ਬ੍ਰਾਜੀਲ ਟੀਮ ਬਣੀ 46ਵੇਂ ‘ਕੋਪਾ ਅਮਰੀਕਾ ਫੁੱਟਬਾਲ ਕੱਪ’ ਦੀ ਚੈਂਪੀਅਨ : ਪਰਮਜੀਤ ਸਿੰਘ ਬਾਗੜੀਆ

ਸਾਊਥ ਅਮਰੀਕਾ ਮਹਾਂਦੀਪ ਦਾ ਸਭ ਤੋਂ ਪੁਰਾਣਾ ਤੇ ਵੱਕਾਰੀ 46ਵਾਂ ‘ਕੋਪਾ ਅਮਰੀਕਾ ਫੁੱਟਬਾਲ ਕੱਪ’ ਮੇਜ਼ਬਾਨ ਬ੍ਰਾਜੀਲ ਨੇ ਪੇਰੂ ਨੂੰ 3-1 ਗੋਲਾਂ ਨਾਲ ਹਰਾ ਕੇ ਜਿੱਤ ਲਿਆ। ਪਰ ਰਨਰ ਅਪ ਰਹੀ ਪੇਰੂ ਦੀ ਟੀਮ ਨੇ ਫਾਈਨਲ ਵਿਚ ਇਕੋ ਇਕ ਗੋਲ ਕਰਕੇ ਬ੍ਰਾਜੀਲ ਦੀ ਬਿਨਾ ਕੋਈ ਗੋਲ ਖਾਧਿਆਂ ਕੱਪ ਜਿੱਤਣ ਦੀ ਰੀਝ ਪੂਰੀ ਨਹੀਂ ਹੋਣ ਦਿੱਤੀ। ਬ੍ਰਾਜੀਲ ਨੇ 12 ਸਾਲਾਂ ਬਾਅਦ ਇਹ ਖਿਤਾਬ ਜਿੱਤ ਕੇ ਹੁਣ ਤੱਕ ਜਿੱਤੇ ਕੱਪਾਂ ਦੀ ਗਿਣਤੀ 9 ਕਰਨ ਦੇ ਨਾਲ ਨਾਲ ਉਸਨੇ 2016 ਦੀਆਂ ਉਲਪਿੰਕ ਖੇਡਾਂ ਦੇ ਸੋਨ ਤਮਗੇ ਤੋਂ ਬਾਅਦ ਪਹਿਲੀ ਸੁਨਹਿਰੀ ਜਿੱਤ ਦਰਜ ਕੀਤੀ ਹੈ। ਕੋਪਾ ਕੱਪ ਵਿਚ ਹੋਏ 25 ਮੈਚਾਂ ਵਿਚ ਕੁਲ 82 ਗੋਲ ਹੋਏ ਜਿਸ ਵਿਚ  ਸਭ ਤੋਂ ਵੱਧ 17 ਗੋਲ ਵੀ ਬ੍ਰਾਜੀਲ ਦੀ ਟੀਮ ਨੇ ਹੀ ਕੀਤੇ। ਬ੍ਰਾਜੀਲ ਦੇ ਸਟਾਰ ਖਿਡਾਰੀ ਨੇਮਰ ਦੀ ਥਾਂ ਪਾਏ ਬਦਲਵੇਂ ਖਿਡਾਰੀ ਏਵਰਟਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੀਮ ਨੂੰ ਜਿੱਤ ਦੀਆਂ ਬਰੂਹਾਂ ‘ਤੇ ਪਹੁੰਚਾਇਆ । ਏਵਰਟਨ ਨੇ ਫਾਈਨਲ ਵਿਚ ਪੇਰੂ ਵਿਰੁੱਧ ਇਕ ਗੋਲ ਦਾਗਿਆ ਅਤੇ ਦੂਜੇ ਗੋਲ  ਲਈ ਸਹਾਇਕ ਬਣਿਆ। ਏਵਰਟਨ ਜਿਸਨੇ ਕੱਪ ਵਿਚ ਸਭ ਤੋਂ ਵੱਧ 3 ਗੋਲ ਕੀਤੇ, ਫਾਈਨਲ ਮੈਚ ਦਾ ਮੈਨ ਆਫ ਦੀ ਮੈਚ ਵੀ ਬਣਿਆ। ਬ੍ਰਾਜੀਲ ਦੇ ਦੂਜੇ ਸਟਰਾਈਕਰ ਰਿਚਰਲਿਸਨ ਵਲੋਂ ਦਾਗਿਆ ਗੋਲ ਵੀ ਅਹਿਮ ਰਿਹਾ। ਇਕ ਗੋਲ ਗੈਬਰੀਅਲ ਜੀਸਸ ਦਾ ਰਿਹਾ। ਪੇਰੂ ਲਈ ਵੀ 1975 ਤੋਂ ਲੈ ਕੇ ਹੁਣ ਤੱਕ ਕੋਪਾ ਕੱਪ ਜਿੱਤਣਾ ਇਕ ਸੁਫਨਾ ਹੀ ਬਣ ਕੇ ਰਹਿ ਗਿਆ। ਕੋਪਾ ਕੱਪ ਟੀਮਾਂ ਅਤੇ ਖਿਡਾਰੀਆਂ ਲਈ ਕੌੜੇ-ਮਿੱਠੇ ਅਨੁਭਵਾਂ ਨਾਲ ਭਰਭੂਰ ਰਿਹਾ ਇਸ ਦੌਰਾਨ ਕੁਝ ਉਲਟਫੇਰ ਵੀ ਹੋਏ।

ਅਮਰੀਕਾ ਮਹਾਦੀਪ ਦੀਆਂ 3 ਤਕੜੀਆਂ ਟੀਮਾਂ ਉਰੂਗਏ, ਅਰਜਨਟੀਨਾ ਤੇ ਬ੍ਰਾਜੀਲ ਨੂੰ ਅਲੱਗ ਅਲੱਗ ਪੂਲਾਂ ਵਿਚ ਰੱਖਿਆ ਗਿਆ ਸੀ।  ਪਿਛਲੇ ਦੋ ਕੱਪਾਂ ਦੀ ਲਗਾਤਾਰ ਜੇਤੂ ਚਿਲੀ ਦੀ ਟੀਮ ਦਾ ਜੇਤੂ ਹੈਟ੍ਰਿਕ ਲਾਉਣ ਦਾ ਸੁਫਨਾ ਸੈਮੀਫਾਈਨਲ ਵਿਚ ਪੇਰੂ ਨੇ 3-0 ਨਾਲ ਹਰਾ ਕੇ ਤੋੜ ਦਿੱਤਾ। ਇਸੇ ਤਰਾਂ ਹੀ ਹੁਣ ਤੱਕ ਸਭ ਤੋਂ ਵੱਧ 15 ਕੋਪਾ ਕੱਪ ਜਿੱਤਣ ਵਾਲੀ ਟੀਮ ਉਰੂਗੁਏ ਵੀ ਕੁਅਰਟਰ ਫਾਈਨਲ ਵਿਚ ਪੇਰੂ ਹੱਥੋਂ ਹਾਰ ਗਈ।  ਕੱਪ ਦੌਰਾਨ ਮਹਿਮਾਨ ਤੌਰ ਤੇ ਸ਼ਾਮਲ ਕੀਤੀਆਂ ਏਸ਼ੀਆਂ ਦੀਆਂ ਦੋ ਚੋਟੀ ਦੀਆਂ ਫੁੱਟਬਾਲ ਟੀਮਾਂ ਜਪਾਨ ਅਤੇ ਕਤਰ ਆਪਣੀ ਖੇਡ ਦਾ ਕੋਈ ਰੰਗ ਨਹੀਂ ਜਮਾ ਸਕੀਆਂ ਦੋਵੇਂ ਟੀਮਾਂ ਪਹਿਲਾ ਗੇੜ ਪਾਰ ਨਾ ਕਰ ਸਕੀਆ। ਜਪਾਨ ਨੇ ਗਰੁਪ ਸੀ ਵਿਚ ਆਪਣੇ ਵਿਰੋਧੀ ਏਕੂਆਡੋਰ ਨਾਲ 1-1 ਅਤੇ ਉਰੂਗੁਏ ਨਾਲ 2-2 ਗੋਲਾਂ ਨਾਲ ਬਰਾਬਰ ਰਹਿਣ ਉਪਰੰਤ ਚਿੱਲੀ ਹੱਥੋਂ 4-0 ਨਾਲ ਮਾਤ ਖਾਧੀ। ਇਸੇ ਤਰਾਂ ਕਤਰ ਨੇ ਗਰੁੱਪ ਬੀ ਵਿਚ ਅਰਜਨਟੀਨਾ ਤੋਂ 2-0 ਅਤੇ ਕੋਲੰਬੀਆ ਤੋਂ 1-0 ਨਾਲ ਹਾਰਨ ਉਪਰੰਤ ਪਰਾਗੁਏ ਨਾਲ 2-2 ਗੋਲਾਂ ਦੀ ਬਰਾਬਰੀ ਕੀਤੀ ਪਰ ਜਪਾਨ ਵਾਂਗ ਕਤਰ ਦੀ ਟੀਮ ਵੀ ਕੋਈ ਜਿੱਤ ਨਾ ਦਰਜ ਕਰ ਸਕੀ।

ਗਰੁੱਪ ਏ ਵਿਚ ਪੇਰੂ ਨੇ ਬ੍ਰਾਜੀਲ ਤੋਂ 5-0 ਨਾਲ ਕਰਾਰੀ ਹਾਰ ਤੋਂ ਬਾਅਦ ਬੋਲੀਵੀਆ ਨੂੰ 3-1 ਨਾਲ ਹਰਾਉਣ ਤੋਂ ਬਾਅਦ ਵੈਨਜੁਏਲਾ ਨਾਲ ਗੋਲ ਰਹਿਤ ਬਰਾਬਰੀ ਕਰਕੇ ਆਖਰੀ ਅੱਠਾਂ ਵਿਚ ਥਾਂ ਬਣਾਈ ਇਸੇ ਪੂਲ ਵਿਚ ਬ੍ਰਾਜੀਲ ਨੇ ਪੇਰੂ ਨੂੰ 5-0 ਅਤੇ ਬੋਲੀਵੀਆ ਨੁੰ 3-0 ਨਾਲ ਹਰਾਉਣ ਉਪਰੰਤ ਵੈਨਜੁਏਲਾ ਨਾਲ ਗੋਲ ਰਹਿਤ ਬਰਾਬਰੀ ਸਦਕਾ ਕੁਆਟਰਫਾਈਨਲ ਵਿਚ ਪ੍ਰਵੇਸ਼ ਕੀਤਾ। ਤੀਜੀ ਟੀਮ ਵੈਨਜੁਏਲਾ ਨੇ ਦੋ ਤਕੜੀਆਂ ਟੀਮਾਂ ਬ੍ਰਾਜੀਲ ਅਤੇ ਪੇਰੂ ਨਾਲ ਗੋਲ ਰਹਿਤ ਬਰਾਬਰੀ ਕਰਕੇ ਅਤੇ ਬੋਲੀਵੀਆ ਨੁੰ 3-1 ਨਾਲ ਮਾਤ ਦੇ ਕੇ ਅਗਲੇ ਦੌਰ ਲਈ ਥਾਂ ਬਣਾਈ। ਗਰੁੱਪ ਬੀ ਵਿਚੋਂ ਅਰਜਨਟੀਨਾ, ਕੋਲੰਬੀਆ ਤੇ ਪਰਾਗੁਏ ਆਖਰੀ ਅੱਠਾਂ ਵਿਚ ਪੁੱਜੀਆਂ। ਅਰਜਨਟੀਨਾ ਨੇ ਕਤਰ ਅਤੇ ਕੋਲੰਬੀਆ ਦੋਵਾਂ ਨੁੰ 2-0, 2-0 ਨਾਲ ਹਰਾ ਕੇ ਪਰਾਗੁਏ ਨਾਲ 1-1 ਦੀ ਬਰਾਬਰੀ ਕੀਤੀ। ਕੋਲੰਬੀਆ ਨੇ ਅਰਜਨਟੀਨਾ ਤੋਂ 2-0 ਨਾਲ ਮਾਤ ਖਾਧੀ ਪਰ ਉਸਨੇ ਪਰਾਗੁਏ ਤੇ ਕਤਰ ਦੌਵਾਂ ਨੂੰ 1-0, 1-0 ਸਕੋਰ ਨਾਲ ਹਰਾਇਆ। ਗਰੁੱਪ ਸੀ ਵਿਚ ਚਿੱਲੀ ਤੇ ਉਰੂਗੁਏ ਦੋ ਟੀਮਾਂ ਕੁਆਰਟਰ ਫਾਈਨਲ ਵਿਚ ਪੁੱਜੀਆਂ। ਚਿਲੀ ਨੇ ਉਰੂਗੁਏ ਤੋਂ 1-0 ਨਾਲ ਹਾਰਨ ਉਪਰੰਤ ਏਕੁਆਡੋਰ ਨੂੰ 2-1 ਨਾਲ ਅਤੇ ਜਪਾਨ ਨੂੰ 4-0 ਨਾਲ ਹਰਾਇਆ। ਜਦਕਿ ਉਰੂਗੁਏ ਨੇ ਚਿਲੀ ਨੂੰ 1-0 ਨਾਲ ਹਰਾਉਣ ਤੋਂ ਬਾਅਦ ਜਪਾਨ ਨੂੰ 2-2 ਦੀ ਬਰਾਬਰੀ ‘ਤੇ ਰੋਕਦਿਆਂ ਏਕੁਅਡੋਰ ਨੂੰ 4-0 ਦੇ ਵੱਡੇ ਅੰਤਰ ਨਾਲ ਹਰਾਇਆ।

ਆਖਿਰੀ ਅੱਠਾਂ ਵਿਚ ਬ੍ਰਾਜੀਲ ਨੇ ਪਰਾਗੁਏ ਨੂੰ 4-3 , ਅਰਜਨਟੀਨਾ ਨੇ ਵੈਨਜੁੂਏਲਾ ਨੂੰ 2-0 ਨਾਲ, ਚਿਲੀ ਨੇ ਕੋਲੰਬੀਆ ਨੁੰ 5-4 ਨਾਲ ਅਤੇ ਪੇਰੂ ਨੇ ਵੀ ਉਰੂਗੁਏ ਨੂੰ 5-4 ਗੋਲਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਸੈਮੀਫਾਈਨਲ ਵਿਚ ਬ੍ਰਾਜੀਲ ਨੇ ਅਰਜਨਟੀਨਾ ਨੁੰ 2-0 ਨਾਲ ਅਤੇ ਪੇਰੂ ਨੇ ਚਿੱਲੀ ਨੁੰ 3-0 ਗੋਲਾਂ ਨਾਲ ਹਰਾਇਆ। ਅਰਜਨਟੀਨਾ ਦੇ ਸਟਾਰ ਖਿਡਾਰੀ ਮੈਸੀ ਦਾ ਜਾਦੂ ਕੋਪਾ ਕੱਪ ਵਿਚ ਨਹੀਂਂ ਚੱਲਿਆ ,ਨਾਲ ਹੀ ਦੂਜੇ ਪਾਸੇ ਹੁਣ ਤਕ ਸਿਰਫ 2015 ਅਤੇ 2016 ਦੇ ਕੋਪਾ ਕੱਪ ਫਾਈਨਲ ਵਿਚ ਅਰਜਨਟੀਨਾ ਨੂੰ ਲਗਾਤਾਰ 2 ਵਾਰ ਹਰਾਉਣ ਵਾਲੀ ਚਿਲੀ ਦੀ ਟੀਮ ਬੁਰੀ ਤਰਾਂ ਲੁੜਕ ਗਈ। ਕੱਪ ਵਿਚ ਹੋਏ ਕੁਲ 25 ਮੈਚਾਂ ਵਿਚ 6 ਮੈਚ ਬਰਾਬਰੀ ‘ਤੇ ਰਹੇ ਜਿਨਾਂ੍ਹ ਵਿਚੋਂ 2 ਮੈਚ 0-0 , 2 ਮੈਚ 1-1 ਅਤੇ 2 ਮੈਚ 2-2 ਦੇ ਸਕੋਰ ਦੀ ਬਰਾਬਰੀ ‘ਤੇ ਰਹੇ। ਜਦਕਿ ਬਾਕੀ ਬਚੇ 19 ਮੈਚਾਂ ਵਿਚੋਂ 11 ਮੈਚਾਂ ਵਿਚ ਹਾਰਨ ਵਾਲੀਆਂ ਟੀਮਾਂ ਵਿਰੋਧੀ ਟੀਮ ਖਿਲਾਫ ਕੋਈ ਗੋਲ ਨਾ ਕਰ ਸਕੀਆਂ। ਬ੍ਰਾਜੀਲ ਨੇ ਜਦੋਂ ਵੀ ਕੱਪ ਦੀ ਮੇਜਬਾਨੀ ਕੀਤੀ ਉਦੋਂ ਹੀ ਉਹ ਕੋਪਾ ਕੱਪ ਦਾ ਚੈਂਪੀਅਨ ਬਣਿਆ ਇਹ ਬ੍ਰਾਜੀਲ ਦੀ 5ਵੀਂ ਮੇਜਬਾਨੀ ਜਿੱਤ ਸੀ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>