ਹਿੰਦੀ ਦੀ ਵਕਾਲਤ : ਮਾਤ ਭਾਸ਼ਾਵਾਂ ਲਈ ਖ਼ਤਰੇ ਦੀ ਘੰਟੀ

ਭਾਸ਼ਾ ਕੋਈ ਵੀ ਬੁਰੀ ਨਹੀਂ ਹੁੰਦੀ। ਹਰ ਭਾਸ਼ਾ ਦੀ ਭੂਗੋਲਿਕ ਸਥਿਤੀ ਅਨੁਸਾਰ ਆਪਣੀ ਮਹੱਤਤਾ ਹੁੰਦੀ ਹੈ ਪ੍ਰੰਤੂ ਮਾਤ ਭਾਸ਼ਾ ਸਭ ਤੋਂ ਪਹਿਲਾਂ ਹੁੰਦੀ ਹੈ। ਪੰਜਾਬੀ ਹਿੰਦੀ ਨਾਲੋਂ ਬਹੁਤ ਪੁਰਾਣੀ ਭਾਸ਼ਾ ਹੈ। ਹਿੰਦੀ ਨੇ ਪੰਜਾਬੀ ਅਤੇ ਸੰਸਕਿ੍ਰਤ ਤੋਂ ਬਹੁਤ ਸਾਰੇ ਅੱਖਰ ਲੈ ਕੇ ਅਪਣਾਏ ਹਨ। ਹਿੰਦੀ 18ਵੀਂ ਸਦੀ ਤੱਕ ਆਪਣੇ ਆਪ ਵਿਚ ਕੋਈ ਬੋਲੀ ਨਹੀਂ ਸੀ ਪ੍ਰੰਤੂ ਜਦੋਂ ਦੇਵਨਾਗਰੀ ਲਿਪੀ ਬਣੀ ਤਾਂ, ਬ੍ਰਜ ਭਾਸ਼ਾ, ਖਾੜੀ, ਪਾਲੀ, ਗੁਜਰਾਤੀ ਹਿੰਦੁਸਤਾਨੀ, ਸੰਸਕਿ੍ਰਤ, ਰਾਜਸਥਾਨੀ, ਭੋਜਪੁਰੀ, ਪੰਜਾਬੀ ਅਤੇ ਹੋਰ ਬੋਲੀਆਂ ਵਿਚੋਂ ਸ਼ਬਦ ਲੈ ਕੇ ਹਿੰਦੀ ਬਣ ਗਈ। ਭਾਰਤ ਦੇ ਸਾਰੇ ਰਾਜਾਂ ਵਿਚ ਆਪੋ ਆਪਣੀਆਂ ਰਾਜ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਿੰਦੀ ਥੋੜੇ੍ਹ ਰਾਜਾਂ ਵਿਚ ਬੋਲੀ ਜਾਂਦੀ ਹੈ। ਪੰਜਾਬੀ ਬਾਬਾ ਫਰੀਦ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਬੋਲੀ ਜਾਂਦੀ ਹੈ। ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ  ਜੀ ਨੇ ਪੰਜਾਬੀ ਨੂੰ ਨਿਖ਼ਾਰਿਆ ਅਤੇ ਗੁਰਮੁਖੀ ਲਿਪੀ ਦਾ ਨਿਰਮਾਣ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਪੰਜਾਬੀ ਬਾਰੇ ਕਿਹਾ ਸੀ-

ਘਰ ਘਰ ਮੀਆਂ, ਸਭਨਾ ਜੀਆਂ, ਬੋਲੀ ਅਵੁਰ ਤੁਮਾਰੀ।

ਪੰਜਾਬੀ ਭਾਸ਼ਾ ਅਮੀਰ ਹੈ। ਇਹ ਗੱਲ ਵੱਖਰੀ ਹੈ ਕਿ ਇਸਦਾ ਹਾਜਮਾ ਵੀ ਬਹੁਤ ਮਜ਼ਬੂਤ ਹੈ ਕਿਉਂਕਿ ਇਸਨੇ ਹੋਰ ਭਾਸ਼ਾਵਾਂ ਨੂੰ ਸ਼ਬਦ ਦਿੱਤੇ ਅਤੇ ਲਏ ਵੀ ਹਨ। ਪੂਰਬੀ ਪੰਜਾਬ, ਪੱਛਵੀਂ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਬਹੁਤ ਸਾਰੇ ਸ਼ਹਿਰਾਂ ਵਿਚ ਪੰਜਾਬੀ ਆਮ ਬੋਲੀ ਜਾਂਦੀ ਹੈ। ਪੰਜਾਬੀ ਸੰਸਾਰ ਦੇ ਲਗਪਗ 150 ਦੇਸ਼ਾਂ ਵਿਚ ਬੋਲੀ ਜਾਂਦੀ ਹੈ। ਇਸ ਬੋਲੀ ਨੂੰ ਗੁਰੂਆਂ, ਪੀਰਾਂ ਅਤੇ ਮਹਾਂ ਪੁਰਸ਼ਾਂ ਨੇ ਇਸ ਵਿਚ ਸ਼ਰਬਤ ਵਰਗੇ ਸ਼ਬਦਾਂ ਦੀ ਮਿਠਾਸ ਘੋਲ ਕੇ ਸੰਗੀਤਮਈ ਬਣਾ  ਦਿੱਤਾ ਹੈ। ਜਦੋਂ ਕੁਝ ਲੋਕ ਇਸ ਬੋਲੀ ਦੀ ਦੁਰਵਰਤੋਂ ਕਰਕੇ ਕਰੂਰਤਾ ਵਾਲੀ ਸ਼ਬਦਾਵਲੀ ਬੋਲਦੇ ਹਨ ਤਾਂ ਇਹ ਬੋਲੀ ਦਾ ਕਸੂਰ ਨਹੀਂ ਸਗੋਂ ਬੋਲਣ ਅਤੇ ਲਿਖਣ ਵਾਲੇ ਦੀ ਨੀਯਤ ਵਿਚ ਖੋਟ ਹੁੰਦੀ ਹੈ। ਪੰਜਾਬੀਆਂ ਵਿਚ ਵੀ ਬਹੁਤ ਸਾਰੇ ਗੁਣ ਅਤੇ ਔਗੁਣ ਹਨ। ਉਨ੍ਹਾਂ ਵਿਚੋਂ ਵੀ ਕੁਝ ਭੱਦਰ ਪੁਰਸ਼ ਪੰਜਾਬੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ ਪ੍ਰੰਤੂ ਪੰਜਾਬੀ ਲੋਕ ਭਾਵਨਾਤਮਿਕ ਹੋਣ ਕਰਕੇ ਅਜਿਹੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਦੇ, ਉਸ ਸਮੇਂ ਭਾਵਨਾਵਾਂ ਵਿਚ ਬੈਠਕੇ ਉਹ ਵੀ ਕਈ ਵਾਰ ਗ਼ਲਤ ਅਪਸ਼ਬਦ ਬੋਲ ਜਾਂਦੇ ਹਨ। ਜਿਵੇਂ ਗੁਰਦਾਸ ਮਾਨ ਬਾਰੇ ਹੋਇਆ ਅਤੇ ਗੁਰਦਾਸ ਮਾਨ ਨੇ ਕੀਤਾ ਹੈ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਪਰਜਾਤੰਤਰਿਕ ਪ੍ਰਣਾਲੀ ਵਾਲਾ ਦੇਸ਼ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਅਨੇਕਤਾ ਵਿਚ ਏਕਤਾ ਹੈ। ਵੱਖ-ਵੱਖ ਧਰਮਾ, ਜ਼ਾਤਾਂ, ਬੋਲੀਆਂ, ਰੀਤੀ ਰਿਵਾਜਾਂ ਅਤੇ ਵਿਚਾਰਧਾਰਾਵਾਂ ਵਾਲੇ ਲੋਕ ਰਹਿੰਦੇ ਹਨ। ਵਿਭਿੰਨਤਾ ਹੋਣ ਦੇ ਬਾਵਜੂਦ ਸਾਰੇ ਇਕ ਦੇਸ਼ ਵਿਚ ਫੁੱਲਾਂ ਦੇ ਗੁਲਦਸਤੇ ਦੀ ਤਰ੍ਹਾਂ ਹਨ, ਜਿਨ੍ਹਾਂ ਦੀ ਵੱਖੋ ਵੱਖਰੀ ਖ਼ੁਸ਼ਬੂ ਮਹਿਕਾਂ ਖਿਲਾਰਦੀ ਹੈ। ਇਹੋ ਭਾਰਤ ਦੀ ਖ਼ੂਬਸੂਰਤੀ ਹੈ। ਅਚਾਨਕ ਹਿੰਦੀ ਦਿਵਸ ਦੇ ਮੌਕੇ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ.ਅਮਿਤ ਸ਼ਾਹ ਵੱਲੋਂ ਇੱਕ ਧਰਮ, ਇੱਕ ਦੇਸ਼ ਅਤੇ ਇਕ ਰਾਸ਼ਟਰ ਭਾਸ਼ਾ ਦੀ ਵਕਾਲਤ ਕਰਨਾ ਦੇਸ਼ ਦੇ ਰਾਜਾਂ ਦੀਆਂ ਮਾਤ ਭਾਸ਼ਾਵਾਂ ਲਈ ਖ਼ਤਰੇ ਦੀ ਘੰਟੀ ਹੈ। ਭਾਵੇਂ ਬਾਅਦ ਵਿਚ ਉਨ੍ਹਾਂ ਆਪਣਾ ਸ਼ਪਸ਼ਟੀਕਰਨ ਵੀ ਦੇ ਦਿੱਤਾ। 1950 ਵਿਚ ਜਦੋਂ ਭਾਰਤ ਦੇ ਸੰਵਿਧਾਨ ਘਾੜਿਆਂ ਨੇ ਦੇਸ਼ ਦਾ ਆਪਣਾ ਸੰਵਿਧਾਨ ਤਿਆਰ ਕਰਕੇ ਲਾਗੂ ਕੀਤਾ ਸੀ ਤਾਂ ਉਨ੍ਹਾਂ ਰਾਸ਼ਟਰ ਦੀ ਕੋਈ ਇਕ ਭਾਸ਼ਾ ਨਿਸਚਤ ਨਹੀਂ ਕੀਤੀ ਸੀ। ਉਸ ਮੀਟਿੰਗ ਵਿਚ ਸ਼ਿਆਮਾ ਪ੍ਰਸਾਦਿ ਮੁਕਰਜੀ ਜੋ ਬਾਅਦ ਵਿਚ ਜਾ ਕੇ ਜਨ ਸੰਘ ਦੇ ਪ੍ਰਧਾਨ ਬਣੇ ਸਨ, ਉਹ ਵੀ ਮੌਜੂਦ ਸਨ। ਉਸ ਸਮੇਂ ਉਨ੍ਹਾਂ ਹਿੰਦੀ ਨੂੰ ਰਾਸ਼ਟਰ ਭਾਸ਼ਾ ਬਣਾਉਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਹਿੰਦੀ ਅਤੇ ਅੰਗਰੇਜ਼ੀ ਨੂੰ ਥੋੜ੍ਹੇ ਸਮੇਂ ਲਈ ਸੰਪਰਕ ਭਾਸ਼ਾਵਾਂ ਦੇ ਤੌਰ ਤੇ ਮਾਣਤਾ ਦਿੱਤੀ ਸੀ ਕਿਉਂਕਿ ਭਾਰਤ ਦੇ ਸਾਰੇ ਸੂਬਿਆਂ ਦੀਆਂ ਆਪੋ ਆਪਣੀਆਂ ਮਾਤ ਭਾਸ਼ਾਵਾਂ, ਸਭਿਆਚਾਰ, ਧਰਮ, ਜ਼ਾਤਾਂ, ਜੀਵਨ ਵਿਚਾਰਧਾਰਾਵਾਂ, ਸਮਾਜਿਕ, ਆਰਥਿਕ, ਰਸਮੋ ਰਿਵਾਜ, ਪਹਿਰਾਵੇ ਅਤੇ ਭੂਗੋਲਿਕ ਖਿਤਿਆਂ ਅਨੁਸਾਰ ਵਿਭਿੰਨਤਾਵਾਂ ਸਨ। ਅਰਥਾਤ ਭਾਰਤ ਬਹੁ-ਭਾਸ਼ੀ, ਬਹੁ-ਕੌਮੀ, ਬਹੁ-ਸਭਿਆਚਾਰ ਅਤੇ ਬਹੁ-ਧਰਮੀ ਦੇਸ਼ ਹੈ। ਜੇਕਰ ਲੋੜ ਹੁੰਦੀ ਤਾਂ ਉਹ ਕਿਸੇ ਇਕ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਬਣਾ ਸਕਦੇ ਸਨ। ਇਸ ਲਈ ਸੰਵਿਧਾਨ ਦੇ ਘਾੜਿਆਂ ਨੇ ਹਿੰਦੀ ਦੇ ਨਾਲ ਅੰਗਰੇਜ਼ੀ ਨੂੰ ਸੰਪਰਕ ਭਾਸ਼ਾ ਬਣਾ ਦਿੱਤਾ ਸੀ। ਕੇਂਦਰੀ ਅਤੇ ਰਾਜਾਂ ਦੀਆਂ ਸਰਕਾਰੀ ਚਿੱਠੀ ਪੱਤਰ ਅੰਗਰੇਜ਼ੀ ਜਾਂ ਹਿੰਦੀ ਵਿੱਚ ਕਰ ਸਕਦੀਆਂ ਹਨ। ਪਿਛਲੇ 60 ਸਾਲਾਂ ਤੋਂ ਦੇਸ ਵਿਚ ਹਿੰਦੀ ਅਤੇ ਅੰਗਰੇਜੀ ਨੂੰ ਸੰਪਰਕ ਭਾਸ਼ਾਵਾਂ ਦੇ ਤੌਰ ਤੇ ਮੰਨਿਆਂ ਜਾ ਰਿਹਾ ਹੈ ਪ੍ਰੰਤੂ ਹੁਣ ਕੇਂਦਰ ਸਰਕਾਰ ਨੂੰ ਭਾਰਤੀਆਂ ਤੇ ਇਕ ਭਾਸ਼ਾ ਤੇ ਇੱਕ ਧਰਮ ਠੋਸਣ ਦੀ ਕੀ ਲੋੜ ਪੈਦਾ ਹੋ ਗਈ? ਇਹ ਗੱਲ ਪੰਜਾਬੀਆਂ ਨੂੰ ਰੜਕਦੀ ਹੈ।

ਭਾਰਤ ਵਿਚ 22 ਰਾਜਾਂ ਦੀਆਂ ਭਾਸ਼ਾਵਾਂ ਸੰਵਿਧਾਨ ਵਿਚ ਪ੍ਰਮਾਣਿਤ ਕੀਤੀਆਂ ਗਈਆਂ ਹਨ, ਪੰਜਾਬੀ ਤੇ ਹਿੰਦੀ ਉਨ੍ਹਾਂ ਵਿਚ ਸ਼ਾਮਲ ਹਨ। ਇਹ 22 ਭਾਸ਼ਾਵਾਂ ਹੀ ਰਾਸ਼ਟਰੀ ਭਾਸ਼ਾਵਾਂ ਹਨ। ਸੰਸਾਰ ਵਿਚ 7000 ਦੇ ਲਗਪਗ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪੰਜਾਬੀ ਦਾ ਸਥਾਨ ਸੰਸਾਰ ਵਿਚ 10ਵੇਂ ਨੰਬਰ ਤੇ ਹੈ। ਕੈਨੇਡਾ, ਆਸਟਰੇਲੀਆ ਦੇ ਕਈ ਸੂਬਿਆਂ ਵਿਚ ਵੀ ਪੰਜਾਬੀ ਦੂਜੀ ਭਾਸ਼ਾ ਦੇ ਤੌਰ ਤੇ ਮੰਨੀ ਜਾਂਦੀ ਹੈ। ਪਿਛੇ ਜਹੇ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਇਕ ਬਿਆਨ ਵਿਚ ਇੱਕ ਧਰਮ, ਇੱਕ ਦੇਸ਼ ਅਤੇ ਇੱਕ ਭਾਸ਼ਾ ਦਾ ਬਿਆਨ ਦਾਗ਼ ਦਿੱਤਾ, ਜਿਸਨੇ ਪੰਜਾਬੀਆਂ ਦੇ ਮਨਾਂ ਵਿਚ ਖਦਸ਼ਾ ਪੈਦਾ ਕਰ ਦਿੱਤਾ। ਅਜਿਹੇ ਪਹਿਲਾਂ ਵੀ ਕਈ ਉਪਰਾਲੇ ਹੋਏ ਹਨ ਪ੍ਰੰਤੂ ਪੰਜਾਬੀਆਂ ਦੇ ਵਿਰੋਧ ਕਰਕੇ ਸਫਲਤਾ ਨਹੀਂ ਮਿਲੀ। ਪੰਜਾਬ ਵਿਚ ਮਰਦਮ ਸ਼ੁਮਾਰੀ ਮੌਕੇ ਰਾਸ਼ਟਰੀ ਸਵਾਇਮ ਸੇਵਕ ਸੰਘ ਦੇ ਪ੍ਰਤੀਨਿਧਾਂ ਨੇ ਪੰਜਾਬੀ ਦੀ ਥਾਂ ਹਿੰਦੀ ਨੂੰ ਆਪਣੀ ਮਾਤ ਭਾਸ਼ਾ ਲਿਖਵਾਕੇ ਹਿੰਦੀ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੰਜਾਬੀ ਤਾਂ ਅਜੇ ਸੰਜਮ ਵਰਤ ਰਹੇ ਸਨ ਪ੍ਰੰਤੂ ਪੰਜਾਬੀ ਦੇ ਸਰਵੋਤਮ ਮੰਨੇ ਜਾਂਦੇ ਗਾਇਕ ਗੁਰਦਾਸ ਮਾਨ ਨੇ ਕੈਨੇਡਾ ਦੇ ਐਬਸਫੋਰਡ ਸ਼ਹਿਰ ਵਿਚ ਹਰਜਿੰਦਰ ਸਿੰਘ ਥਿੰਦ ਨਾਲ ਇਕ ਰੇਡੀਓ ਇੰਟਰਵਿਊ ਵਿਚ ਇਕ ਸਵਾਲ ਦੇ ਜਵਾਬ ਵਿਚ ਕਹਿ ਦਿੱਤਾ ਕਿ ਇਸ ਵਿਚ ਕੋਈ ਮਾੜੀ ਗੱਲ ਨਹੀਂ, ਜੇਕਰ ਹਿੰਦੀ ਨੂੰ ਦੂਜੇ ਰਾਜਾਂ ਦੇ ਲੋਕਾਂ ਨਾਲ ਗਲਬਾਤ ਕਰਨ ਲਈ ਵਰਤਿਆ ਜਾਵੇ। ਉਸਨੇ ਉਦਾਹਰਣ ਦਿੱਤੀ ਕਿ ਜੇ ਅਸੀਂ ਆਪਣੀ ਮਾਤ ਭਾਸ਼ਾ ਨੂੰ ਇਤਨਾ ਸਤਿਕਾਰ ਦਿੰਦੇ ਹਾਂ ਤਾਂ ਮਾਸੀ ਅਰਥਾਤ ਹਿੰਦੀ ਨੂੰ ਕਿਉਂ ਇਤਨੀ ਮਾਣਤਾ ਨਹੀਂ ਦਿੰਦੇ? ਇਸਦੇ ਨਾਲ ਹੀ ਉਹ ਇਹ ਵੀ ਕਹਿ ਗਿਆ ਕਿ ਇਕ ਦੇਸ਼ ਵਿਚ ਇਕ ਭਾਸ਼ਾ ਹੋਣੀ ਚਾਹੀਦੀ ਹੈ। ਉਸਨੂੰ ਇਹ ਵੀ ਪਤਾ ਨਹੀਂ ਕਿ ਹਿੰਦੀ ਤਾਂ ਪਹਿਲਾਂ ਹੀ ਸੰਪਰਕ ਭਾਸ਼ਾ ਹੈ। ਉਸਨੂੰ ਇਸ ਬਿਆਨ ਦੀ ਗੰਭੀਰਤਾ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ ਕਿਉਂਕਿ ਉਹ ਕਿਹੜਾ ਭਾਸ਼ਾ ਵਿਗਿਆਨੀ ਹੈ। ਉਸਨੂੰ ਜਦੋਂ ਜਾਣਕਾਰੀ ਨਹੀਂ ਸੀ ਤਾਂ ਅਜਿਹਾ ਵਾਦਵਿਵਾਦ ਵਾਲਾ ਬਿਆਨ ਦੇਣਾ ਨਹੀਂ ਚਾਹੀਦਾ ਸੀ। ਉਸਦਾ ਬਿਆਨ ਸੁਣਨ ਪੜ੍ਹਨ ਵਾਲੇ ਪੰਜਾਬੀ ਪ੍ਰੇਮੀਆਂ ਅਤੇ ਵਿਦਵਾਨਾ ਨੇ ਇਹ ਸਮਝ ਲਿਆ ਕਿ ਉਸਦਾ ਬਿਆਨ ਗ੍ਰਹਿ ਮੰਤਰੀ ਦੇ ਬਿਆਨ ਦੀ ਪ੍ਰੋੜ੍ਹਤਾ ਕਰਦਾ ਹੈ। ਐਵੇਂ ਬਾਤ ਦਾ ਬਤੰਗੜ੍ਹ ਬਣ ਗਿਆ। ਸ਼ਪਸ਼ਟੀਕਰਨ ਦੇਣ ਲੱਗਿਆਂ ਪੰਜਾਬੀ ਨੂੰ ਮਾਂ ਬੋਲੀ ਪੜ੍ਹਨ ਤੇ ਬੋਲਣ ਦੀ ਵਕਾਲਤ ਕਰ ਗਿਆ ਪ੍ਰੰਤੂ ਹਿੰਦੀ ਨੂੰ ਫਿਰ ਦੇਸ਼ ਦੀ ਭਾਸ਼ਾ ਬਣਾਉਣ ਦੀ ਗੱਲ ਕਰ ਗਿਆ। ਇਸ ਬਿਆਨ ਤੇ ਵਾਦਵਿਵਾਦ ਅਜੇ ਠੰਡਾ ਨਹੀਂ ਸੀ ਹੋਇਆ ਕਿ ਕੈਨੇਡਾ ਵਿਚ ਉਹ ਇੱਕ ਆਪਣੇ ਪ੍ਰੋਗਰਾਮ ਵਿਚ ਪੰਜਾਬੀਆਂ ਵੱਲੋਂ ਕੀਤੇ ਵਿਰੋਧ ਕਰਕੇ ਭੜਕ ਪਿਆ ਅਤੇ ਮੁਜ਼ਾਹਰਾ ਕਰਨ ਵਾਲੇ ਪੰਜਾਬੀ ਦੇ ਨਾਵਲਕਾਰ ਗੁਰਚਰਨ ਸਿੰਘ ਸੁਜੋ ਨੂੰ ਸ਼ਰੇਆਮ ਸਟੇਜ ਤੋਂ ਅਪਸ਼ਬਦ ਬੋਲ ਬੈਠਿਆ, ਜਿਸਦੀ ਉਸ ਕੋਲੋਂ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਸੀ। ਉਸਦੇ ਅਪਸ਼ਬਦਾਂ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ਜਿਸ ਕਰਕੇ ਪੰਜਾਬ ਦੇ ਅਖ਼ਬਾਰਾਂ ਅਤੇ ਸ਼ੋਸ਼ਲ ਮੀਡੀਆ ਤੇ ਉਸ ਵਿਰੁਧ ਇਕ ਲਹਿਰ ਬਣ ਗਈ। ਇਤਨੇ ਵੱਡੇ ਕਲਾਕਾਰ ਦਾ ਭੜਕ ਕੇ ਅਪਸ਼ਬਦ ਬੋਲਣਾ ਆਮ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਗੁਰਦਾਸ ਮਾਨ ਪੰਜਾਬੀ ਦਾ ਸਰਵੋਤਮ ਗਾਇਕ ਹੈ। ਉਸਨੇ ਪੰਜਾਬੀ ਨੂੰ ਅੰਤਰਾਸ਼ਟਰੀ ਪੱਧਰ ਤੇ ਮਾਣਤਾ ਦਿਵਾਈ ਹੈ। ਇਉਂ ਲਗਦਾ ਕਿ ਉਸਦੀ ਜ਼ੁਬਾਨ ਗੋਤਾ ਖਾ ਗਈ।  ਆਮ ਤੌਰ ਤੇ ਸੈਲੀਬਰਿਟੀ ਭਾਵੇਂ ਕਿਸੇ ਖੇਤਰ ਦੇ ਹੋਣ ਉਨ੍ਹਾਂ ਦੀ ਕਹਿਣੀ ਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ। ਇਕ ਸਭਿਅਕ ਵਿਅਕਤੀ ਨੇ ਅਸਭਿਅਕ ਵਾਦਵਿਵਾਦ ਖੜ੍ਹਾ ਕਰ ਦਿੱਤਾ। ਖਾਮਖਾਹ ਉਨ੍ਹਾਂ ਪੰਜਾਬੀਆਂ ਨਾਲ ਪੰਗਾ ਸਹੇੜ ਲਿਆ  ਜਿਨ੍ਹਾਂ ਨੇ ਉਸਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ। ਧਨ ਦੌਲਤ, ਸ਼ੋਹਰਤ ਅਤੇ ਪ੍ਰਸੰਸਾ ਇਨਸਾਨ ਦੀ ਮਾਨਸਿਕਤਾ ਗੰਧਲੀ ਕਰ ਦਿੰਦੀ ਹੈ। ਸ਼ੋਹਰਤ ਨੂੰ ਬਰਕਰਾਰ ਰੱਖਣਾ ਸੰਤੁਲਤ ਵਿਅਕਤੀ ਦਾ ਕੰਮ ਹੁੰਦਾ ਹੈ। ਇਉਂ ਲੱਗਦਾ ਹੈ ਕਿ ਉਹ ਆਪਣੀ ਸ਼ੋਹਰਤ ਨੂੰ ਪਚਾ ਨਹੀਂ ਸਕਿਆ। ਪਤਾ ਨਹੀਂ ਉਸਨੂੰ ਅਜਿਹਾ ਬਿਆਨ ਦਾਗ਼ਣ ਦੀ ਕੀ ਮਜ਼ਬੂਰੀ ਸੀ? ਪੰਜਾਬੀਆਂ ਨੂੰ ਬੇਨਤੀ ਹੈ ਕਿ ਉਹ ਵੀ ਸੰਜੀਦਗੀ ਤੋਂ ਕੰਮ ਲੈਣ ਖਾਮਖਾਹ ਸ਼ੋਸ਼ਲ ਮੀਡੀਆ ‘ਤੇ ਗ਼ਲਤ ਸ਼ਬਦਾਵਲੀ ਵਰਤਕੇ ਗੁਰਦਾਸ ਮਾਨ ਦੇ ਹੁਣ ਤੱਕ ਪਾਏ ਯੋਗਦਾਨ ਨੂੰ ਅਣਡਿਠ ਨਾ ਕਰਨ। ਆਪਣੀਆਂ ਪ੍ਰਤੀਕਿਰਿਆਵਾਂ ਦੇਣ ਸਮੇਂ ਸਖਤ ਸ਼ਬਦਾਵਲੀ ਵਰਤਕੇ ਪੰਜਾਬੀ ਭਾਸ਼ਾ ਦਾ ਨਿਰਾਦਰ ਨਾ ਕਰਨ। ਸ਼ਾਸ਼ਕ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਰਹਿੰਦੇ ਹਨ। ਪਾਕਿਸਤਾਨ ਵਿਚ ਵਸਣ ਵਾਲੇ ਸ਼ਾਇਰ ਉਸਤਾਦ ਦਾਮਨ ਨੂੰ ਜਦੋਂ ਉਥੋਂ ਦੇ ਸ਼ਾਸ਼ਕਾਂ ਨੇ ਪੰਜਾਬੀ ਦੀ ਥਾਂ ਉਰਦੂ ਬੋਲਣ ਤੇ ਲਿਖਣ ਲਈ ਕਿਹਾ ਤਾਂ ਉਸਨੇ ਆਪਣੀ ਮਾਂ ਬੋਲੀ ਪੰਜਾਬੀ ਬਾਰੇ ਲਿਖਿਆ ਸੀ-

ਮੈਨੂੰ ਕਈਆਂ ਨੇ ਆਖਿਆ, ਕਈ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡਦੇ।
ਗੋਦੀ ਜਿਦ੍ਹੀ ਵਿਚ ਪਲਕੇ ਜਵਾਨ ਹੋਇਓਂ, ਉਹ ਮਾਂ ਛੱਡਦੇ ਗਰਾਂ ਛੱਡਦੇ।
ਜੇ ਪੰਜਾਬੀ, ਪੰਜਾਬੀ ਈ ਕੂਕਣਾ ਏ, ਜਿਥੇ ਖਲਾ ਖਲੋਤਾ ਏਂ ਥਾਂ ਛੱਡਦੇ।
ਮੈਨੂੰ ਇੰਝ ਲੱਗਦਾ, ਲੋਕੀ ਆਖਦੇ ਨੇ, ਤੂੰ ਪੁੱਤਰਾ ਆਪਣੀ ਮਾਂ ਛੱਡਦੇ।
ਏਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ, ਉਰਦੂ ਵਿਚ ਕਿਤਾਬਾਂ ਦੇ ਤਣਦੀ ਰਹੇਗੀ।
ਇਹਦਾ ਪੁੱਤ ਹਾਂ, ਇਹਦੇ ਤੋਂ ਦੁੱਧ ਮੰਗਣਾ, ਮੇਰੀ ਭੁੱਖ ਇਹੀ ਛਾਤੀ ਤਣਦੀ ਰਹੇਗੀ।
ਇਹਦੇ ਲੱਖ ਹਰੀਫ਼ ਪਏ ਹੋਣ ਪੈਦਾ, ਦਿਨ ਬਦਿਨ ਇਹਦੀ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ, ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।

ਪੰਜਾਬੀਆਂ ਨੂੰ ਉਸਤਾਦ ਦਾਮਨ ਤੋਂ ਹੀ ਸਬਕ ਸਿੱਖਣਾ ਚਾਹੀਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>