ਕਰਜ਼ਾ ਮੁਆਫੀ ਦੇ ਫਾਰਮ ਭਰਵਾਉਣ ਵਾਲੇ ਕਾਂਗਰਸੀ ਆਗੂਆਂ ਵਿਧਾਇਕਾਂ ‘ਤੇ ਕਿਸਾਨਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਲਈ ਕੇਸ ਦਰਜ ਹੋਣਾ ਚਾਹੀਦਾ : ਮਜੀਠੀਆ

ਅੰਮ੍ਰਿਤਸਰ – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਦੌਰਾਨ ਹੁਣ ਤੱਕ ਸੂਬੇ ‘ਚ 1500 ਤੋਂ ਵੱਧ ਹੋ ਚੁਕੀਆਂ ਕਿਸਾਨ ਖੁਦਕਸ਼ੀਆਂ ‘ਤੇ ਅਫਸੋਸ ਪ੍ਰਗਟ ਕਰਦਿਆਂ ਜੋਰ ਦੇ ਕੇ ਕਿਹਾ ਕਿ ਗੁਰੂ ਸਾਹਿਬਾਨ ਦੇ ਚਰਨਾਂ ਦੀਆਂ ਝੂਠੀਆਂ ਸੌਹਾਂ ਖਾ ਕੇ ਫਾਰਮ ਭਰਵਾਉਣ ਵਾਲੇ ਕਾਂਗਰਸੀ ਆਗੂਆਂ ਵਿਧਾਇਕਾਂ ‘ਤੇ ਕਿਸਾਨਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰਨ ਲਈ ਕੇਸ ਦਰਜ ਹੋਣਾ ਚਾਹੀਦਾ ਹੈ।

ਅੱਜ ਕੀਤੇ ਪੱਤਰਕਾਰ ਸੰਮੇਲਨ ਵਿੱਚ ਬਿਕਰਮ ਸਿੰਘ ਮਜੀਠੀਆ ਵੱਲੋਂ ਜਿਲਾ ਤਰਨਾ ਤਾਰਨ ਦੇ ਪਿੰਡ ਲਾਖਣਾ ਦੇ ਕਿਸਾਨ ਗੁਰਸੇਵਕ ਸਿੰਘ ਨੂੰ ਪੇਸ਼ ਕਰਦਿਆਂ ਹੈਰਾਨੀਜਨਕ ਤੱਥਾਂ ਦਾ ਪ੍ਰਗਟਾਵਾ ਕੀਤਾ ਗਿਆ। ਉਨਾਂ ਦੱਸਿਆ ਕੇ ਇਸ ਕਿਸਾਨ ਨੇ ਲੰਘੀਆਂ ਵਿਧਾਨ-ਸਭਾ ਚੋਣਾਂ ਦੌਰਾਨ ਕਿਸਾਨ ਕਰਜ਼ਾ ਮੁਆਫ਼ੀ ਦੇ ਕੀਤੇ ਗਏ ਵਾਅਦੇ ਅਤੇ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਦਵਾਏ ਗਏ ਵਿਸ਼ਵਾਸ ਤੇ ਭਰੋਸਾ ਕਰਦਿਆਂ ਕੱਟੜ ਅਕਾਲੀ ਵੋਟਰ ਹੋਣ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਨੂੰ ਇਸ ਕਰਕੇ ਵੋਟ ਪਾਈ ਕਿ ਕਾਂਗਰਸ ਸਰਕਾਰ ਬਣਨ ਤੇ ਮੇਰਾ ਡੇਡ ਲੱਖ ਦਾ ਕਰਜ਼ਾ ਮੁਆਫ ਹੋ ਜਾਵੇਗਾ।  ਸ੍ਰ ਮਜੀਠੀਆ ਨੇ ਪੱਤਰਕਾਰਾਂ ਨੂੰ ਏਵੀ ਦੱਸਿਆ ਕੇ ਢਾਈ ਏਕੜ ਜ਼ਮੀਨ ਦੇ ਮਾਲਕ ਗੁਰਸੇਵਕ ਸਿੰਘ ਦਾ ਕੇਵਲ 1ਰੁਪਈਆ 4ਪੈਸੇ ਕਰਜ਼ਾ ਮੁਆਫ ਕੀਤਾ ਗਿਆ ਉਹਨਾਂ ਏਵੀ ਦੱਸਿਆ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਜ਼ਾ ਮੁਆਫੀ ਮੁਹਿੰਮ ਦੀ ਸ਼ੁਰੂਆਤ ਸੰਬੰਧੀ ਤਰਨ ਤਾਰਨ ਵਿਖੇ ਰੱਖੇ ਜਿਲਾ ਪੱਧਰੀ ਸਮਾਗਮ ਵਿੱਚ ਵੀ ਗੁਰਸੇਵਕ ਸਿੰਘ ਨੇ ਕਰਜ਼ਾ ਮੁਆਫ਼ੀ ਦੀ ਆਸ ਨਾਲ ਹਾਜ਼ਰੀ ਭਰੀ। ਸ੍ਰ ਮਜੀਠੀਆ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਗੁਰਸੇਵਕ ਸਿੰਘ ਨੇ ਉਸਦਾ 1 ਰੁਪਈਏ ਦਾ ਹੀ ਕਰਜਾ ਮੁਆਫ ਹੋਣ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਪਟਵਾਰੀ ਤੋਂ ਲੈਕੇ ਡੀ ਸੀ ਤੱਕ ਹਜਾਂਰਾ ਰੁਪੈ ਖਰਚ ਕੇ ਦਰਜਨਾਂ ਵਾਰ ਗੇੜੇ ਲਾਏ , ਵੱਖ ਵੱਖ ਬੈਂਕਾਂ ਦੇ ਅਧਿਕਾਰੀਆਂ ਦੇ ਤਰਲੇ ਕੱਢੇ ,ਇੱਥੋ ਤੱਕ ਕੇ ਹਲਕਾ ਖੇਮਕਰਨ ਦੇ ਮੌਜੂਦਾ ਵਿਧਾਇਕ ਦੇ ਕੋਲ ਵੀ ਕਈ ਗੇੜੇ ਮਾਰੇ ਅਤੇ ਸਾਹਿਕਾਰਤਾ ਮੰਤਰੀ ਸੁੱਖੀ ਰੰਧਾਵਾ ਕੋਲ ਵੀ ਮਿਲ ਕੇ ਫ਼ਰਿਆਦ ਕੀਤੀ। ਪਰ ਕਿਸੇ ਵੀ ਥਾਂ ਤੋਂ ਕਰਜ਼ਾ ਮੁਆਫ਼ੀ ਦਾ ਮਸਲਾ ਹੱਲ ਨਹੀਂ ਹੋਇਆਂ ਤੇ ਹਰ ਥਾਂ ਤੋਂ ਨਿਰਾਸ਼ਾ ਹੀ ਪੱਲੇ ਪਈ। ਸ੍ਰ ਮਜੀਠਾ ਨੇ ਦੱਸਿਆ ਕਿ ਕਿਸਾਨ ਗੁਰਸੇਵਕ ਸਿੰਘ ਵਰਗੇ ਹੋਰ ਕਿਸਾਨਾਂ ਦੀ ਗਿਣਤੀ ਵੀ ਹਜਾਰਾ ਵਿੱਚ ਹੈ ਜਿਨਾ ਦਾ 1 ਰੁਪੈ ਤੋਂ ਲੈਕੇ 100 ਰੁਪਏ ਦੇ ਹੀ ਕਰਜ਼ੇ ਮੁਆਫ ਹੋਏ ਹਨ।   ਸ੍ਰ ਮਜੀਠਾ ਨੇ ਇਹ ਵੀ ਕਿਹਾ ਕੀ ਕਰਜ਼ਾ ਮੁਆਫ਼ੀ ਦੇ ਨਾਂ ਦੇ ਉਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਇਸ ਧੋਖੇ ਕਰਕੇ ਹੀ ਨਿੱਤ ਦਿਹਾੜੇ ਕਿਸਾਨ ਖ਼ੁਦਕੁਸ਼ੀਆਂ ਵਿੱਚ ਵਾਧਾ ਹੋ ਰਿਹਾ ਹੈ। ੳਹਨਾਂ ਕਿਹਾ ਕੇ ਪਿਛਲੇ ਢਾਈ ਸਾਲਾ ਦੌਰਾਨ ਪੰਜਾਬ ਦੇ 1500 ਤੋਂ ਵੱਧ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਜਿਨਾ ਵਿੱਚ ਜ਼ਿਆਦਾ ਨੌਜਵਾਨ ਕਿਸਾਨ ਸੀ।ਸ੍ਰ ਮਜੀਠਾ ਨੇ ਕਿਹਾ ਕੇ ਇਹਨਾ ਸਾਰੇ ਕਿਸਾਨਾ ਦੀ ਮੌਤ ਦੇ ਜ਼ੁੰਮੇਵਾਰ ਕਾਂਗਰਸੀ ਆਗੂ ਤੇ ਉਹ ਸਾਰੇ ਕਾਂਗਰਸੀ ਵਰਕਰ ਵੀ ਹਨ ਜਿਨਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਕਰਜਾ ਮੁਆਫੀ ਦੇ ਫ਼ਾਰਮ ਭਰਾਏ ਸਨ। ਸ੍ਰ ਮਜੀਠੀਆ ਨੇ ਮੰਗ ਕੀਤੀ ਕੇ ਇਨ੍ਹਾਂ ਸਾਰਿਆ ਵਿਰੁਧ ਜੇਰੇ ਧਾਰਾ 306,420,120ਬੀ, ਆਈਪੀਸੀ ਅਧੀਨ ਮੁਕਦਮੇ ਦਰਜ ਕੀਤੇ ਜਾਣ। ਸ੍ਰ ਮਜੀਠਾ ਨੇ ਕਿਹਾ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਤਾਂ ਕੀਤਾ ਹੀ ਹੈ ਸਗੋਂ ਆਪਣੀ ਕਰਜ਼ਾ ਮੁਆਫੀ ਸਕੀਮ ਦੇ ਬਰੈਡ ਅੰਬੈਸਡਰ ਕਿਸਾਨ ਬੁੱਧ ਸਿੰਘ ਨਾਲ ਵੀ ਵੱਡਾ ਧੋਖਾ ਕੀਤਾ ਹੈ। ਕਿਸਾਨ ਬੁੱਧ ਸਿੰਘ ਦਾ ਕਰਜ਼ਾ ਮੁਆਫੀ ਦੀ ਜਾ ੳਸਨੂਂ ਕਾਂਗਰਸੀ ਗੁੰਡਿਆਂ ਵੱਲੋਂ ਕੁੱਟਿਆ ਗਿਆ ਤੇ ਉਸਦੀ ਪੱਗ ਤੱਕ ਉਤਾਰੀ ਗਈ। ਉਸ ਨੂੰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਕਹਿਰ ਦਾ ਸ਼ਿਕਾਰ ਹੋਣਾ ਪਿਆ ਅਤੇ ਬਲਾਕ ਕਾਂਗਰਸ ਪ੍ਰਧਾਨ ਸਵਿੰਦਰ ਸਿੰਘ ਭਾਮਰਾਂ ਦੇ ਪੁਤਰ ਅਤੇ ਸਰਕਲ ਪ੍ਰਧਾਨ ਹਰਦੇਵ ਸਿੰਘ ਭਾਮਰਾਂ ਵਲੋਂ ਸਾਥੀਆਂ ਦੀ ਮਦਦ ਨਾਲ ਥਾਣੇ ਦੇ ਸਾਹਮਣੇ ਪੁਲੀਸ ਦੀ ਮੌਜੂਦਗੀ ‘ਚ ਸ਼ਰੇਆਮ ਕੁਟਿਆ ਮਾਰਿਆ ਗਿਆ।

ਸ: ਮਜੀਠੀਆ ਨੇ ਵਡੀ ਗਿਣਤੀ ‘ਚ ਹੋ ਰਹੀਆਂ ਕਿਸਾਨ ਖੁਦਕਸ਼ੀਆਂ ਲਈ ਕਾਂਗਰਸ ਸਰਕਾਰ ਅਤੇ ਉਸ ਦੇ ਵਿਧਾਇਕਾਂ ਤੋਂ ਇਲਾਵਾ ਚੋਣ ਮੈਨੀਫੈਸਟੀ ਕਮੇਟੀ ਨੂੰ ਵੀ ਜਿਮੇਵਾਰ ਠਹਿਰਾਇਆ। ਉਹਨਾਂ ਕਿਹਾ ਕਿ ਕਰਜ਼ਾ ਮੁਆਫੀ ਦੇ ਐਲਾਨ ਨਾਲ ਵਿਧਾਨ ਸਭਾ ‘ਚ ਮੇਜਾਂ ਠਪ ਠਪਾਉਣ ਦੀ ਰਸਮ ਮਜ਼ਾਕ ਬਣ ਕੈ ਰਹਿ ਗਿਆ ਹੈ। ਉਹਨਾਂ ਸਵਾਲ ਕੀਤੀ ਕਿ ਵਾਅਦਾ ਖਿਲਾਫੀਆਂ ਕਾਰਨ 1500 ਤੋਂ ਵੱਧ ਕਿਸਾਨ ਖੁਦਕਸ਼ੀਆਂ ਨਾਲ ਕਾਂਗਰਸੀਆਂ ਦੀ ਜਮੀਰ ਅਤੇ ਇਨਸਾਨੀਅਤ ਕਿਥੇ ਚਲੀ ਗਈ। ਉਨਾਂ ਹੈਰਾਨੀ ਪਰਗਟ ਕਰਦਿਆਂ ਕਿਹਾ ਕਿ ਦਰਪੇਸ਼ ਸਮਸਿਆਵਾਂ ਅਤੇ ਮਾੜੇ ਹਲਾਤਾਂ ਵਿਚੋਂ ਕਿਸਾਨਾਂ ਖੇਤ ਮਜਦੂਰਾਂ ਨੂੰ ਬਾਹਰ ਨਾ ਕੱਢ ਕੇ ਵੀ ਰਾਜ ਸਰਕਾਰ ਨੂੰ ਨੀਂਦ ਕਿਵੇ ਆ ਰਹੀ ਹੈ।

ਸ: ਮਜੀਠੀਆ ਨੇ ਦਸਿਆ ਕਿ ਅਜਿਹਾ ਇਹ ਕੋਈ ਇਕਲਾ ਕੇਸ ਨਹੀਂ ਹੈ, ਇਸੇ ਤਰਾਂ ਸੰਗਰੂਰ ‘ਚ ਜਸਬੀਰ ਸਿੰਘ ਦੇ 5 ਰੁਪੈ, ਬਚਨ ਸਿੰਘ ਦੇ 29 ਰੁਪੈ, ਸਤਿਆ ਦੇਵੀ ਦੇ 45 ਰੁਪੈ, ਅਵਤਾਰ ਸਿੰਘ ਦੇ 83 ਅਤੇ ਬਲਜੀਤ ਕੌਰ ਦੇ 30 ਰੁਪੈ ਵੀ ਸ਼ਾਮਿਲ ਹਨ।  ਉਹਨਾਂ ਅਗੇ ਕਰਜ਼ਾ ਮੁਆਫੀ ਦਾ ਲਾਭ ਨਾ ਮਿਲਣ ‘ਤੇ ਫਰੀਦਕੋਟ ਪਿੰਡ ਚਾਹਲ ਦੇ ਅਜ਼ਾਦੀ ਘੁਲਾਟੀਏ ਦੇ ਪਰਿਵਾਰ ਨਾਲ ਸੰਬੰਧਿਤ ਗੁਰਦੇਵ ਸਿੰਘ ਵਲੋਂ ਕੀਤੀ ਗਈ ਖੁਦਕਸ਼ੀ ਅਤੇ ਜਿਲਾ ਬਰਨਾਲਾ ਦੇ ਪਿੰਡ ਭੋਤਨਾ ‘ਚ ਇਕ ਪਰਿਵਾਰ ਦੇ ਪੰਜਵੇਂ ਜੀਅ ਵਲੋਂ ਵੀ ਖੁਦਕਸ਼ੀ ਕਰਨ ਲੈਣ ‘ਤੇ ਭਰੇ ਦਿਲ ਨਾਲ ਅਫਸੋਸ ਜਾਹਿਰ ਕੀਤਾ। ਉਹਨਾਂ ਕਿਹਾ ਕਿ ਖੁਦਕਸ਼ੀਆਂ ਕਰ ਗਏ ਕਿਸਾਨਾਂ ਅਤੇ ਕਰਜ਼ਾ ਮੁਆਫੀ ਸਕੀਮ ‘ਚ ਧੋਖੇ ਦਾ ਸ਼ਿਕਾਰ ਹੋਏ ਕਿਸਾਨਾਂ ਦੀ ਉਨਾਂ ਕੋਲ ਬਹੁਤ ਲੰਮੀ ਸੂਚੀ ਮੌਜੂਦ ਹੈ।

ਦੂਜੇ ਪਾਸੇ ਲੋੜਵੰਦਾਂ ਦੀ ਥਾਂ ਉਹਨਾਂ ਕਾਂਗਰਸੀ ਆਗੂਆਂ ਨੂੰ ਕਰਜਾ ਮੁਆਫੀ ਦਾ ਨਜਾਇਜ਼ ਲਾਭ ਦਿਤਾ ਗਿਆ ਜੋ ਕਿ ਅਯੋਗ ਹਨ। ਜਿਨਾਂ ‘ਚ ਬਲਾਕ ਕਾਂਗਰਸ ਪ੍ਰਧਾਨ ਗੁਰਸੇਵਕ ਸਿੰਘ ਪਿੰਡ ਸੈਦੋਕੇ, ਮੋਗਾ ਜੋ ਕਿ 10 ਏਕੜ ਜਮੀਨ ਦਾ ਮਾਲਕ ਹੈ ਦਾ 1 ਲੱਖ 92 ਹਜਾਰ ਰੁਪੈ ਅਤੇ ਉਸ ਦੀ ਮਾਤਾ ਦੇ 2 ਲੱਖ ਰੁਪੈ ਮੁਆਫ ਕੀਤੇ ਜਾਣ ਤੋਂ ਇਲਾਵਾ ਹੋਰ ਕਈ ਮਿਸਾਲਾਂ ਦਿਤੀਆਂ। ਉਹਨਾਂ ਕਿਹਾ ਕਿ ਕਰਜ਼ਾ ਮੁਆਫੀ ਸਕੀਮ ਅਜ ਪੂਰੀ ਤਰਾਂ ਫਲਾਪ ਹੋ ਕੇ ਰਹਿ ਗਈ ਹੈ। ਹੱਕਦਾਰ ਠੋਕਰਾਂ ਖਾ ਰਹੇ ਹਨ ਅਤੇ ਕਰਜ਼ਾ ਮੁਆਫੀ ਦੇ ਰਿਕਾਰਡ ‘ਚ ਧਾਂਦਲੀ ਕਰਨ ਵਾਲੇ ਅਧਿਕਾਰੀ ਅਤੇ ਕਾਂਗਰਸੀ ਆਗੂ ਨਾ ਫੜੇ ਜਾ ਰਹੇ ਹਨ, ਨਾ ਉਨਾਂ ਵਿਰੁਧ ਕੋਈ ਕਾਰਵਾਈ ਕੀਤੀ ਜਾ ਰਹੀ ਹੈ।

ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਰਾਜ ਸਰਕਾਰ ਵਲੋਂ 160 ਵਾਅਦਿਆਂ ਵਿਚੋਂ 141 ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਖੁਦ ਸੋਨੀਆ ਗਾਂਧੀ ਕੋਲ 80 ਫੀਸਦੀ ਚੋਣ ਵਾਅਦੇ ਪੂਰੇ ਕਰਨ ਦਾ ਝੂਠਾ ਦਾਅਵਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਰੋੜਾਂ ਖਰਚ ਕੇ ਇਸ਼ਤਿਹਾਰਾਂ ਰਾਹੀਂ ਜਿਨਾਂ 21-22 ਵਾਅਦਿਆਂ ਨੂੰ ਪੂਰਾ ਕਰਨ ਦੇ ਦਾਅਵੇ ਸਰਕਾਰ ਜਤਾ ਰਹੀ ਹੈ ਉਸ ਵਿਚੋਂ ਵੀ 7 -8 ਤਾਂ ਕੇਂਦਰ ਸਰਕਾਰ ਦੀਆਂ ਹੀ ਪ੍ਰਾਪਤੀਆਂ ਨਾਲ ਸੰਬੰ੍ਯਧਤ ਹਨ।

ਉਹਨਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਵਾਅਦਿਆਂ ਤੋਂ ਭਜ ਰਹੀ ਹੈ। ਲੜਕੀਆਂ ਨੂੰ ਸਾਈਕਲ, ਪੈਨਸ਼ਨ, ਬੇਰੁਜਗਾਰੀ ਭੱਤਾ, ਘਰ ਘਰ ਨੌਕਰੀ, ਐਸ ਸੀ ਸਕਾਲਰਸ਼ਿਪ, ਮੋਬਾਇਲ ਫੋਨ ਆਦਿ ਦੇ ਘਰ ਘਰ ਫਾਰਮ ਤਾਂ ਭਰਵਾਏ ਗਏ, ਪਰ ਦਿਤੀਆਂ ਨਹੀਂ ਗਈਆਂ। ਉਹਨਾਂ ਸਰਕਾਰ ਵਲੋਂ ਗੰਨੇ ਦਾ ਬਕਾਇਆ ਨਾ ਦੇਣ, ਬੀਜ ਦੇ ਪੈਸਿਆਂ ਨਾਲ ਵਿਆਜ ਜੋੜਣ, ਦੇਸ਼ ਦੇ ਉਸਰੀਏ ਅਧਿਆਪਕਾਂ ਦਾ ਸ਼ਰੇਆਮ ਪੁਲੀਸ ਵਲੋਂ ਕੁਟਾਪਾ ਚਾੜਣ ਅਤੇ ਹੜ੍ਹ ਪੀੜਤਾਂ ਦੀ ਸਰਕਾਰ ਵਲੋਂ ਕੋਈ ਸਾਰ ਨਾ ਲੈਣ ‘ਤੇ ਵੀ ਗਿਲ੍ਹਾ ਕੀਤਾ।

ਉਹਨਾਂ ਕਿਹਾ ਕਿ ਸਰਕਾਰ ਕੋਲ ਬੇਵਜ਼ਾ ਕਾਇਮ ਕੀਤੀ ਗਈ ਸਲਾਹਕਾਰਾਂ ਦੀ ਫੌਜ ਅਤੇ ਇਸ਼ਤਿਹਾਰਬਾਜ਼ੀ ਲਈ ਤਾਂ ਖਜਾਨਾ ਹੈ ਪਰ ਕਰਜਿਆਂ ਤੇ ਖੁਦਕਸ਼ੀਆਂ ਨਾਲ ਪੀੜਤ ਕਿਸਾਨ ਪਰਿਵਾਰਾਂ ਨੂੰ ਦੇਣ ਲਈ ਪੈਸਾ ਨਹੀਂ ਹੈ।  ਉਹਨਾਂ ਰਾਜ ਦੀ ਖਰਾਬ ਅਮਨ ਕਾਨੂਨ ਵਿਵਸਥਾ ‘ਤੇ ਵੀ ਚਿੰਤ ਪ੍ਰਗਟ ਕਰਦਿਆਂ ਕਿਹਾ ਕਿ ਅਜ ਇਨਸਾਨੀ ਜਾਨ ਮਾਲ ਦੀ ਕੋਈ ਕੀਮਤ ਨਹੀਂ ਰਹੀ। ਉਨਾਂ ਦਸਿਆ ਕਿ ਰਾਜ ਵਿਚ ਬਿਜਲੀ ਦੇ ਰੇਟ 12ਵੀਂ ਵਾਰ ਵਾਧਾ ਕੀਤਾ ਜਾ ਚੁਕਿਆ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕਿਸਾਨਾਂ- ਖੇਤ ਮਜਦੂਰਾਂ ਸਮੇਤ ਹਰ ਵਰਗ ਨਾਲ ਹੀ ਵੱਡਾ ਵਿਸ਼ਵਾਸਘਾਤ ਕੀਤਾ ਹੈ। ਉਹਨਾਂ ਕਿਹਾ ਕਿ ਲੋਕਾਂ ਨਾਲ ਕੀਤੇ ਗਏ ਵਿਸ਼ਵਾਸਘਾਤ ਦੇ ਚਲਦਿਆਂ ਹੁਣ ਕਾਂਗਰਸ ਨੂੰ ਜਿਮਨੀ ਚੋਣਾਂ ‘ਚ ਨਾ ਕੇਵਲ ਹਾਰ ਸਤਾ ਰਹੀ ਹੈ ਸਗੋਂ ਉਹ ਹਾਰ ਕਬੂਲ ਕਰ ਵੀ ਚੁਕੀ ਹੈ।

ਇਸ ਮੌਕੇ ਵੀਰ ਸਿੰਘ ਲੋਪੋਕੇ, ਵਿਰਸਾ ਸਿੰਘ ਵਲਟੋਹਾ, ਤਲਬੀਰ ਸਿੰਘ ਗਿਲ, ਮਲਕੀਤ ਸਿੰਘ ਏ ਆਰ, ਡਾ: ਦਲਬੀਰ ਸਿੰਘ ਵੇਰਕਾ, ਲਖਬੀਰ ਸਿੰਘ ਲੋਧੀ ਨੰਗਲ, ਗੁਰਪ੍ਰਤਾਪ ਸਿੰਘ ਟਿੱਕਾ, ਮੇਜਰ ਸ਼ਿਵੀ, ਸੁਖਵਿੰਦਰ ਸਿੰਘ ਗੋਲਡੀ, ਸੰਦੀਪ ਸਿੰਘ ਏ ਆਰ, ਜਸਪਾਲ ਸਿੰਘ ਛੰਟੂ ਅਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>