ਜਬਰ ਜਿਨਾਹ ਕਾਨੂੰਨੀ ਜੁਰਮ ਹੀ ਨਹੀਂ ਸਗੋਂ ਮਾਨਸਿਕ ਬੀਮਾਰੀ ਵੀ

ਭਾਰਤ ਨੂੰ ਅਜ਼ਾਦ ਹੋਏ ਲਗਭਗ 72 ਸਾਲ ਹੋ ਗਏ ਹਨ। 72 ਸਾਲਾਂ ਦੇ ਇਤਿਹਾਸ ਵਿਚ ਭਾਰਤ ਦੇ ਲੋਕਾਂ ਨੇ ਅਨੇਕਾਂ ਉਤਰਾ-ਚੜਾਅ ਦੇਖੇ ਹਨ। ਅੱਜ ਵੀ ਸੁਤੰਤਰ ਭਾਰਤ ਦੇ ਲੋਕਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਵੇਂ ਕਿ ਲੱਕ ਤੋੜਵੀਂ ਮਹਿੰਗਾਈ, ਛੋਟੇ-ਵੱਡੇ ਅਖੌਤੀ ਰੱਬਾਂ  (ਰਾਜਨੀਤਿਕ ਨੇਤਾਵਾਂ ਆਦਿ) ਦੀ ਪੈਸੇ ਅਤੇ ਪਦਾਰਥਾਂ ਦੀ ਲਾਲਸਾ ਕਾਰਨ ਵਿਸਫੋਟਕ ਰੂਪ ਧਾਰ ਰਿਹਾ ਭ੍ਰਿਸ਼ਾਟਾਚਾਰ, ਨੈਤਿਕ ਕਦਰਾਂ ਕੀਮਤਾਂ ਵਿਚ ਗਿਰਾਵਟ, ਜੁਰਮਾਂ ਵਿਚ ਹੱਦ ਦਰਜੇ ਦਾ ਵਾਧਾ, ਵੱਧ ਰਹੀਆਂ ਜਬਰ ਜਿਨਾਹ ਦੀਆਂ ਘਟਨਾਵਾਂ ਆਦਿ। 16 ਦਸੰਬਰ 2012 ਨੂੰ ਦਿੱਲੀ ਦੇ ਵਿਚ ਵਾਪਰੀ ਇਕ 23 ਸਾਲਾ ਪੈਰਾ ਮੈਡੀਕਲ ਦੀ ਵਿਦਿਆਰਥਨ ਨਾਲ ਜਬਰ ਜਿਨਾਹ ਦੀ ਘਟਨਾ ਨੇ ਸਮੁੱਚੇ ਦੇਸ਼ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ।  ਵਿਸ਼ਵ ਦੇ ਕਈ ਦੂਜੇ ਦੇਸ਼ਾਂ ਦੁਆਰਾ ਵੀ ਇਸ ਘਟਨਾ ਦੀ ਨਿੰਦਾ ਕੀਤੀ ਗਈ ਅਤੇ ਇਸ ਕੁੜੀ ਨੂੰ ਮਰਨ ਉਪਰੰਤ ਸ਼ਰਧਾਜਲੀਆਂ ਦਿੱਤੀਆਂ ਗਈਆਂ। ਇਸ ਘਟਨਾ ਦੇ ਵਿਰੋਧ ਵਿਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿਚ ਮੁਜਾਹਰੇ ਕੀਤੇ ਗਏ। ਮੁਜਰਿਮਾਂ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਗਈ।

ਇੰਨਾ ਕੁਝ ਹੋਣ ਦੇ ਬਾਵਜੂਦ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿਚੋ ਨਿੱਤ-ਰੋਜ਼ ਜਬਰ ਜਿਨਾਹ ਦੀਆਂ ਘਟਨਾਵਾਂ ਦੀਆਂ ਖਬਰਾਂ ਬੰਦ ਹੋਣ ਦਾ ਨਾਮ ਨਹੀਂ ਲੈ ਰਹੀਆਂ। ਸਗੋਂ ਦਿਨ-ਬ-ਦਿਨ ਮੀਡੀਆ ਵਿਚ ਆ ਰਹੀਆਂ ਖਬਰਾਂ ਤੋਂ ਤਾਂ ਇਸ ਤਰਾਂ ਪ੍ਰਤੀਤ ਹੋ ਰਿਹਾ ਹੈ ਕਿ ਜਬਰ ਜਿਨਾਹ ਦਾ ਅਪਰਾਧ ਘਟਣ ਦੀ ਬਜਾਏ ਵੱਧ ਰਿਹਾ ਹੈ। 26 ਮਈ 2019 ਨੂੰ ਐਤਵਾਰ ਵਾਲੇ ਦਿਨ ਕੇਵਲ ਪੰਜਾਬ ‘ਚ ਹੀ 7 ਬੱਚੀਆਂ ਦੇ ਨਾਲ ਜਬਰ ਜਿਨਾਹ ਦੀਆਂ ਦਰਦਨਾਕ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ‘ਚ ਧੂਰੀ ਵਿਖੇ ਕੇਵਲ 4 ਸਾਲ ਦੀ ਬੱਚੀ ਨਾਲ ਸਕੂਲ ਬੱਸ ਦੇ ਕੰਡਕਟਰ ਦੁਆਰਾ ਇਹ ਸ਼ਰਮਨਾਕ ਕਾਰਾ ਕੀਤਾ ਗਿਆ।  6 ਮਹੀਨਿਆਂ ਦੀਆਂ ਬੱਚੀਆਂ ਤੋਂ ਲੈ ਕੇ 80 ਸਾਲ ਤੱਕ ਦੀਆਂ ਬਜ਼ੁਰਗ ਔਰਤਾਂ ਇਸ ਅਣਮਨੁੱਖੀ , ਬਹਿਸ਼ੀ, ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਦਾ ਸ਼ਿਕਾਰ ਨਿੱਤ ਰੋਜ ਹੋ ਰਹੀਆਂ ਹਨ।ਸਬੂਤ ਮਿਟਾ ਦੇਣ ਲਈ ਇਨ੍ਹਾਂ ਹਵਸੀ ਦਰਿੰਦਿਆਂ ਵੱਲੋਂ ਪੀੜਤਾਵਾਂ ਦਾ ਕਤਲ  ਤੱਕ ਵੀ ਕਰ ਦਿੱਤਾ ਜਾਂਦਾ ਹੈ।

ਜਬਰ ਜਿਨਾਹ ਆਮ ਦੇਖਣ ਅਤੇ ਪੜਨ ਵਿੱਚ ਇੱਕ ਆਮ ਸ਼ਬਦਾ ਵਰਗਾ ਅੱਖਰ ਜੋੜ ਹੀ ਹੈ ਪਰ ਇਸ ਸ਼ਬਦ ਦੀ ਭਿਆਨਕਤਾ ਦਾ ਅੰਦਾਜ਼ਾ ਉਸ ਨੂੰ ਹੀ ਹੋ ਸਕਦਾ ਹੈ ਜਿਸਦੇ ਨਾਲ ਇਹ ਦਿਲ ਦਹਿਲਾਉਣ  ਵਾਲੀ ਜਬਰ ਜਿਨਾਹ ਦੀ ਘਟਨਾ ਵਾਪਰਦੀ  ਹੈ । ਇਹ ਜੁਰਮ ਤਾਂ ਕਤਲ ਦੇ ਨਾਲੋਂ ਵੀ ਵੱਡਾ ਜੁਰਮ ਹੈ ਕਿਉਂਕਿ ਇਹ ਘਟਨਾ ਇੱਕ ਅਜਿਹਾ ਜ਼ਖਮ ਦੇ ਜਾਂਦੀ ਹੈ ਜਿਸਦੇ ਕਾਰਨ ਜਬਰ ਜਿਨਾਹ  ਦਾ ਸ਼ਿਕਾਰ ਕੁੜੀ / ਔਰਤ ਪੂਰੀ  ਜਿੰਦਗੀ ਇਸ ਸੰਤਾਪ ਨੂੰੰ ਮਾਨਸਿਕ ਰੂਪ ਵਿੱਚ ਮਹਿਸੂਸ ਕਰਦੀ ਹੋਈ  ਹਰ ਰੋਜ਼ ਮਰਦੀ ਹੈ। ਕਤਲ ਨਾਲ ਤਾਂ ਸਿਰਫ ਇੱਕ ਵਾਰ ਹੀ ਮੌਤ ਆਉਂਦੀ ਹੈ ਪਰੰਤੂ ਜਬਰ ਜਿਨਾਹ ਨਾਲ ਤਾਂ ਜਬਰ ਜਿਨਾਹ ਦੀਆਂ ਸ਼ਿਕਾਰ ਬੱਚੀਆਂ ਜਾਂ ਔਰਤਾਂ ਹਰ ਰੋਜ ਮਰਨ ਲਈ ਮਜ਼ਬੂਰ ਹੁੰਦੀਆਂ ਹਨ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਜਬਰ ਜਿਨਾਹ ਦੇ 68% ਕੇਸ ਰਜਿਸਟਰ ਹੀ ਨਹੀਂ ਕਰਾਏ ਜਾਂਦੇ ਤੇ 98%  ਮੁਲਜਮ ਇਸ ਤਰਾਂ ਦੇ ਹੁੰਦੇ ਹਨ ਜਿਹੜੇ ਇੱਕ ਦਿਨ ਵੀ ਜੇਲ ‘ਚ ਨਹੀਂ ਬਿਤਾਉਂਦੇ। ਜੋ ਕਿ ਸਾਡੀ ਨਾਕਸ ਹੋ ਚੁੱਕੀ ਨਿਆਇਕ ਪ੍ਰਣਾਲੀ ਦਾ ਸਪਸ਼ਟ ਪ੍ਰਮਾਣ ਹੈ। ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 94% ਮੁਲਜ਼ਮ ਪੀੜਤਾਵਾਂ ਦੇ ਨਜਦੀਕੀ ਜਾਣ ਪਹਿਚਾਣ ਦੇ ਹੁੰਦੇ ਹਨ।

ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਿਛਲੇ ਕੁਝ ਸਾਲਾਂ ਦੇ ਅੰਕੜਿਆਂ ਨੰੂੰ ਦੇਖਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਜਬਰ ਜਿਨਾਹ ਦੀਆਂ ਘਟਨਾਵਾਂ ਘਟਣ ਦੀ ਬਜਾਏ ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਹਨ। ਇਸ ਦਾ ਸਪਸਟ ਭਾਵ ਹੈ ਕਿ ਸਾਡੀ ਵਿੱਦਿਅਕ, ਸਮਾਜਿਕ, ਨਿਆਇਕ, ਰਾਜਨੀਤਿਕ ਅਤੇ ਆਰਥਿਕ ਪ੍ਰਣਾਲੀ ਵਿੱਚ ਜੋ ਕਮੀਆਂ ਹਨ ਉਹਨਾਂ ਨੂੰ ਦੂਰ ਕੀਤੇ ਬਿਨਾਂ ਇਸ ਨੂੰ ਘਟਾਇਆ ਨਹੀ ਜਾ ਸਕਦਾ। ਜਿਵੇ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਬਰ ਜਿਨਾਹ ਇੱਕ ਕਾਨੂੰਨੀ ਜੁਰਮ ਹੀ ਨਹੀਂ ਸਗੋਂ ਮਾਨਸਿਕ ਬੀਮਾਰੀ ਵੀ ਹੈ। ਭਾਵੇਂ ਕਿ ਇਸ ਅਪਰਾਧ ਨਾਲ ਨਿਪਟਣ ਲਈ ਪਹਿਲਾਂ ਵੀ ਕਾਨੂੰਨ ਮੌਜੂਦ ਸੀ, ਅਤੇ ਹੋਰ ਸਖਤ ਕਾਨੂੰਨ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਭਾਰਤ ਸਰਕਾਰ ਨੇ ਨਵਾਂ ਕਨੂੰਨ ਬਣਾ ਦਿੱਤਾ  ਹੈ। ਇਸ ਕਾਨੂੰਨ ਰਾਹੀ ਜਬਰ ਜਿਨਾਹ ਦੇ ਦੋਸ਼ੀਆਂ ਲਈ ਸਖਤ ਸਜ਼ਾਵਾ ਦੀ ਵਿਵਸਥਾ ਕੀਤੀ ਗਈ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਖਤ ਕਨੂੰਨ ਬਨਾਉਣ ਦੇ ਨਾਲ ਜਬਰ ਜਿਨਾਹ ਦੀਆਂ ਘਟਨਾਵਾਂ ਰੁੱਕ ਗਈਆਂ ਹਨ ? ਕੀ ਸਖਤ ਕਨੂੰਨ ਬਣਾ ਕੇ ਜੱਗ ਜਨਨੀ ਦੀ ਇੱਜਤ ਅਤੇ ਪਵਿੱਤਰਤਾ ਦੀ ਰੱਖਿਆ ਕੀਤੀ ਜਾ ਸਕੇਗੀ ?

ਹੋ ਸਕਦਾ ਹੈ ਕਿ ਮੈ ਗਲਤ ਹੋਵਾਂ, ਪਰ ਮੈਨੂੰ ਇਨ੍ਹਾ ਸਵਾਲਾਂ ਦਾ ਉੱਤਰ ਨਾ ਵਿਚ ਲਗਦਾ ਹੈ। ਸਗੋਂ ਇਸ ਤਰਾਂ ਲੱਗਦਾ ਹੈ ਕਿ ਕੇਵਲ ਸਖਤ ਕਨੂੰਨ ਬਣਾ ਕਿ ਅਸੀਂ ਇਸ ਨਾਮੁਰਾਦ ਮਾਨਸਿਕ ਬੀਮਾਰੀ ਨਾਲ ਨਹੀਂ ਨਿਪਟ ਸਕਦੇ। ਇਸ ਨਾਲ ਨਿਪਟਨ ਲਈ ਜਰੂਰੀ ਹੈ ਕਿ ਸਖਤ ਸਜਾਵਾਂ, ਮੁਜਰਿਮਾਂ ਦਾ ਸਮਾਜਿਕ ਬਾਈਕਾਟ ਕਰਨ ਦੇ ਨਾਲ-ਨਾਲ  ਇਸਦੇ ਕਾਰਨਾ ਨੂੰ ਜਾਣ ਕੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੀਏ, ਜਿਨਾਂ ਦੇ ਕਾਰਨ ਮਨੁੱਖ ਆਪਣੇ ਮਨੁੱਖੀ ਰੂਪ ਨੂੰ ਭੁੱਲ ਕੇ ਪਸ਼ੂ ਬਣ ਜਾਂਦਾ ਹੈ। ਇਸਦੀ ਚਰਚਾ ਕੁਝ ਇਸ ਤਰਾਂ ਕੀਤੀ ਜਾ ਸਕਦੀ ਹੈ।

ਜਬਰ ਜਿਨਾਹ ਦਾ ਸਭ ਤੋਂ ਵੱਡਾ ਕਾਰਨ ਹੁੰਦਾਂ ਹੈ, ਮਨੁੱਖ ਦੀ ਮਾਨਸਿਕ ਉਤੇਜਨਾ। ਅੱਜ ਸਾਡੇ ਦੇਸ਼ ਵਿਚ ਕੇਵਲ ਨੈਟਵਰਕ, ਡਿਸ਼ ਟੀ.ਵੀ. ਆਦਿ ਦੇ ਰਾਹੀ ਪੱਛਮੀ ਚੈਨਲਾਂ ਦੁਆਰਾ ਅਸ਼ਲੀਲਤਾ, ਨੰਗੇਜ਼ ਆਮ ਦਿਖਾਇਆ ਜਾ ਰਿਹਾ ਹੈ। ਇਨ੍ਹਾ ਚੈਨਲਾਂ ਦੁਆਰਾ ਪਰੋਸੀ ਅਸ਼ਲੀਲਤਾ ਅਤੇ ਨੰਗੇਜ਼ ਦੇਖਣ ਦੇ ਬਾਅਦ ਮਨੁੱਖ ਉਤੇਜਿਤ ਹੋ ਕਿ ਅੰਨਾ ਹੋ ਜਾਂਦਾ ਹੈ, ਵਿਅਕਤੀ ਨੂੰ ਚੰਗੇ-ਬੁਰੇ, ਧਰਮ-ਅਧਰਮ, ਪਾਪ-ਪੁੰਨ ਆਦਿ ਦਾ ਫਰਕ ਪਤਾ ਨਹੀ ਚਲਦਾ, ਤੇ ਇਸ ਤਰਾਂ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਜਦੋਂ ਮਨੁੱਖ ਨੂੰ ਗੁਨਾਹ ਦਾ ਅਹਿਸਾਸ ਹੁੰਦਾਂ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ, ਤੇ ਉਹ ਪਛਤਾਉਣ ਤੋਂ ਬਿਨਾਂ ਕੁਝ ਵੀ ਨਹੀ ਕਰ ਸਕਦਾ । ਇਸ ਤਰਾਂ ਦੇ ਗੁਨਾਹ ਦੇ ਅਹਿਸਾਸ ਕਾਰਨ ਹੀ ਸ਼ਾਇਦ ਦਿੱਲੀ ਜਬਰ ਜਿਨਾਹ ਦੇ ਮੁੱਖ ਦੋਸ਼ੀ ਰਾਮ ਸਿੰਘ ਨੇ ਆਪਣੇ ਆਪ ਨੂੰ ਫਾਹਾ ਲਾ ਕੇ ਖੁਦਕੁਸ਼ੀ ਕੀਤੀ ਸੀ। ਪੱਛਮੀ ਚੈਨਲਾਂ ਦੀ ਗੱਲ ਨੂੰ ਛੱਡ ਕੇ ਜੇਕਰ ਅਸੀਂ ਆਪਣੇ ਦੇਸ਼ ਦੇ ਚੈਨਲਾਂ ਦੀ ਗੱਲ ਕਰੀਏ ਤਾਂ ਅਸੀਂ ਨਿਰਸੰਕੋਚ ਕਹਿ ਸਕਦੇ ਹਾਂ ਕਿ ਸਾਡੇ ਆਪਣੇ ਦੇਸ਼ ਦੀਆਂ ਕੁਝ ਫਿਲਮਾਂ ਅਤੇ ਗਾਣੇ ਪੱਛਮੀ ਚੈਨਲਾਂ ਦੀ ਅਸ਼ਲੀਲਤਾ ਅਤੇ ਨੰਗੇਜ਼ ਤੋਂ ਕਿਸੇ ਵੀ ਤਰਾਂ ਪਿੱਛੇ ਨਹੀ ਹਨ। ਇੱਥੇ ਇਹ ਕਹਿਣਾ ਵੀ ਉੱਚਿਤ ਹੋਵੇਗਾ ਕਿ ਜਬਰ ਜਿਨਾਹ ਦੀਆਂ ਘਟਨਾਵਾਂ ਦੇ ਤਰੀਕੇ, ਬੈਂਕਾਂ ਨੂੰ ਲੁੱਟਣ ਦੇ ਢੰਗ ਆਦਿ ਅਕਸਰ ਕਿਸੇ ਬਾਲੀਬੁੱਡ ਦੀ ਫਿਲਮ ਦੇ ਦ੍ਰਿਸ਼ ਦੀ ਤਰਾਂ ਹੀ ਹੁੰਦੇ ਹਨ।

ਦੇਸ਼ ਦੇ ਵਿਚ ਦਿਨ-ਬ-ਦਿਨ ਵੱਧ ਰਹੀ ਨਸ਼ਿਆਂ ਦੀ ਵਰਤੋਂ ਵੀ ਜਬਰ ਜਿਨਾਹ ਦੀਆਂ ਘਟਨਾਵਾਂ ਲਈ ਇਕ ਵੱਡਾ ਜਿੰਮੇਵਾਰ ਕਾਰਨ ਬਣਦਾ ਨਜ਼ਰ ਆ ਰਿਹਾ ਹੈ। ਸਾਡੇ ਦੇਸ਼ ਵਿਚ ਅੱਜ ਹਰੇਕ ਤਰਾਂ ਦੇ ਨਸ਼ਿਆਂ ਦਾ ਹੜ ਆ ਗਿਆ ਜਾਪਦਾ ਹੈ। ਦੇਸ਼ ਦੀ ਕੇਂਦਰੀ ਅਤੇ ਰਾਜ ਸਰਕਾਰਾਂ ਟੈਕਸ ਦੇ ਰੂਪ ਵਿਚ ਧੰਨ ਇੱਕਠਾ ਕਰਨ ਅਤੇ ਵੋਟ ਰਾਜਨੀਤੀ ਦੀ ਮਜ਼ਬੂਰੀ ਕਾਰਨ ਇਨ੍ਹਾ ਨਸ਼ਿਆਂ ਨੂੰ ਰੋਕਣ ਲਈ ਪੂਰੀ ਸੁਹਿਰਦਤਾ ਨਹੀ ਦਿਖਾਉਦੀਆਂ। ਵੱਖ-ਵੱਖ ਛੋਟੇ-ਵੱਡੇ ਅਪਰਾਧ ਅਤੇ ਅਪਰਾਧੀਆਂ ਤੇ ਕੀਤੇ ਗਏ ਅਧਿਐਨਾਂ ਤੋਂ ਪਤਾ ਚਲਦਾ ਹੈ ਕਿ ਜਿਆਦਾਤਰ ਅਪਰਾਧ ਕਰਨ ਸਮੇਂ ਅਪਰਾਧੀ ਨਸ਼ੇ ਦੀ ਹਾਲਤ ਵਿਚ ਹੁੰਦੇ ਹਨ। ਨਸ਼ੇ ਦੀ ਹਾਲਤ ਵਿਚ ਮਨੁੱਖ ਪਾਗਲ ਦੇ ਸਮਾਨ ਹੁੰਦਾਂ ਹੈ ਜਿਸ ਨੂੰ ਕਿ ਪਤਾ ਹੀ ਨਹੀ ਚਲਦਾ ਕਿ ਉਹ ਕੀ ਕਰ ਰਿਹਾ ਹੈ।

ਕੱਪੜੇ ਤਨ ਦਾ ਸਿੰਗਾਰ ਹੁੰਦੇ ਹਨ, ਪਰ ਅੱਜ ਭਾਰਤ ਦੀ ਨੌਜਵਾਨ ਪੀੜੀ ਪੱਛਮੀ ਸੱਭਿਅਤਾ ਦੇ ਪ੍ਰਭਾਵ ਅਧੀਨ ਇਸ ਤਰਾਂ ਦਾ ਪਹਿਰਾਵਾ ਪਹਿਨਣ ਲੱਗ ਪਈ ਹੈ ਜਿਸ ਵਿਚ ਸਰੀਰ ਦੇ ਅੰਗਾਂ ਦੀ ਬਣਾਵਟ ਸਪੱਸਟ ਰੂਪ ਵਿਚ ਨਜਰ ਆਉਂਦੀ ਹੈ। ਇਸ ਤਰਾਂ ਦਾ ਪਹਿਰਾਵਾ ਵਿਰੋਧੀ ਲਿੰਗ ਲਈ ਉਤੇਜਨਾ ਦਾ ਜ਼ਰੀਆ ਬਣਦਾ ਹੈ। ਇਹ ਕਿਸ ਤਰਾਂ ਦੀ ਮਾਡਰਨਾਈਜ਼ੇਸ਼ਨ ਹੈ ? ਜੋ ਕਿ ਆਪਣੀ ਸੱਭਿਅਤਾ ਨੂੰ ਭੁੱਲ ਕੇ ਆਪਣੇ ਹੀ ਸਰੀਰ ਦੇ ਅੰਗਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਵਿਹਲਾ ਮਨ ਸ਼ੈਤਾਨ ਦਾ ਘਰ। ਇਹ ਕਹਾਵਤ ਭਾਰਤ ਦੇ ਮਾਹੌਲ ਤੇ ਬਿਲਕੁਲ ਫਿੱਟ ਹੋ ਰਹੀ ਹੈ। ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਬੇਰੁਜ਼ਗਾਰੀ ਬੜਾ ਉਗਰ ਰੂਪ ਧਾਰਨ ਕਰ ਚੁੱਕੀ ਹੈ। ਇਨ੍ਹਾ ਬੇਰੁਜ਼ਗਾਰ ਨੌਜਵਾਨਾਂ ਦੁਆਰਾ ਹੀ ਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ ਅਨੇਕਾਂ ਜ਼ੁਰਮ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਇਹ ਇਕ ਸੱਚਾਈ ਹੈ ਕਿ ਕੰਮ ਕਰਨ ਵਾਲੇ ਮਨੁੱਖ ਕੋਲ ਇੰਨਾਂ ਸਮਾਂ ਹੀ ਨਹੀ ਹੁੰਦਾਂ ਕਿ ਉਹ ਇਸ ਤਰਾਂ ਦੀਆਂ ਘਟਨਾਵਾਂ ਨੂੰ ਸਿਰੇ ਚਾੜਣ ਬਾਰੇ ਸੋਚ ਸਕੇ। ਨਸ਼ਿਆਂ ਦੀ ਲੱਤ ਦਾ ਸ਼ਿਕਾਰ ਵੀ ਜਿਆਦਾ ਕਰਕੇ ਇਹ ਬੇਰੁਜ਼ਗਾਰ ਹੀ ਹੁੰਦੇ ਹਨ ।

ਕਦਰਾਂ ਕੀਮਤਾਂ ਦਾ ਦਿਨ-ਬ-ਦਿਨ ਪਤਨ ਸਾਡੇ ਭਾਰਤੀ ਸਮਾਜ ਦੀ ਬਹੁਤ ਵੱਡੀ ਤਰਾਸਦੀ ਹੈ। ਸਾਡੀ ਅੱਜ ਦੀ ਪੀੜੀ ਭਾਰਤੀ ਸਮਾਜ ਦੀਆਂ ਕਦਰਾਂ ਕੀਮਤਾਂ ਅਤੇ ਸੰਸਕ੍ਰਿਤੀ ਦੇ ਪੱਖੋਂ ਬਿਲਕੁਲ ਕੋਰੀ ਜਾਪਦੀ ਹੈ। ਸਾਡੀ ਅਮੀਰ ਸੰਸਕ੍ਰਿਤੀ ਵਿਚ ਔਰਤ ਨੂੰ ਮਾਂ, ਭੈਣ, ਪੁੱਤਰੀ, ਪਤਨੀ ਆਦਿ ਦੇ ਰੂਪ ਵਿਚ ਸਨਮਾਨ ਦਿੱਤਾ ਜਾਂਦਾ ਰਿਹਾ ਹੈ, ਪਰ ਅੱਜ ਪਦਾਰਥਵਾਦ, ਨਿੱਜਵਾਦ, ਪੱਛਮੀ ਸੱਭਿਅਤਾ ਦੇ ਪ੍ਰਭਾਵ ਆਦਿ ਦੇ ਕਾਰਨ ਔਰਤ ਨੇ ਆਪਣੇ ਆਪ ਨੂੰ ਖੁਦ ਵੀ ਅਤੇ ਕੁਝ ਪੈਸਾ ਕਮਾਉਣ ਦੀ ਲਾਲਸਾ ਰੱਖਣ ਵਾਲੇ ਮਨੁੱਖਾਂ ਨੇ ਵੀ ਔਰਤ ਨੂੰ ਇਕ ਨੁਮਾਇਸ਼ ਦੀ ਚੀਜ ਬਣਾ ਕਿ ਰੱਖ ਦਿੱਤਾ ਹੈ। ਫੈਸ਼ਨ ਸ਼ੋਆਂ ਦੇ ਰੂਪ ਵਿਚ ਅਤੇ ਵੱਖ-ਵੱਖ ਉਤਪਾਦਾਂ ਦੇ ਇਸ਼ਤਿਹਾਰ ਦਿੰਦੇ ਸਮੇਂ ਔਰਤ ਆਪਣੇ ਜਿਸਮ ਦੀ ਨੁਮਾਇਸ਼ ਕਰਦੀ ਹੋਈ ਸ਼ਰੇਆਮ ਟੀ.ਵੀ. ਚੈਨਲਾਂ ਤੇ ਦਿਖਾਈ ਦਿੰਦੀ ਹੈ। ਜਿਸ ਨੂੰ ਕਿਸੇ ਵੀ ਤਰਾਂ ਉਚਿੱਤ ਨਹੀਂ ਠਹਿਰਾਇਆ ਜਾ ਸਕਦਾ। ਸ਼ਰਮ ਨੂੰ ਭਾਰਤੀ ਸੰਸਕ੍ਰਿਤੀ ਵਿਚ ਔਰਤ ਦਾ ਗਹਿਣਾ ਮੰਨਿਆ ਜਾਂਦਾ ਸੀ। ਇਹ ਗੁਣ ਅੱਜ ਦੀ ਔਰਤ ਤੋਂ ਕੋਹਾਂ ਦੂਰ ਹੈ। ਇਸ ਤਰਾਂ ਭਾਰਤ ਦੇ ਵਿਚੋਂ ਕਦਰਾਂ ਕੀਮਤਾਂ, ਭਾਰਤੀ ਰਸਮੋਂ ਰਿਵਾਜਾਂ, ਭਾਰਤੀ ਸੰਸਕ੍ਰਿਤੀ ਦਾ ਪਤਨ ਵੀ ਜਬਰ ਜਿਨਾਹ ਦੀਆਂ ਘਟਨਾਵਾਂ ਆਦਿ ਦਾ ਇਕ ਮਹੱਤਵਪੂਰਨ ਕਾਰਨ ਬਣਦਾ ਨਜ਼ਰ ਆ ਰਿਹਾ ਹੈ।

ਇਸ ਲਈ ਅੰਤ ਵਿਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਜਬਰ ਜਿਨਾਹ ਜੈਸੇ ਘਿਨਾਉਣੇ ਅਪਰਾਧ ਲਈ ਜਿੰਨ੍ਹੀ ਜਰੂਰਤ ਸਖਤ ਕਾਨੂੰਨ ਬਨਾਉਣ ਦੀ ਹੈ, ਉਸ ਨਾਲੋਂ ਜਿਆਦਾ ਲੋੜ ਇਸਦੇ ਕਾਰਨਾਂ ਨੂੰ ਦੂਰ ਕਰਨ ਦੀ , ਲੋਕਾਂ ਦੀ ਮਾਨਸਿਕਤਾ ਬਦਲਣ ਦੀ ਹੈ। ਇਸ ਨਾਮੁਰਾਦ ਬੀਮਾਰੀ ਨੂੰ ਖਤਮ ਕਰਨ ਲਈ ਸਾਨੂੰ ਸਮਾਜਿਕ, ਵਿਦਿਅਕ, ਆਰਥਿਕ, ਰਾਜਨੀਤਿਕ, ਨਿਆਇਕ, ਸੱਭਿਆਚਾਰਕ ਆਦਿ ਪੱਖਾਂ ਤੋਂ ਸਾਂਝੇ ਰੂਪ ‘ਚ ਸੁਧਾਰ ਕਰਨ ਦੀ ਲੋੜ ਹੈ। ਜਿਸ ਤਰਾਂ ਚੀਨ ਵਰਗੇ ਸਮਾਜਵਾਦੀ ਦੇਸ਼ ਨੇ ਪੱਛਮੀ ਅਸ਼ਲੀਲ ਚੈਨਲਾਂ, ਇੰਟਰਨੈਟ ਦੀਆਂ ਅਸ਼ਲੀਲ ਸਾਈਟਾਂ ਤੇ ਪਾਬੰਦੀ ਲਗਾਈ ਹੋਈ ਹੈ। ਸਾਡੇ ਦੇਸ਼ ਦੀ ਸਰਕਾਰ ਦੁਆਰਾ ਵੀ ਦੇਸ਼ ਦੇ ਹਿੱਤਾ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਤਰਾਂ ਦੇ ਕਦਮ ਚੁੱਕਣੇ ਚਾਹੀਦੇ ਹਨ ਅਤੇ ਦੇਸ਼ ਵਿਚ ਬਨਣ ਵਾਲੀਆਂ ਫਿਲਮਾਂ ਅਤੇ ਗਾਣਿਆਂ ਨੂੰ ਵੀ ਇਸਦੇ ਘੇਰੇ ਵਿਚ ਲੈ ਕੇ ਆਉਣਾ ਚਾਹੀਦਾ ਹੈ। ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਸਮੱਸਿਆ ਦਾ ਉਚਿਤ ਹੱਲ ਲੱਭ ਕਿ ਹੀ ਅਸੀਂ ਇਸ ਸਮੱਸਿਆ ਨਾਲ ਨਜਿਠਨ ਲਈ ਤਿਆਰ ਹੋ ਸਕਦੇ ਹਾਂ।  ਇਸਦੇ ਨਾਲ ਦੇਸ਼ ਦੀਆਂ ਔਰਤਾਂ ਨੂੰ ਵੀ ਪੱਛਮੀ ਸੱਭਿਅਤਾ ਦੇ ਚਮਕੀਲੇ ਬੁਰੇ ਪ੍ਰਭਾਵਾਂ ਨੂੰ ਤਿਆਗਦੇ ਹੋਏ ਆਪਣੇ ਪਹਿਰਾਵੇ ਨੂੰ ਭਾਰਤੀ ਸੱਭਿਅਤਾ ਦੇ ਅਨੁਸਾਰ ਕਰਨਾ ਪਵੇਗਾ। ਇਸਦੇ ਨਾਲ ਦੇਸ਼ ਦੀ ਸਰਕਾਰ ਨੂੰ ਇਸ ਦੇ ਲਈ ਵੀ ਉਚਿਤ ਵਿਵਸਥਾਵਾਂ ਕਰਨੀਆਂ ਪੈਨਗੀਆਂ ਕਿ ਬਣਾਏ ਗਏ ਜਬਰ ਜਿਨਾਹ ਵਿਰੋਧੀ ਸਖਤ ਕਾਨੂੰਨ ਦੀ ਵੀ ਦਾਜ ਵਿਰੋਧੀ ਕਾਨੂੰਨ ਦੀ ਤਰ੍ਹਾਂ ਔਰਤਾਂ ਦੁਆਰਾ ਗਲਤ ਵਰਤੋਂ ਨਾ ਕੀਤੀ ਜਾ ਸਕੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>