ਅਧਿਆਪਕ ਦਿਵਸ ਤੇ ਵਿਸ਼ੇਸ਼

ਸਿੱਖਿਆ ਸਾਸ਼ਤਰੀਆਂ ਦਾ ਕਹਿਣਾ ਹੈ ਕਿ ਅਧਿਆਪਕ ਦਾ ਕੰਮ ਇੱਕ ਮਾਲੀ ਦੀ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਬਾਗ ਦੇ ਫੁੱਲਾਂ ਦੀ ਦੇਖ-ਭਾਲ ਮਾਲੀ ਦੇ ਧਿਆਨ ਤੋਂ ਬਿਨ੍ਹਾ ਨਹੀਂ ਹੋ ਸਕਦੀ ਇਸ ਤਰ੍ਹਾਂ ਇੱਕ ਬੱਚੇ ਦੀ ਸਿੱਖਿਆ ਅਤੇ ਸਖਸ਼ੀਅਤ ਦੇ ਵਿੱਚ ਨਿਖਾਰ ਵੀ ਇੱਕ ਸੁੱਚਜੇ ਅਧਿਆਪਕ ਦੇ ਪੂਰੇ ਧਿਆਨ ਦਿੱਤੇ ਬਿਨ੍ਹਾਂ ਸੰਭਵ ਨਹੀਂ। ਇਸੀ ਕਾਰਨ ਅੱਜ ਵੀ ਵਿਕਸਤ ਰਾਸ਼ਟਰਾਂ ਵਿੱਚ ਗੁਰੂ ਜਾਂ ਅਧਿਆਪਕ ਦਾ ਕੇਂਦਰੀ ਰੁਤਬਾ ਹੈ। ਇੱਕ ਅਧਿਆਪਕ ਦਾ ਅਸਲ ਕੰਮ ਹਰ ਤਰ੍ਹਾਂ ਦੇ ਵਿਦਿਆਰਥੀ ਅਤੇ ਸਮੁੱਚੇ ਸਮਾਜ ਦੀ ਰਹਿਨੁਮਾਈ ਕਰਨਾ ਹੈ ਤਾਂ ਕਿ ਦੇਸ਼ ਲਈ ਆਦਰਸ਼ ਨਾਗਰਿਕਾਂ ਨੂੰ ਪੈਦਾ ਕੀਤਾ ਜਾ ਸਕੇ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਅਧਿਆਪਕ ਹੀ ਹੈ ਜੋ ਕੇ ਦੇਸ਼ ਨੂੰ ਵਿਕਸਤ ਬਣਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਸਕਦਾ ਹੈ।ਇੱਕ ਸਿਖਾਉਣ ਵਾਲੇ ਦਾ ਮੁਕਾਮ ਕੀ ਹੈ ਇਸ ਨੂੰ ਜਾਨਣ ਲਈ ਇਹ ਸਮਝ ਲੈਣਾ ਜਰੂਰੀ ਹੈ ਕਿ ਸਾਰੇ ਧਰਮਾਂ ਦੇ ਵਿੱਚ ਇਹ ਤੱਥ ਸਰਵ ਸਾਂਝਾ ਹੈ ਕਿ ਸਾਰੇ ਧਰਮਾਂ ਵਿੱਚ ਰੱਬ ਵੱਲੋਂ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਸਿੱਧਾ ਰਸਤਾ ਦਿਖਾਉਣ ਲਈ, ਉਹਨਾਂ ਨੂੰ ਸਿੱਖਿਅਤ ਕਰਨ ਲਈ ਧਰਤੀ ਤੇ ਆਪਣੇ ਨੇਕ ਬੰਦਿਆਂ ਨੂੰ ਭੇਜਿਆ। ਜਿਸ ਤਰ੍ਹਾਂ ਹਿੰਦੂ ਧਰਮ ਵਿੱਚ ਅਵਤਾਰ, ਸਿੱਖ ਧਰਮ ਵਿੱਚ ਗੁਰੂ, ਇਸਲਾਮ ਧਰਮ ਵਿੱਚ ਪੈਗੰਬਰ ਆਦਿ । ਇਹ ਸਭ ਅਸਲ ਵਿੱਚ ਅਧਿਆਪਕ ਹੀ ਸਨ। ਜਿਹਨਾਂ ਨੇ ਮਨੁੱਖਾਂ ਨੂੰ ਮਨੁੱਖਤਾ ਦਾ ਪਾਠ ਪੜ੍ਹਾਇਆ, ਸਮਾਜ ਅਤੇ ਰੱਬ ਨਾਲ ਜੁੜ੍ਹਣ ਦਾ ਰਾਸਤਾ ਦੱਸਿਆ। ਇਸ ਸਭ ਦੇ ਆਧਾਰ ਤੇ ਕਿਹਾ ਸਕਦਾ ਹੈ ਕਿ ਅਧਿਆਪਕ/ਗੁਰੂ ਦਾ ਦਰਜਾ ਸਮਾਜ ਵਿੱਚ ਬਹੁਤ ਉੱਚਾ ਹੈ। ਇਸ ਕਰਕੇ ਹੀ ਅਧਿਆਪਕ ਨੂੰ ਬੱਚੇ ਦੇ ਰੂਹਾਨੀ ਮਾਂ-ਬਾਪ ਹੋਣ ਦਾ ਮਾਣ ਵੀ ਪ੍ਰਾਪਤ ਹੈ। ਕਿਹਾ ਜਾਂਦਾ ਹੈ ਕਿ ਜੋ ਵਿਅਕਤੀ ਅਧਿਆਪਕ ਤੋਂ ਬਿਨ੍ਹਾ ਕੇਵਲ ਕਿਤਾਬਾਂ ਤੋਂ ਸਿੱਖਿਆ ਪ੍ਰਾਪਤ ਕਰਦਾ ਹੈ ਉਸਦੀ ਸਿੱਖਿਆ ਅਧੂਰੀ ਰਹਿੰਦੀ ਹੈ। ਉਹ ਕਦੇ ਵੀ ਕਿਸੇ ਖੇਤਰ ਦੀ ਗਹਿਰਾਈ ਤੱਕ ਨਹੀਂ ਪੁੱਜ ਸਕਦਾ। ਸਿੱਖਿਅਕ ਢਾਂਚੇ ਵਿੱਚ ਅਧਿਆਪਕ ਨੂੰ ਪੂਰੇ ਢਾਂਚੇ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ। ਚੰਗੇ ਅਤੇ ਆਪਣੇ ਪੇਸ਼ੇ ਦੇ ਪ੍ਰਤੀ ਸਮਰਪਿਤ ਅਧਿਆਪਕਾਂ ਤੋਂ ਬਿਨ੍ਹਾ ਕਦੇ ਵੀ ਸਿੱਖਿਅਕ ਢਾਂਚਾ ਸਫਲਤਾ ਪੂਰਵਕ ਕੰਮ ਨਹੀਂ ਕਰ ਸਕਦਾ।

ਅਧਿਆਪਕ ਦਾ ਕਿੱਤਾ ਦੁਨੀਆਂ ਦੇ ਸਭ ਕੰਮਾਂ ਦੇ ਨਾਲੋਂ ਚੰਗਾ, ਉੱਤਮ ਅਤੇ ਸਤੀਕਾਰ ਵਾਲਾ ਮੰਨਿਆ ਜਾਂਦਾ ਹੈ। ਇਸ ਕਰਕੇ ਪੈਸਾ ਕਮਾਉਣ ਜਾ ਰੋਜ਼ੀ-ਰੋਟੀ ਦਾ ਜੁਗਾੜ੍ਹ ਕਰਨ ਲਈ ਇਸ ਕਿੱਤੇ ਨੂੰ ਅਪਣਾਉਣ ਵਾਲੇ ਲੋਕਾਂ ਨੂੰ ਮਨੁੱਖਤਾ, ਦੇਸ਼, ਸਮਾਜ ਆਦਿ ਦੇ ਵਡੇਰੇ ਹਿੱਤਾਂ ਲਈ ਇਸ ਕਿੱਤੇ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਕਿੱਤੇ ਵਿੱਚ ਕੇਵਲ ਇਸ ਤਰ੍ਹਾਂ ਦੇ ਲੋਕਾਂ ਨੂੰ ਹੀ ਆਉਣਾ ਚਾਹੀਦਾ ਹੈ ਜੋ ਪੜ੍ਹਾਉਣ ਨੂੰ ਇੱਕ ਕੰਮ ਨਾ ਸਮਝ ਕੇ ਇੱਕ ਮਿਸ਼ਨ ਦੇ ਰੂਪ ਵਿੱਚ ਲੈਣ ਕਿਉਂਕਿ ਮਿਸ਼ਨ ਨੂੰ ਪੂਰਾ ਕਰਨ ਲਈ ਆਉਣ ਵਾਲੀਆਂ ਰਸਤੇ ਦੀਆਂ ਰੁਕਾਵਟਾਂ ਨੂੰ ਮਨੁੱਖ ਹੱਸਦੇ ਹੱਸਦੇ ਸਹਾਰਦਾ ਹੋਇਆ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਅੱਗੇ ਵੱਧਦਾ ਜਾਂਦਾ ਹੈ। ਇਸ ਕਰਕੇ ਪੈਸੇ ਦੀ ਭੁੱਖ ਰੱਖਣ ਵਾਲੇ ਲੋਕਾਂ ਦਾ ਇਸ ਪੇਸ਼ੇ ਵਿੱਚ ਕੋਈ ਸਥਾਨ ਨਹੀਂ।

ਅੰਤਰਰਾਸ਼ਟਰੀ ਪੱਧਰ ਤੇ ਅਧਿਆਪਕ ਦਿਵਸ 1994 ਤੋਂ ਹਰ ਸਾਲ 5 ਅਕਤੂਬਰ ਨੂੰ ਬਹੁਤ  ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ ਇਸ ਦਾ ਮੁੱਖ ਮੰਤਵ ਅਧਿਆਪਕ ਵਰਗ ਨੂੰ ਸਹਿਯੋਗ ਅਤੇ ਉੱਚਿਤ ਸਨਮਾਨ ਦੇਣਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੇ ਨਾਗਰਿਕ ਬਣਾਇਆ ਜਾ ਸਕੇ। ਭਾਵੇਂ ਕਿ ਯੁਨੈਸਕੋ ਨੇ ਅਧਿਆਪਕ ਦਿਵਸ ਲਈ 5 ਅਕਤੂਬਰ ਦਾ ਦਿਨ ਨਿਸਚਿਤ ਕੀਤਾ ਹੈ ਪਰ ਕਈ ਦੇਸ਼ਾ ਦੁਆਰਾ ਕਿਸੇ ਵਿਸ਼ੇਸ ਕਾਰਨ ਕਰਕੇ ਕਿਸੇ ਹੋਰ ਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸੀ ਕਾਰਨ ਭਾਰਤ ਵਿੱਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਰਵਪਲੀ ਡਾ. ਰਾਧਾ ਕ੍ਰਿਸ਼ਨਨ ਜੀ ਦੇ ਜਨਮ ਦਿਨ ਭਾਵ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ (ਉਨ੍ਹਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸਮਾਜ ਲਈ ਕੀਤੇ ਗਏ ਕੰਮਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਚਿੰਨ ਦੇ ਰੂਪ ‘ਚ) ਮਨਾਇਆ ਜਾਂਦਾ ਹੈ। ਡਾ. ਰਾਧਾ ਕ੍ਰਿਸ਼ਨਨ ਸਿੱਖਿਆ ਦੇ ਕੱਟੜ ਸਮਰਥੱਕ, ਉੱਚ ਕੋਟੀ ਦੇ ਵਿਦਵਾਨ, ਚੰਗੇ ਲੇਖਕ, ਇਮਾਨਦਾਰ ਰਾਜਸੀ ਨੇਤਾ, ਮਹਾਨ ਸੁਤੰਤਰਤਾ ਸੈਨਾਨੀ ਅਤੇ ਇੱਕ ਆਦਰਸ਼ ਅਧਿਆਪਕ ਸਨ। ਉਨ੍ਹਾਂ ਦੇ ਅਧਿਆਪਕ ਦੇ ਕਿੱਤੇ ਨਾਲ ਬੇਹੱਦ ਲਗਾਓ ਦੇ ਕਾਰਨ ਹੀ ਉਹਨਾਂ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅਧਿਆਪਕ ਇੱਕ ਅਜਿਹਾ ਵਿਅਕਤੀ ਹੈ ਜੋ ਕਿ ਦੂਸਰਿਆਂ ਨੂੰ ਪੜ੍ਹਾ ਲਿਖਾ ਕੇ ਇੱਕ ਚੰਗਾ ਇਨਸਾਨ ਬਣਾਉਣ ਦੇ ਨਾਲ-ਨਾਲ ਆਪਣੇ ਤੋਂ ਉੱਚ ਅਹੁਦਿਆਂ ਤੇ ਪਹੁੰਚਦਾ ਦੇਖ ਕੇ ਖੁਸ਼ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਮਾਂ-ਬਾਪ ਮਿਲਕੇ ਬੱਚੇ ਨੂੰ ਅਰਸ਼ ਤੋਂ ਫਰਸ਼ ਤੱਕ ਲਿਆਉਣ ਦਾ ਸਫਰ ਤੈਅ ਕਰਵਾਉਂਦੇ ਹਨ ਤੇ ਇੱਕ ਅਧਿਆਪਕ ਆਪਣੀ ਯੋਗਤਾ, ਸਮਰੱਥਾ, ਮਿਹਨਤ ਅਤੇ ਸਮਰਪਣ ਦੇ ਨਾਲ ਬੱਚੇ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾੳਣ ਦੀ ਜਿੰਮੇਵਾਰੀ ਨਿਭਾਉਂਦਾ ਹੈ। ਅਧਿਆਪਕ ਹੀ ਹਰੇਕ ਵਿਦਿਆਰਥੀ ਦੀ ਯੋਗਤਾ ਨੂੰ ਸਮਝ ਕੇ ਉਸਦੀ ਯੋਗਤਾ ਅਤੇ ਸਮਰੱਥਾ ਦੇ ਅਨੁਸਾਰ ਉਸਦੇ ਹੁਨਰ ਨੂੰ ਸ਼ਿਲਪਕਾਰ ਦੀ ਮਨਮੋਹਣੀ ਮੂਰਤ ਅਤੇ ਘੁੰਮਹਾਰ ਦੇ ਭਾਂਡੇ ਦੀ ਤਰ੍ਹਾਂ ਤਰਾਸ਼ ਕੇ ਉਸ ਨੂੰ ਹੀਰਾ ਬਣਾ ਦਿੰਦਾ ਹੈ। ਇਸ ਕਰਕੇ ਹੀ ਕਿਹਾ ਜਾਂਦਾ ਹੈ  ਕਿ ਇੱਕ ਚੰਗਾ ਅਧਿਆਪਕ ਚੰਗੀ ਸਿੱਖਿਅਕ ਪ੍ਰਣਾਲੀ ਦੀ ਨੀਂਹ ਹੈ ਜਿਸ ਤੋਂ ਬਿਨ੍ਹਾਂ ਮਿਆਰੀ ਸਿੱਖਿਆ ਦੇਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਪਰ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਅੱਜ ਇਸ ਤਰ੍ਹਾਂ ਦੇ  ਚੰਗੇ ਅਧਿਆਪਕਾਂ ਦੀ ਦੇਸ਼ ਵਿੱਚ ਕਾਫੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਹੁਣ ਇੰਝ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ ਕਿ ਚੰਗੇ ਅਧਿਆਪਕ ਵੀ ਮਾੜੀ  ਰਾਜਨੀਤਿਕ ਅਤੇ ਸਿੱਖਿਆ ਪ੍ਰਣਾਲੀ ਦੀ ਭੇਂਟ ਚੜ੍ਹ ਗਏ ਜਾਪਦੇ ਹਨ। ਇਸੀ ਕਾਰਨ ਤਾਂ ਭਾਰਤ ਅਨੇਕਾਂ ਸਮੱਸਿਆਵਾਂ ਦਾ ਸ਼ਿਕਾਰ ਹੋ ਚੁੱਕਾ ਹੈ।

ਪ੍ਰਾਚੀਨ ਸਮੇਂ ਤੋਂ ਹੀ ਭਾਰਤ ‘ਚ ਗੁਰੂ ਜਾਂ ਅਧਿਆਪਕ  ਦਾ ਬਹੁਤ ਸਨਮਾਨ ਕੀਤਾ ਜਾਂਦਾ ਰਿਹਾ ਹੈ। ਇਸ ਕਾਰਨ ਹੀ ਕਿਹਾ ਜਾਂਦਾ ਸੀ ਕਿ “ਰਾਜਾ ਜਨਤਾ ਤੇ ਸ਼ਾਸਨ ਕਰਦਾ ਹੈ ਤੇ ਗੁਰੂ ਰਾਜੇ ਤੇ”। ਪ੍ਰਾਚੀਨ ਧਾਰਮਿਕ ਅਤੇ ਇਤਿਹਾਸਕ ਗ੍ਰੰਥਾਂ ਵਿੱਚ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਸਮਾਜ ਦਾ ਹਰੇਕ ਮਨੁੱਖ ਗੁਰੂ ਦਾ ਸਨਮਾਨ ਕਰਦਾ ਸੀ, ਇਥੋਂ ਤੱਕ ਕਿ ਰਾਜੇ ਮਹਾਰਾਜੇ ਵੀ ਗੁਰੂ ਦੇ ਸਨਮਾਨ ਵਿਚ ਆਪਣਾ ਸਿਰ ਝੁਕਾ ਦਿੰਦੇ ਸਨ ਪਰ ਜੇ ਅਸੀਂ ਅੱਜ ਦੇ ਭਾਰਤ ਦੀ ਗੱਲ ਕਰੀਏ ਤਾਂ ਅਧਿਆਪਕ ਨੂੰ ਦੇਸ਼ ਦੇ ਨਿਰਮਾਤਾ ਆਦਿ ਦੇ ਲਕਵ ਨਾਲ ਸਨਮਾਨਿਆ ਤਾਂ ਜਾਂਦਾ ਹੈ ਪਰ ਅਸਲ ਸਥਿਤੀ ਬਹੁਤ ਖਰਾਬ ਹੈ। ਦੇਸ਼ ਦਾ ਹਰੇਕ ਛੋਟਾ-ਵੱਡਾ ਜਨਤਕ ਪ੍ਰਤੀਨਿਧੀ, ਉੱਚ ਅਹੁਦਿਆਂ ਤੇ ਬੈਠੇ ਅਧਿਕਾਰੀ, ਸਮਾਜ ਦੇ ਅਖੌਤੀ ਘੜੰਮ ਚੋਧਰੀ ਅਧਿਆਪਕ ਤੇ ਵਿੱਰੁਧ ਬੋਲਣ ਨੂੰ ਅੱਜ ਕੱਲ ਆਪਣਾ ਸਟੇਟਸ ਸਿੰਬਲ ਸਮਝਦੇ ਹਨ। ਨਿੱਤ ਰੋਜ ਦੇਸ਼ ਦੇ ਨਿਰਮਾਤਾਵਾਂ ਉੱਪਰ ਦੇਸ਼ ਦੀਆਂ ਲੋਕਤੰਤਰੀ ਸਰਕਾਰਾਂ ਵੱਲੋਂ ਲਾਠੀ ਚਾਰਜ ਕੀਤਾ ਜਾ ਰਿਹਾ ਹੈ, ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ, ਪਾਣੀ ਦੀਆਂ ਬੁਛਾਰਾਂ ਮਾਰੀਆਂ ਜਾ ਰਹੀਆਂ ਹਨ। ਦੇਸ਼ ਦੇ ਨਿਰਮਾਤਾ ਨੂੰ ਇੱਕ ਵਾਧੂ ਜਿਹਾ ਇਨਸਾਨ ਸਮਝਿਆ ਜਾ ਰਿਹਾ ਹੈ। ਅੱਜ ਦੇਸ਼ ਦੇ ਨਿਰਮਾਤਾ ਨੂੰ ਠੇਕੇ ਤੇ ਨਿਗੂਣੀਆਂ ਤਨਖਾਹਾਂ ਤੇ ਭਰਤੀ ਕਰਨ ਦੇ ਕਾਰਨ ਉਹ ਖੁਦ ਹੀ ਆਰਥਿਕ ਜਰੂਰਤਾਂ ਨੂੰ ਪੂਰਾ ਕਰਨ ਦੀ ਘੁੰਮਨ-ਘੇਰੀ ਵਿੱਚ ਫਸਿਆ ਮਹਿਸੂਸ ਕਰ ਰਿਹਾ ਹੈ। ਜੇਕਰ ਅਸੀਂ ਅਧਿਆਪਕ ਨੂੰ ਦੇਸ਼ ਜਾਂ ਸਮਾਜ ਦਾ ਨਿਰਮਾਤਾ ਕਹਿ ਕੇ ਫੋਕਾ ਸਨਮਾਨ ਦੇਣ ਦੀ ਬਜਾਏ ਉਸ ਦੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਉਸ ਨੂੰ ਆਰਥਿਕ ਅਤੇ ਮਾਨਸਿਕ ਤੌਰ ਤੇ ਸਤੁੰਸ਼ਟ ਕਰਨ ਦੀ ਕੋਸ਼ਿਸ ਕਰੀਏ ਤਾਂ ਦੇਸ਼ ਦੀਆਂ ਕਈ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ ਕਿਉਂਕਿ ਇੱਕ ਸਤੁੰਸ਼ਟ ਵਿਅਕਤੀ ਆਪਣੇ ਕਿੱਤੇ ਦੇ ਪ੍ਰਤੀ ਸਮਰਪਿੱਤ ਹੋ ਸਕਦਾ ਹੈ ਅਤੇ ਸਤੁੰਸ਼ਟ ਨਾਗਰਿਕ ਪੈਦਾ ਕਰਕੇ, ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦਾ ਹੈ। ਇਸ ਲਈ ਸਕੂਲਾਂ ਵਿੱਚ ਭਰਤੀ ਦੀ ਠੇਕਾ ਪ੍ਰਣਾਲੀ ਨੂੰ ਖਤਮ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ, ਅਧਿਆਪਕ–ਵਿਦਿਆਰਥੀ ਅਨੁਪਾਤ ਨੂੰ ਠੀਕ ਕੀਤਾ ਜਾਵੇ ਤਾਂ ਜੋ ਅਧਿਆਪਕ ਆਪਣੇ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਸਮਝ ਸਕੇ ਅਤੇ ਉਹਨਾਂ ਨਾਲ ਭਾਵਨਾਤਮਕ ਲਗਾਓ ਬਣਾ ਸਕੇ। ਅਧਿਆਪਕ ਵਰਗ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣੇ ਆਪ ਨੂੰ ਡਾ. ਰਾਧਾ ਕ੍ਰਿਸ਼ਨਨ ਦੀ ਤਰ੍ਹਾਂ ਅਮਲੀ ਰੂਪ ਵਿੱਚ ਦੇਸ਼ ਦਾ ਨਿਰਮਾਤਾ ਬਣਾਉਣ ਲਈ ਹਰ ਤਰ੍ਹਾਂ ਦਾ ਬਲੀਦਾਨ ਦੇਣ ਲਈ ਹਰ ਸਮੇਂ ਤਿਆਰ ਰੱਖੇ। ਆਪਣੇ ਨਿੱਜੀ ਹਿੱਤਾਂ ਦਾ ਦੇਸ਼ ਦੇ ਹਿੱਤਾਂ ਲਈ ਤਿਆਗ ਕਰਨ। ਆਪਣੇ ਆਪ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਦੇ ਹੋਏ ਵਿਦਿਆਰਥੀਆਂ ਲਈ ਅਤੇ ਸਮਾਜ ਲਈ ਰੋਲ ਮਾਡਲ ਬਣ ਕੇ ਦਿਖਾਉਣ। ਜਿਸ ਤਰ੍ਹਾਂ ਮੋਮਬੱਤੀ ਖੁਦ ਜਲ ਕਿ ਦੂਜਿਆਂ ਨੂੰ ਰੌਸ਼ਨੀ ਦੇ ਕੇ ਹੋਰਨਾਂ ਲਈ ਪ੍ਰੇਰਣਾ ਸਰੋਤ ਬਣਦੀ ਆ ਰਹੀ ਹੈ ਉਸੇ ਤਰ੍ਹਾਂ ਅਧਿਆਪਕ ਵਰਗ ਨੂੰ ਵੀ ਆਪਣੀਆਂ ਸੁੱਖ ਸੁਵੀਧਾਵਾਂ, ਆਪਣੀਆਂ ਇੱਛਾਵਾਂ, ਆਪਣੇ ਨਿੱਜੀ ਹਿੱਤਾਂ ਆਦਿ ਨੂੰ ਦੇਸ਼ ਅਤੇ ਸਮਾਜ ਦੇ ਵਡੇਰੇ ਹਿੱਤਾਂ ਲਈ ਕੁਰਬਾਨ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ, ਦੇਸ਼ ਵਿੱਚ ਅਮਨ-ਸ਼ਾਂਤੀ ਲਿਆਉਣ, ਫਿਰਕੂ ਸਦਭਾਵਨਾ ਬਣਾ ਕੇ ਰੱਖਣ , ਭਾਰਤੀ ਅਮੀਰ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਆਦਿ ਲਈ ਜਰੂਰੀ ਹੈ ਕਿ ਅਧਿਆਪਕ ਦੇ ਮਾਣ-ਸਨਮਾਨ ਨੂੰ ਬਹਾਲ ਕੀਤਾ ਜਾਵੇ। ਇਸਦੇ ਨਾਲ ਹੀ ਅਧਿਆਪਕ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਕਿੱਤੇ ਦੀ ਪਵਿਤੱਰਤਾ ਨੂੰ ਸਮਝੇ, ਇਸ ਨੂੰ ਕੇਵਲ ਇੱਕ ਪੇਸ਼ੇ ਦੇ ਰੂਪ ਵਿੱਚ ਨਾ ਅਪਣਾ ਕੇ ਸਗੋਂ ਦੇਸ਼ ਨਿਰਮਾਣ ਦੇ ਲਈ ਇੱਕ ਨਵੀਂ ਸੋਚ ਬਣ ਕੇ ਇਸ ਨੂੰ ਇੱਕ ਮਿਸ਼ਨ ਦੇ ਰੂਪ ਵਿੱਚ ਅਪਣਾਏ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>