ਦਲੀਪ ਸਿੰਘ ਉਪਲ ਦੀ ਪੁਸਤਕ ਦੋ ਤੇਰੀਆਂ ਦੋ ਮੇਰੀਆਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ

ਦਲੀਪ ਸਿੰਘ ਉਪਲ ਦੀ ਕਹਾਣੀਆਂ ਦੀ ਪੁਸਤਕ ‘ਦੋ ਤੇਰੀਆਂ ਦੋ ਮੇਰੀਆਂ’ ਕਹਾਣੀਕਾਰ ਦੀ ਵਿਚਾਰਧਾਰਾ ਦੀ ਪ੍ਰਤੀਕ ਹੈ। ਦਲੀਪ ਸਿੰਘ ਉਪਲ ਮੁੱਢਲੇ ਤੌਰ ਤੇ ਵਾਰਤਾਕਾਰ ਹੈ। ਉਸਦੀ ਵਾਰਤਕ ਦੀ ਸ਼ੈਲੀ ਰੌਚਿਕ ਹੁੰਦੀ ਹੈ। ਮਾਝੇ ਦਾ ਜੰਮਪਲ ਅਤੇ ਮਾਲਵਾ ਕਰਮਭੂਮੀ ਹੋਣ ਕਰਕੇ ਉਸਦੀ ਸ਼ਬਦਾਵਲੀ ਵਿਚੋਂ ਮਾਝਾ ਅਤੇ ਮਾਲਵੇ ਦੀ ਬੋਲੀ ਦੇ ਦੋਵੇਂ ਰੰਗ ਮਿਲਦੇ ਹਨ। ਇਸ ਕਰਕੇ ਕਹਾਣੀਕਾਰ ਦੀ ਗਲਬਾਤੀ ਪ੍ਰੰਤੂ ਕਾਵਿਮਈ ਸ਼ੈਲੀ ਤੇ ਮਲਵਈ ਪ੍ਰਭਾਵ ਸਾਫ ਵਿਖਾਈ ਦਿੰਦਾ ਹੈ। ਲੇਖਕ ਦੀਆਂ ਹੁਣ ਤੱਕ 7 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਸ਼ਬਦਾਵਲੀ ਦੇ ਦੋਹਰੇ ਰੰਗ ਕਰਕੇ ਉਸਦੀਆਂ ਕਹਾਣੀਆਂ ਪਾਠਕਾਂ ਨੂੰ ਪ੍ਰੇਰਿਤ ਕਰਦੀਆਂ ਹਨ। ਜ਼ਿੰਦਗੀ ਦਾ ਗੂੜ੍ਹ ਗਿਆਨ ਅਤੇ ਤਜਰਬਾ ਹੋਣ ਕਰਕੇ ਉਸਦੀ ਜਾਣਕਾਰੀ ਵਿਸ਼ਾਲ ਹੈ, ਜਿਸ ਕਰਕੇ ਉਸਦੀਆਂ ਕਹਾਣੀਆਂ ਸਮਾਜਿਕ ਤਾਣੇ ਬਾਣੇ ਨੂੰ ਸੁਚੰਜੇ ਢੰਗ ਨਾਲ ਦਰਸਾ ਦਿੰਦੀਆਂ ਹਨ। ਇਸ ਪੁਸਤਕ ਵਿਚ ਉਸਦੀਆਂ 5 ਮੌਲਿਕ ਅਤੇ 13 ਅਨੁਵਾਦਤ ਕਹਾਣੀਆਂ ਹਨ। ਪੁਸਤਕ ਦਾ ਨਾਮ ਹੀ ਇਸ ਕਰਕੇ ਦੋ ਤੇਰੀਆਂ ਅਤੇ ਦੋ ਮੇਰੀਆਂ ਰੱਖਿਆ ਗਿਆ ਹੈ ਕਿਉਂਕਿ ਉਸਦੀਆਂ ਆਪਣੀਆਂ ਅਤੇ ਹੋਰ ਕਹਾਣੀਕਾਰਾਂ ਦੀਆਂ ਕਹਾਣੀਆਂ ਹਨ।

ਕਹਾਣੀਕਾਰ ਨੇ ਅਨੁਵਾਦ ਕਰਨ ਲਈ ਚੁਣੀਆਂ ਕਹਾਣੀਆਂ ਵੀ ਉਸਦੀ ਆਪਣੀ ਸੋਚ ਨਾਲ ਮੇਲ ਖਾਂਦੀਆਂ ਚੁਣੀਆਂ ਹਨ। 111 ਪੰਨਿਆ ਦੀ 18 ਕਹਾਣੀਆਂ ਵਾਲੀ ਇਹ ਪੁਸਤਕ ਸੰਗਮ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ। ਕਹਾਣੀਕਾਰ ਦੀਆਂ 5 ਮੌਲਿਕ ਕਹਾਣੀਆਂ ਉਸਦੀ ਅਗਾਂਹਵਧੂ ਸੋਚ ਦਾ ਪ੍ਰਗਟਾਵਾ ਕਰਦੀਆਂ ਹਨ। ‘ਪਾਟਿਆ ਵਰਕਾ’ ਕਹਾਣੀ ਗੁਰਬਖ਼ਸ਼ ਸਿੰਘ ਪ੍ਰਤੀਲੜੀ ਦੀ ਵਿਚਾਰਧਾਰਾ ਤੇ ਅਧਾਰਤ ਪਿਆਰ ਕਬਜ਼ਾ ਨਹੀਂ ਪਛਾਣ ਹੈ ਦੇ ਸਿਧਾਂਤ ਨਾਲ ਮੇਲ ਖਾਂਦੀ ਹੈ। ਰਮਣੀਕ ਤੇ ਜਸਲੀਨ ਦਾ ਪਹਿਲੀ ਨਜ਼ਰੇ ਪਿਆਰ ਦੇ ਬੰਧਨ ਵਿਚ ਬੱਝ ਜਾਣਾ, ਅੱਲ੍ਹੜ੍ਹ ਉਮਰ ਦੇ ਪਿਆਰ ਵਿਚ ਵਾਅਦੇ ਅਤੇ ਫਿਰ ਜਸਲੀਨ ਵੱਲੋਂ ਪੰਜਾਬੀ ਦੀ ਐਮ.ਏ. ਫਸਟ ਡਵੀਜਨ ਵਿਚ ਪਾਸ ਕਰਨ ਦੇ ਬਾਵਜੂਦ ਨੌਕਰੀ ਨਾ ਮਿਲਣਾ ਸਮਾਜਕ ਤਾਣੇ ਬਾਣੇ ਦੀਆਂ ਅਨੇਕਾਂ ਖਾਮੀਆਂ ਦਾ ਪ੍ਰਗਟਾਵਾ ਕਰਦੀ ਹੈ। ਬੇਰੋਜ਼ਗਾਰੀ ਦੇ ਧਫੇੜੇ ਝਲਦਿਆਂ ਆਪਣੇ ਪਿਆਰ ਨੂੰ ਦਾਅ ਤੇ ਲਾ ਕੇ ਰੋਜ਼ਗਾਰ ਲਈ ਜਸਲੀਨ ਦਾ ਇੰਗਲੈਂਡ ਚਲੇ ਜਾਣਾ ਅਤੇ ਪੰਜ ਸਾਲ ਬਾਅਦ ਵਾਪਸ ਆ ਕੇ ਰਮਣੀਕ ਦਾ ਵਿਆਹ ਹੋਣ ਦੇ ਬਾਵਜੂਦ ਉਸਨੂੰ ਮਿਲਣ ਜਾਣਾ ਅਲ੍ਹੜ੍ਹ ਉਮਰ ਦੇ ਸੱਚੇ-ਸੁੱਚੇ ਪਿਆਰ ਦੀ ਨਿਸ਼ਾਨੀ ਹੈ, ਪ੍ਰੰਤੂ ਲੜਕੀਆਂ ਲਈ ਸਾਡੇ ਸਮਾਜ ਵਿਚ ਵਿਆਹ ਤੋਂ ਬਾਅਦ ਦੋਸਤ ਨੂੰ ਮਿਲਣਾ ਆਪਣੀ ਵਿਆਹੁਤਾ ਜੀਵਨ ਨੂੰ ਕਲੇਸ਼ ਪਾਉਣ ਦੇ ਬਰਾਬਰ ਹੁੰਦਾ ਹੈ। ਇਹ ਕਹਾਣੀ ਇਸਤਰੀ ਜਾਤੀ ਦੀਆਂ ਗੁੰਝਲਦਾਰ ਹਾਲਾਤ ਨਾਲ ਸਮਝੌਤਾ ਕਰਨ ਦੀਆਂ ਮਜ਼ਬੂਰੀਆਂ ਦੀ ਪ੍ਰਤੀਕ ਹੈ ਕਿਉਂਕਿ ਲੜਕੀਆਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾ ਨਹੀਂ ਸਕਦੀਆਂ। ਇਸੇ ਤਰ੍ਹਾਂ ਦੂਜੀ ਕਹਾਣੀ ‘ਦੁਸ਼ਮਣ ਕਿ ਦੇਵਤਾ’ ਦੋ ਪਿਆਰਿਆਂ ਦੇ ਅਧੂਰੇ ਪਿਆਰ ਦੀ ਦਾਸਤਾਂ ਹੈ, ਜਿਹੜੇ ਸਮਾਜਿਕ ਬੰਧਨਾਂ ਕਰਕੇ ਆਪਣੇ ਸਪਨਿਆਂ ਨੂੰ ਪੂਰਾ ਨਹੀਂ ਕਰ ਸਕੇ। ਤੀਜੀ ਕਹਾਣੀ ‘ਬੰਦ ਲਫਾਫ਼ਾ’ ਹੈ ਜਿਹੜੀ ਦਰਸਾਉਂਦੀ ਹੈ ਕਿ ਸਾਡੇ ਦਕਿਆਨੂਸੀ ਸਮਾਜ ਵਿਚ ਪਿਆਰ ਪਰੁਤੇ ਲੜਕੇ ਤੇ ਲੜਕੀਆਂ ਜ਼ਾਤਾਂ, ਮਜ਼੍ਹਬਾ ਅਤੇ ਧਰਮਾਂ ਦੇ ਝਗੜਿਆਂ ਝੇੜਿਆਂ ਵਿਚ ਹੀ ਉਲਝੇ ਰਹਿੰਦੇ ਹਨ। ਇਨਸਾਨੀ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਜਾਂਦੀ। ਵਿਆਹਾਂ ਸ਼ਾਦੀਆਂ ਵਿਚ ਜ਼ਾਤ ਬਰਾਦਰੀਆਂ ਰੋੜਾ ਬਣਕੇ ਪਹਾੜ ਦੀ ਤਰ੍ਹਾਂ ਖੜ੍ਹ ਜਾਂਦੀਆਂ ਹਨ। ਚੌਥੀ ਕਹਾਣੀ ‘ਰਾਮ ਲੀਲ੍ਹਾ’  ਇਕ ਦੇਸ਼ ਭਗਤ ਅਧਿਆਪਕ ਈਸ਼ਰ ਸਿੰਘ ਦੀ ਜਦੋਜਹਿਦ ਭਰੀ ਜ਼ਿੰਦਗੀ ਬਾਰੇ ਰੌਸ਼ਨੀ ਪਾਉਂਦੀ ਹੈ ਪ੍ਰੰਤੂ ਅਖ਼ੀਰ ਵਿਚ ਅਧਿਆਪਕ ਆਪਣੀ ਅਣਭੋਲ ਪੋਤਰੀ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੋਇਆ ਬੇਬਸ ਹੋ ਕੇ ਰਾਮ ਲੀਲਾ ਵੇਖਣ ਚਲਾ ਜਾਂਦਾ ਹੈ। ਰਾਮ ਲੀਲਾ ਦੇ ਪਾਤਰਾਂ ਵਲੋਂ ਧੂਮਰ ਪਾਨ ਕਰਨ ਤੇ ਮਾਸੂਮ ਬੱਚੀ ਨੂੰ ਘਿਰਣਾ ਪੈਦਾ ਹੋ ਜਾਂਦੀ ਹੈ ਕਿਉਂਕਿ ਬਚਪਨ ਬੜਾ ਭੋਲਾ ਹੁੰਦਾ ਹੈ। ਇਹ ਕਹਾਣੀ ਵੀ ਪਗ੍ਰਤੀਵਾਦੀ ਸੋਚ ਦੀ ਲਖਾਇਕ ਹੈ। ਪੰਜਵੀਂ ਕਹਾਣੀ ‘ਸਵਾਲੀਆ ਉਤਰ’ ਇਹ ਦਰਸਾਉਂਦੀ ਹੈ ਕਿ ਇਨਸਾਨ ਹੋਣਾ ਬਹੁਤ ਜ਼ਰੂਰੀ ਹੈ। ਧਰਮ ਦੀ ਆੜ ਵਿਚ ਧੋਖਾ, ਫਰੇਬ ਅਤੇ ਅਡੰਬਰ ਨਹੀਂ ਹੋਣੇ ਚਾਹੀਦੇ। ਧਰਮ ਦੁਆਰਾ ਫਿਰਕਾਪ੍ਰਸਤੀ ਪੈਦਾ ਕਰਕੇ ਮਜ੍ਹਬਾਂ ਦੇ ਝਗੜੇ ਤੇ ਬਖੇੜੇ ਖੜ੍ਹੇ ਕੀਤੇ ਜਾਂਦੇ ਹਨ।

ਅਨੁਵਾਦਕ ਕਹਾਣੀਕਾਰ ਦਲੀਪ ਸਿੰਘ ਉਪਲ ਨੇ ਅਨੁਵਾਦ ਲਈ ਜਿਹੜੀਆਂ 13 ਕਹਾਣੀਆਂ ਚੁਣੀਆਂ ਹਨ, ਉਹ ਅੱਬਲ ਦਰਜੇ ਦੀਆਂ ਸਮਾਜਿਕ ਸਰੋਕਾਰਾਂ ਦੀਆਂ ਪ੍ਰਤੀਕ ਹਨ। ਇਹ ਚੋਣ ਵੀ ਉਸਦੀ ਪ੍ਰਗਤੀਵਾਦੀ ਸੋਚ ਦੀ ਲਖਾਇਕ ਹੈ। ਦਲੀਪ ਸਿੰਘ ਉਪਲ  ਬਿਹਤਰੀਨ ਅਨੁਵਾਦਕ ਹੈ ਕਿਉਂਕਿ ਉਸਦਾ ਅਨੁਵਾਦ ਪੜ੍ਹਨ ਤੋਂ ਇਉਂ ਲੱਗਦਾ ਹੈ ਕਿ ਜਿਵੇਂ ਇਹ ਕਹਾਣੀਆਂ ਉਸਦੀਆਂ ਮੌਲਕ ਹੋਣ। ਸੁਰਿੰਦਰ ਅਰੋੜਾ ਦੀ ਕਹਾਣੀ ਜੁਆਰੀਆ ਮਰਦ ਅਤੇ ਔਰਤ ਜਦੋ ਭਾਵਨਾਵਾਂ ਦੇ ਵਹਿਣ ਵਿਚ ਵਹਿ ਜਾਂਦੇ ਹਨ ਤਾਂ ਉਨ੍ਹਾਂ ਦੀ ਮਾਨਸਿਕਤਾ ਬਦਲ ਜਾਂਦੀ ਹੈ। ਅਜਿਹੀ ਸਥਿਤੀ ਦਾ ਇਸ ਕਹਾਣੀ ਵਿਚ ਹੂਬਹੂ ਚਿਤਰਣ ਕੀਤਾ ਹੈ। ਕਾਮਨੀ ਅਤੇ ਸੁਰਿੰਦਰ ਬਹਾਦਰ ਸਿੰਘ ਦੋਵੇਂ ਪਾਤਰ ਜਿਉਂਦੇ ਜਾਗਦੇ ਕਹਾਣੀ ਪੜ੍ਹਦਿਆਂ ਦਿ੍ਰਸ਼ਮਾਨ ਹੋ ਜਾਂਦੇ ਹਨ। ਭਾਵੇਂ ਦੋਵੇਂ ਪਿਆਰ ਦੇ ਬੰਧਨ ਵਿਚ ਉਲਝ ਜਾਂਦੇ ਹਨ ਪ੍ਰੰਤੂ ਜਦੋਂ ਉਨ੍ਹਾਂ ਦੀ ਆਤਮਾ ਕੋਸਦੀ ਹੈ ਤਾਂ ਉਹ ਪਵਿਤਰਤਾ ਕਾਇਮ ਰੱਖਣ ਲਈ ਸਹਿਮਤ ਹੋ ਜਾਂਦੇ ਹਨ। ਇਹ ਆਦਰਸ਼ਵਾਦੀ ਕਹਾਣੀ ਜੋ ਅੱਜ ਦੇ ਆਸ਼ਕ-ਮਸ਼ੂਕਾਂ ਲਈ ਨੈਤਿਕਤਾ ਦਾ ਸੰਦੇਸ਼ ਦਿੰਦੀ ਹੈ। ਅਨੁਵਾਦਕ ਦੀ ਸ਼ਬਦਾਵਲੀ ਕਮਾਲ ਦੀ ਹੈ। ਸੂਰਯਬਾਲਾ ਦੀ ਕਹਾਣੀ ਗੈਸ ਨੂੰ ਵੀ ਅਨੁਵਾਦਕ ਨੇ ਅਜਿਹੇ ਢੰਗ ਨਾਲ ਪੇਸ਼ ਕੀਤਾ ਹੈ ਕਿ ਜਿਸ ਵਿਚ ਨੌਕਰੀ ਪੇਸ਼ਾ ਆਦਮੀ ਤੀਵੀਂ ਦੀਆਂ ਮੁਸ਼ਕਲਾਂ ਦਾ ਬਿਆਨ ਕੀਤਾ ਹੈ। ਅਖੀਰ ਵਿਚ ਇਸਤਰੀ ਆਪਣਾ ਕੰਮ ਆਪਣੇ ਹੱਥੀਂ ਕਰਕੇ ਸੰਤੁਸ਼ਟ ਹੋ ਜਾਂਦੀ ਹੈ। ਇਸ ਕਹਾਣੀ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਮਰਦ ਆਮ ਤੌਰ ਤੇ ਨੌਕਰੀਪੇਸ਼ਾ ਔਰਤਾਂ ਦਾ ਘਰੇਲੂ ਕੰਮਾਂ ਵਿਚ ਸਾਥ ਨਹੀਂ ਦਿੰਦੇ, ਜਦੋਂ ਕਿ ਸਮੇਂ ਅਤੇ ਹਾਲਾਤ ਦੀ ਲੋੜ ਸਾਥ ਦੇਣਾ ਹੁੰਦਾ ਹੈ। ਖਵਾਜਾ ਅਹਿਮਦ ਅੱਬਾਸ ਦੀ ਪੰਜ ਘੜਿਆਂ ਦਾ ਤਾਜਮਹੱਲ ਕਹਾਣੀ ਵਰਤਮਾਨ ਸਮਾਜ ਵਿਚ ਜ਼ਾਤ ਪਾਤ ਅਤੇ ਊਚ ਨੀਚ ਦੀਆਂ ਭਾਵਨਾਵਾਂ ਦੇ ਸਮੇਂ ਵਿਚ ਇਕ ਗ਼ਰੀਬ ਪਿਆਰਿਆਂ ਦੀ ਦਰਦਨਾਕ ਦਿਲ ਕੰਬਾਊ ਕਹਾਣੀ ਹੈ ਜਿਹੜੀ ਇਹ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ ਕਿ ਪਿਆਰ ਦੀ ਭਾਵਨਾ ਗ਼ਰੀਬ ਅਤੇ ਅਮੀਰ ਵਿਚ ਇਕੋ ਜਹੀ ਹੁੰਦੀ ਹੈ। ਇਸ ਕਹਾਣੀ ਤੋਂ ਪਿਤਾ ਪੁਰਖੀ ਕਾਰੀਗਰਾਂ ਦੀ ਕਾਬਲੀਅਤ ਅਤੇ ਉਨ੍ਹਾਂ ਦੇ ਸ਼ੋਸ਼ਣ ਦੀ ਤ੍ਰਾਸਦੀ ਵੀ ਸਾਹਮਣੇ ਆਉਂਦੀ ਹੈ। ਗੁਲਜ਼ਾਰ ਦੀ ਕਹਾਣੀ ਦਿਓਰ ਜੀ ਤੋਂ ਸਾਬਤ ਹੁੰਦਾ ਹੈ ਕਿ ਹਰ ਕਿਤੇ ਦੇ ਆਪਣੇ ਅਸੂਲ ਹੁੰਦੇ ਹਨ, ਉਸੇ ਤਰ੍ਹਾਂ ਦਿਓਰ ਜੀ ਕਹਾਣੀ ਵਿਚ ਵੀ ਦੋ ਭਰਾ ਭਾਵੇਂ ਵੇਸਵਾਵਾਂ ਅੱਡੇ ਤੇ ਜਾਂਦੇ ਹਨ ਪ੍ਰੰਤੂ ਇਕੋ ਔਰਤ ਨਾਲ ਦੂਜਾ ਭਰਾ ਹਮਬਸਤਰ ਨਹੀਂ ਹੁੰਦਾ ਕਿਉਂਕਿ ਉਸਦਾ ਭਰਾ ਪਹਿਲਾਂ ਇੰਜ ਕਰ ਚੁੱਕਾ ਹੈ। ਇਹ ਵੇਸਵਾਵਾਂ ਦੀ ਜ਼ਿੰਦਗੀ ਦੀ ਦੁੱਖ ਭਰੀ ਕਹਾਣੀ ਦਾ ਬਿ੍ਰਤਾਂਤ ਹੈ। ਰਾਬਿੰਦਰ ਨਾਥ ਟੈਗੋਰ ਦੀ ਕਹਾਣੀ ਦੰਡ ਵੀ ਇਕ ਭਰਾ ਆਪਣੇ ਭਰਾ ਨੂੰ ਬਚਾਉਣ ਲਈ ਆਪਣੀ ਔਰਤ ਨੂੰ ਕੁਰਬਾਨ ਕਰ ਦਿੰਦਾ ਹੈ। ਇਹ ਕਹਾਣੀ ਗ਼ਰੀਬ ਦੀ ਗ਼ਰੀਬੀ, ਭੁੱਖਮਰੀ, ਬੇਰੋਜ਼ਗਾਰੀ ਅਤੇ ਜਾਗੀਰਦਾਰੀ ਸੋਚ ਦਾ ਪਰਦਾ ਫਾਸ਼ ਕਰਦੀ ਹੈ। ਬਨਫੂਲ ਦੀ ਸੈਨਿਕ ਸੇਨ ਕਹਾਣੀ ਰਹੱਸਵਾਦੀ ਹੈ ਜੋ ਵਹਿਮਾ ਭਰਮਾ ਦੀ ਨਿੰਦਿਆ ਵੀ ਕਰਦੀ ਹੈ। ਆਦਵਨ ਸੁੰਦਰਮ ਦੀ ਸੌਵੀਂ ਰਾਤ ਕਹਾਣੀ ਵਿਚ ਮਰਦ ਅਤੇ ਔਰਤ ਸਮਾਜਿਕ ਤੇ ਆਰਥਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਆਪਣੀਆਂ ਭਾਵਨਾਵਾਂ ਨੂੰ ਵੀ ਜ਼ਿੰਦਰੇ ਮਾਰ ਲੈਂਦੇ ਹਨ ਦਾ ਪ੍ਰਤੀਕ ਹੈ।  ਪਿ੍ਰਤੀਸ਼ ਨੰਦੀ ਦੀ ਕਹਾਣੀ ਤੇ ਅਰਜਨ ਕਦੇ ਪਰਤਿਆ ਨਾ ਨੌਜਵਾਨਾ ਦੇ ਵਿਵਹਾਰ ਅਤੇ ਪੁਲਿਸ ਦੀ ਜਾਂਚ ਪੜਤਾਲ ਬਾਰੇ ਜਾਣਕਾਰੀ ਦਿੰਦੀ ਹੈ। ਚੈਖੋਵ ਦੀ ਨਕਾਬ ਕਹਣੀ ਅਮੀਰਜ਼ਾਦਿਆਂ ਵੱਲੋਂ ਮੁਖੌਟੇ ਪਾ ਕੇ ਆਨੰਦ ਮਾਨਣ ਲਈ ਲੋਕਾਂ ਨਾਲ ਕੀਤੇ ਜਾਂਦੇ ਵਿਵਹਾਰ ਦਾ ਪ੍ਰਤੀਕ ਹੈ। ਏਸੇ ਤਰ੍ਹਾਂ ਚੈਖੋਵ ਦੀ ਕਹਾਣੀ ਗਿਰਗਿਟ ਵੀ ਨੌਕਰਸ਼ਾਹਾਂ ਵੱਲੋਂ ਅਮੀਰ ਲੋਕਾਂ ਨਾਲ ਉਨ੍ਹਾਂ ਦੇ ਗ਼ਲਤ ਕੰਮਾ ਨੂੰ ਸਹੀ ਦਰਸਾਉਣ ਲਈ ਗਿਰਗਿਟ ਦੀ ਤਰ੍ਹਾਂ ਰੰਗ ਬਦਲਦੇ ਵਿਖਾਇਆ ਗਿਆ ਹੈ। ਮੋਪਾਸਾਂ ਦੀ ਕਹਾਣੀ ਅਰਦਲੀ ਅਣਜੋੜ ਵਿਆਹ ਸਮੇਂ ਔਰਤ ਦੀਆਂ ਭਾਵਨਾਵਾਂ ਨਾਲ ਹੋਏ ਖਿਲਵਾੜ ਦਾ ਬਦਲਾ ਲੈਣ ਲਈ ਉਹ ਹਮਉਮਰ ਸਾਥੀ ਬਣਾਉਂਦੀਆਂ ਹਨ। ਇਹ ਕਹਾਣੀ ਔਰਤ ਦੀਆਂ ਕਮਜ਼ੋਰੀਆਂ ਦਾ ਪੁਲੰਦਾ ਹੈ। ਹਰੀਸ਼ ਢਿਲੋਂ ਦੀ ਕਹਾਣੀ ਨਿਪੁੰਨਤਾਵਾਦੀ ਦਰਸਾਉਂਦੀ ਹੈ ਕਿ ਆਦਮੀ ਭਾਵੇਂ ਕਿਤਨੀ ਹੀ ਮੁਸੀਬਤ ਵਿਚ ਹੋਵੇ ਉਹ ਆਪਣੀ ਨਿਪੁੰਨਤਾ ਦੀ ਕਲਾਕਾਰੀ ਸ ਵੀ ਵਿਖਾਉਣੋ ਰਹਿ ਨਹੀਂ ਸਕਦਾ।

ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਦਲੀਪ ਸਿੰਘ ਉਪਲ ਜਿਥੇ ਇਕ ਚੰਗਾ ਕਹਾਣੀਕਾਰ ਉਸਦੇ ਨਾਲ ਹੀ ਉਹ ਬਿਹਤਰੀਨ ਅਨੁਵਾਦਕ ਵੀ ਹੈ। ਅਨੁਵਾਦ ਕਰਨ ਲੱਗਿਆਂ ਉਸਦੀ ਸ਼ਬਦਾਵਲੀ ਵਿਚ ਦਿ੍ਰਸ਼ਟਾਂਤਕ ਸ਼ੈਲੀ ਆ ਜਾਂਦੀ ਹੈ ਜਿਸ ਕਰਕੇ ਉਸਦੇ ਪਾਤਰ ਜਿਉਂਦੇ ਜਾਗਦੇ ਅਨੁਭਵ ਹੁੰਦੇ ਹਨ। ਕਹਿਣ ਤੋਂ ਭਾਵ ਉਹ ਸ਼ਬਦੀ ਅਨੁਵਾਦ ਨਹੀਂ ਕਰਦਾ ਸਗੋਂ ਕਹਾਣੀ ਦੀ ਆਤਮਾ ਦੀ ਪਛਾਣ ਕਰਕੇ ਉਸਨੂੰ ਮੌਲਿਕ ਕਹਾਣੀ ਲੱਗਣ ਲਾ ਦਿੰਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>