ਕਲੋਜ਼ਰ ਰਿਪੋਰਟ ਕੇਂਦਰ ਦਾ ਸਿੱਖ ਕੌਮ ’ਤੇ ਇਕ ਹੋਰ ਹਮਲਾ : ਬਾਬਾ ਹਰਨਾਮ ਸਿੰਘ ਖਾਲਸਾ

ਚੌਕ ਮਹਿਤਾ/ ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਦੀ ਜਾਂਚ ਬਾਰੇ ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਵਲੋਂ ਅਦਾਲਤ ਵਿਚ ਕਲੋਜ਼ਰ ਰਿਪੋਰਟ ਦਾਖਲ ਕਰਨ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੰਦਿਆਂ ਕੇਂਦਰ ਸਰਕਾਰ ਨੂੰ ਆੜ੍ਹੇ ਹੱਥੀਂ ਲਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਿਖੇ ਇਕ ਪਤਰ ’ਚ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਗਹਿਰੀ ਸਾਜ਼ਿਸ਼ ਤਹਿਤ ਦੋਸ਼ੀ ਡੇਰਾ ਪ੍ਰੇਮੀਆਂ ਨੂੰ ਕਲੀਨ ਚਿੱਟ ਦੇਣ ਪ੍ਰਤੀ ਸੀ ਬੀ ਆਈ ਵਲੋਂ ਜਾਂਚ ਠੱਪ ਕਰਨ ਦਾ ਮਨਸੂਬਾ ਕੇਂਦਰ ਦਾ ਸਿੱਖ ਪੰਥ ਨਾਲ ਇਕ ਹੋਰ ਵਿਤਕਰਾ ਅਤੇ ਬੇਇਨਸਾਫੀ ਹੈ। ਉਹਨਾਂ ਉਕਤ ਨਾਕਾਰਾਤਮਕ ਵਰਤਾਰੇ ਦੀ ਤੁਲਣਾ ਜੂਨ ’84 ਦੇ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਗਏ ਫੌਜੀ ਹਮਲੇ ਨਾਲ ਕੀਤੀ ਅਤੇ ਕਿਹਾ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਹੋ ਰਿਹਾ ਹਮਲਾ ਸਿੱਖ ਕੌਮ ਲਈ ਨਾ ਕਾਬਲੇ ਬਰਦਾਸ਼ਤ ਹੈ। ਉਹਨਾਂ ਕੇਦਰੀ ਮੰਤਰੀ ਨੂੰ ਯਾਦ ਦਿਵਾਇਆ ਕਿ ਸਿੱਖ ਕੌਮ ਨੇ ਘਟ ਗਿਣਤੀ ’ਚ ਹੋਣ ਦੇ ਬਾਵਜੂਦ ਦੇਸ਼ ਦੀ ਅਜਾਦੀ ਲਈ 80 ਫੀਸਦੀ ਹਿਸਾ ਪਾਇਆ, ਪਰ ਕੇਂਦਰ ਸਰਕਾਰਾਂ ਵਲੋਂ ਵਾਅਦੇ ਪੂਰੇ ਕਰਨ ਦੀ ਥਾਂ ਸਗੋਂ ਬਦਲੇ ’ਚ ਸਿੱਖ ਕੌਮ ਦੇ ਹਿਸੇ ਬੇਇਨਾਫੀ ਅਤੇ ਨਮੋਸ਼ੀ ਆਈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਵਰਗੇ ਸੰਵੇਦਣਸ਼ੀਲ ਮਾਮਲੇ ਪ੍ਰਤੀ ਸੀ ਬੀ ਆਈ ਦੇ ਇਕ ਤਰਫਾ ਫੈਸਲੇ ਨਾਲ ਸਮੁਚੀ ਸਿੱਖ ਕੌਮ ਅੰਦਰ ਰੋਸ ਦੀ ਭਾਵਨਾ ਫੈਲ ਚੁਕੀ ਹੈ। ਸੀ ਬੀ ਆਈ ਦੇ ਉਕਤ ਕਦਮ ਨੇ ਸਿੱਖ ਹਿਰਦਿਆਂ ਨੁੰ ਗਹਿਰੀ ਠੇਸ ਪਹੁਚਾਈ ਹੈ, ਸਮੇ ਸਿਰ ਨਾ ਸੰਭਲਿਆ ਤਾਂ ਭਾਰਤੀ ਲੋਕਤੰਤਰ ਪ੍ਰਣਾਲੀ ’ਤੋ ਸਿਖਾਂ ਦਾ ਵਿਸ਼ਵਾਸ ਉਠਣਾ ਸੁਭਾਵਿਕ ਹੈ। ਉਹਨਾਂ ਸਖਤ ਲਹਿਜੇ ’ਚ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕੇਦਰੀ ਏਜੰਸੀ ਬੇਅਦਬੀ ਦੇ ਉਹਨਾਂ ਡੇਰਾ ਪ੍ਰੇਮੀ ਦੋਸ਼ੀਆਂ ਨੂੰ ਠੋਸ ਸਬੂਤਾਂ ਦੀ ਅਣਹੋਣ ਦੇ ਬਹਾਨੇ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਧਾਰਾ 164 ਤਹਿਤ ਅਦਾਲਤ ’ਚ ਇਕਬਾਲੀਆ ਬਿਆਨ ਦਰਜ਼ ਕਰਾਉਦਿਆਂ ਆਪਣੇ ਗੁਨਾਹ ਕਬੂਲ ਕਰ ਚੁੱਕੇ ਹਨ। ਉਹਨਾਂ ਕੇਦਰ ਸਰਕਾਰ ਨੂੰ ਬੇਅਦਬੀ ਦੇ ਮਾਮਲੇ ’ਤੇ ਸਿਆਸਤ ਨਾ ਕਰਨ ਦੀ ਸਲਾਹ ਦਿਤੀ ਅਤੇ ਕੇਦਰੀ ਗ੍ਰਹਿ ਮੰਤਰੀ ਨੂੰ ਉਕਤ ਮਾਮਲੇ ’ਚ ਦਖਲ ਦਿੰਦਿਆਂ ਬੇਅਦਬੀ ਦੇ ਦੋਸ਼ੀਆਂ ਨੂੰ ਆਪਣੇ ਅੰਜਾਮ ਤੱਕ ਪਹੁੰਚਾਉਣ ਲਈ ਜਾਂਚ ਮੁਕੰਮਲ ਕਰਵਾਉਣ ਲਈ ਕਿਹਾ। ਉਥੇ ਹੀ ਪੰਜਾਬ ਸਰਕਾਰ ਨੂੰ ਵੀ ਆਪਣੇ ਪਧਰ ’ਤੇ ਜਾਂਚ ਜਾਰੀ ਰਖਦਿਆਂ ਤਸੱਲੀ ਬਖਸ਼ ਸਿੱਟਿਆਂ ਅਤੇ ਸੱਚ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਿਆਂ ਤਮਾਮ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਬੇਅਦਬੀ ਵਰਗੇ ਘਿਨੌਣੇ ਅਪਰਾਧ ਦੇ ਦੋਸ਼ੀਆਂ ਦਾ ਪਰਦਾ ਫਾਸ਼ ਹੋਣਾ ਜਰੂਰੀ ਹੈ । ਉਹਨਾਂ ਚਿਤਾਵਣਾ ਦਿੰਦਿਆਂ ਕਿਹਾ ਕਿ ਘਟਨਾਵਾਂ ਦਾ ਇਨਸਾਫ ਨਾ ਮਿਲਿਆ ਤਾਂ ਸਿੱਖ ਕੌਮ ਨੂੰ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਭਾਈ ਅਜੈਬ ਸਿੰਘ ਅਭਿਆਸੀ ਮੈਬਰ ਧਰਮ ਪ੍ਰਚਾਰ ਕਮੇਟੀ ਸ੍ਰੋਮਣੀ ਕਮੇਟੀ, ਗਿਆਨੀ ਪਰਵਿੰਦਰਪਾਲ ਸਿੰਘ ਬੁਟਰ, ਗਿਆਨੀ ਹਰਦੀਪ ਸਿੰਘ ਅਨੰਦਪੁਰ, ਜਥੇ: ਸੁਖਦੇਵ ਸਿੰਘ ਅਨੰਦਪੁਰ ਅਤੇ ਪ੍ਰੋ: ਸਰਚਾਂਦ ਸਿੰਘ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>