ਗਲਾਸਗੋ ਵਿਖੇ ਸੈਮਸਾ ਦੇ ਪ੍ਰਬੰਧਾਂ ਹੇਠ ਹੋਈ 21ਵੀਂ ਯੂ.ਕੇ. ਏਸ਼ੀਅਨ ਫੁੱਟਬਾਲ ਚੈਂਪੀਅਨਸ਼ਿਪ

ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਿਸ਼ ਨਸਲੀ ਘੱਟਗਿਣਤੀ ਖੇਡ ਸੰਸਥਾ (ਸੈਮਸਾ) ਦੇ ਪ੍ਰਬੰਧਾਂ ਹੇਠ ਗਲਾਗਸੋ ਵਿਖੇ 21ਵੀਂ ਯੂ.ਕੇ. ਏਸ਼ੀਅਨ ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਵੱਖ ਵੱਖ ਰੰਗਾਂ, ਨਸਲਾਂ, ਭਾਈਚਾਰਿਆਂ ਦੇ ਹੁਨਰਮੰਦ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੰਚ ਮੁਹੱਈਆ ਕਰਵਾਉਣ ਦੇ ਮਨਸ਼ੇ ਤਹਿਤ ਪਿਛਲੇ 21 ਵਰਿਆਂ ਤੋਂ ਸੈਮਸਾ ਵੱਲੋਂ ਕੋਸ਼ਿਸ਼ਾਂ ਜਾਰੀ ਹਨ। ਗਲਾਸਗੋ ਸਿਟੀ ਕੌਂਸਲ, ਰੌਇਲ ਨੇਵੀ, ਰੌਇਲ ਏਅਰ ਫੋਰਸ, ਬਰਿਟਿਸ਼ ਆਰਮੀ, ਰੇਂਜਰਜ ਫੁੱਟਬਾਲ ਕਲੱਬ, ਸੈਲਟਿਕ ਫੁੱਟਬਾਲ ਕਲੱਬ, ਪੋਲਿਸ ਸਕੌਟਲੈਂਡ, ਸਪੋਰਟਸ ਕੌਂਸਲ ਫੌਰ ਗਲਾਸਗੋ, ਗਲਾਸਗੋ ਸਪੋਰਟ ਅਤੇ ਗਲਾਸਗੋ ਲਾਈਵ ਸਮੇਤ ਹੋਰ ਵੀ ਅਨੇਕਾਂ ਵੱਕਾਰੀ ਸੰਸਥਾਂਵਾਂ ਵੱਲੋਂ ਇੰਗਲੈਂਡ ਭਰ ‘ਚੋਂ ਪਹੁੰਚੇ ਖਿਡਾਰੀਆਂ ਨੂੰ ਜੀ ਆਇਆਂ ਕਿਹਾ ਗਿਆ। ਇਸ ਚੈਂਪੀਅਨਸ਼ਿਪ ਦੌਰਾਨ ਸਪੋਰਟਿੰਗ ਬੰਗਾਲ, ਕੌਪਿਸ ਯੂਨਾਈਟਡ, ਗੁਰਖਾਜ਼, ਬੋਲਟਨ ਯੂਨਾਈਟਡ, ਬਲੈਕਬਰਨ ਯੂਨਾਈਟਡ, ਵੈੱਲ ਫਾਊਂਡੇਸ਼ਨ, ਆਜ਼ਾਦ ਸਪੋਰਟਸ, ਬੰਗਾਲ ਡਰੈਗਨ ਆਦਿ ਕਲੱਬਾਂ ਨੇ ਹਿੱਸਾ ਲਿਆ। ਗਲਾਸਗੋ ਗਰੀਨ ਫੁੱਟਬਾਲ ਸੈਂਟਰ ਦੇ ਮੈਦਾਨਾਂ ‘ਚ ਹੋਏ ਗਹਿਗੱਚ ਮੁਕਾਬਲਿਆਂ ‘ਚੋਂ ਕੌਪਿਸ ਯੂਨਾਈਟਡ ਫੁੱਟਬਾਲ ਕਲੱਬ ਅਤੇ ਆਜ਼ਾਦ ਸਪੋਰਟਸ ਫੁੱਟਬਾਲ ਕਲੱਬ ਫਾਈਨਲ ਮੁਕਾਬਲੇ ਲਈ ਜੇਤੂ ਟੀਮਾਂ ਵਜੋਂ ਉੱਭਰ ਕੇ ਸਾਹਮਣੇ ਆਈਆਂ। ਜ਼ਿਕਰਯੋਗ ਹੈ ਕਿ ਹਰ ਵਰ੍ਹੇ ਹੀ ਫਾਈਨਲ ਮੈਚ ਵਿਸ਼ਵ ਪ੍ਰਸਿੱਧ ਫੁੱਟਬਾਲ ਕਲੱਬਾਂ ਰੇਂਜਰਜ਼ ਅਤੇ ਸੈਲਟਿਕ ਦੇ ਮੈਦਾਨਾਂ ਵਿੱਚ ਕਰਵਾ ਕੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੰਚ ‘ਤੇ ਵਿਚਰਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਇਬਰੌਕਸ ਸਥਿਤ ਰੇਂਜਰਜ ਦੇ ਮੈਦਾਨ ਵਿੱਚ ਕਰਵਾਇਆ ਗਿਆ ਜਿੱਥੇ ਮੈਚ ਤੋਂ ਪਹਿਲਾਂ ਰੇਂਜਰਜ਼ ਦੇ ਮੈਨੇਜਿੰਗ ਡਾਇਰੈਕਟਰ ਸਟੂਅਰਟ ਰੌਬਰਟਸਨ ਨੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਦਿਲਚਸਪ ਮੁਕਾਬਲੇ ਦੌਰਾਨ ਆਜ਼ਾਦ ਸਪੋਰਟਸ ਕਲੱਬ ਨੇ 5 ਗੋਲ ਦਾਗ ਕੇ ਆਪਣੀ ਜਿੱਤ ਦਰਜ਼ ਕੀਤੀ ਜਦੋਂ ਕਿ ਕੋਪਿਸ ਯੂਨਾਈਟਡ ਕਲੱਬ 2 ਗੋਲ ਕਰਕੇ ਉਪ ਜੇਤੂ ਰਹੀ। ਸੈਮਸਾ ਦੇ ਪ੍ਰਧਾਨ ਅਤੇ ਟਰੱਸਟੀ ਦਿਲਾਵਰ ਸਿੰਘ (ਐੱਮ ਬੀ ਈ), ਮੀਤ ਪ੍ਰਧਾਨ ਮੁਹੰਮਦ ਅਸ਼ਰਫ਼, ਸਕੱਤਰ ਮਰਿਦੁਲਾ ਚੱਕਰਬਰਤੀ, ਖਜ਼ਾਨਚੀ ਤਾਜਾ ਸਿੱਧੂ, ਸ਼ੀਲਾ ਮੁਖਰਜੀ, ਕਮਲਜੀਤ ਮਿਨਹਾਸ, ਮੁਹੰਮਦ ਆਸਿਫ, ਰਜਨੀ ਤਿਆਗੀ, ਦਲਜੀਤ ਦਿਲਬਰ, ਜਿਮ ਸਮਿਥ (ਐੱਮ ਬੀ ਈ), ਜਸ ਜੱਸਲ, ਸੰਜੇ ਮਾਝੂ, ਕੈਸ਼ ਟਾਂਕ ਆਦਿ ਨੇ ਜੇਤੂ ਟੀਮਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ। ਇਸ ਸਮੇਂ ਵੱਖ ਵੱਖ ਭਾਈਚਾਰਿਆਂ ਦੇ ਖੇਡ ਪ੍ਰੇਮੀਆਂ ਤੇ ਨਾਮੀ ਹਸਤੀਆਂ ਗਲਾਸਗੋ ਦੀ ਲੌਰਡ ਪਰੋਵੋਸਟ ਕੌਨਸਲਰ ਈਵਾ ਬੋਲੈਂਡਰ, ਹਮਜ਼ਾ ਯੂਸਫ (ਐੱਮ ਐੱਸ ਪੀ), ਐਨਸ ਸਰਵਰ, ਗਲਾਸਗੋ ਸਿਟੀ ਕੌਂਸਲ ਲੀਡਰ ਸੁਜੈਨ ਏਟਕਨ, ਕੌਂਸਲਰ ਡੇਵਿਡ ਮੈਕਡਾਨਲਡ, ਡਾ. ਇੰਦਰਜੀਤ ਸਿੰਘ, ਦਲਜੀਤ ਸਿੰਘ ਦਿਲਬਰ, ਜਗਦੀਸ਼ ਸਿੰਘ, ਗਰੈਗਰੀ ਥਾਮਸ, ਸੁਰਜੀਤ ਸਿੰਘ ਚੌਧਰੀ ਆਦਿ ਨੇ ਜੇਤੂ ਟੀਮਾਂ ਨੂੰ ਆਪੋ ਆਪਣੀਆਂ ਸੰਸਥਾਵਾਂ ਤਰਫ਼ੋਂ ਰੌਸ਼ਨ ਭਵਿੱਖ ਲਈ ਵਧਾਈ ਪੇਸ਼ ਕੀਤੀ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>