ਮਾਮਲਾ ਮਨਜੀਤ ਧਨੇਰ ਦੀ ਸਜ਼ਾ ਦਾ….

ਇਹ ਅਗਸਤ 1997 ਦੀ ਗੱਲ ਹੈ ਮੇਰੇ ਸ਼ਹਿਰ ਦੇ ਨਜ਼ਦੀਕੀ ਕਸਬਾ ਮਹਿਲਾਂ ਕਲਾਂ ਦੀ +2 ਵਿੱਚ ਪੜ੍ਹਦੀ ਕਿਰਨਜੀਤ ਸਕੂਲੋਂ ਘਰ ਨਹੀਂ ਪਰਤੀ ਸੀ। ਮਾਪਿਆਂ ਨੂੰ ਫ਼ਿਕਰ ਪਿਆ ਤਾਂ ਉਨ੍ਹਾਂ ਪੁਲਿਸ ਥਾਨੇ ਵਿੱਚ ਸੂਚਨਾ ਦਿੱਤੀ। ਜਿਵੇਂ ਆਮ ਹੁੰਦਾ ਹੈ ਪੁਲਿਸ ਦਾ ਰਵਈਇਆ ਬਹੁਤਾ ਵਧੀਆ ਨਹੀਂ ਸੀ। ਇਲਾਕੇ ਦੇ ਲੋਕਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਆਪ ਮੁਹਾਰੇ ਇਕੱਠੇ ਹੋ ਕਿ ਥਾਣੇ ਦਾ ਘਰਾਓ ਕਰ ਦਿੱਤਾ। ਹਜਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਪੁਲਿਸ ਦਾ ਵਿਰੋਧ ਕੀਤਾ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕੁਝ ਦਿਨਾਂ ਬਾਅਦ ਕੁੜੀ ਦੀ ਲਾਸ਼ ਇੱਕ ਬਦਮਾਸ਼ ਗੁੰਡਾ ਗਰੋਹ ਦੇ ਖੇਤਾਂ ਵਿੱਚੋਂ ਮਿਲੀ। ਕਿਰਨਜੀਤ ਦਾ ਬਲਤਾਕਾਰ ਕਰਨ ਉਪਰੰਤ ਕਤਲ ਕਰ ਦਿੱਤਾ ਗਿਆ ਸੀ, ਮੌਤ ਸਮੇਂ ਵੀ ਉਸਦੇ ਹੱਥਾਂ ਵਿੱਚ ਬਲਾਤਕਾਰੀਆਂ ਦੇ ਵਾਲ ਸਨ ਜੋ ਇਸ ਗੱਲ ਦਾ ਸੰਕੇਤ ਸੀ ਕਿ ਉਹ ਬਹਾਦਰੀ ਨਾਲ ਲੜਦੀ ਹੋਈ ਮਾਰੀ ਗਈ ਸੀ। ਲੱਖਾਂ ਲੋਕਾਂ ਦਾ ਇਕੱਠ ਹੋਇਆ ਜਿਸ ਨੇ ਮੌਕੇ ਦੇ ਹਾਕਮਾਂ ਨੂੰ ਗੋਡੀ ਪਰਨੀਂ ਕਰ ਦਿੱਤਾ ਅਤੇ ਕਿਰਨਜੀਤ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ। ਅੱਜ ਵੀ 12 ਅਗਸਤ ਨੂੰ ਹਰ ਸਾਲ ਉਸਦੀ ਬਰਸੀ ਮਨਾਈ ਜਾਂਦੀ ਹੈ।

ਇਹਨਾਂ ਲੋਕਾਂ ਦੀ ਅਗਵਾਈ ਮਨਜੀਤ ਧਨੇਰ ਜਿਹੇ ਕਈ ਆਗੂ ਕਰ ਰਹੇ ਸਨ। ਮਨਜੀਤ ਲਈ ਅੱਜ ਭਾਰਤ ਦੀ ਸਰਵਉੱਚ ਅਦਾਲਤ ਨੇ ਆਪਣੀ ਨਿਚਲੀ ਅਦਾਲਤ ਦੀ ਸੁਣਾਈ ਉਮਰ ਕੈਦ ਦੀ ਸਜਾ ਬਰਕਰਾਰ ਰੱਖੀ ਹੈ। ਇਸ ਸਜ਼ਾ ਨੇ ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਜੋ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੀ ਰਾਖੀ ਲਈ ਜੂਝਦੇ ਰਹੇ ਹਨ।
ਲੋਕਾਂ ਦੀ ਭਾਰਤੀ ਇਨਸਾਫ਼ ਪ੍ਰਣਾਲੀ ਨਾਲ ਪਿਛਲੇੇ 22ਵਰਿ੍ਹਆਂ ਤੋਂ ਚੱਲੀ ਲੜਾਈ ਕਈ ਮੋੜਾਂ ਵਿੱਚੋਂ ਦੀ ਲੰਘੀ ਹੈ। ਮੈਨੂੰ ਚੇਤੇ ਹੈ ਕਿ ਅਜੇ ਕਿਰਨਜੀਤ ਦੇ ਕਾਤਲਾਂ ਦੀ ਸਜਾ ਨਹੀਂ ਸੀ ਹੋਈ ਕਿ ਬਲਾਤਕਾਰੀਆਂ ਨੇ ਇੱਕ ਸਾਜਿਸ਼ ਤਹਿਤ ਉਸ ਲਈ ਇਨਸਾਫ਼ ਮੰਗਦੇ 8-9 ਮੋਹਰੀ ਵਿਅਕਤੀਆਂ ਜਿੰਨ੍ਹਾਂ ਵਿੱਚ ਮਨਜੀਤ ਧਨੇਰ, ਨਰੈਣ ਦੱਤ ਅਤੇ ਮਾਸਟਰ ਪ੍ਰੇਮ  ਕੁਮਾਰ ਸ਼ਾਮਲ ਸਨ ’ਤੇ ਝੂਠਾ ਇੱਜਤ ਹੱਤਕ ਦਾ ਇੱਕ ਕੇਸ ਕਰਵਾ ਦਿੱਤਾ। ਮੈਨੂੰ ਵੀ ਨਾਲ ਹੀ ਇਸ ਕੇਸ ਵਿੱਚ ਇੰਨ੍ਹਾਂ ਵਿਅਕਤੀਆਂ ਦੀ ਮੱਦਦ ਕਰਨ ਦੇ ਦੋਸ਼ ਵਿੱਚ ਸ਼ਾਮਿਲ ਕਰ ਲਿਆ ਗਿਆ। ਇਹ ਮੇਰੇ ਤੇ ਪਹਿਲਾ ਇੱਜਤ ਹੱਤਕ ਦਾ ਕੇਸ ਸੀ।

ਇੱਕ ਦਿਨ ਅਦਾਲਤ ਵਿੱਚ ਸਾਡੇ ਕੇਸ ਦੀ ਪੇਸ਼ੀ ਸੀ ਅਤੇ ਅਸੀਂ ਅਰੋਪੀ ਵਜੋਂ ਹਾਜ਼ਰ ਵੀ ਸਾਂ, ਉਸੇ ਦਿਨ ਬਲਾਤਕਾਰੀਆਂ ਦੇ ਮੁੱਖ ਕੇਸ ਦੀ ਪੇਸ਼ੀ ਵੀ ਸੀ। ਜਿਸ ਕਾਰਨ ਅਚਨਚੇਤ ਹੀ ਇਹ ਦੋਹੇਂ ਕੇਸ ਇੱਕੋ ਦਿਨ ਇਕੱਠੇ ਸਨ। ਬਲਾਤਕਾਰ ਕਰਨ ਵਾਲੇ ਨੋਜਵਾਨਾਂ ਦਾ ਪਰਿਵਾਰ ਇਲਾਕੇ ਵਿੱਚ ਕਾਫ਼ੀ ਬਦਨਾਮ ਰਿਹਾ ਸੀ ਜਿਸ ਕਾਰਨ ਉਨ੍ਹਾਂ ਦੇ ਸੈਂਕੜੇ ਦੁਸ਼ਮਣ ਸਨ। ਇੰਨ੍ਹਾਂ ਦੁਸ਼ਮਣੀਆਂ ਦੇ ਚੱਲਦੇ ਹੀ ਕੁਝ ਲੋਕਾਂ ਨੇ ਯੋਜਨਾਬੱਧ ਢੰਗ ਨਾਲ ਬਲਾਤਕਾਰੀ ਮੁੰਡਿਆਂ ਦੇ ਪਰਿਵਾਰਕ ਮੈਂਬਰਾਂ ’ਤੇ ਹਮਲਾ ਕਰ ਦਿੱਤਾ, ਇਸ ਹਮਲੇ ਵਿੱਚ ਕਈ ਵਿਅਕਤੀ ਜ਼ਖਮੀ ਹੋ ਗਏ ਜਿੰਨ੍ਹਾਂ ਵਿੱਚੋਂ ਇੱਕ ਦੀ ਬਾਅਦ ਵਿੱਚ ਹਸਪਤਾਨ ਵਿੱਚ ਮੌਤ ਹੋ ਗਈ। ਪੁਲਿਸ ਨੇ ਹਮਲਾਵਰਾਂ ਤੇ ਪਰਚਾ ਦਰਜ ਗ੍ਰਿਫਤਾਰ ਵੀ ਕਰ ਲਿਆ। ਪਰ ਬਾਅਦ ਵਿੱਚ ਸਾਜਿਸ਼ ਤਹਿਤ ਮਨਜੀਤ ਧਨੇਰ, ਨਰੈਣ ਦੱਤ ਅਤੇ ਮਾਸਟਰ ਪ੍ਰੇਮ  ਕੁਮਾਰ ਨੂੰ ਮਾਮਲੇ ਨਾਮਜ਼ਦ ਕਰ ਦਿੱਤਾ ਗਿਆ, ਜਦੋਂ ਹਜਾਰਾਂ ਲੋਕਾਂ ਨੇ ਇਸਦਾ ਵਿਰੋਧ ਕੀਤਾ ਤਾਂ ਇਹਨਾਂ ਨੂੰ ਖਾਨਾ ਨੰਬਰ 2 ਵਿੱਚ ਨਿਰਦੋਸ਼ ਕਰਾਰ ਦੇ ਕੇ ਕੇਸ ਵਿੱਚੋਂ ਬਾਹਰ ਕੱਢ ਦਿੱਤਾ ਗਿਆ।

ਭਾਰਤੀ ਨਿਆਂਪ੍ਰਣਾਲੀ ਨੇ ਪੁਲਿਸ ਜਾਂਚ ਦੇ ਉਲਟ ਫੈਸਲਾ ਦਿੰਦਿਆਂ ਬਾਕੀ ਅਰੋਪੀਆਂ ਨਾਲ ਤਿੰਨੋਂ ਜੁਝਾਰੂ ਲੋਕ ਆਗੂਆਂ ਨੂੰ ਉਮਰ ਕੈਦ ਦੀ ਸਜਾ ਸਣਾ ਦਿੱਤੀ। ਅਦਾਲਤ ਵਿੱਚ ਹਜ਼ਾਰ ਮੇਰੇ ਸਮੇਤ ਹੋਰ ਬਹੁਤ ਸਾਰੇ ਲੋਕੀਂ ਜੋ ਉਪਰੋਕਤ ਘਟਨਾ ਦੇ ਚਸ਼ਮਦੀਦ ਗਵਾਹ ਸਨ ਨੂੰ ਲੱਗਦਾ ਸੀ ਕਿ ਇਹ ਸਜ਼ਾ ਗਲਤ ਹੋਈ ਹੈ।

ਹਜ਼ਾਰਾਂ ਹੀ ਲੋਕਾਂ ਨੇ ਇਸ ਸਜ਼ਾ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਵਿਰੋਧ ਦਾ ਨਤੀਜਾ ਇਹ ਹੋਇਆ ਕਿ ਪੰਜਾਬ ਦੇ ਰਾਜਪਾਲ ਨੇ ਸੰਵਿਧਾਨ ਵਿੱਚ ਰਾਸ਼ਟਰਪਤੀ ਦੀਆਂ ਮਿਲਿਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਹ ਸਜ਼ਾ ਇਹ ਕਿ ਮਾਫ਼ ਕਰ ਦਿੱਤੀ ਕਿ ਲੋਕਾਂ ਦੇ ਤਿੰਨੋਂ ਆਗੂ ਬੇਕਸੂਰ ਹਨ, ਇਸ ਲਈ ਇੰਨ੍ਹਾਂ ਲਈ ਉਮਰ ਕੈਦ ਦੀ ਸਜਾ ਕਿਸੇ ਵੀ ਪੱਖ ਤੋਂ ਸਹੀ ਨਹੀਂ ਹੋਵੇਗੀ।
ਆਮ ਹੀ ਇਹ ਚਰਚਾ ਚੱਲਦੀ ਹੈ ਕਿ ਰਾਸ਼ਟਰਪਤੀ ਦੀਆਂ ਸ਼ਕਤੀਆਂ ਜ਼ਿਆਦਾ ਹਨ ਜਾਂ ਭਾਰਤੀ ਨਿਆਂ ਪ੍ਰਣਾਲੀ ਦੀਆਂ। ਇਸ ਮਾਮਲੇ ਵਿੱਚ ਹਾਈਕੋਰਟ ਨੇ ਰਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਦਰਕਿਨਾਰ ਕਰਿਦਆਂ ਸਜ਼ਾ ਮਾਫ਼ੀ ਰੱਦ ਕਰ ਦਿੱਤੀ, ਅਦਾਲਤ ਦਾ ਮੰਨਨਾ ਸੀ ਕਿ ਕੋਈ ਵਿਅਕਤੀ ਬੇਕਸੂਰ ਹੈ ਜਾਂ ਕਸੂਰਵਾਰ ਇਹ ਤੈਅ ਕਰਨ ਅਦਾਲਤ ਦਾ ਕੰਮ ਹੈ ਨਾ ਕਿ ਸਰਕਾਰ ਦਾ। ਪਰ ਨਾਲ ਹੀ ਹਾਈਕੋਰਟ ਦੇ ਜੱਜਾਂ ਨੇ ਮਨਜੀਤ ਨੂੰ ਛੱਡ ਕੇ ਬਾਕੀ ਦੋਹਾਂ ਆਗੂਆਂ ਦੀ ਸਜ਼ਾ ਬੇਕਸੂਰ ਮੰਨਦਿਆਂ ਮਾਫ਼ ਕਰ ਦਿੱਤੀ। ਅੰਤ ਮਾਮਲਾ ਸੁਪਰੀਮ ਕੋਰਟ ਚਲਿਆ ਗਿਆ ਜਿਸ ਵਿੱਚ ਅਦਾਲਤ ਨੇ ਮਨਜੀਤ ਧਨੇਰ ਦੀ ਸਜ਼ਾ ਅੱਜ ਫਿਰ ਬਰਕਾਰ ਰੱਖੀ ਹੈ।

ਲੋਕਾਂ ਦੀ ਗੁੰਡਾਗਰਦੀ ਖਿਲਾਫ਼ ਪਿਛਲੇ 22 ਵਰਿ੍ਹਆਂ ਤੋਂ ਚੱਲੀ ਰਹੀ ਇਸ ਲਾਮਿਸਾਲ ਲੜਾਈ ਦਾ ਘੋਲ ਕਈ ਪੜਾਵਾਂ ਵਿੱਚੋਂ ਦੀ ਲੰਘਦਾ ਹੋਇਆ ਅੱਜ ਮਨਜੀਤ ਦੀ ਉਮਰ ਕੈਦ ਦੀ ਸਜ਼ਾ ਤੱਕ ਆਣ ਪੁੱਜਾ ਹੈ। ਇਸ ਸਜਾ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਕਿਤੇ ਨੇ ਕਿਤੇ ਭਾਰਤੀ ਨਿਆਂ ਪ੍ਰਣਾਲੀ ਵਿੱਚ ਸੈਂਕੜੇ ਊਣਤਾਈਆਂ ਹਨ ਜਿੰਨ੍ਹਾਂ ਨੂੰ ਵਰਤਕੇ ਬਹੁਤ ਸਾਰੇ ਸਮਾਜ ਵਿਰੋਧੀ ਅਨਸਰ ਬੇਕਸੂਰਾਂ ਨੂੰ ਸਜ਼ਾ ਵੀ ਕਰਵਾ ਦਿੰਦੇ ਹਨ।

 

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>