ਸਾਊਪੁਣੇ ਦੀਆਂ ਸਾਰੀਆਂ ਹੱਦਾਂ ਟੱਪ ਕੇ ਗੁਦਾਸ ਮਾਨ ਕਿਸ ਸਭਿਆਚਾਰ ਦੀ ਸੇਵਾ ਕਰ ਰਿਹੈ

ਮਹਿਤਾ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕੈਨੇਡਾ ਦੇ ਇਕ ਸ਼ੋਅ ਦੌਰਾਨ ਪੰਜਾਬੀ ਗਾਇਕ ਗੁਰਦਸ ਮਾਨ ਵਲੋਂ ਮਾਂ ਬੋਲੀ ਪੰਜਾਬੀ ਦੇ ਹਿਤੈਸ਼ੀਆਂ ਪ੍ਰਤੀ ਸਾਊਪੁਣੇ ਦੀਆਂ ਸਾਰੀਆਂ ਹੱਦਾਂ ਟੱਪ ਦਿਆਂ ਗੈਰ ਇਖਲਾਕੀ ਅਤੇ ਭੱਦੀ ਸ਼ਬਦਾਵਲੀ ਵਰਤਣ ਲਈ ਉਸ ਦੀ ਸਖਤ ਨਿਖੇਧੀ ਕੀਤੀ ਹੈ।

ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ‘ਚ ਦਮਦਮੀ ਟਕਸਾਲ ਦੇ ਮੁਖੀ ਨੇ ਮਾਂ ਬੋਲੀ ਪੰਜਾਬੀ ਦਾ ਨਿਰਾਦਰ ਕਰਨ ਕਰ ਕੇ ਵਿਸ਼ਵ ਭਰ ‘ਚ ਚੁਫੇਰਿਓ ਸਮੂਹ ਪੰਜਾਬੀਆਂ ਤੋਂ ਤ੍ਰਿਸਕਾਰੇ ਤੇ ਸਖਤ ਆਲੋਚਨਾ ਦਾ ਸਾਹਮਣਾ ਕਰ ਰਹੇ ਗੁਰਦਾਸ ਮਾਨ ਨੂੰ ਆੜ੍ਹੈ ਹਥੀਂ ਲਿਆ ਅਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਮਾਨ ਨੂੰ ਉਸ ਮਾਂ ਬੋਲੀ ਪੰਜਾਬੀ ਜੁਬਾਨ ਨਾਲ ਖੜਨਾ ਚਾਹੀਦਾ ਸੀ ਜਿਸ ਨੇ ਇਸ ਨੂੰ ਇਕ ਪਛਾਣ ਦਿਤੀ, ਮਕਬੂਲ ਕਰਾਇਆ, ਮੁਕਾਮ ‘ਤੇ ਪਹੁੰਚਾਇਆ ਅਤੇ ਮਾਣ ਦਿਵਾਇਆ। ਗੁਰਮੁਖੀ ਲਿੱਪੀ ਅਤੇ ਪੰਜਾਬੀ ਜੁਬਾਨ ਦੀ ਜਾਣ ਬੁਝ ਕੇ ਕੀਤੀ ਗਈ ਨਿਰਾਦਰੀ ਲਈ ਪੰਜਾਬੀ ਹਿਤੈਸ਼ੀਆਂ ‘ਚ ਮਾਨ ਪ੍ਰਤੀ ਰੋਸ ਉਠਣਾ ਕੁਦਰਤੀ ਹੈ, ਪਰ ਉਸ ਨੇ ਕੈਨੇਡਾ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਪੰਜਾਬੀ ਹਿਤੈਸ਼ੀਆਂ ਦਾ ਰੋਸ ਦੂਰ ਕਰਨ ਜਾਂ ਉਨਾਂ ਨੂੰ ਸ਼ਾਂਤ ਕਰਨ ਦੀ ਥਾਂ ਬੁਖਲਾਹਟ ‘ਚ ਆ ਕੇ ਪੰਜਾਬੀ ਜੁਬਾਨ ਦਾ ਦਮ ਭਰ ਰਹੇ ਇਕ ਗੁਰਸਿੱਖ ਪ੍ਰਤੀ ਸਟੇਜ਼ ਤੋਂ ਹੀ ਅਸਭਿਅਕ ਭਾਸ਼ਾ ਬੋਲ ਕੇ ਸਮੂਹ ਪੰਜਾਬੀਆਂ ਦਾ ਅਪਮਾਨ ਕੀਤਾ ਜਾਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਜਿਹਾ ਕਰਦੇ ਸਮੇਂ ਉਸ ਨੇ ਉਥੇ ਮੌਜੂਦ ਬੀਬੀਆਂ- ਭੈਣਾਂ ਦੀ ਵੀ ਸ਼ਰਮ ਨਾ ਕੀਤੀ। ਉਹਨਾਂ ਸਵਾਲ ਉਠਾਇਆ ਕਿ ਆਪਣੀ ਜੁਬਾਨ ‘ਤੇ ਕਾਬੂ ਨਾ ਰਖਦਿਆਂ ਇਤਰਾਜ਼ਯੋਗ ਤੇ ਅਪਮਾਨਜਨਕ ਸ਼ਬਦਾਵਲੀ ਰਾਹੀਂ ਮਾਨ ਕਿਸ ਪੰਜਾਬੀ ਸਭਿਆਚਾਰ ਦੀ ਸੇਵਾ ਕਰ ਰਿਹਾ ਹੈ?, ਸਮਝ ਤੋਂ ਬਾਹਰ ਹੈ। ਇਨਾ ਹੀ ਨਹੀਂ ਮਾਨ ਵਲੋਂ ਪੰਜਾਬੀ ਦੇ ਹੱਕ ‘ਚ ਉਸ ਦਾ ਵਿਰੋਧ ਕਰ ਰਹੇ ਪੰਜਾਬੀ ਹਿਤੈਸ਼ੀਆਂ ਨੂੰ ਵਿਹਲੜ ਕਹਿਣਾ, ਸ਼ੋਅ ਦੌਰਾਨ ਜਾਣ ਬੁਝ ਕੇ ਪੰਜਾਬੀਆਂ ਨੂੰ ਅਮਲੀ, ਨਸ਼ੇੜੀ ਕਹਿਣਾ ਅਤੇ ਦਾੜ੍ਹੀ ‘ਚ ਚਿੱਟਾ ਨਹੀਂ ਰਹਿਣ ਦੇਣਾ ਆਦਿ ਤੋਂ ਇਲਾਵਾ ਦਸਮ ਬਾਣੀ ”ਦੇਹ ਸਿਵਾ ਬਰ ਮੁਹਿ ਇਹੈ ਸੂਭ ਕਰਮਨ ਤੇ ਕਬਹੂੰ ਨ ਟਰੋਂ” ਨਾਲ ਓਮ ਨਮ ਸ਼ਿਵਾਏ ਜੋੜ ਕੇ ਜਾਣਬੁਝ ਕੇ ਧਾਰਮਿਕ ਭਾਵਨਾਵਾਂ ਨਾਲ ਵੀ ਖਿਲਵਾੜ ਕਰਨ ਦਾ ਵੀ ਉਹ ਦੋਸ਼ੀ ਹੈ। ਉਹਨਾਂ ਜੋਰ ਦੇ ਕੇ ਕਿਹਾ ਕਿ ਪੰਜਾਬੀ ਗਾਇਕਾਂ ਅਤੇ ਫਿਲਮਕਾਰਾਂ ਵਲੋਂ ਆਏ ਦਿਨ ਸਿੱਖ ਪੰਥ ਦੀਆਂ ਮਹਾਨ ਪ੍ਰਰੰਪਰਾਵਾਂ ਨਾਲ ਕੀਤੇ ਜਾ ਰਹੇ ਖਿਲਵਾੜ ਨੂੰ ਰੋਕਣ ਅਤੇ ਨੱਥ ਪਾਉਣ ਲਈ ਸ੍ਰੋਮਣੀ ਕਮੇਟੀ ਨੂੰ ਠੋਸ ਫੈਸਲਾ ਲੈਦਿਆਂ ਪ੍ਰਭਾਵਸ਼ਾਲੀ ਸੈਸਰ ਬੋਰਡ ਦੀ ਸਥਾਪਨਾ ਲਈ ਲੋੜੀਦੇ ਕਦਮ ਚੁਕਣੇ ਚਾਹੀਦੇ ਹਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>