ਸੋਨੀਪਤ ਜ਼ਿਲ੍ਹੇ ਦੇ ਪਿੰਡ ਮਾਣਕ ਮਾਜਰਾ ਦੇ ਇਸਲਾਮਿਕ ਇਮਾਮ ਅਤੇ ਉਸਦੀ ਬੇਗ਼ਮ ਦਾ ਕਤਲ ਹੋਣਾ ਹੁਕਮਰਾਨ ਜਮਾਤ ਦੇ ਪ੍ਰਬੰਧ ‘ਤੇ ਕਾਲਾ ਧੱਬਾ : ਮਾਨ

ਫ਼ਤਹਿਗੜ੍ਹ ਸਾਹਿਬ – “ਵੈਸੇ ਤਾਂ ਬੀਜੇਪੀ-ਆਰ.ਐਸ.ਐਸ. ਅਤੇ ਫਿਰਕੂਆਂ ਦੀ ਜਿਸ ਦਿਨ ਤੋਂ ਇੰਡੀਆ ਦੇ ਰਾਜ ਪ੍ਰਬੰਧ ਤੇ ਹਕੂਮਤ ਬਣੀ ਹੈ, ਉਸੇ ਦਿਨ ਤੋਂ ਇੰਡੀਆ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਉਤੇ ਵੱਡੀ ਗਿਣਤੀ ਵਿਚ ਜ਼ਬਰ-ਜੁਲਮ ਤੇ ਬੇਇਨਸਾਫ਼ੀਆਂ ਹੋ ਰਹੀਆਂ ਹਨ । ਇਥੋਂ ਤੱਕ ਸਭ ਫਿਰਕੂ ਜਮਾਤਾਂ ਅਤੇ ਆਗੂ ਇਸਲਾਮ ਨਾਲ ਸੰਬੰਧਤ ਮੁਸਲਿਮ ਨਾਗਰਿਕਾਂ ਤੋਂ ਜ਼ਬਰੀ ਜੈ ਹਿੰਦ, ਭਾਰਤ ਮਾਤਾ ਕੀ ਜੈ, ਜੈ ਸ੍ਰੀ ਰਾਮ ਆਦਿ ਦੇ ਨਾਅਰੇ ਲਗਵਾਕੇ ਜ਼ਬਰੀ ਹਿੰਦੂਤਵ ਸੋਚ ਨੂੰ ਲਾਗੂ ਕਰ ਰਹੇ ਹਨ । ਜੋ ਮੁਸਲਿਮ ਨਾਗਰਿਕ ਹਿੰਦੂਤਵ ਤਾਕਤਾਂ ਦੀ ਸੋਚ ਅਨੁਸਾਰ ਅਮਲ ਨਹੀਂ ਕਰਦੇ, ਉਨ੍ਹਾਂ ਉਤੇ ਹਮਲੇ ਕਰਕੇ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਕਈ ਥਾਵਾਂ ਤੇ ਮੁਸਲਿਮ ਨਾਗਰਿਕਾਂ ਨੂੰ ਮੌਤ ਦੀ ਘਾਟ ਵੀ ਉਤਾਰਿਆ ਗਿਆ ਹੈ । ਇਸ ਜਾਬਰ ਸੋਚ ਹਿੱਤ ਬੀਤੇ ਦਿਨੀਂ ਹਰਿਆਣੇ ਦੇ ਸੋਨੀਪਤ ਜਿਲ੍ਹੇ ਦੇ ਪਿੰਡ ਮਾਣਕ ਮਾਜਰਾ ਦੇ ਉਥੋਂ ਦੀ ਮਸਜਿਦ ਦੇ ਇਮਾਮ ਅਤੇ ਉਨ੍ਹਾਂ ਦੀ ਬੇਗ਼ਮ ਦਾ ਕਤਲ ਕਰ ਦਿੱਤਾ ਗਿਆ ਹੈ । ਇਥੇ ਇਹ ਵਰਨਣ ਕਰਨਾ ਜ਼ਰੂਰੀ ਹੈ ਕਿ ਦੋਵੇ ਕੁਦਰਤ ਵੱਲੋਂ ਨੇਤਰਹੀਣ ਇਨਸਾਨ ਸਨ । ਫਿਰਕੂ ਸੋਚ ਅਧੀਨ ਇਨ੍ਹਾਂ ਨੇਤਰਹੀਣ ਆਤਮਾਵਾਂ ਦਾ ਕਤਲ ਕਰਨਾ ਬਹੁਤ ਹੀ ਸ਼ਰਮਨਾਕ ਤੇ ਗੈਰ-ਇਨਸਾਨੀਅਤ ਕਾਰਵਾਈ ਹੈ । ਜਿਸ ਵੀ ਤਾਕਤ ਨੇ ਜਾਂ ਸਾਜ਼ਿਸ ਅਧੀਨ ਇਹ ਕਾਲਾ ਕਾਰਨਾਮਾ ਕੀਤਾ ਹੈ, ਉਸ ਨੂੰ ਕਤਈ ਵੀ ਕਾਨੂੰਨੀ ਪ੍ਰਕਿਰਿਆ ਅਤੇ ਸਜ਼ਾ ਤੋਂ ਬਚਣ ਨਹੀਂ ਦੇਣਾ ਚਾਹੀਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਦੇ ਪਿੰਡ ਮਾਣਕ ਮਾਜਰਾ ਵਿਖੇ ਨੇਤਰਹੀਣ ਇਮਾਮ ਅਤੇ ਉਸਦੀ ਬੇਗ਼ਮ ਨੂੰ ਕਤਲ ਕਰਨ ਦੇ ਹੋਏ ਦੁੱਖਦਾਇਕ ਅਮਲ ਉਤੇ ਡੂੰਘਾ ਦੁੱਖ ਜ਼ਾਹਰ ਕਰਦੇ ਹੋਏ ਅਤੇ ਇਸ ਲਈ ਫਿਰਕੂ ਮੁਤੱਸਵੀ ਤਾਕਤਾਂ ਅਤੇ ਹਰਿਆਣੇ ਦੀ ਖੱਟਰ ਸਰਕਾਰ ਦੇ ਦੋਸ਼ਪੂਰਨ ਪ੍ਰਬੰਧ ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਖੱਟਰ ਹਕੂਮਤ ਬੀਜੇਪੀ ਦੀ ਹਕੂਮਤ ਹੈ । ਬੀਜੇਪੀ-ਆਰ.ਐਸ.ਐਸ. ਵਰਗੀਆ ਜਮਾਤਾਂ ਹੀ ਅਜਿਹੇ ਕਾਲੇ ਕਾਰਨਾਮੇ ਕਰਕੇ ਸਾਜ਼ਸੀ ਢੰਗਾਂ ਰਾਹੀ ਘੱਟ ਗਿਣਤੀ ਕੌਮਾਂ ਵਿਰੁੱਧ ਨਫ਼ਰਤ ਵੀ ਪੈਦਾ ਕਰ ਰਹੀਆ ਹਨ ਅਤੇ ਉਨ੍ਹਾਂ ਉਤੇ ਦਹਿਸ਼ਤ ਦਾ ਮਾਹੌਲ ਵੀ ਬਣਾ ਰਹੀਆਂ ਹਨ । ਸ. ਮਾਨ ਨੇ ਕਾਨੂੰਨੀ ਅਤੇ ਇਖ਼ਲਾਕੀ ਬਿਨ੍ਹਾਂ ਤੇ ਹਰਿਆਣੇ ਦੀ ਸ੍ਰੀ ਖੱਟਰ ਹਕੂਮਤ ਨੂੰ ਆਪਣੀ ਹਕੂਮਤੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਦੇ ਹੋਏ ਕਿਹਾ ਕਿ ਸੋਨੀਪਤ ਦੇ ਇਸ ਪਿੰਡ ਵਿਚ ਘੱਟ ਗਿਣਤੀ ਮੁਸਲਿਮ ਨਾਗਰਿਕਾਂ ਦੇ ਹੋਏ ਕਤਲ ਦੀ ਘਟਨਾ ਤੇ ਤੁਰੰਤ ਉਥੇ ਪਹੁੰਚਕੇ ਇਸਦੀ ਉੱਚ ਪੱਧਰੀ ਨਿਰਪੱਖਤਾ ਵਾਲੀ ਜਾਂਚ ਕਰਵਾਉਣ ਦੇ ਨਾਲ-ਨਾਲ ਦੋਸ਼ੀਆਂ ਨੂੰ ਸਾਹਮਣੇ ਲਿਆਉਦੇ ਹੋਏ ਸਜ਼ਾ ਦਿਵਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ । ਜੇਕਰ ਇਸ ਵਿਚ ਹਕੂਮਤੀ ਪੱਧਰ ਤੇ ਕੋਈ ਢਿੱਲ੍ਹ ਕੀਤੀ ਗਈ ਜਾਂ ਕਾਤਲ ਦੋਸ਼ੀਆਂ ਨੂੰ ਬਚਾਉਣ ਲਈ ਕਾਨੂੰਨੀ ਪ੍ਰਕਿਰਿਆ ਤੇ ਅਮਲ ਕਰਨ ਵਿਚ ਟਾਲਮਟੋਲ ਕੀਤੀ ਗਈ ਤਾਂ ਸਮੁੱਚੀਆਂ ਘੱਟ ਗਿਣਤੀ ਕੌਮਾਂ ਤੇ ਮੁਸਲਿਮ ਕੌਮ ਨਾਲ ਸਬੰਧਤ ਇਥੋਂ ਦੇ ਨਾਗਰਿਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਮੋਦੀ ਹਕੂਮਤ ਅਤੇ ਖੱਟਰ ਹਕੂਮਤ ਦੀ ਮੁਸਲਿਮ ਕੌਮ ਅਤੇ ਘੱਟ ਗਿਣਤੀ ਕੌਮਾਂ ਵਿਰੁੱਧ ਚੱਲ ਰਹੀ ਸਾਜ਼ਿਸ ਦੀ ਕੜੀ ਦਾ ਹਿੱਸਾ ਹੈ ਅਤੇ ਇਸ ਵਿਰੁੱਧ ਸੜਕਾਂ ਤੇ ਨਿਕਲਕੇ ਹਕੂਮਤੀ ਜ਼ਬਰ ਦਾ ਬੁਲੰਦ ਆਵਾਜ਼ ਨਾਲ ਟਾਕਰਾ ਵੀ ਕਰਨਾ ਚਾਹੀਦਾ ਹੈ ਅਤੇ ਹੁਕਮਰਾਨਾਂ ਨੂੰ ਚੁਣੋਤੀ ਦੇਣੀ ਬਣਦੀ ਹੈ ਕਿ ਘੱਟ ਗਿਣਤੀ ਕੌਮਾਂ ਫਿਰਕੂ ਹੁਕਮਰਾਨਾਂ ਦੇ ਇਨ੍ਹਾਂ ਜ਼ਬਰ-ਜੁਲਮਾਂ ਤੇ ਬੇਇਨਸਾਫ਼ੀਆਂ ਨੂੰ ਬਿਲਕੁਲ ਸਹਿਣ ਨਹੀਂ ਕਰਨਗੇ ।

ਸ. ਮਾਨ ਨੇ ਇਮਾਮ ਅਤੇ ਉਨ੍ਹਾਂ ਦੀ ਬੇਗ਼ਮ ਦੇ ਅਕਾਲ ਚਲਾਣੇ ਉਤੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹੋਏ ਜਿਥੇ ਉਨ੍ਹਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਬਖਸਣ ਦੀ ਅਰਦਾਸ ਕੀਤੀ, ਉਥੇ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਜ਼ਾਬਰ ਹੁਕਮਰਾਨਾਂ ਦੇ ਜ਼ੁਲਮਾਂ ਵਿਰੁੱਧ ਇਕੱਤਰ ਹੋ ਕੇ ਜੂਝਣ ਦੀ ਤਾਕਤ ਬਖਸਣ ਅਤੇ ਸਭ ਮੁਸਲਿਮ ਨਿਵਾਸੀਆਂ ਤੇ ਘੱਟ ਗਿਣਤੀਆ ਨੂੰ ਭਾਣੇ ਵਿਚ ਰਹਿਣ ਦੀ ਵੀ ਅਰਦਾਸ ਕੀਤੀ । ਇਕ ਵੱਖਰੇ ਬਿਆਨ ਵਿਚ ਸ. ਮਾਨ ਨੇ ਤਰਨਤਾਰਨ ਵਿਖੇ ਹੋਏ ਬੰਬ ਵਿਸਫੋਟ ਵਿਚ ਮਾਰੇ ਗਏ ਨੌਜ਼ਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਮੈਨੂੰ ਜਾਣਕਾਰੀ ਮਿਲੀ ਹੈ ਕਿ ਇਸ ਬੰਬ ਵਿਸਫੋਟ ਦੀ ਆੜ ਵਿਚ ਪਿੰਡ ਗੁੱਜਰਾ ਕੋਟਲਾ ਦੇ ਦੋ ਨੌਜ਼ਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਕੇ ਤਸੱਦਦ ਕਰਨ ਦੀਆਂ ਹਕੂਮਤੀ ਵਿਊਂਤਾ ਬਣਾਈਆਂ ਜਾ ਰਹੀਆਂ ਹਨ ਅਤੇ ਇਸੇ ਬਹਾਨੇ ਪਿੰਡਾਂ ਵਿੱਚ ਸਿੱਖ ਨੌਜ਼ਵਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਮਨਸੂਬੇ ਘੜੇ ਜਾ ਰਹੇ ਹਨ । ਜੇਕਰ ਤਰਨਤਾਰਨ ਪੁਲਿਸ ਅਤੇ ਪ੍ਰਸ਼ਾਸ਼ਨ ਨੇ ਸਿੱਖ ਪਰਿਵਾਰਾਂ ਤੇ ਨੌਜ਼ਵਾਨਾਂ ਨੂੰ ਇਸ ਹੋਏ ਬੰਬ ਵਿਸਫੋਟ ਦੇ ਬਹਾਨੇ ਹੇਠ ਤਸੱਦਦ-ਜੁਲਮ ਕਰਨਾ ਬੰਦ ਨਾ ਕੀਤਾ ਤਾਂ ਪੰਥਕ ਜਥੇਬੰਦੀਆ ਨੂੰ ਮਜ਼ਬੂਰਨ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ ਤੇ ਤਰਨਤਾਰਨ ਦੇ ਪ੍ਰਸ਼ਾਸ਼ਨ ਵਿਰੁੱਧ ਕੋਈ ਅਸਰਦਾਰ ਸੰਘਰਸ਼ ਵਿੱਢਣ ਦਾ ਪ੍ਰੋਗਰਾਮ ਦੇਣਾ ਪਵੇਗਾ । ਜਿਸਦੇ ਨਿਕਲਣ ਵਾਲੇ ਭਿਆਨਕ ਨਤੀਜਿਆਂ ਲਈ ਮੌਜੂਦਾ ਪੰਜਾਬ ਸਰਕਾਰ ਤੇ ਤਰਨਤਾਰਨ ਪ੍ਰਸ਼ਾਸ਼ਨ ਜ਼ਿੰਮੇਵਾਰ ਹੋਵੇਗਾ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>