਟੈਲੀਕਾਮ ਕੰਪਨੀ ਹੁਆਵੇਈ ਉੱਪਰ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਚੀਨ ਨੇ ਦੇਸ਼ ਵਿਚ ਮੋਬਾਇਲ ਇੰਟਰਨੈਟ ਨੈਟਵਰਕ ਖੇਤਰ ਵਿਚ ਅਗਲੇ ਕਦਮ 5ਜੀ ਦੀ ਸ਼ੁਰੂਆਤ ਕਰ ਦਿੱਤੀ ਹੈ। ਹਾਲ ਹੀ ਵਿਚ ਚੀਨ ਨੇ ਦੇਸ਼ ਦੀਆਂ 3 ਵੱਡੀਆਂ ਟੈਲੀਕਾਮ ਕੰਪਨੀਆਂ ਚਾਇਨਾ ਟੈਲੀਕਾਮ, ਚਾਇਨਾ ਯੁਨੀਕਾਮ ਅਤੇ ਚਾਇਨਾ ਬਰਾਡਕਾਸਟਿੰਗ ਨੈਟਵਰਕਸ ਨੂੰ 5ਜੀ ਸਰਵਿਸ ਲਈ ਲਾਈਸੰਸ ਪ੍ਰਦਾਨ ਕੀਤੇ ਹਨ। ਅੱਜ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਵਿਚ ਛਪੀ ਖਬਰ ਅਨੁਸਾਰ ਦੁਨੀਆ ਵਿਚ ਸਭ ਤੋਂ ਵੱਡੀ ਮੋਬਾਇਲ ਮਾਰਕੀਟ ਵਾਲਾ ਦੇਸ਼ ਚੀਨ ਹੁਣ ਕੋਰੀਆ ਤੋਂ ਬਾਅਦ ਇਹ ਸਰਵਿਸ ਦੇਣ ਵਾਲਾ ਦੁਨੀਆ ਦਾ ਦੂਜਾ ਦੇਸ਼ ਬਣ ਗਿਆ। ਅਜਿਹਾ ਕਰਕੇ ਇਕ ਤਰਾਂ ਨਾਲ ਉਸਨੇ ਅਮਰੀਕਾ ਨੂੰ ਤਕਨੀਕੀ ਤੌਰ ਤੇ ਵੀ ਵੰਗਾਰਿਆ ਹੈ। ਚੀਨ ਦੀ ਮੋਬਾਇਲ ਨੈਟਵਰਕ ਖੇਤਰ ਵਿਚ 50% ਹਿੱਸੇਦਾਰੀ ਵਾਲੀ ਕੰਪਨੀ ਹੁਆਵੇਈ ਨੇ ਆਪਣੀ ਸਟੇਟਮੈਂਟ ਵਿਚ ਕਿਹਾ ਕਿ ਚੀਨ ਦਾ 5 ਜੀ ਨੈਟਵਰਕ ਦੁਨੀਆ ਦੀ ਅਗਵਾਈ ਕਰੇਗਾ। ਇਥੇ ਇਹ ਵਰਨਣਯੋਗ ਹੈ ਕਿ 1 ਦਸੰਬਰ 2018 ਨੂੰ ਦੱਖਣੀ ਕੋਰੀਆ ਦੇਸ਼ ਵਿਚ 5ਜੀ ਮੋਬਾਇਲ ਨੈਟਵਰਕ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਦੇਸ਼ ਸੀ ਜੋ ਪਹਿਲਾਂ ਇਹ ਸੇਵਾਵਾਂ ਵਪਾਰਕ ਖੇਤਰ ਤੇ ਬਾਅਦ ਵਿਚ ਹੋਰਨਾਂ ਖੇਤਰਾਂ ਵਿਚ ਲਾਗੂ ਕਰਕੇ ਸਭ ਤੋਂ ਵੱਧ ਸਪੀਡ ਦੇਣ ਵਾਲਾ ਦੇਸ਼ ਵੀ ਬਣਿਆ।
ਅੱਜ ਦੇ ਦੌਰ ਵਿਚ ਹਰ ਕਿਸੇ ਨੂੰ ਹੀ ਤਾਕਤਵਰ ਵਾਇਰਲੈਸ ਨੈਟਵਰਕ ਚਾਹੀਦਾ ਹੈ ਜੋ ਤੇਜੀ ਨਾਲ ਵੱਡੀ ਗਿਣਤੀ ਵਿਚ ਡਾਟਾ ਟਰਾਂਸਫਰ ਕਰ ਸਕੇ। ਕਿਸੇ ਵੀ ਵਾਇਰਲੈਸ ਨੈਟਵਰਕਸ ਪਰਫਾਰਮੈਂਸ ਲਈ ਸਪੀਡ ਹੀ ਮਾਪਦੰਡ ਹੈ। ਮੋਬਾਇਲ ਇੰਟਨੈੱਟ ਵਿਚ ਸੁਧਾਰ ਲਿਆਉਣ ਲਈ ਇਸਦੀ ਸਪੀਡ 300 ਮੈਗਾ ਬਾਈਟਸ ਪ੍ਰਤੀ ਸੈਕਿੰਡ ਕੀਤੀ ਗਈ ਹੈ ਅਤੇ ਮਾਹਰਾਂ ਦਾ ਮੰਨਣਾ ਹੈ ਇਹ ਸਪੀਡ 20 ਗੁਣਾ ਤੱਕ ਹੋਰ ਵਧਾਈ ਜਾ ਸਕਦੀ ਹੈ। ਇਸ ਲਈ ਜਪਾਨ ਸਮੇਤ ਹੋਰ ਵਿਕਸਤ ਦੇਸ਼ 5ਜੀ, 6ਜੀ, 7ਜੀ, ਅਤੇ 8ਜੀ ਨੈਟਵਰਕਸ ਟੈਕਨਾਲੋਜੀ ‘ਤੇ ਰਿਸਰਚ ਵਿਚ ਲੱਗੇ ਹੋਏ ਹਨ ਇਕ ਰਿਪੋਰਟ ਅਨੁਸਾਰ ਡਾਟਾ ਟਰਾਂਸਫਰ ਸਪੀਡ 100 ਗੁਣਾ ਜਿਆਦਾ ਹੋਣ ਨਾਲ ਇਲਟ੍ਰਾਨਿਕ ਵਸਤਾਂ, ਸਵੈਚਾਲਤ ਕਾਰਾਂ ਅਤੇ ਸਮਾਰਟ ਸਿਟੀਜ ਆਦਿ ਨੂੰ ਚਲਾਉਣ ਲਈ ਨਵੇ ਮੋਬਾਇਲ ਐਪਲੀਕੇਸ਼ਨ ਕੰਮ ਕਰ ਸਕਣਗੇ।