ਡੱਬਾ ਬੰਦ ਭੋਜਨ ਵਿੱਚ ਪਾਈ ਵਸਤੂ ਦੀ ਮਿਕਦਾਰ ਦਾ ਲੇਬਲ ਜਰੂਰ ਪੜ੍ਹੋ- ਡਾ. ਪੂਨਮ ਚੌਹਾਨ

ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ, ਸਮਾਜਿਕ ਮੁੱਦਿਆਂ ਤੋਂ ਇਲਾਵਾ, ਆਪਣੇ ਮੈਂਬਰਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਨ ਲਈ ਵੀ ਵਚਨਬੱਧ ਹੈ ਅਤੇ ਇਸ ਤੇ ਅਮਲ ਕਰਦਿਆਂ ਸਮੇਂ ਸਮੇਂ ਤੇ, ਮਾਹਿਰਾਂ ਦੇ ਲੈਕਚਰ ਕਰਵਾਏ ਜਾਂਦੇ ਹਨ। ਖੁਸ਼ੀ ਦੀ  ਗੱਲ ਇਹ ਹੈ ਕਿ- ਕੁੱਝ ਯੋਗਾ ਮਾਹਿਰ ਤੇ ਡਾਕਟਰ ਔਰਤਾਂ, ਹੁਣ ਇਸ ਸਭਾ ਦਾ ਹਿੱਸਾ ਬਣ ਗਈਆਂ ਹਨ। ਇਸੇ ਲੜੀ ਤਹਿਤ, ਜੁਲਾਈ ਮਹੀਨੇ ਦੇ ਤੀਜੇ ਸ਼ਨਿਚਰਵਾਰ, ਜੈਂਸਿਸ ਸੈਂਟਰ ਵਿਖੇ ਹੋਈ, ਭਰਵੀਂ ਮੀਟਿੰਗ ਵਿੱਚ- ਡਾ. ਪੂਨਮ ਚੌਹਾਨ ਤੇ ਰਛਪਾਲ ਕੌਰ ਨੇ ਸਿਹਤ ਸਮੱਸਿਆਵਾਂ ਤੇ ਚਾਨਣਾ ਪਾਇਆ।

ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ, ਸਕੱਤਰ ਗੁਰਦੀਸ਼ ਕੌਰ ਨੇ ਸਭ ਨੂੰ ‘ਜੀ ਆਇਆਂ’ ਕਿਹਾ ਅਤੇ ਪ੍ਰਧਾਨ ਤੇ ਕੋਆਰਡੀਨੇਟਰ ਦੀ ਗੈਰਹਾਜ਼ਰੀ ਕਾਰਨ, ਪ੍ਰਿੰਸੀਪਲ ਇਕਬਾਲ ਕੌਰ ਭੁੱਲਰ ਤੇ ਗੁਰਤੇਜ ਸਿੱਧੂ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦੀ ਬੇਨਤੀ ਕੀਤੀ। ਜ਼ਿੰਦਗੀ ਨੂੰ ਦੁੱਖ ਸੁੱਖ ਦਾ ਸੁਮੇਲ ਦੱਸਦਿਆਂ, ਉਹਨਾਂ ਨੇ ਸਭਾ ਦੇ ਐਗਜ਼ੈਕਟਿਵ ਮੈਂਬਰ ਜੋਗਿੰਦਰ ਪੁਰਬਾ ਤੇ ਪਤੀ ਅਤੇ ਹਰਚਰਨ ਬਾਸੀ ਦੀ ਛੋਟੀ ਭੈਣ ਦੀ ਅਚਾਨਕ ਹੋਈ ਮੌਤ ਦੀ ਦੁਖਦਾਈ ਖਬਰ ਸਾਂਝੀ ਕਰਦਿਆਂ, ਸ਼ੋਕ ਮਤਾ ਪੇਸ਼ ਕੀਤਾ। ਸਭਾ ਵਲੋਂ ਵਿਛੜੀਆਂ ਰੂਹਾਂ ਦੀ ਸ਼ਾਂਤੀ ਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ, ਇੱਕ ਮਿੰਟ ਦਾ ਮੌਨ ਧਾਰ ਕੇ, ਅਰਦਾਸ ਕੀਤੀ ਗਈ।
ਬੁਲਾਰਿਆਂ ਵਿੱਚ, ਸਭਾ ਦੇ ਸੀਨੀਅਰ ਮੈਂਬਰ, ਬਲਜਿੰਦਰ ਗਿੱਲ ਨੇ ਹੈਲਥ ਟਿਪਸ ਦੱਸਦਿਆਂ- ਲੈਮਨ ਜੂਸ ਵਿੱਚ ਕਾਲੀਆਂ ਮਿਰਚਾਂ ਤੋਂ ਬਿਨਾ ਹਲਦੀ, ਕਾਲੀ ਮਿਰਚ ਤੇ ਘਿਓ ਦੇ ਸੁਮੇਲ ਨਾਲ ਭੋਜਨ ਦੀ ਪੌਸ਼ਟਿਕਤਾ ਵਧਾਉਣ ਦੀ ਗੱਲ ਕੀਤੀ। ਡਾ. ਪੂਨਮ ਨੇ ਸੀਨੀਅਰਜ਼ ਵਿੱਚ ਬਲੱਡ ਪ੍ਰੈਸ਼ਰ ਵਧਣ ਦੀ ਸਮੱਸਿਆ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਹਨਾਂ ਇਸ ਬੀਮਾਰੀ ਤੋਂ ਬਚਣ ਦੇ ਕੁੱਝ ਸਰਲ ਉਪਾਅ ਦੱਸੇ। ਜਿਹਨਾਂ ਵਿੱਚ- ਰੋਜ਼ਾਨਾ ਕਸਰਤ ਤੇ ਸੈਰ ਰਾਹੀਂ ਭਾਰ ਘਟਾਉਣਾ, ਪੌਸ਼ਟਿਕ ਭੋਜਨ ਕਰਨਾ, ਨਮਕ ਘੱਟ ਕਰਨਾ, ਫੂਡ ਲੇਬਲ ਪੜ੍ਹਨੇ, ਰੋਜ਼ਾਨਾ ਦੀ ਖੁਰਾਕ ਲਈ ਫੂਡ ਡਾਇਰੀ ਲਾਉਣੀ, ਛੋਟੀਆਂ ਛੋਟੀਆਂ ਪਰੇਸ਼ਾਨੀਆਂ ਦਾ ਸਟਰੈਸ ਨਾ ਲੈਣਾ, ਬੀ. ਪੀ. ਰੈਗੂਲਰ ਚੈੱਕ ਕਰਦੇ ਰਹਿਣਾ- ਸ਼ਾਮਲ ਸਨ। ਇਸ ਤੋਂ ਇਲਾਵਾ ਉਹਨਾਂ ਸਭ ਨੂੰ ਸੌਫਟ ਡਰਿੰਕਸ, ਚੀਨੀ, ਨਮਕ ਵਾਲਾ ਮੱਖਣ, ਬਰੱੈਡ, ਚਾਹ, ਕੌਫੀ ਤੇ ਤਲੀਆਂ ਵਸਤੂ ਖਾਣ ਤੋਂ ਵੀ ਪਰਹੇਜ਼ ਕਰਨ ਲਈ ਕਿਹਾ। ਸਭਾ ਦੀ ਤਾਰੀਫ਼ ਕਰਦਿਆਂ ਉਹਨਾਂ ਨੇ ‘ਗਰੁੱਪ ਲਾਈਫ’ ਦੇ ਫਾਇਦੇ ਦੱਸੇ। ਮੈਂਬਰਾਂ ਦੀ ਮੰਗ ਤੇ, ਉਹਨਾਂ ਹਰ ਮਹੀਨੇ ਕਿਸੇ ਇੱਕ ਆਮ ਬੀਮਾਰੀ ਬਾਰੇ ਜਾਣਕਾਰੀ ਦੇਣ ਦਾ ਵਾਇਦਾ ਵੀ ਕੀਤਾ।

ਯੋਗਾ ਮਾਹਿਰ ਰਛਪਾਲ ਕੌਰ ਨੇ, ਪੇਟ ਗੈਸ ਦੀ ਸਮੱਸਿਆ ਲਈ- ਵਾਯੂ ਮੁਦਰਾ, ਗਰਮੀ, ਥਾਇਰਾਰਿਡ ਤੇ ਮੋਟਾਪੇ ਨੂੰ ਕੰਟਰੋਲ ਕਰਨ ਲਈ- ਪ੍ਰਿਥਵੀ ਮੁਦਰਾ, ਲਾਉਣ ਦੀ ਪ੍ਰੈਕਟਿਸ ਕਰਵਾਈ। ਉਸ ਨੇ ਲੰਬਾ ਤੇ ਡੂੰਘਾ ਸਾਹ ਲੈਣ ਦਾ ਲਾਭ ਵੀ ਦੱਸਿਆ। ਕੁੱਝ ਚਾਈਨੀਜ਼ ਥੈਰੇਪੀਜ਼ ਬਾਰੇ ਵੀ ਜਾਣਜਾਰੀ ਦਿੱਤੀ। ਸਰੀਰ ਦੇ ‘ਐਕੁਪ੍ਰੈਸ਼ਰ ਪੁਆਂਇੰਟਸ’ ਬਾਰੇ ਦੱਸਦਿਆਂ, ਉਸ ਨੇ ਇੱਕ ਮੈਂਬਰ ਦੇ ਚੇਹਰੇ ਤੇ ‘ਡੈਮੋ’ ਵੀ ਦਿੱਤੀ ਅਤੇ ਪ੍ਰਾਣ ਸ਼ਕਤੀ ਬਾਰੇ ਸਮਝਾਇਆ। ਮੈਂਬਰਾਂ ਨੇ ਦੋਹਾਂ ਬੁਲਾਰਿਆਂ ਨੂੰ ਬਹੁਤ ਪਸੰਦ ਕੀਤਾ ਤੇ ਭਰਪੂਰ ਤਾੜੀਆਂ ਨਾਲ, ਉਹਨਾਂ ਦਾ ਧੰਨਵਾਦ ਕੀਤਾ।

ਰਚਨਾਵਾਂ ਦੇ ਦੌਰ ਵਿੱਚ, ਗੁਰਜੀਤ ਵੈਦਵਾਨ ਨੇ ਕੁੱਝ ਘਰੇਲੂ ਨੁਸਖੇ ਸਾਂਝੇ ਕਰਨ ਤੋਂ ਇਲਾਵਾ, ‘ਸਤਿਗੁਰ ਕਿਹੜਿਆਂ ਰੰਗਾਂ ਦੇ ਵਿੱਚ ਖੇਡਦਾ’ ਸੁਣਾ ਕੇ ਰੰਗ ਬੰਨ੍ਹ ਦਿੱਤਾ। ਸਰਬਜੀਤ ਉੱਪਲ ਨੇ ਸ਼ੁਕਰਾਨੇ ਦਾ ਗੀਤ, ਸਤਵਿੰਦਰ ਫਰਵਾਹਾ ਨੇ- ਹਕੀਮ ਦੇ ਵਿਅੰਗਮਈ ਨੁਸਖੇ, ਹਰਜੀਤ ਜੌਹਲ ਨੇ ਲੋਕ ਗੀਤ, ਇੱਕਬਾਲ ਕੌਰ ਭੁੱਲਰ ਨੇ ਕਵਿਤਾ-‘ਜੱਗ ਜਨਣੀ ਦਾ ਹਾਲ’, ਅਤੇ ਗੁਰਦੀਸ਼ ਕੌਰ ਨੇ- ਮਿੱਸੇ ਆਟੇ ਦੀ ਰੈਸਪੀ ਦੱਸਣ ਤੋਂ ਇਲਾਵਾ ਗੀਤ- ‘ਮੂਲ ਤੋਂ ਵਿਆਜ ਪਿਆਰਾ’ ਸੁਣਾ ਕੇ ਦਾਦਾ-ਦਾਦੀ ਤੇ ਨਾਨਾ-ਨਾਨੀ ਦੇ ਪਿਆਰ ਦੀ ਬਾਤ ਪਾਈ। ਰਜਿੰਦਰ ਕੌਰ ਚੋਹਕਾ ਨੇ-‘ਔਰਤਾਂ ਦਾ ਰਾਜਨੀਤੀ ਵਿੱਚ ਸਥਾਨ’ ਜਦ ਕਿ ਬਲਜੀਤ ਕੜਵਲ ਨੇ ਮਾਂ ਦੀ ਕੁਰਬਾਨੀ ਦੀ ਕਹਾਣੀ ਸੁਣਾ ਕੇ ਸਭ ਨੂੰ ਭਾਵੁਕ ਕਰ ਦਿੱਤਾ।

ਅੰਤ ਵਿੱਚ ਇੱਕਬਾਲ ਕੌਰ ਭੁੱਲਰ ਨੇ ਸਭ ਦਾ ਧੰਨਵਾਦ ਕੀਤਾ। ਸਕੱਤਰ ਗੁਰਦੀਸ਼ ਕੌਰ ਨੇ- 2,3,4 ਅਗਸਤ ਨੂੰ ਹੋ ਰਹੇ ਗਦਰੀ ਬਾਬਿਆਂ ਦੇ ਮੇਲੇ ਦਾ ਕਵੀ ਦਰਬਾਰ, 2 ਅਗਸਤ ਨੂੰ ਫਾਲਕਿਨਰਿੱਜ ਕਮਿਊਨਿਟੀ ਸੈਂਟਰ ਵਿਖੇ ਸ਼ਾਮ ਦੇ ਸਾਢੇ ਛੇ ਵਜੇ ਜਦ ਕਿ ਅਗਲੇ ਦੋ ਦਿਨ ਦਾ ਮੇਲਾ ਪਰੇਰੀਵਿੰਡ ਪਾਰਕ ਦੀ ਖੁੱਲ੍ਹੀ ਗਰਾਊਂਡ ਵਿੱਚ ਹੋਣ ਦੀ ਅਤੇ 21 ਜੁਲਾਈ ਨੂੰ ਰਾਣਾ ਰਣਬੀਰ ਦੇ ‘ਜ਼ਿੰਦਗੀ ਜ਼ਿੰਦਾਬਾਦ’ ਸ਼ੋਅ ਬਾਰੇ, ਸੂਚਨਾਵਾਂ ਸਾਝੀਆਂ ਕੀਤੀਆਂ। ਬਰੇਕ ਵਿੱਚ ਸਭ ਨੇ, ਸਰਬਜੀਤ ਉੱਪਲ ਦੀ ਦੋਹਤੀ ਦੀ ਖੁਸ਼ੀ ਵਿੱਚ ਲੱਡੂ ਤੇ ਨਮਕੀਨ ਦਾ ਆਨੰਦ ਮਾਣਿਆਂ। ਆਸ਼ਾ ਪਾਲ ਨੂੰ ਵੀ ਉਸ ਦੇ ਲੜਕੇ ਦੇ ਵਿਆਹ ਦੀ ਵਧਾਈ ਦਿੱਤੀ ਗਈ। ਸੋ ਇਸ ਤਰ੍ਹਾਂ ਸੇਹਤ ਦੇ ਮੁੱਦੇ ਨੂੰ ਸਮਰਪਿਤ ਇਹ ਮੀਟਿੰਗ ਸਾਰਥਿਕ ਹੋ ਨਿਬੜੀ। ਵਧੇਰੇ ਜਾਣਕਾਰੀ ਲਈ- ਡਾ. ਬਲਵਿੰਦਰ ਕੌਰ ਬਰਾੜ 403 590 9629 ਜਾਂ ਗੁਰਚਰਨ ਥਿੰਦ 403 402 9635 ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>