ਸਰੀਰ ਵਿੱਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕਾਰਜ ਕਰਦੀ ਹੈ

ਅੱਜ ਆਪਾਂ ਦੁਨੀਆਂ ਦੇ ਸਭ ਤੋਂ ਵੱਡੇ ਲੁੱਟ ਦੇ ਹਥਿਆਰ ‘ਆਤਮਾ’ ਬਾਰੇ ਗੱਲਬਾਤ ਕਰਾਂਗੇ। ਇਸ ਸਵਾਲ ਨਾਲ ਹੋਰ ਬਹੁਤ ਸਾਰੇ ਅੰਧਵਿਸ਼ਵਾਸ਼ ਜੁੜੇ ਹੋਏ ਹਨ। ਜਿਵੇਂ ਮੁਕਤੀ, ਭੂਤਾਂ, ਪ੍ਰੇਤਾਂ,  ਯਮਦੂਤ, ਧਰਮਰਾਜ, ਸਵਰਗ-ਨਰਕ, ਪੁਨਰ ਜਨਮ ਆਦਿ ਜੁੜੇ ਹੁੰਦੇ ਹਨ। ਧਰਮ ਦੇ ਨਾਂ ’ਤੇ ਜਿਹੜੀ ਲੁੱਟ-ਖਸੁੱਟ ਹੁੰਦੀ ਹੈ, ਉਸ ਵਿੱਚ ਆਤਮਾ ਦਾ ਵੱਡਾ ਰੋਲ ਹੈ। ਕਹਿੰਦੇ ਹਨ ਕਿ ਆਤਮਾ ਏਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਕੋਈ ਤਲਵਾਰ ਇਸਨੂੰ ਕੱਟ ਨਹੀਂ ਸਕਦੀ।  ਜਿੱਥੋਂ ਤੱਕ ਮੁਕਤੀ ਦਾ ਸਵਾਲ ਹੈ, ਕਰੋੜਾਂ ਲੋਕ ਮੁਕਤੀ ਭਾਲਦੇ ਹਨ ਅਤੇ ਮਰਨ ਕਿਨਾਰੇ ਹੋ ਕੇ ਡਾਕਟਰਾਂ ਕੋਲ ਜਾ ਕੇ ਉਮਰ ਵਧਾਉਣਾ ਲੋਚਦੇ ਹਨ।  ਮੁਕਤ ਹੋਣਾ ਕੋਈ ਨਹੀਂ ਚਾਹੁੰਦਾ। ਮੁਕਤੀ ਲੱਭਣ ਵਾਲਿਆਂ ਦਾ ਜੇ 10 ਪ੍ਰਤੀਸ਼ਤ ਬੰਦਾ ਵੀ ਜਿੰਨਾ ਸਮਾਂ ਮੁਕਤੀ ਭਾਲਣ ਲਈ ਲਾਉਂਦਾ ਹੈ, ਓਨਾ ਸਮਾਂ ਨਿਜ਼ਾਮ ਬਦਲਣ ਲਈ ਤਿਆਰ ਹੋ ਜਾਵੇ ਤਾਂ ਗਲੇ-ਸੜੇ ਪ੍ਰਬੰਧ ਤੋਂ ਚਾਰ- ਪੰਜ ਸਾਲਾਂ ਵਿੱਚ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ।  ਆਓ ਵੇਖੀਏ ਕਿ ਕੀ ਸਰੀਰ ਵਿੱਚ ਆਤਮਾ ਹੁੰਦੀ ਹੈ? ਜੇ ਹੁੰਦੀ ਹੈ ਤਾਂ ਇਹ ਕਿੱਥੇ ਰਹਿੰਦੀ ਹੈ?

ਬਹੁਤ ਸਾਰੇ ਵਿਅਕਤੀ ਕਹਿੰਦੇ ਹਨ ਕਿ ਇਹ ਪੂਰੇ ਸਰੀਰ ਵਿੱਚ ਹੁੰਦੀ ਹੈ। ਜਿੰਨ੍ਹਾਂ ਵਿਅਕਤੀਆਂ ਦੀਆਂ ਲੱਤਾਂ ਬਾਹਾਂ ਪੂਰੀ ਤਰ੍ਹਾਂ ਕਟ ਜਾਂਦੀਆਂ ਹਨ, ਕੀ ਉਹਨਾਂ ਦੀ ਆਤਮਾ ਅੱਧੀ ਰਹਿ ਜਾਂਦੀ ਹੈ। ਸਟੀਫਨ ਹਾਕਿੰਗ ਆਪਣੀ ਜ਼ਿੰਦਗੀ ਦੇ ਜ਼ਿਆਦਾ ਵਰ੍ਹੇ  ਅਪੰਗ ਰਿਹਾ। ਕੀ ਉਸ ਵਿੱਚ ਵਿਚਾਰ ਨਹੀਂ ਸਨ? ਕੀ ਉਹ ਸਰੀਰ ਵਿੱਚ ਆਤਮਾ ਦੀ ਹੋਂਦ ਨੂੰ ਸਵੀਕਾਰ ਨਹੀਂ ਸੀ ਕਰਦਾ? ਪਰ ਫਿਰ ਵੀ ਉਸਨੇ ਦੁਨੀਆਂ ਨੂੰ ਸਾਇੰਸ ਦੇ ਬਹੁਤ ਸਾਰੇ ਪੱਖਾਂ ਤੋਂ ਅਮੀਰ ਕੀਤਾ। ਹੁਣ ਜੇ ਇਹ ਸਾਰੇ ਸਰੀਰ ਵਿੱਚ ਨਹੀਂ ਰਹਿੰਦੀ ਤਾਂ ਕਈਆਂ ਦਾ ਵਿਚਾਰ ਹੈ ਕਿ ਇਹ ਦਿਲ ਵਿੱਚ ਰਹਿੰਦੀ ਹੈ। ਹਰ ਰੋਜ਼ ਹਜ਼ਾਰਾਂ ਵਿਅਕਤੀਆਂ ਦੇ ਦਿਲਾਂ ਦੇ ਓਪਰੇਸ਼ਨ ਧਰਤੀ ਉੱਪਰ ਹੁੰਦੇ ਹਨ। ਜਿਉਂਦੇ ਵਿਅਕਤੀਆਂ ਦੇ ਖਰਾਬ ਹੋਏ ਦਿਲ ਕੱਢ ਕੇ ਬਾਹਰ ਸੁੱਟ ਦਿੱਤੇ ਜਾਂਦੇ ਹਨ ਅਤੇ ਮਰੇ ਹੋਏ ਵਿਅਕਤੀਆਂ ਦੇ ਦਿਲ ਰੱਖ ਦਿੱਤੇ ਜਾਂਦੇ ਹਨ। ਤਾਂ ਕੀ ਅਜਿਹੇ ਆਦਮੀਆਂ ਦੀ ਆਤਮਾ ਬਦਲ ਜਾਂਦੀ ਹੈ। ਕੁੱਝ ਵਿਅਕਤੀਆਂ ਦਾ ਵਿਚਾਰ ਹੈ ਕਿ ਇਹ ਦਿਮਾਗ ਵਿੱਚ ਰਹਿੰਦੀ ਹੈ।  ਪਰ ਦਿਮਾਗਾਂ ਦੇ ਵੀ ਹਜ਼ਾਰਾਂ ਓਪਰੇਸ਼ਨ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਹਰ ਰੋਜ਼ ਕੀਤੇ ਜਾਂਦੇ ਹਨ। ਕਦੇ ਵੀ ਕਿਸੇ ਡਾਕਟਰ ਨੂੰ ਆਤਮਾ ਦੇ ਦਰਸ਼ਨ ਨਹੀਂ ਹੋਏ। ਅੱਜ ਤਾਂ ਪੂਰੇ ਸਿਰ ਨੂੰ ਹੀ ਟਰਾਂਸਪਲਾਂਟ ਕਰਨ ਦੇ ਯਤਨ ਸਫ਼ਲਤਾ ਦੇ ਨੇੜੇ ਹਨ। ਕੀ ਅਜਿਹੇ ਵਿਅਕਤੀਆਂ ਦੀ ਆਤਮਾ ਬਦਲ ਜਾਵੇਗੀ? ਕਦੇ ਕਿਸੇ ਡਾਕਟਰ ਨੇ ਕਿਸੇ ਆਤਮਾ ਦਾ ਭਾਰ, ਰੰਗ ਰੂਪ ਅਤੇ ਆਕਾਰ ਨਹੀਂ ਦੱਸਿਆ। ਵਿਗਿਆਨ ਵਿੱਚ ਮਾਦੇ ਦੀ ਪਰਿਭਾਸ਼ਾ ਹੈ, ਜੋ ਰੰਗ ਰੂਪ ਰਖਦਾ ਹੋਵੇ, ਆਕਾਰ ਹੋਵੇ, ਭਾਰ ਰੱਖਦਾ ਹੋਵੇ, ਉਹ ਹੀ ਪਦਾਰਥ ਹੋ ਸਕਦਾ ਹੈ। ਇਸ ਲਈ ਆਤਮਾ ਪਦਾਰਥਕ ਵਸਤੂ ਨਹੀਂ ਹੋ ਸਕਦੀ। ਜੇ ਇਹ ਪਦਾਰਥ ਹੁੰਦਾ ਤਾਂ ਡਾਕਟਰਾਂ ਨੇ ਸਰੀਰ ਵਿੱਚੋਂ ਨਿਕਲਣ ਸਮੇਂ ਇਸ (ਆਤਮਾ) ਨੂੰ ਫੜ ਲਿਆ ਹੁੰਦਾ ਅਤੇ ਮੁੜ ਸਰੀਰ ਵਿੱਚ ਰੱਖ ਕੇ ਵਿਅਕਤੀਆਂ ਨੂੰ ਜੀਵਿਤ ਕਰ ਲਿਆ ਹੁੰਦਾ। ਪਰ ਅਜਿਹਾ ਨਹੀਂ ਹੈ। ਆਤਮਾ ਨੂੰ ਰੂਹ ਵੀ ਕਿਹਾ ਜਾਂਦਾ ਹੈ। ਕਦੇ ਕਿਸੇ ਨੇ ਦੱਸਿਆ ਕਿ ਇਹ ਰੂਹ ਬੱਚੇ ਵਿੱਚ ਕਦੋਂ ਦਾਖ਼ਲ ਹੁੰਦੀ ਹੈ ਅਤੇ ਇਨ੍ਹਾਂ ਆਤਮਾਵਾਂ ਦਾ ਟਿਕਾਣਾ ਕਿੱਥੇ ਹੁੰਦਾ ਹੈ? ਅੱਜ ਵਿਗਿਆਨਕਾਂ ਦੀਆਂ ਦੂਰਬੀਨਾਂ ਅਰਬਾਂ ਖਰਬਾਂ ਕਿਲੋਮੀਟਰਾਂ ਤੱਕ ਝਾਤੀ ਮਾਰ ਆਈਆਂ ਹਨ ਅਤੇ ਮਾਰ ਰਹੀਆਂ ਹਨ। ਕਿਸੇ ਨੂੰ ਇਨ੍ਹਾਂ ਦਾ ਟਿਕਾਣਾ ਨਹੀਂ ਮਿਲਿਆ ਅਤੇ ਨਾ ਹੀ ਇਨ੍ਹਾਂ ਦੇ ਗਤੀ ਕਰਨ ਦੀ ਸਪੀਡ ਕਿਸੇ ਮਹਾਤਮਾ ਵਰਗ ਨੇ ਦੱਸੀ ਹੈ।  ਸਿਰਫ਼ ਇਹ ਹੀ ਕਿਹਾ ਜਾਂਦਾ ਹੈ ਕਿ ਸਰੀਰ ਵਿੱਚ ਆਤਮਾ ਦਾ ਵਾਸਾ ਹੁੰਦਾ ਹੈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਇਹ ਬੱਚੇ ਵਿੱਚ ਦਾਖਲ ਹੁੰਦੀ ਹੈ ਤਾਂ ਇਸਦਾ ਦਾਖਲਾ ਕਦੋਂ ਹੁੰਦਾ ਹੈ? ਗਰਭ ਦੇ ਪਹਿਲੇ ਦਿਨ ਸੈੱਲਾਂ ਦੇ  ਜੁੜਨ ਸਮੇਂ ਇਹ ਸੈੱਲ ਦੋ ਭਾਗਾਂ ਵਿੱਚ ਟੁੱਟ ਜਾਂਦੇ ਹਨ। ਕੀ ਉਨ੍ਹਾਂ ਬੱਚਿਆਂ ਦੀ ਆਤਮਾ ਵੀ ਦੋ ਭਾਗਾਂ ਵਿੱਚ ਟੁੱਟ ਜਾਂਦੀ ਹੈ? 1998 ਵਿੱਚ ਅਮਰੀਕਾ ਦੇ ਸ਼ਹਿਰ ਟੈਕਸਾ ਵਿੱਚ ਇੱਕ ਔਰਤ ਨੇ ਇਕੱਠੇ ਅੱਠ ਬੱਚਿਆਂ ਨੂੰ ਜਨਮ ਦਿੱਤਾ। ਇਸਤਰੀ-ਪੁਰਸ਼ ਦੇ ਜੁੜਨ ਵਾਲੇ ਸੈੱਲ ਜੁੜਨ ਤੋਂ ਬਾਅਦ ਅੱਠ ਭਾਗਾਂ ਵਿੱਚ ਟੁੱਟ ਗਏ। ਉਨ੍ਹਾਂ ਅੱਠਾਂ ਵਿੱਚ ਮਾਂ ਪਿਓ ਦੇ ਗੁਣ ਤਾਂ ਡੀ ਐਨ ਏ ਰਾਹੀਂ ਪ੍ਰਵੇਸ਼ ਕਰ ਗਏ ਪਰ ਕੀ ਉਨ੍ਹਾਂ ਦੀ ਆਤਮਾ ਅੱਠ ਭਾਗਾਂ ਵਿੱਚ ਟੁੱਟ ਗਈ ਸੀ ਜਾਂ ਅੱਠ ਆਤਮਾਵਾਂ ਉਨ੍ਹਾਂ ਵਿੱਚ ਇੱਕੋ ਸਮੇਂ ਦਾਖਲ ਹੋ ਗਈਆਂ? ਕਹਿੰਦੇ ਹਨ ਕਿ ਆਤਮਾ ਬੱਚੇ ਦੇ ਸਰੀਰ ਵਿੱਚ ਦਿਲ ਦੀ ਧੜਕਨ ਨਾਲ ਦਾਖਲ ਹੋ ਜਾਂਦੀ ਹੈ ਦਿਲ ਤਾਂ ਭਰੂਣ ਦੇ 23ਵੇ ਦਿਨ ਹੀ ਧੜਕਣਾ ਸ਼ੁਰੂ ਕਰ ਦਿੰਦਾ ਹੈ। ਛੇ ਮਹੀਨੇ ਬਾਅਦ ਡਾਕਟਰ ਅਕਸਰ ਹੀ ਬੱਚੇ ਨੂੰ ਬਚਾ ਲੈਂਦੇ ਹਨ। ਦੋ ਚਾਰ ਕੇਸਾਂ ਵਿੱਚ  ਡਾਕਟਰਾਂ ਨੇ ਓਪਰੇਸ਼ਨ ਰਾਹੀਂ ਪੇਟ ਵਿੱਚੋਂ ਬੱਚਾ ਚੁੱਕ ਕੇ ਬਾਹਰ ਕੱਢ ਲਿਆ ਅਤੇ ਉਸ ਦੇ ਦਿਲ ਦਾ ਓਪਰੇਸ਼ਨ ਕਰ ਕੇ ਉਸ ਨੂੰ ਮੁੜ ਪੇਟ ਵਿੱਚ ਰੱਖ ਦਿੱਤਾ। ਕੀ ਇਨ੍ਹਾਂ ਦੀ ਆਤਮਾ ਪੇਟ ‘ਚੋਂ ਬੱਚਾ ਬਾਹਰ ਕੱਢਣ ਸਮੇਂ ਬਾਹਰ ਨਿਕਲ ਗਈ ਸੀ?  ਪੇਟ ਵਿੱਚ ਦੁਬਾਰਾ ਰੱਖਣ ਤੇ ਦੁਬਾਰਾ ਚਲ ਗਈ ਸੀ ਅਤੇ ਜਨਮ ਲੈਣ ਸਮੇਂ ਫਿਰ ਵਾਪਸ ਆ ਗਈ ਸੀ? ਦੁਨੀਆਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ – ਜਨਮ ਸਮੇਂ ਪੇਟ ਵਿੱਚੋਂ ਦੋ ਜੁੜਵੇਂ ਬੱਚੇ ਨਿਕਲ ਆਉਂਦੇ ਹਨ ਅਤੇ ਸਾਰੀ ਜ਼ਿੰਦਗੀ ਇੱਕ ਦੂਜੇ ਨਾਲ ਜੁੜੇ ਰਹਿੰਦੇ ਹਨ। ਇਨ੍ਹਾਂ ਨੂੰ ਸ਼ਿਆਮੀ ਬੱਚੇ ਕਿਹਾ ਜਾਂਦਾ ਹੈ। ਕੀ ਇਨ੍ਹਾਂ ਵਿੱਚ ਇੱਕੋ ਆਤਮਾ ਹੁੰਦੀ ਹੈ, ਜੋ ਜੁੜੀ ਹੁੰਦੀ ਹੈ? ਜਾਂ ਦੋ ਆਤਮਾਵਾਂ ਹੁੰਦੀਆਂ ਹਨ? ਜਿਸ ਸਰੀਰ ਵਿੱਚ ਆਤਮਾ ਹੁੰਦੀ ਹੈ, ਕੀ ਇਹ ਮੌਤ ਸਮੇਂ ਬਾਹਰ ਨਿਕਲ ਜਾਂਦੀ ਹੈ?  ਪਰ ਅਸੀਂ ਵੇਖਿਆ ਹੈ ਕਿ ਡਾਕਟਰ ਮੌਤ ਹੋਣ ਤੋਂ ਬਾਅਦ ਵੀ ਬਹੁਤ ਸਾਰੇ ਬੰਦਿਆਂ ਨੂੰ ਬਚਾ ਲੈਂਦੇ ਹਨ। ਉਨ੍ਹਾਂ ਦੇ ਸਰੀਰਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਜਾਂਦਾ ਹੈ। ਬਣਾਵਟੀ ਸਾਹ ਪ੍ਰਣਾਲੀ ਅਤੇ ਖੂਨ ਗੇੜ ਪ੍ਰਣਾਲੀ ਰਾਹੀਂ ਜੀਵਿਤ ਰੱਖਿਆ ਜਾਂਦਾ ਹੀ ਨਹੀਂ ਜਾਂਦਾ, ਜੀਵਿਤ ਕਰਨ ਦੀਆਂ ਉਦਾਹਰਣਾਂ ਵੀ ਸਾਡੇ ਕੋਲ ਮੌਜੂਦ ਹਨ।

ਹੁਣ ਅਗਲਾ ਸੁਆਲ ਖੜ੍ਹਾ ਹੁੰਦਾ ਹੈ ਕਿ ਜਿੰਨ੍ਹਾਂ ਵਿਅਕਤੀਆਂ ਨੂੰ ਬੇਹੋਸ ਕਰਕੇ ਅਪਰੇਸ਼ਨ ਕੀਤੇ ਜਾਂਦੇ ਹਨ, ਕੀ ਉਨ੍ਹਾਂ ਵਿੱਚ ਉਸ ਸਮੇਂ ਉਨ੍ਹਾਂ ਦੀ ਆਤਮਾ ਨੂੰ ਛੁੱਟੀ ’ਤੇ ਭੇਜ ਦਿੱਤਾ ਜਾਂਦਾ ਹੈ? 27 ਨਵੰਬਰ 1973 ਨੂੰ (24 ਸਾਲ ਦੀ ਉਮਰ ਵਿੱਚ) ਇੱਕ ਹਸਪਤਾਲ ਵਿੱਚ ਹਸਪਤਾਲ ਦੇ ਹੀ ਇੱਕ ਲੜਕੇ ਨੇ ਅਰੁਣਾ ਸ਼ਾਨਬਾਗ ਨਾਲ ਬਲਾਤਕਾਰ ਕੀਤਾ। ਅਜਿਹੀ ਸੱਟ ਮਾਰੀ ਕਿ ਉਹ ਉਸੇ ਦਿਨ ਕੌਮਾ ਵਿੱਚ ਚਲੀ ਗਈ ਤੇ 42 ਸਾਲ ਕੌਮਾਂ ਵਿੱਚ ਰਹਿ 18 ਮਈ 2015 ਨੂੰ ਉਸ ਦੀ ਮੌਤ ਹੋ ਗਈ। ਕੀ ਇਸ ਔਰਤ ਦੀ ਆਤਮਾ ਉਸ ਸਮੇਂ ਦੌਰਾਨ ਉਸ ਦੇ ਸਰੀਰ ਵਿੱਚ ਰਹੀ? ਕੀ ਆਤਮਾ ਕਿਸੇ ਦੂਸਰੇ ਦੀ ਮਰਜ਼ੀ ਨਾਲ ਸਰੀਰ ਵਿੱਚੋਂ ਬਾਹਰ ਕੱਢੀ ਜਾ ਸਕਦੀ ਹੈ? ਜੇ ਕੋਈ ਵਿਅਕਤੀ ਇਸ ਸਬੰਧੀ ਨਾਂਹ ਕਹਿੰਦਾ ਹੈ ਤਾਂ ਉਹ ਇੱਕ ਤਜ਼ਰਬਾ ਕਰਕੇ ਦੇਖ ਸਕਦਾ ਹੈ।

ਸਾਇਆਨਾਈਡ ਦੀ ਇੱਕ ਗੋਲੀ ਉਸ ਦੀ ਆਤਮਾ ਨੂੰ ਉਸ ਤੋਂ ਸਦਾ ਲਈ ਮੁਕਤ ਕਰ ਦੇਵੇਗੀ। ਦੋ ਵਾਰ ਮੇਰੀ ਮੁਲਾਕਾਤ ਕੁੱਝ ਅਜਿਹੇ ਵਿਅਕਤੀਆਂ ਨਾਲ ਵੀ ਹੋ ਚੁੱਕੀ ਹੈ, ਜਿਹੜੇ ਕਹਿੰਦੇ ਹਨ ਕਿ ਆਤਮਾਵਾਂ ਧਰਤੀ ਰਾਹੀਂ ਆਪਣੀ ਹੋਂਦ ਦੇ ਸਿਗਨਲ ਦਿੰਦੀਆਂ ਹਨ ਅਤੇ ਭੂਤਵਾੜਿਆਂ ਵਿੱਚੋਂ ਭੂਤਾਂ ਦੁਆਰਾ ਛੱਡੇ ਗਏ ਸਿਗਨਲ ਫੜਦੇ ਹਨ। ਅਸਲ ਵਿੱਚ ਉਹ ਬੜੀ ਚਲਾਕ ਕਿਸਮ ਦੇ ਲੋਕ ਹਨ। ਉਹ ਨਵੀਂ ਕਿਸਮ ਦੇ ਬਾਬੇ ਪੈਦਾ ਹੋ ਰਹੇ ਹਨ। ਉਹ ਲੋਕਾਂ ਦੀ ਨਵੇਂ ਢੰਗ ਨਾਲ ਲੁੱਟ ਕਰ ਰਹੇ ਹਨ। ਉਨ੍ਹਾਂ ਕੋਲ ਕੁੱਝ ਅਜਿਹੇ ਯੰਤਰ ਰੱਖੇ ਹੁੰਦੇ, ਜਿਹੜੇ ਆਵਾਜ਼ ਜਾਂ ਪ੍ਰਕਾਸ਼ ਦੀਆਂ ਤਰੰਗਾਂ ਨੂੰ ਜਾਂ ਸੂਰਜ ਤੋਂ ਉੱਠਣ ਵਾਲੀਆਂ ਬਿਜਲੀ ਚੁੰਬਕੀ ਤਰੰਗਾਂ ਦੇ ਸਿਗਨਲਾਂ ਨੂੰ ਫੜ ਲੈਂਦੇ ਹਨ ਅਤੇ ਉਨ੍ਹਾਂ ਦੇ ਯੰਤਰਾਂ ਵਿੱਚ ਅਜਿਹੇ ਸਿਗਨਲ ਆ ਵੀ ਜਾਂਦੇ ਹਨ।

ਅਸੀਂ ਜਾਣਦੇ ਹਾਂ ਕਿ ਸਾਡੀ ਧਰਤੀ ਦੇ ਗਰਭ ਵਿੱਚ ਬੇਸ਼ੁਮਾਰ ਤਰਲ ਪਦਾਰਥ ਭਰੇ ਹੋਏ ਹਨ। ਧਰਤੀ ਦੀਆਂ ਗਤੀਆਂ ਕਾਰਨ ਹਰ ਰੋਜ਼ ਸੈਂਕੜੇ ਛੋਟੇ ਵੱਡੇ ਭੂਚਾਲ ਧਰਤੀ ’ਤੇ ਆਉਂਦੇ ਹੀ ਰਹਿੰਦੇ ਹਨ। ਇਨ੍ਹਾਂ ਦੁਆਰਾ ਛੱਡੀਆਂ ਗਈਆਂ ਕਿਰਨਾਂ ਅਜਿਹੇ ਯੰਤਰਾਂ ਦੇ ਸਿਗਨਲ ਵਿੱਚ ਆ ਜਾਂਦੀਆਂ ਹਨ। ਸੂਰਜ ਤੋਂ ਵੀ ਸੂਰਜੀ ਤੂਫਾਨ ਉੱਠਦੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਹੀ ਧਰਤੀ ਦੇ ਚੁੰਬਕੀ ਧਰੁਵ ਅਜਿਹੇ ਵਿਕਿਰਨ ਪੈਦਾ ਕਰਦੇ ਹਨ।

ਹੁਣ ਅਗਲਾ ਸੁਆਲ ਖੜ੍ਹਾ ਹੁੰਦਾ ਹੈ ਕਿ ਜਿਹੜੇ ਵਿਅਕਤੀ ਆਪਣੇ ਸਰੀਰ ਦਾਨ ਜਾਂ ਅੰਗ ਦਾਨ ਕਰ ਦਿੰਦੇ ਹਨ ਤਾਂ ਕੀ ਉਹਨਾਂ ਦੀ ਆਤਮਾ ਮੁਕਤ ਨਹੀਂ  ਹੁੰਦੀ? Îਮੇਰੇ ਪਿਤਾ ਜੀ ਮੁਕਤੀ ਦੇ ਸੰਕਲਪ ਦੇ ਵਿਰੋਧ ਸਨ। 2006 ਵਿੱਚ ਉਨਾਂ ਨੇ ਦਿਆਨੰਦ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਖੋਜ਼ ਕਰਨ ਲਈ ਆਪਣਾ ਮ੍ਰਿਤਕ ਸਰੀਰ ਦਾਨ ਵਿੱਚ ਦੇ ਦਿੱਤਾ। ਉਸ ਤੋਂ ਬਾਅਦ ਤਾਂ ਸੈਂਕੜੇ ਵਿਅਕਤੀਆਂ ਨੇ ਹਸਪਤਾਲਾਂ ਨੂੰ ਆਪਣੇ ਸਰੀਰ ਦਾਨ ਵਿੱਚ ਦੇ ਦਿੱਤੇ। ਇਨ੍ਹਾਂ ਵਿਚਾਰਿਆਂ ਦੀਆਂ ਆਤਮਾਵਾਂ ਦਾ ਕੀ ਬਣਿਆਂ? ਕੀ ਇਨ੍ਹਾਂ ਦੀ ਮੁਕਤੀ ਹੋਊ ਜਾਂ ਨਹੀਂ?

ਮੈਨੂੰ ਬਹੁਤ ਸਾਰੇ ਵਿਅਕਤੀਆਂ ਨੇ ਪੱਛਿਆ ਹੈ ਕਿ ਜੇ ਸਰੀਰ ਵਿੱਚ ਆਤਮਾ ਨਹੀਂ ਹੁੰਦੀ ਤਾਂ ਸਰੀਰ ਵਿੱਚ ਬੋਲਦਾ ਕੀ ਹੈ? ਮੈਂ ਉਨ੍ਹਾਂ ਨੂੰ ਪੁੱਛ ਲੈਂਦਾ ਹਾਂ ਕਿ ਰੇਡੀਓ  ਅਤੇ ਟੈਲੀਵਿਜ਼ਨ ਵਿੱਚ ਬੋਲਣ ਵਾਲੀ ਕਿਹੜੀ ਚੀਜ਼ ਹੁੰਦੀ ਹੈ? ਉਨ੍ਹਾਂ ਦਾ ਜੁਆਬ ਹੁੰਦਾ ਹੈ ਕਿ ਇਹ ਤਾਂ ਮਸ਼ੀਨੀ ਯੰਤਰ ਹਨ। ਜੇ ਬੋਲਣੋ ਹਟ ਜਾਣ ਤਾਂ ਅਸੀਂ ਇਸ ਨੂੰ ਰਿਪੇਅਰ ਕਰਵਾ ਲੈਂਦੇ ਹਾਂ। ਪਰ ਮਕੈਨਿਕ ਇਨ੍ਹਾਂ ਵਿੱਚ ਆਤਮਾਵਾਂ ਤਾਂ ਮੁੜ ਦਾਖਲ ਨਹੀਂ ਕਰਦੇ। ਉਹ ਤਾਂ ਇਨ੍ਹਾਂ ਦੀਆਂ ਬਿਜਲੀ, ਚੁੰਬਕੀ ਅਤੇ ਪ੍ਰਕਾਸ਼ ਪੈਦਾ ਕਰਨ ਵਾਲੀਆਂ ਪ੍ਰਣਾਲੀਆਂ ਨੂੰ ਠੀਕ ਕਰਦੇ ਹਨ। ਸਾਡਾ ਸਰੀਰ ਵੀ ਠੀਕ ਇਸੇ ਤਰ੍ਹਾਂ ਦੀਆਂ ਪ੍ਰਣਾਲੀਆਂ ਦਾ ਬਣਿਆ ਹੋਇਆ ਹੁੰਦਾ ਹੈ। ਸਰੀਰ ਵਿੱਚ ਸੈੱਲ ਹੁੰਦੇ ਹਨ। ਸੈੱਲਾਂ ਦੇ ਸਮੂਹ ਨੂੰ ਅਸੀਂ ਅੰਗ ਆਖਦੇ ਹਾਂ। ਕੁੱਝ ਅੰਗ ਜੁੜਨ ਨਾਲ ਅੰਗ ਪ੍ਰਣਾਲੀ ਬਣ ਜਾਂਦੀ ਹੈ ਅਤੇ ਕਈ ਅੰਗ ਪ੍ਰਣਾਲੀਆਂ ਦਾ ਸਮੂਹ ਸਰੀਰ ਦੀ ਰਚਨਾ ਕਰਦਾ ਹੈ। ਜਿਵੇਂ ਮਨੁੱਖੀ ਸਰੀਰ ਵਿੱਚ ਪਿੰਜਰ ਪ੍ਰਣਾਲੀ, ਲਹੂ ਗੇੜ ਪ੍ਰਣਾਲੀ, ਭੋਜਨ ਪ੍ਰਣਾਲੀ, ਸੋਚ ਵਿਚਾਰ ਪ੍ਰਣਾਲੀ, ਸਾਹ ਪ੍ਰਣਾਲੀ ਆਦਿ ਹੁੰਦੀਆਂ ਹਨ। ਇਨ੍ਹਾਂ ਵਿੱਚ ਆਪਸੀ ਤਾਲੇਮਲ ਵੀ ਹੁੰਦਾ ਹੈ। ਜਿੰਨਾਂ ਚਿਰ ਸਾਡੀਆਂ ਅੰਗ ਪ੍ਰਣਾਲੀਆਂ ਠੀਕ ਰਹਿੰਦੀਆਂ  ਹਨ, ਓਨਾ ਚਿਰ ਸਾਡਾ ਸਰੀਰ ਸਮੂਹ ਕਿਰਿਆਵਾਂ ਕਰਦਾ ਰਹਿੰਦਾ ਹੈ। ਕਿਸੇ ਮਹੱਤਵਪੂਰਨ ਪ੍ਰਣਾਲੀ ਦੇ ਫੇਲ੍ਹ ਹੋ ਜਾਣ ਕਾਰਨ ਸਾਡਾ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਮੌਤ ਹੋ ਜਾਂਦੀ ਹੈ। ਜਿਵੇਂ ਦਿਲ ਸਾਡੇ ਸਰੀਰ ਦੀ ਮਹੱਤਵਪੂਰਨ ਪ੍ਰਣਾਲੀ ਹੈ। ਦਿਲ ਫੇਲ੍ਹ ਹੋ ਜਾਣ ਦੀ ਸੂਰਤ ਵਿੱਚ ਸਾਡਾ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ। ਪਰ ਕਈ ਵਾਰ ਡਾਕਟਰ ਦਿਲ ਨੂੰ ਮੁੜ ਚਾਲੂ ਕਰ ਲੈਂਦੇ ਹਨ ਤੇ ਸਰੀਰ ਮੁੜ ਕਾਰਜਸ਼ੀਲ ਹੋ ਜਾਂਦਾ ਹੈ।

ਸਰੀਰ ਨੇ ਚੱਲਣ ਫਿਰਨ, ਬੋਲਣ ਅਤੇ ਗਰਮੀ ਸਰਦੀ ਮਹਿਸੂਸ ਕਰਨ ਦਾ ਇਹ ਹੁਨਰ ਕਿੱਥੋਂ ਸਿੱਖਿਆ ਹੈ? ਮਨੁੱਖ ਦਾ ਇਤਿਹਾਸ ਅਰਬਾਂ ਵਰਿ੍ਹਆਂ ਦਾ ਹੈ।  ਲਗਭਗ ਤਿੰਨ ਸੌ ਕਰੋੜ ਵਰ੍ਹੇ ਪਹਿਲਾਂ ਅਮੀਬਾ ਹੋਂਦ ਵਿੱਚ ਆ ਗਿਆ ਸੀ। ਅਮੀਬੇ ਤੋਂ ਮਨੁੱਖੀ ਵਿਕਾਸ ਦੀ ਯਾਤਰਾ ਸ਼ੁਰੂ ਹੁੰਦੀ ਹੈ। ਇਹ ਮੱਛੀਆਂ, ਚੂਹਿਆਂ ਅਤੇ ਬਾਂਦਰਾਂ ਵਿੱਚੋਂ ਦੀ  ਹੁੰਦੀ ਹੋਈ ਮਨੁੱਖ ਤੱਕ ਪਹੁੰਚੀ ਹੈ। ਡਾਰਵਿਨ ਅਨੁਸਾਰ ਹਰੇਕ ਜੀਵ ਨੂੰ ਜਿਉਂਦੇ ਰਹਿਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਇਸ ਦੌਰਾਨ ਵਰਤੋਂ ਵਿੱਚ ਆੳਣ ਵਾਲੇ ਲੋੜੀਂਦੇ ਅੰਗ ਵਿਕਸਿਤ ਹੁੰਦੇ ਜਾਂਦੇ ਹਨ ਅਤੇ ਬੇਲੋੜੇ ਅੰਗ ਕਮਜ਼ੋਰ ਹੁੰਦੇ ਹੁੰਦੇ ਖ਼ਤਮ ਹੋ ਜਾਂਦੇ ਹਨ। ਅਸੀਂ ਅੱਜ ਵੀ ਜਾਣਦੇ ਹਾਂ ਕਿ ਜੇ ਚੂਨੇ ਵਿੱਚ ਪਾਣੀ ਪਾ ਦੇਈਏ ਤਾਂ ਉਹ ਕੁੱਝ ਸਮੇਂ ਬਾਅਦ ਗਰਮ ਹੋਣਾ, ਹਰਕਤ ਕਰਨੀ ਅਤੇ ਸੂੂੰ-ਸੂੰ ਦੀ ਆਵਾਜ਼ ਪੈਦਾ ਕਰਨ ਲੱਗ ਜਾਵੇਗਾ। ਇਸ ਤਰ੍ਹਾਂ ਮਨੁੱਖੀ ਸਰੀਰ ਵੀ ਵੱਖ-ਵੱਖ ਰਸਾਇਣਕ ਪਦਾਰਥਾਂ ਵਿੱਚ ਹੁੰਦੀਆਂ ਰਸਾਇਣਕ ਕਿਰਿਆਵਾਂ ਰਾਹੀਂ ਬਿਜਲੀ, ਚੁੰਬਕੀ ਤਰੰਗਾਂ ਅਤੇ ਰਸਾਇਣਿਕ ਗੁਣ ਪ੍ਰਾਪਤ ਕਰ ਗਿਆ। ਅੱਜ ਸਾਡੇ ਦਿਮਾਗ ਵਿੱਚ ਸੋਚ-ਵਿਚਾਰ ਦਾ ਕੰਮ ਕਰਦੀਆਂ ਇਹ ਬਿਜਲੀ, ਚੁੰਬਕੀ ਅਤੇ ਰਸਾਇਣਕ ਕਿਰਿਆਵਾਂ ਹੀ ਹਨ, ਜਿਹੜੀਆਂ ਸਾਡੀ ਯਾਦਾਸ਼ਤ ਨੂੰ ਕਾਇਮ ਰੱਖਦੀਆਂ ਹਨ। ਮਰਨ ਤੋਂ ਬਾਅਦ ਜਦੋਂ ਸਾਡੇ ਸਰੀਰ ਦੇ ਸਾਰੇ ਪਦਾਰਥ ਹੀ ਨਸ਼ਟ ਹੋ ਜਾਂਦੇ ਹਨ ਤਾਂ ਸਾਡੀਆਂ ਰਸਾਇਣੀ, ਬਿਜਲਈ ਅਤੇ ਚੁੰਬਕੀ ਕਿਰਿਆਵਾਂ ਦਾ ਵੀ ਖਾਤਮਾ ਹੋ ਜਾਂਦਾ ਹੈ ਅਤੇ ਵਿਚਾਰ ਵੀ ਖਤਮ ਹੋ ਜਾਂਦੇ ਹਨ। ਸੋ ਆਤਮਾ ਇੱਕ ਲੁੱਟ-ਖਸੁੱਟ ਦਾ ਸਾਧਨ ਹੀ ਹੈ, ਹੋਰ ਕੁੱਝ ਵੀ ਨਹੀਂ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>