ਅਮਰੀਕਾ ਵਿਚ ਆਜ਼ਾਦੀ ਦਿਵਸ ਮਨਾਉਣ ਦਾ ਵਿਲੱਖਣ ਢੰਗ

ਮੈਂ ਲਗਪਗ ਹਰ ਸਾਲ ਗਰਮੀਆਂ ਵਿਚ ਅਮਰੀਕਾ ਆਪਣੇ ਸਪੁੱਤਰ ਕੋਲ ਜਾਂਦਾ ਰਹਿੰਦਾ ਹਾਂ। ਅਮਰੀਕਾ 4 ਜੁਲਾਈ 1776 ਨੂੰ ਆਜ਼ਾਦ ਹੋਇਆ ਸੀ। ਉਦੋਂ ਤੋਂ ਹੀ ਆਜ਼ਾਦੀ ਦਿਵਸ 4 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਲਈ ਹਰ ਸਾਲ ਮੈਨੂੰ ਵੀ ਆਜ਼ਾਦੀ ਦੇ ਜਸ਼ਨਾ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਰਹਿੰਦਾ ਹੈ। ਇਥੋਂ ਦੇ ਕਈ ਛੋਟੇ, ਵੱਡੇ ਸ਼ਹਿਰਾਂ ਅਤੇ ਪਿੰਡਾਂ ਵਿਚ ਆਜ਼ਾਦੀ ਦਿਵਸ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਇਤਫਾਕ ਹੋਇਆ ਹੈ। ਇਥੋਂ ਦੇ ਲੋਕਾਂ ਵਿਚ ਆਜ਼ਾਦੀ ਦਿਵਸ ਮਨਾਉਣ ਲਈ ਵਿਲੱਖਣ ਕਿਸਮ ਦਾ ਉਤਸ਼ਾਹ ਹੁੰਦਾ ਹੈ। ਆਜ਼ਾਦੀ ਦੇ ਸਮਾਗਮਾਂ ਨੂੰ ਉਹ ਲੋਕ ਆਪਣੇ ਨਿੱਜੀ ਸਮਾਗਮਾਂ ਦੀ ਤਰ੍ਹਾਂ ਮਹਿਸੂਸ ਕਰਦੇ ਹਨ।

ਸਰਕਾਰ ਵੱਲੋਂ ਇਹ ਦਿਨ ਮਨਾਉਣ ਲਈ ਲੋਕਾਂ ਤੇ ਸਮਾਗਮਾਂ ਵਿਚ ਆਉਣ ਲਈ ਕੋਈ ਦਬਾਅ ਨਹੀਂ ਹੁੰਦਾ। ਇਸ ਦਿਨ ਦੀ ਲਗਪਗ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿਚ ਛੁੱਟੀ ਹੁੰਦੀ ਹੈ। ਲੋਕ ਇਸ ਸਰਕਾਰੀ ਅਤੇ ਗੈਰ ਸਰਕਾਰੀ ਛੁੱਟੀ ਦਾ ਕਿਸੇ ਹੋਰ ਕੰਮ ਲਈ ਉਪਯੋਗ ਜਾਂ ਦੁਰਉਪਯੋਗ ਨਹੀਂ ਕਰਦੇ। ਉਹ ਤਾਂ ਅਜਿਹੇ ਸਮਾਗਮਾਂ ਦਾ ਸਾਲ ਤੋਂ ਇੰਤਜ਼ਾਰ ਕਰਦੇ ਰਹਿੰਦੇ ਹਨ। ਇਨ੍ਹਾਂ ਦੇ ਸਮਾਗਮ ਕਿਸੇ ਇੱਕ ਵਿਸ਼ੇਸ ਵਿਅਕਤੀ ਦੇ ਮੁੱਖ ਮਹਿਮਾਨ ਬਣਨ ਅਤੇ ਸਰਕਾਰੀ ਤੌਰ ਤੇ ਮਨਾਉਣ ਤੱਕ ਸੀਮਤ ਨਹੀਂ ਹੁੰਦੇ। ਆਜ਼ਾਦੀ ਦਿਵਸ ਦੇ ਸਮਾਗਮਾਂ ਵਿਚ ਤਾਂ ਹਰ ਆਮ ਅਤੇ ਖਾਸ ਵਿਅਕਤੀ ਸ਼ਾਮਲ ਹੋ ਸਕਦਾ ਹੈ ਅਤੇ ਉਹ ਸ਼ਾਮਲ ਵੀ ਹੁੰਦਾ ਹੈ। ਉਨ੍ਹਾਂ ਦੇ ਬੈਠਣ ਲਈ ਕੋਈ ਖਾਸ ਸਟੇਜ ਨਹੀਂ ਬਣਾਈ ਜਾਂਦੀ। ਹਰ ਵਿਅਕਤੀ ਬੈਠਣ ਲਈ ਆਪਣੀ ਕੁਰਸੀੇ, ਦਰੀੇ ਅਤੇ ਛਾਂ ਲਈ ਛਤਰੀ ਲੈ ਕੇ ਜਾਂਦਾ ਹੈ। ਜਿਵੇਂ ਇਹ ਲੋਕ ਕੈਂਪਿੰਗ ਤੇ ਜਾਂਦੇ ਹਨ, ਉਸੇ ਤਰ੍ਹਾਂ ਆਪਣਾ ਸਾਰਾ ਸਾਮਾਨ ਨਾਲ ਲੈ ਕੇ ਜਾਂਦੇ ਹਨ। ਜਿਸ ਸ਼ਹਿਰ, ਕਸਬੇ ਅਤੇ ਪਿੰਡ ਵਿਚ ਜਦੋਂ ਸਮਾਗਮ ਮਨਾਇਆ ਜਾਂਦਾ ਹੈ ਤਾਂ ਉਥੋਂ ਦੀ ਹਰ ਸੰਸਥਾ ਸਮਾਜਿਕ, ਆਰਥਿਕ, ਰਾਜਨੀਤਕ, ਸਭਿਆਚਾਰਕ, ਵਿਦਿਅਕ, ਵਿਓਪਾਰਕ ਅਤੇ ਸਰਕਾਰੀ ਅਦਾਰੇ ਆਦਿ ਸਾਰਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਸਪੋਰਟਸ ਦੇ ਹਰ ਈਵੈਂਟਸ ਵਾਲੇ ਵੀ ਆਪਣੇ ਲਾਮ ਲਸ਼ਕਰ ਨਾਲ ਸ਼ਾਮਲ ਹੁੰਦੇ ਹਨ। ਇਸ ਪ੍ਰੇਡ ਵਿਚ ਹਿੱਸਾ ਲੈਣ ਵਾਲੇ ਆਪਣੇ ਪ੍ਰਚਾਰ ਲਈ ਝਾਂਕੀਆਂ ਬਣਾ ਕੇ ਸ਼ਾਮਲ ਹੁੰਦੇ ਹਨ। ਅਸਲ ਵਿਚ ਇਹ ਸਮਾਗਮ ਮੁੱਖ ਤੌਰ ਤੇ ਦੋ ਹਿੱਸਿਆਂ ਵਿਚ ਵੰਡਿਆ ਹੁੰਦਾ ਹੈ। ਵੈਸੇ ਇਸ ਦਿਨ ਲੋਕ ਪਿਕਨਿਕ ਤੇ ਵੀ ਜਾ ਕੇ ਮਨਾਉਂਦੇ ਹਨ। ਸਪੋਰਟਸ ਦੇ ਪ੍ਰੋਗਰਾਮ ਵੀ ਮੁਕਾਬਲਿਆਂ ਦੇ ਤੌਰ ਤੇ ਆਯੋਜਤ ਕੀਤੇ ਜਾਂਦੇ ਹਨ। ਸਭਿਆਚਾਰਕ ਪ੍ਰੋਗਰਾਮ ਨਾਟਕ ਆਦਿ ਵੀ ਕੀਤੇ ਜਾਂਦੇ ਹਨ। ਗਲੀ ਮੁਹੱਲਿਆਂ ਅਤੇ ਬਾਜ਼ਾਰਾਂ ਵਿਚ ਗਾਇਕ ਆਪਣੇ ਸਾਜਾਂ ਨਾਲ ਪ੍ਰੋਗਰਾਮ ਪੇਸ਼ ਕਰਦੇ ਹਨ। ਪਰਿਵਾਰ ਆਪਣੇ ਸੰਬੰਧੀਆਂ ਨਾਲ ਮਿਲਕੇ ਖਾਣੇ ਖਾਂਦੇ ਹਨ। ਪਹਿਲੇ ਹਿੱਸੇ ਵਿਚ ਸਵੇਰੇ 9-00 ਵਜੇ ਪ੍ਰੇਡ ਸ਼ੁਰੂ ਹੁੰਦੀ ਹੈ, ਉਸ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਹੁੰਦੀ ਹੋਈ ਲੰਘਦੀ ਹੈ। ਲੋਕ ਪ੍ਰੇਡ ਦੇ ਸੁਆਗਤ ਲਈ ਰੰਗ ਬਿਰੰਗੇ ਕਪੜੇ ਪਾ ਕੇ ਸੜਕਾਂ ਦੇ ਆਲੇ ਦੁਆਲੇ ਖੜ੍ਹੇ ਹੁੰਦੇ ਹਨ। ਇਸ ਪ੍ਰੇਡ ਦੇ ਸਭ ਤੋਂ ਮੂਹਰੇ ਮੋਟਰ ਸਾਈਕਲਾਂ ਉਪਰ ਪੁਲਿਸ ਵਾਲੇ ਕਰਤਵ ਵਿਖਾਉਂਦੇ ਜਾਂਦੇ ਹਨ। ਬੈਂਡ ਵਾਜਿਆਂ ਨਾਲ ਵੀ ਸ਼ਾਮਲ ਹੁੰਦੇ ਹਨ। ਇਸ ਤੋਂ ਬਿਨਾਂ ਸੁਰੱਖਿਆ ਆਦਿ ਲਈ ਕੋਈ ਪੁਲਿਸ ਨਹੀਂ ਹੁੰਦੀ। ਭਾਵੇਂ ਇਹ ਸਾਰਾ ਪ੍ਰੋਗਰਾਮ ਮੇਲੇ ਦੀ ਤਰ੍ਹਾਂ ਹੁੰਦਾ ਹੈ। ਕੋਈ ਜਿਥੇ ਚਾਹੇ ਬੈਠ ਜਾਂ ਖੜ੍ਹਕੇ ਵੇਖ ਸਕਦਾ ਹੈ ਪ੍ਰੰਤੂ ਸਾਰੇ ਪ੍ਰੇਡ ਵਿਚ ਹਿੱਸਾ ਲੈਣ ਅਤੇ ਵੇਖਣ ਵਾਲੇ ਖ਼ੁਦ ਅਨੁਸਸ਼ਾਨ ਵਿਚ ਰਹਿੰਦੇ ਹਨ। ਉਸ ਤੋਂ ਪਿਛੇ ਸ਼ਹਿਰ ਦੀਆਂ ਸਾਰੀਆਂ ਸਵੈ ਇੱਛਤ ਅਤੇ ਹੋਰ ਹਰ ਵਰਗ ਦੀਆਂ ਸੰਸਥਾਵਾਂ ਦੇ ਨੁਮਾਇੰਦੇ ਆਪੋ ਆਪਣਾ ਪ੍ਰਚਾਰ ਝਾਕੀਆਂ ਰਾਹੀਂ ਕਰਦੇ ਹੋਏ ਲੰਘਦੇ ਹਨ। ਇਥੋਂ ਤੱਕ ਕਿ ਹਰ ਰਾਜਨੀਤਕ ਪਾਰਟੀ ਦੇ ਲੋਕ ਜੇਕਰ ਉਨ੍ਹਾਂ ਦੀ ਕੋਈ ਚੋਣ ਹੋਵੇ ਤਾਂ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਦੇ ਮਾਟੋ ਤਖ਼ਤੀਆਂ ਉਪਰ ਲਿਖਕੇ ਚੁਪ ਚੁਪੀਤੇ ਜਾਂਦੇ ਹਨ। ਇਹ ਪ੍ਰੇਡ ਮੀਲਾਂ ਮੀਲ ਲੰਮੀ ਹੁੰਦੀ ਹੈ। ਸੜਕਾਂ ਦੇ ਆਲੇ ਦੁਆਲੇ ਲੋਕ ਸਵੇਰ ਤੋਂ ਹੀ ਆ ਕੇ ਬੈਠ ਜਾਂਦੇ ਹਨ। ਲੋਕਾਂ ਨੂੰ ਆਪਣੀਆਂ ਕਾਰਾਂ ਬਹੁਤ ਦੂਰ ਖੜਾਉਣੀਆਂ ਪੈਂਦੀਆਂ ਹਨ, ਕਿਉਂਕਿ ਜਿਹੜਾ ਪਹਿਲਾਂ ਆ ਜਾਂਦਾ ਹੈ, ਉਸਨੂੰ ਪਾਰਕਿੰਗ ਨੇੜੇ ਮਿਲ ਜਾਂਦੀ ਹੈ। ਕਿਸੇ ਵਿਅਕਤੀ ਨਾਲ ਵੀ ਵਿਸ਼ੇਸ ਰਿਆਇਤ ਨਹੀਂ ਕੀਤੀ ਜਾਂਦੀ। ਇਸ ਪ੍ਰੇਡ ਵਿਚ ਸਾਈਕਲ, ਸਕੂਟਰ, ਮੋਟਰ ਸਾਈਕਲ, ਕਾਰਾਂ ਅਤੇ ਬੱਸਾਂ ਸ਼ਾਮਲ ਹੁੰਦੀਆਂ ਹਨ। ਇਥੋਂ ਤੱਕ ਕਿ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਾਲੇ ਵੀ ਸ਼ਾਮਲ ਹੁੰਦੇ ਹਨ। ਪ੍ਰੇਡ ਵਿਚ ਸ਼ਾਮਲ ਲੋਕ ਸੜਕਾਂ ਦੇ ਆਲੇ ਦੁਆਲੇ ਬੈਠੇ ਲੋਕਾਂ ਨੂੰ ਅਮਰੀਕਾ ਦੇ ਛੋਟੇ ਛੋਟੇ ਝੰਡੇੇ, ਹਾਰ, ਟਾਫੀਆਂ, ਹੋਰ ਸਾਮਾਨ ਅਤੇ ਮਠਿਆਈਆਂ ਮੁਡਤ ਵੰਡਦੇ ਹਨ। ਬੱਚੇ ਅਤੇ ਬਜ਼ੁਰਗ ਖਾਸ ਤੌਰ ਤੇ ਪ੍ਰੇਡ ਵਿਚ ਸ਼ਾਮਲ ਹੁੰਦੇ ਹਨ। ਇੰਜ ਇਕ ਕਿਸਮ ਨਾਲ ਉਹ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਨ। ਜਿਹੜੇ ਲੋਕ ਇਹ ਪ੍ਰੇਡ ਵੇਖਣ ਆਉਂਦੇ ਹਨ ਉਨ੍ਹਾਂ ਦੇ ਗਲਿਆਂ ਵਿਚ ਹਾਰ ਪਾਏ ਜਾਂਦੇ ਹਨ। ਲੋਕਾਂ ਵਿਚ ਉਤਸ਼ਾਹ ਬਹੁਤ ਹੁੰਦਾ ਹੈ। ਇਥੋਂ ਤੱਕ ਕਿ ਅੰਗਹੀਣ ਲੋਕ ਵੀ ਆਪੋ ਆਪਣੇ ਵਾਹਨਾ ਤੇ ਸ਼ਾਮਲ ਹੁੰਦੇ ਹਨ। ਜਿਤਨੀ ਦੇਰ ਪ੍ਰੇਡ ਖ਼ਤਮ ਨਹੀਂ ਹੁੰਦੀ ਕੋਈ ਵੀ ਵਿਅਕਤੀ ਸੜਕਾਂ ਦੇ ਆਲੇ ਦੁਆਲਿਓਂ ਹਿਲਦਾ ਨਹੀਂ। ਬੱਚਿਆਂ ਕੋਲ ਟਾਫੀਆਂ ਅਤੇ ਖਿਡਾਉਣਿਆਂ ਦੇ ਗਰੇ ਲੱਗ ਜਾਂਦੇ ਹਨ ਕਿਉਂਕਿ ਪ੍ਰੇਡ ਵਿਚ ਸ਼ਾਮਲ ਹੋਣ ਵਾਲੇ ਬੱਚਿਆਂ ਨੂੰ ਪ੍ਰੇਡ ਵਿਚ ਹਿੱਸਾ ਲੈਣ ਵਾਲੇ ਲੋਕ ਟਾਫੀਆਂ ਅਤੇ ਹੋਰ ਚੀਜ਼ਾਂ ਜ਼ਰੂਰ ਦਿੰਦੇ ਹਨ। ਇਸ ਪ੍ਰੇਡ ਦਾ ਮੰਤਵ ਬੱਚਿਆਂ ਵਿਚ ਦੇਸ ਭਗਤੀ ਭਰਨਾ ਵੀ ਹੁੰਦਾ ਹੈ। ਹੋਰ ਵੀ ਕਈ ਤਰ੍ਹਾਂ ਦੇ ਤੋਹਫੇ ਵੰਡੇ ਜਾਂਦੇ ਹਨ। ਜਿਹੜੇ ਭਾਰਤੀ ਅਤੇ ਪੰਜਾਬੀ ਪਰਵਾਸ ਵਿਚ ਵਸਦੇ ਹਨ, ਉਹ ਵੀ ਪ੍ਰੇਡ ਵਿਚ ਹੁੰਮ ਹੁੰਮਾਕੇ ਸ਼ਾਮਲ ਹੁੰਦੇ ਹਨ। ਹਰ ਵਿਅਕਤੀ ਨੂੰ ਆਜ਼ਾਦੀ ਹੈ ਕਿ ਉਹ ਆਪਣੇ ਧਾਰਮਿਕ ਅਕੀਦੇ ਦਾ ਪ੍ਰਗਟਾਵਾ ਪ੍ਰੇਡ ਵਿਚ ਸ਼ਾਮਲ ਹੋ ਕੇ ਕਰ ਸਕਦਾ ਹੈ। ਸਿੱਖ ਸੰਗਤਾਂ ਵੀ ਨਿਸ਼ਾਨ ਸਾਹਿਬ ਅਤੇ ਪੀਲੇ ਝੰਡਿਆਂ ਨੂੰ ਨਾਲ ਲੈ ਕੇ ਪ੍ਰੇਡ ਵਿਚ ਸ਼ਾਮਲ ਹੁੰਦੀਆਂ ਹਨ। ਲੋਕਾਂ ਨੂੰ ਪਹਿਲਾਂ ਹੀ ਇਜ਼ਾਜਤ ਹੁੰਦੀ ਹੈ ਕਿ ਉਹ ਆਪੋ ਆਪਣੇ ਘਰਾਂ ਉਪਰ ਅਮਰੀਕਾ ਦਾ ਕੌਮੀ ਝੰਡਾ ਲਗਾ ਸਕਦੇ ਹਨ। ਉਸ ਦਿਨ ਤਾਂ ਲਗਪਗ ਸਾਰੇ ਅਮਰੀਕਨ ਆਪਣੇ ਘਰਾਂ ਉਪਰ ਇਹ ਝੰਡੇ ਲਗਾਉਂਦੇ ਹਨ। ਚੌਕਾਂ ਅਤੇ ਹੋਰ ਮਹੱਤਵਪੂਰਨ ਥਾਵਾਂ ਤੇ ਵੀ ਝੰਡਿਆਂ ਨਾਲ ਸਜਾਵਟ ਸਥਾਨਕ ਸੋਸਾਇਟੀਆਂ ਆਪੋ ਆਪਣੇ ਇਲਾਕਿਆਂ ਵਿਚ ਕਰਦੀਆਂ ਹਨ। ਵੈਸੇ ਤਾਂ ਪ੍ਰੇਡ ਵੇਖਣ ਵਾਲੇ ਭਾਵੇਂ ਆਪਣੇ ਨਾਲ ਖਾਣ ਪੀਣ ਦਾ ਸਾਮਾਨ ਲੈ ਕੇ ਆਉਂਦੇ ਹਨ ਪ੍ਰੰਤੂ ਉਹ ਕਿਸੇ ਕਿਸਮ ਦਾ ਗੰਦ ਨਹੀਂ ਪਾਉਂਦੇ। ਕੋਈ ਕਾਗਜ ਦਾ ਟੁਕੜਾ ਵੀ ਨਹੀਂ ਸੁੱਟਦੇ ਪ੍ਰੰਤੂ ਫਿਰ ਵੀ ਪ੍ਰੇਡ ਦੇ ਅਖ਼ੀਰ ਵਿਚ ਸਥਾਨਕ ਪ੍ਰਬੰਧ ਦੀਆਂ ਸਫਾਈ ਕਰਨ ਵਾਲੀਆਂ ਮਸ਼ੀਨਾ ਸੜਕ ਦੀ ਸਫਾਈ ਕਰਦੀਆਂ ਲੰਘਦੀਆਂ ਹਨ।

ਆਜ਼ਾਦੀ ਦੇ ਜਸ਼ਨਾ ਦਾ ਦੂਜਾ ਹਿੱਸਾ ਰਾਤ ਨੂੰ ਫਾਇਰ ਵਰਕਸ ਨਾਲ ਸ਼ੁਰੂ ਹੁੰਦਾ ਹੈ। ਨਿਸਚਤ ਥਾਵਾਂ ਤੇ ਸਥਾਨਕ ਪ੍ਰਬੰਧ ਵੱਲੋਂ ਭਾਵ ਪੂਰਨ ਫਾਇਰ ਵਰਕਸ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੰਤਵ ਲਈ ਵੀ ਲੋਕ ਇਸਦਾ ਆਨੰਦ ਮਾਨਣ ਲਈ ਕਈ ਕਈ ਘੰਟੇ ਪਹਿਲਾਂ ਆ ਕੇ ਥਾਂ ਮੱਲ ਲੈਂਦੇ ਹਨ। ਉਸੇ ਤਰ੍ਹਾਂ ਕਾਰਾਂ ਦੀ ਪਾਰਕਿੰਗ ਲਈ ਥਾਂ ਵੀ ਬੜੀ ਮੁਸ਼ਕਲ ਨਾਲ ਮਿਲਦੀ ਹੈ। ਦੂਰੋਂ ਦੂਰੋਂ ਪੈਦਲ ਤੁਰਕੇ ਲੋਕ ਪਹੁੰਚਦੇ ਹਨ। ਇਥੇ ਕੋਈ ਵੀ ਆਈ ਪੀ ਕਲਚਰ ਨਹੀਂ ਹੁੰਦਾ। ਸਾਰੇ ਸ਼ਹਿਰੀ ਬਰਾਬਰ ਹੁੰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਘੰਟਿਆਂ ਬੱਧੀ ਫਾਇਰ ਵਰਕਸ ਹੁੰਦੀ ਰਹਿੰਦੀ ਹੈ ਪ੍ਰੰਤੂ ਵਾਤਾਵਰਨ ਨੂੰ ਜ਼ਿਆਦਾ ਗੰਧਲਾ ਨਹੀਂ ਕਰਦੀ। ਫਾਇਰ ਵਰਕਸ ਇਤਨੀ ਰੌਸ਼ਨੀ ਵਾਲੀ ਹੁੰਦੀ ਹੈ ਕਿ ਰਾਤ ਨੂੰ ਵੀ ਦਿਨ ਵਰਗਾ ਮਾਹੌਲ ਬਣ ਜਾਂਦਾ ਹੈ। ਬੱਚਿਆਂ ਲਈ ਇਹ ਫਾਇਰ ਵਰਕਸ ਖਿੱਚ ਦਾ ਕੇਂਦਰ ਹੁੰਦੀ ਹੈ। ਇਹ ਫਾਇਰ ਵਰਕਸ ਧੂੰਆਂ ਘੱਟ ਛੱਡਦੀ ਹੈ। ਫਾਇਰ ਵਰਕਸ ਲੋਕ ਆਪੋ ਆਪਣੇ ਘਰਾਂ ਵਿਚ ਨਹੀਂ ਕਰਦੇ, ਜਿਸ ਕਰਕੇ ਵਾਤਾਵਰਨ ਬਹੁਤਾ ਗੰਧਲਾ ਨਹੀਂ ਹੁੰਦਾ। ਭਾਰਤੀਆਂ ਨੂੰ ਵੀ ਅਜਿਹੇ ਢੰਗ ਨਾਲ ਹੀ ਆਜਾਦੀ ਦੇ ਜਸ਼ਨ ਮਨਾਉਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>